ਫੀਲਡ ਹਾਕੀ ਕੈਂਪ ਨੂੰ ਬੇਮਿਸਾਲ ਹੁੰਗਾਰਾ,ਪੰਜਾਬ ਈਗਲਜ਼ ਨੇ ਜਿੱਤੀ ਸਰਦ ਰੁੱਤ ਦੀ ਲੀਗ,ਬੋਤਲ ਡਰਾਈਵ ਰਾਹੀਂ ਉਮੜਿਆ ਹਾਕੀ ਪਿਆਰ
ਸੁਖਵੀਰ ਗਰੇਵਾਲ ਕੈਲਗਰੀ :- ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਨੇ ਇੱਕ ਵੱਖਰੇ ਅੰਦਾਜ਼ ਵਿੱਚ ਸਾਲ 2015 ਨੂੰ ਅਲਵਿਦਾ ਅਤੇ ਸਾਲ 2016 ਨੂੰ ਖ਼ੁਸ਼ਆਮਦੀਦ ਆਖੀ।ਕਲੱਬ ਨੇ ਸਾਲ 2015 ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰਦਿਆਂ ਇੱਕ ਨਵੇਂ ਜੋਸ਼ ਨਾਲ਼ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਿਆ।ਸਾਲ ਅਖੀਰ ਵਿੱਚ ਕਲੱਬ ਨੇ ਪੰਦਰਵਾੜਾ ਮਨਾਉਂਦਿਆਂ ਸਰਦ ਰੁੱਤ ਦੀ ਲੀਗ,ਫਰੀ ਕੋਚਿੰਗ ਕੈਂਪ ਅਤੇ ਬੋਤਲ ਡਰਾਈਵ ਵਰਗੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਜਿਸ ਕਰਕੇ ਕੈਲਗਰੀ ਵਾਸੀਆਂ ਦੇ ਮਨਾਂ ਵਿੱਚ ਇਸ ਖੇਡ ਬਾਰੇ ਜੋਸ਼ ਸਿਖ਼ਰ ਤੇ ਪੁੱਜ ਗਿਆ
ਸਾਲ 2015 ਦਾ ਲੇਖਾ-ਜੋਖਾ: ਕੈਲਗਰੀ ਹਾਕਸ ਕਲੱਬ ਦੀ ਕਮਾਨ ਹੇਠ ਸਿਰਫ ਦੋ ਸਾਲ ਪਹਿਲਾਂ ਖੋਲ੍ਹੀ ਹਾਕਸ ਫੀਲਡ ਹਾਕੀ ਅਕਾਦਮੀ ਨੇ ਨਤੀਜੇ ਦੇਣੇ ਸ਼ੁਰੂ ਕਰ ਦਿੱਤੇ ਹਨ।ਕੋਚ ਦਿਲਪਾਲ ਸਿੰਘ ਦੀ ਮਿਹਨਤ ਸਦਕਾ ਸਾਲ 2015 ਦੌਰਾਨ ਅਕਾਦਮੀ ਦੇ ਚਾਰ ਮੁੰਡੇ ਅਲਬਰਟਾ ਦੀ ਟੀਮ ਵਲੋਂ ਖੇਡੇ ਜਿਸ ਟੀਮ ਨੇ ਕੌਮੀ ਚੈਂਪੀਅਨਸ਼ਿਪ (ਅੰਡਰ-16) ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਟੀਮ ਵਿੱਚ ਖੇਡੇ ਦਿਲਦੀਪ ਸੀਰਾ, ਹਰਜੋਤ ਧਾਲੀਵਾਲ,ਜਗਸ਼ੀਰ ਲੰਮ੍ਹੇ ਅਤੇ ਦਿਲਰਾਜ ਸਿੱਧੂ ਹਾਕਸ ਕਲੱਬ ਦੇ ਖਿਡਾਰੀ ਹਨ। ਅਕਾਦਮੀ ਦੀਆਂ ਦੋ ਕੁੜੀਆਂ ਹਰਲੀਨ ਕੌਰ ਗਰੇਵਾਲ ਅਤੇ ਕਿਸਮਤ ਕੌਰ ਧਾਲੀਵਾਲ ਅਲਬਰਟਾ ਦੇ ਕੈਂਪ ਲਈ ਚੁਣੀਆਂ ਗਈਆਂ।ਕੈਲਗਰੀ ਇਨਡੋਰ ਲੀਗ ਵਿੱਚ ਸਾਰਸਨ ਕਲੱਬ ਵਲੋਂ ਖੇਡ ਰਹੀਆਂ ਸਿਰਫ ਇਹ ਦੋ ਕੁੜੀਆਂ ਹੀ ਪੰਜਾਬੀ ਭਾਈਚਾਰੇ ਤੋਂ ਹਨ। ਅਕਾਦਮੀ ਦੀ ਟੀਮ ਨੇ ਐਬਸਫੋਰਡ ਵਿੱਚ ਹੋਏ ਟੂਰਨਾਮੈਂਟ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਐਡਮਿੰਟਨ ਵਿੱਚ ਹੋਏ ਟੂਰਨਾਂਮੈਂਟ ਵਿੱਚੋਂ ਹਾਕਸ ਅਕਾਦਮੀ ਦੀ ਟੀਮ ਪਹਿਲੇ ਸਥਾਨ ਤੇ ਰਹੀ।ਕੈਲਗਰੀ ਹਾਕਸ ਕੱਪ ਵਿੱਚੋਂ ਵੀ ਇਸ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਸਾਰਾ ਸਾਲ ਦੀਆਂ ਪ੍ਰੈਕਟਿਸਾਂ ਵਿੱਚ ਕੋਚ ਦਿਲਪਾਲ ਸਿੰਘ ਤੋਂ ਇਲਾਵਾ ਮੈਨੇਜਰ ਦਲਜੀਤ ਕਾਕਾ ਲੋਪੋਂ ਦਾ ਵੀ ਖਾਸ ਯੋਗਦਾਨ ਰਿਹਾ।
ਹਾਕਸ ਪ੍ਰੀਮੀਅਰ ਲੀਗ:ਨਵੇਂ ਖਿਡਾਰੀਆਂ ਨੂੰ ਤਜਰਬੇਕਾਰ ਖਿਡਾਰੀਆਂ ਨਾਲ਼ ਮੌਕਾ ਦੇਣ ਦੇ ਮਕਸਦ ਨਾਲ਼ ਕਲੱਬ ਵਲੋਂ ਹਾਕਸ ਪ੍ਰੀਮੀਅਰ ਲੀਗ ਹਰ ਸਾਲ ਵਿੱਚ ਦੋ ਵਾਰ ਕਰਵਾਈ ਜਾਂਦੀ ਹੈ।ਇਸ ਲੀਗ ਵਿੱਚ ਚਾਰ ਟੀਮਾਂ ਪੰਜਾਬ ਈਗਲਜ਼,ਪੰਜਾਬ ਲਾਇਨਜ਼,ਪੰਜਾਬ ਪੈਂਥਰਜ਼ ਅਤੇ ਪੰਜਾਬ ਟਾਈਗਰਜ਼ ਭਾਗ ਲੈਂਦੀਆਂ ਹਨ।ਸਰਦ ਰੁੱਤ ਦੀ ਲੀਗ ਦੇ ਫਾਈਨਲ ਮੈਚ ਫੀਲਡ ਹਾਕੀ ਪੰਦਰਵਾੜੇ ਦੌਰਾਨ ਹੀ ਕਰਵਾਏ ਗਏ। ਪੰਜਾਬ ਟਾਈਗਰਜ਼ ਦੀ ਟੀਮ ਨੇ ਮਨਮੀਤ ਸਿੰਘ ਭੁੱਲਰ ਦੀ ਫੋਟੋ ਵਾਲ਼ੀਆਂ ਜਰਸੀਆਂ ਪਾ ਕੇ ਮੈਚ ਖੇਡਿਆ। ਇਸ ਲੀਗ ਦੇ ਫਾਈਨਲ ਮੈਚ ਵਿੱਚ ਪੰਜਾਬ ਈਗਲਜ਼ ਨੇ ਪੰਜਾਬ ਲਾਇਨਜ਼ ਨੂੰ 5-4 ਦੇ ਫਰਕ ਨਾਲ਼ ਹਰਾ ਕੇ ਖਿਤਾਬੀ ਜਿੱਤ ਪ੍ਰਾਪਤ ਕੀਤੀ। ਇਸ ਲੀਗ ਵਿੱਚ ਗੁਰਦੀਪ ਹਾਂਸ(30 ਗੋਲ਼) ਬਿਹਤਰੀਨ ਸਕੋਰਰ ਬਣਿਆ। ਕਰਮਜੀਤ ਢੁੱਡੀਕੇ ਬਿਹਤਰੀਨ ਖਿਡਾਰੀ ਬਣਿਆ। ਹਰਜੋਤ ਧਾਲੀਵਾਲ ਲੋਪੋਂ (16 ਗੋਲ਼) ਜੂਨੀਅਰ ਵਰਗ ਦਾ ਬਿਹਤਰੀਨ ਸਕੋਰਰ ਰਿਹਾ। ਗੁਰਵਿੰਦਰ ਢਿਲੋਂ ਬਿਹਤਰੀਨ ਗੋਲਕੀਪਰ ਬਣਿਆ।ਇਹ ਲੀਗ ਭਾਂਵੇਂ ਪੁਰਸ਼ ਵਰਗ ਦੀ ਸੀ ਪਰ ਇੱਕੋ ਇੱਕ ਕੁੜੀ ਹਰਲੀਨ ਕੌਰ ਗਰੇਵਾਲ ਨੇ ਚੈਂਪੀਅਨ ਟੀਮ ਪੰਜਾਬ ਈਗਲਜ਼ ਵਲੋਂ ਖੇਡਣ ਦਾ ਮਾਣ ਹਾਸਲ ਕੀਤਾ ਅਤੇ ਲੀਗ ਦੌਰਾਨ ਪੰਜ ਗੋਲ ਵੀ ਕੀਤੇ।ਕਲੱਬ ਵਲੋਂ ਉਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਲੀਗ ਨੂੰ ਸਫਲ ਬਣਾਉਣ ਵਿੱਚ ਮਨਵੀਰ ਗਿੱਲ,ਮਨਦੀਪ ਦੀਪੂ,ਗੁਰਦੀਪ ਹਾਂਸ,ਗੁਰਲਾਲ ਗਿੱਲ ਮਾਣੂਕੇ, ਸੁਖਦੀਪ ਭੀਮ ਮਾਣੂਕੇ, ਮਨਮੋਹਨ ਗਿੱਲ ਮਾਣੂਕੇ, ਕਰਮਜੀਤ ਢੁੱਡੀਕੇ, ਕੰਵਰ ਪਨੂੰ, ਕਿਰਪਾਲ ਸਿੱਧੂ, ਜਗਜੀਤ ਜੱਗਾ ਲੋਪੋਂ, ਜੀਵਨ ਮਾਂਗਟ,ਹਰਵਿੰਦਰ ਖਹਿਰਾ, ਪਰਮਿੰਦਰ ਬਰਾੜ, ਸੁਖਦੀਪ ਹਾਂਸ, ਦਿਲਪਾਲ ਟੀਟਾ, ਜਸਵੰਤ ਮਾਣੂਕੇ, ਹੈਪੀ ਮੱਦੋਕੇ, ਗੁਰਮੀਤ ਹਠੂਰ, ਹਰਚੰਦ ਘੱਲ ਕਲਾਂ,ਮਨਵੀਰ ਰਾਮਪੁਰ, ਗੋਲਡੀ ਬਰਾੜ, ਹੈਪੀ ਹੋਠੀ, ਜੱਗੀ ਬੀਹਲਾ, ਹਰਿੰਦਰ ਗਰੇਵਾਲ, ਕਰਮਜੀਤ ਗਰਚਾ, ਨੋਨੀ ਧੂਰਕੋਟ, ਸਵਰਨ ਸਿੰਘ,ਰਘਬੀਰ ਧਾਲੀਵਾਲ, ਅਜੀਤ ਸਿੰਘ ਬਰਨਾਲ਼ਾ, ਧੀਰਾ ਪੰਨੂ ਅਤੇ ਪਰਮਜੀਤ ਲੰਮ੍ਹੇ ਨੇ ਵੱਡੀ ਜ਼ਿੰਮੇਵਾਰੀ ਨਿਭਾਈ।ਅੰਪਾਇਰਿੰਗ ਲਈ ਓਕਾਂਰ ਢੀਡਸਾ ਅਤੇ ਹਰਵਿੰਦਰ ਹੈਪੀ ਢੀਂਡਸਾ ਨੇ ਸੇਵਾਵਾਂ ਦਿੱਤੀਆਂ।
ਫੀਲਡ ਹਾਕੀ ਕੈਂਪ:ਹਾਕਸ ਫੀਲਡ ਹਾਕੀ ਅਕਾਦਮੀ ਵਲੋਂ ਨਵੀਂ ਰਜਿਸਟਰੇਸ਼ਨ ਨੂੰ ਹੁਲਾਰਾ ਦੇਣ ਲਈ ਸਰਦ ਰੁੱੱਤ ਦੀਆਂ ਛੁੱਟੀਆਂ ਦੌਰਾਨ ਕੋਚਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਖਾਸੀਅਤ ਇਹ ਰਹੀ ਬੱਚਿਆਂ ਤੋਂ ਕੋਈ ਵੀ ਪੈਸਾ ਲਏ ਫੀਲਡ ਹਾਕੀ ਦੇ ਗੁਰ ਸਿਖਾਏ ਗਏ। ਕੈਲਗਰੀ ਵਿੱਚ ਆਪਣੀ ਕਿਸਮ ਦਾ ਇਹ ਪਹਿਲਾ ਤਜ਼ਰਬਾ ਸੀ।ਗੁਰੂਦੁਆਰਾ ਦਸ਼ਮੇਸ਼ ਕਲਚਰਲ ਸੈਂਟਰ ਵਿੱਚ ਲਗਾਏ ਗਏ ਰਜਿਸਟਰੇਸ਼ਨ ਕੈਂਪ ਵਿੱਚ ਲੋਕ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਤੋਂ ਬਾਅਦ ਕੈਂਪ ਵਿੱਚ ਸ਼ਾਮਲ 150 ਦੇ ਕਰੀਬ ਬੱਚਿਆਂ ਅਤੇ ਮਾਪਿਆਂ ਨਾਲ਼ ਜੈਨਸਿਸ ਸੈਂਟਰ ਵਿੱਚ ਰੌਣਕਾਂ ਲੱਗੀਆਂ ਰਹੀਆਂ। ਕਲੱਬ ਦੇ ਸੀਨੀਅਰ ਖਿਡਾਰੀਆਂ ਵਲੋਂ ਨੰਨ੍ਹੇ ਖਿਡਾਰੀਆਂ ਨੂੰ ਫੀਲਡ ਹਾਕੀ ਦੇ ਮੁੱਢਲੇ ਗੁਰ ਸਿਖਾਏ ਗਏ।ਇਸ ਕੈਂਪ ਦੀ ਕਾਰਗੁਜ਼ਾਰੀ ਤੋਂ ਪ੍ਰਾਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਬੱਚੇ ਪੱਕੇ ਤੌਰ ਤੇ ਕਲੱਬ ਜੁੜ ਗਏ।ਦਿਲ ਦੇ ਰੋਗਾਂ ਦੇ ਮਾਹਿਰ ਡਾ. ਅਨਮੋਲ ਸਿੰਘ ਕਪੂਰ ਅਤੇ ਰੇਡੀਓ ਹੋਸਟ ਡੈਨ ਸਿੱਧੂ ਕੈਂਪ ਵਿੱਚ ਹਾਜ਼ਰੀ ਭਰ ਕੇ ਕਲੱਬ ਮੈਬਰਾਂ ਅਤੇ ਨਵੇਂ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ।
ਅਲਬਰਟਾ ਫੀਲਡ ਹਾਕੀ ਨਾਲ਼ ਸਾਂਝ: ਫਰੀ ਫੀਲਡ ਹਾਕੀ ਕੈਂਪ ਵਿੱਚ ਨਵੇਂ ਖਿਡਾਰੀਆਂ ਦੀ ਹਾਜ਼ਰੀ ਦੇਖ ਕੇ ਅਲਬਰਟਾ ਫੀਲਡ ਹਾਕੀ ਦੇ ਅਧਿਕਾਰੀ ਵੀ ਕਾਫੀ ਉਤਸ਼ਾਹਿਤ ਹੋ ਗਏ ਅਤੇ ਸਾਰਾ ਅਮਲਾ ਕੋਚਿੰਗ ਕੈਂਪ ਵਿੱਚ ਆ ਕੇ ਹਾਕਸ ਕਲੱਬ ਦੀ ਮੱਦਦ ਲਈ ਜੁੱਟ ਗਿਆ।ਅਲਬਰਟਾ ਫੀਲਡ ਹਾਕੀ ਦੇ ਪ੍ਰਧਾਨ ਪੈਡਰ ਓਰੀਅਨ, ਹਾਈ-ਪਰਫਾਰਮੈਂਸ ਕੋਚ ਪੀਟਰ,ਅਲਬਰਟਾ ਕੋਚ ਨੈਥਨ ਅਤੇ ਸੋਹੇਲ ਅਬਦੁੱਲਾ ਵਿਸ਼ੇਸ਼ ਤੌਰ ਤੇ ਕੈਂਪ ਵਿੱਚ ਹਾਜ਼ਰੀ ਭਰਦੇ ਰਹੇ।ਕੈਂਪ ਦੇ ਅੰਤ ਵਿੱਚ ਅਲਬਰਟਾ ਫੀਲਡ ਹਾਕੀ ਨੇ ਐਲਾਨ ਕੀਤਾ ਕਿ ਉਹ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਦੇ ਇਸ ਉਦਮ ਤੋਂ ਕਾਫੀ ਪ੍ਰਭਾਵਿਤ ਹੋਈ ਹੈ।ਪੈਡਰ ਨੇ ਐਲਾਨ ਕੀਤਾ ਕਿ ਉਹ ਪੰਜਾਬੀ ਭਾਈਚਾਰੇ ਵਿੱਚ ਫੀਲਡ ਹਾਕੀ ਦੀਆਂ ਨਵੀਆਂ ਸੰਭਾਵਨਾਵਾਂ ਤਲਾਸ਼ਣ ਲਈ ਹਾਕਸ ਅਕਾਦਮੀ ਨੂੰ ਪੂਰਾ ਸਹਿਯੋਗ ਦੇਵੇਗੀ।ਉਹਨਾਂ ਅਪੀਲ ਕੀਤੀ ਕਿ ਉਹ ਅਲਬਰਟਾ ਫੀਲਡ ਹਾਕੀ ਨਾਲ਼ ਰਜਿਸਟਰਡ ਹੋ ਕੇ ਹੀ ਖੇਡ ਮੈਦਾਨ ਵਿੱਚ ਨਿਤਰਨ।ਇਸ ਮੌਕੇ ਅਲਬਰਟਾ ਫੀਲਡ ਹਾਕੀ ਦੇ ਅਹੁਦੇਦਾਰਾਂ ਦਾ ਨਵੇਂ ਖਿਡਾਰੀਆਂ ਦੇ ਮਾਪਿਆਂ ਨਾਲ਼ ਇੱਕ ਰੂ-ਬ-ਰੂ ਪ੍ਰੌਗਰਾਮ ਵੀ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਅਕਾਦਮੀ ਦੁਆਰਾ ਸਾਲ 2016 ਵਿੱਚ ਉਲੀਕੇ ਗਏ ਪ੍ਰੋਗਰਾਮ ਦੀ ਰੂਪ-ਰੇਖਾ ਮਾਪਿਆਂ ਨਾਲ਼ ਸਾਂਝੀ ਕੀਤੀ ਗਈ।ਅਲਬਰਟਾ ਫੀਲਡ ਹਾਕੀ ਦੇ ਪ੍ਰਧਾਨ ਪੈਡਰ ਓਰੀਅਨ, ਹਾਕਸ ਅਕਾਦਮੀ ਦੇ ਕੋਚ ਦਿਲਪਾਲ ਸਿੰਘ ਅਤੇ ਕਲੱਬ ਦੇ ਸੀਨੀਅਰ ਮੈਂਬਰ ਗੁਰਲਾਲ ਮਾਣੂਕੇ ਨੇ ਮਾਪਿਆਂ ਨਾਲ਼ ਵੱਡਮੁੱਲੀ ਜਾਣਕਾਰੀ ਸਾਂਝੀ ਕਰਨ ਤੋਂ ਇਲਾਵਾ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ।
ਬੋਤਲ ਡਰਾਈਵ : ਫੀਲਡ ਹਾਕੀ ਪੰਦਰਵਾੜੇ ਦੇ ਆਖਰੀ ਦਿਨ ਕਰਵਾਈ ਗਈ ਫੀਲਡ ਹਾਕੀ ਬੋਤਲ ਡਰਾਈਵ ਨੂੰ ਨਾਰਥ-ਈਸਟ ਦੇ ਸਮੁੱਚੇ ਭਾਈਚਾਰੇ ਨੇ ਭਰਵਾਂ ਹੁੰਗਾਰਾ ਦਿੱਤਾ।ਜੈਨਸਿਸ ਸੈਂਟਰ ਦੀ ਪਾਰਕਿੰਗ ਅਲਾਟ ਵਿੱਚ ਕਰਵਾਈ ਗਈ ਇਸ ਡਰਾਈਵ ਲਈ ਸਵੇਰ ੮ ਵਜੇ ਤੋਂ ਹੀ ਖੇਡ ਪ੍ਰੇਮੀਆਂ ਨੇ ਰੀ-ਸਾਈਕਲ ਬੋਤਲਾਂ ਦੇ ਢੇਰ ਲਗਾ ਦਿੱਤੇ।ਕਲੱਬ ਮੈਂਬਰਾਂ ਨੇ ਘਰਾਂ ਤੋਂ ਵੀ ਵਾਡੀ ਮਾਤਰਾ ਵਿੱਚ ਬੋਤਲਾਂ ਇਕੱਠੀਆਂ ਕਰਕੇ ਇਸ ਬੋਤਲ ਡਰਾਈਵ ਨੂੰ ਸਫਲ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।ਇਸ ਬੋਤਲ ਡਰਾਈਵ ਤੋਂ ਇਕੱਠੀ ਹੋਈ ਰਾਸ਼ੀ ਕਲੱਬ ਨੇ ਨਵੇਂ ਖਿਡਾਰੀਆਂ ਉਪਰ ਖਰਚਣ ਦਾ ਫੈਸਲਾ ਲਿਆ ਹੈ।ਪੰਜਾਬੀ ਭਾਈਚਾਰੇ ਮਿਲੇ ਬੇ-ਮਿਸਾਲ ਹੁੰਗਾਰੇ ਕਰਕੇ ਹੀ ਇਸ ਬੋਤਲ ਡਰਾਈਵ ਤੋਂ ਦੋ ਤੋਂ ਵੀ ਵੱਧ ਕੰਟਟੇਨਰ ਬੋਤਲਾਂ ਦੇ ਇਕੱਠੇ ਹੋਏ।ਕਲੱਬ ਦੇ ਇਸ ਉੱਦਮ ਦਾ ਭਾਈਚਾਰੇ ਵਲੋਂ ਦਿੱਤੇ ਭਰਵੇਂ ਹੁੰਗਾਰੇ ਦਾ ਮੈਂਬਰਾਂ ਨੇ ਧੰਨਵਾਦ ਕੀਤਾ।
ਨਵੀਂ ਰਜਿਸਟਰੇਸ਼ਨ:ਹਾਕਸ ਫੀਲਡ ਅਕਾਦਮੀ ਦਾ ਪਹਿਲਾ ਪੂਰ ਤਿਆਰ ਕਰਨ ਤੋਂ ਬਾਅਦ ਹੁਣ ਅਗਲੇ ਉਮਰ ਵਰਗ ਉਪਰ ਧਿਆਨ ਦਿੱਤਾ ਜਾ ਰਿਹਾ ਹੈ।ਕਲੱਬ ਨੇ ਜਨਵਰੀ ਮਹੀਨੇ ਲਈ ਹਾਲ ਬੁੱਕ ਕਰਵਾ ਕੇ ਪ੍ਰੈਕਟਿਸ ਦੀ ਸਾਰਣੀ ਘੋਸ਼ਿਤ ਕਰ ਦਿੱਤੀ ਹੈ। ਫੀਲਡ ਹਾਕੀ ਦੀ ਨਵੀਂ ਰਜਿਸਟਰੇਸ਼ਨ ਕਲੱਬ ਵਲੋਂ ਚੱਲ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਲਈ ਕੋਚ ਦਿਲਪਾਲ ਸਿੰਘ 403-681-0749, ਦਲਜੀਤ ਸਿੰਘ ਕਾਕਾ ਲੋਪੋਂ 403-680-2700 ਜਾਂ ਸੁਖਵੀਰ ਗਰੇਵਾਲ 403-402-0770 ਨਾਲ਼ ਸੰਪਰਕ ਕਰ ਸਕਦੇ ਹਨ।