Get Adobe Flash player

Snap - Manmeet Bhullar001ਅਸਾਂ ਤਾਂ ਜੋਬਨ ਰੁੱਤੇ ਮਰਨਾ…ਤੁਰ ਜਾਣਾ ਅਸਾਂ ਭਰੇ-ਭਰਾਏ, ਅਲਬਰਟਨਾਂ (ਕੈਨੇਡਾ ਦਾ ਸੂਬਾ) ਵਿਚ ਸਭ ਦੇ ਚਹੇਤੇ ਕੈਲਗਰੀ ਨਿਵਾਸੀ ਐਮ.ਐਲ.ਏ. ਸਰਦਾਰ ਮਨਮੀਤ ਸਿੰਘ ਭੁੱਲਰ ਤੇ ਇਹ ਲਾਈਨਾਂ ਕਈ ਪੱਖਾਂ ਤੋਂ ਢੁੱਕਦੀਆਂ ਹਨ। ਉਹਨਾਂ ਦੀ 23 ਨਵੰਬਰ 2015 ਨੂੰ ਕੈਲਗਰੀ ਤੋਂ ਐਡਮਿੰਟਨ ਜਾਂਦਿਆਂ ਰਸਤੇ ਵਿਚ ਇੱਕ ਹੋਰ ਕਾਰ ਸਵਾਰ ਜਿਸਦੀ ਕਾਰ ਖ਼ਰਾਬ ਮੌਸਮ ਕਾਰਨ ਤਿਲ੍ਹਕ ਗਈ ਸੀ ਦੀ ਮਦਦ ਕਰਦਿਆਂ ਇਕ ਟਰੱਕ-ਟਰੇਲਰ ਵੱਲੋਂ ਮਾਰੀ ਟੱਕਰ ਵਿਚ ਅਣਆਈ ਤੇ ਦਰਦਨਾਕ ਮੌਤ ਹੋ ਗਈ ਸੀ। ਬੇਸ਼ਕ ਆਪਣੀ 35 ਸਾਲ 8 ਮਹੀਨੇ ਤੇ 22 ਦਿਨ ਦੀ ਉਮਰ ਤੇ ਆਪਣੇ ਤਕਰੀਬਨ ਅੱਠ ਸਾਲ ਦੇ ਰਾਜਨੀਤਕ ਜੀਵਨ ਤੋਂ ਪਹਿਲਾਂ ਵੀ ਅਣ-ਗਿਣਤ ਵਧੀਆ ਕੰਮ ਕੀਤੇ। ਪਰ ਆਪਣੇ ਬਹੁਤ ਥੋੜੇ ਰਾਜਨੀਤਕ ਜੀਵਨ ਵਿਚ ਐਮ.ਐਲ.ਏ. ਤੋਂ ਮਨੁੱਖੀ ਵਸੀਲਿਆਂ ਦਾ ਮੰਤਰੀ, ਫਿਰ ਸਰਵਿਸ ਮੰਤਰੀ ਹੁੰਦਿਆਂ ਕੈਨੇਡਾ ਦੀ ਰਾਜਨੀਤੀ ਵਿਚ ਹਮੇਸ਼ਾ ਨਵੇਂ ਅਤੇ ਨਾ-ਹੋਣ ਯੋਗ ਕੰਮਾਂ ਨੂੰ ਹੱਥ ਪਾਇਆ ਚਾਹੇ ਉਹ ਹਸਪਤਾਲਾਂ ਵਿਚ ਬਿਮਾਰੀ ਕਾਰਨ ਮਰੇ ਬੱਚਿਆਂ ਦੇ ਨਾਮ ਪਬਲਿਕ ਕਰਨ ਦਾ ਮੁੱਦਾ ਹੋਵੇ, ਚਾਇਲਡ ਸੈਕਸ ਅਬਿਯੂਜ਼ ਦਾ ਮੁੱਦਾ ਹੋਵੇ, ਸਰਕਾਰੀ ਖ਼ਰਚਿਆਂ ਨੂੰ ਆਨ-ਲਾਇਨ ਕਰਨ ਦਾ ਮੁੱਦਾ ਅਤੇ ਹੋਰ ਬਹੁਤ ਸਾਰੇ ਕੰਮ ਜਿਹਨਾਂ ਬਾਰੇ ਰਾਜਨੀਤਕ ਸਿਰਫ਼ ਗੱਲਾਂ ਕਰਦੇ ਜਾਂ ਗੱਲ ਕਰਨ ਤੋਂ ਵੀ ਪਾਸਾ ਵੱਟਦੇ। ਉਹ ਦਿਨ-ਰਾਤ ਕੰਮ ਵਿਚ ਰੁੱਝਿਆ ਰਹਿੰਦਾ, ਉਸ ਕੋਲ ਅੰਗਰੇਜ਼ੀ ਦੇ ਸ਼ਬਦਾਂ ਦਾ ਅਥਾਹ ਸ਼ਬਦ-ਭੰਡਾਰ ਤੇ ਡੂੰਘਾ ਗਿਆਨ ਸੀ, ਹੁਣ ਤਾਂ ਕੈਨੇਡਾ ਦਾ ਜੰਮਪਲ ਹੋਣ ਕਰਕੇ ਤੇ ਉਸ ਸਮੇਂ ਇੱਥੇ ਪੰਜਾਬੀ ਲਈ ਕਲਾਸਾਂ ਨਾ ਹੋਣ ਕਰਕੇ ਆਪਣੀ ਦੂਸਰੀ ਜ਼ੁਬਾਨ ਪੰਜਾਬੀ ਵਿਚ ਵੀ ਵਧੀਆ ਭਾਸ਼ਨ ਕਰ ਲੈਂਦਾ ਸੀ। ਮੈਂ ਕਦੇ ਉਸਨੂੰ ਲਿਖ਼ਕੇ ਭਾਸ਼ਨ ਕਰਦਿਆਂ ਨਹੀਂ ਦੇਖਿਆ ਤੇ ਸੁਣਿਆ, ਇੱਥੋਂ ਦੇ ਜੰਮਪਲ ਪੰਜਾਬੀ ਹੀ ਨਹੀਂ ਬਲਕਿ ਹਰ ਤਬਕੇ ਨਾਲ ਸਬੰਧਤ ਵਿਦਿਆਰਥੀਆਂ ਵਿਚ ਉਹ ਹਰਮਨ-ਪਿਆਰਾ ਅਤੇ ਰੋਲ ਮਾਡਲ ਸੀ। ਕੁਝ ਹਫ਼ਤੇ ਪਹਿਲਾਂ ਹੀ ਉਸਨੂੰ ਦਫ਼ਤਰ ਵਿਚ ਮਿਲਣ ਦਾ ਸਮਾਂ ਮਿਲਿਆ, ਉਹ ਇਕ ਹੋਰ ਬਹੁਤ ਵੱਡੇ ਕੰਮ ਨੂੰ ਹੱਥ ਪਾਈ ਬੈਠਾ ਸੀ ਤੇ ਉਹ ਸੀ ਅਫ਼ਿਗਾਨਸਤਾਨ ਵਿਚੋਂ ਘੱਟ ਗਿਣਤੀ ਸਿੱਖ ਪਰਿਵਾਰਾਂ ਦੀ ਸੁਰੱਖਿਆਂ ਤੋਂ ਉੱਥੋਂ ਦੀ ਸਰਕਾਰ ਦੇ ਹੱਥ ਖ੍ਹੜੇ ਕਰਨ ਕਰਕੇ ਉਹਨਾਂ ਨੂੰ ਕੈਨੇਡਾ ਲੈ ਕੇ ਆਉਣਾ। ਕੰਮ ਬੜਾ ਔਖਾ ਤੇ ਵੱਡਾ ਸੀ ਪਰ ਉਸਨੇ ਹੌਸਲੇਂ ਨਾਲ ਕਿਹਾ ਕਿ ਉਹ ਇਸਨੂੰ ਸਿਰੇ ਲਾ ਕੇ ਹੀ ਹਟੇਗਾ। ਸ਼ਾਇਦ ਇਕ-ਦੋ ਪਰਿਵਾਰ ਉਹ ਪੰਜਾਬ ਵਿਚ ਮੰਗਵਾ ਕੇ ਆਪਣੇ ਵਡੇਰਿਆਂ ਦੇ ਜੱਦੀ ਘਰ ਬਿਠਾਈ ਬੈਠਾ ਸੀ। ਉਸ ਦਿਨ ਸ਼ਾਮ ਦਾ ਵੇਲਾ ਸੀ ਤੇ ਦਫ਼ਤਰ ਵਿਚ ਕੈਲਗਰੀ ਦੇ ਪਰਿਵਾਰਾਂ ਤੋਂ ਉਹਨਾਂ ਸਿੱਖ ਪਰਿਵਾਰਾਂ ਦੀ ਸਪਾਂਸਰਸ਼ਿੱਪ ਲਈ ਫਾਰਮ ਭਰਵਾ ਰਿਹਾ ਸੀ ਤੇ ਚਿਹਰੇ ਉੱਪਰ ਹੋਰ ਅਣਗਿਣਤ ਕੰਮਾਂ ਵਾਂਗ ਇਕ ਹੋਰ ਵੱਖਰਾ ਕੰਮ ਕਰਨ ਦਾ ਜਨੂੰਨ ਦਿਸ ਰਿਹਾ ਸੀ ਤੇ ਕਹਿ ਰਿਹਾ ਸੀ ਇਸ ਕੰਮ ਨੂੰ ਕਰਨ ਲਈ ਉਹ ਆਪਣੇ ਸਾਰੇ ਹੀਲੇ ਅਤੇ ਰਾਜਨੀਤਕ ਸਬੰਧ ਵਰਤੇਗਾ। ਸ਼ਾਮ ਹੋ ਚੁੱਕੀ ਸੀ ਸਾਰੇ ਲੋਕ ਦਫਤਰਾਂ ਤੋਂ ਘਰਾਂ ਨੂੰ ਆ ਰਹੇ ਸਨ ਪਰ ਉਹ ਕਹਿ ਰਿਹਾ ਸੀ ਅਜੇ ਅੱਜ ਦੋ-ਤਿੰਨ ਕੰਮ ਹੋਰ ਕਰਨੇ ਹਨ। ਇੱਕ ਔਰਤ ਜੋ ਏਸ਼ੀਆਂ ਦੇ ਦੇਸ਼ ਨਾਲ ਸਬੰਧ ਰੱਖਦੀ ਸੀ ਉਸਦਾ ਕੰਮ ਉਹ ਸਾਡੇ ਜਾਣ ਤੋਂ ਪਹਿਲਾਂ ਨਿਪਟਾਉਣ ਲਈ ਵਾਅਦਾ ਕਰ ਚੁੱਕਿਆ ਸੀ ‘ਤੇ ਕੰਮ ਮਨਮੀਤ ਦੇ ਮੂੰਹੋਂ ਸੁਣਕੇ ਹੈਰਾਨੀ ਹੋਈ ਕਿ ਉਹ ਕੋਈ ਕੈਨੇਡਾ ਦਾ ਕੰਮ ਨਹੀਂ ਸੀ ਬਲਕਿ ਉਸ ਔਰਤ ਦੇ ਆਪਣੇ ਜਨਮ ਵਾਲੇ ਦੇਸ਼ ਵਿਚ ਪੁਲਿਸ ਵੱਲੋਂ ਨਜ਼ਾਇਜ਼ ਫੜ੍ਹੇ ਉਸਦੇ ਬੇਟੇ ਨੂੰ ਛੜ੍ਹਵਾਉਣ ਦਾ ਕੰਮ ਸੀ। ਉਹ ਹਰ ਕੰਮ ਦੇ ਰਿਜਲਟ ਜਾਨਣ ਬਾਰੇ ਇੱਛਾ ਰੱਖਦਾ ਤਾਂ ਕਿ ਆਉਣ ਵਾਲੇ ਸਮੇਂ ਵਿਚ ਸੁਧਾਰ ਕੀਤਾ ਜਾ ਸਕੇ। ਮੇਰੇ ਤੋਂ ਉਹ ਕੈਨੇਡਾ ਵਰਕ-ਪਰਮਟ ਤੇ ਆਏ ਵਰਕਰਾਂ ਦੀ ਖ਼ੱਜਲ-ਖ਼ੁਆਰੀ ਬਾਰੇ ਜ਼ਮੀਨੀ ਪੱਧਰ ਤੇ ਜਾਨਣਾ ਚਾਹੁੰਦਾ ਸੀ। ਕਿਉਂਕਿ ਜਿਸ ਕੰਪਨੀ ਵਿਚ ਮੈਂ ਸੁਪਰਵਾਈਜ਼ਰ ਦੇ ਤੌਰ ਤੇ ਤਕਰੀਬਨ ਅੱਠ-ਨੋ ਸਾਲ ਕੰਮ ਕੀਤਾ ਸੀ ਉੱਥੇ ਕਾਫ਼ੀ ਅਜਿਹੇ ਵਰਕਰ ਆਏ ਸਨ। ਇਹਨਾਂ ਹਲਾਤਾਂ ਬਾਰੇ ਜਾਣਕਾਰੀ ਲੈਣ ਦਾ ਉਸਦਾ ਮਤਲਬ ਸਿਰਫ਼ ਉਹਨਾਂ ਦੀ ਭਲਾਈ ਲਈ ਕੋਈ ਯਤਨ ਕਰਨਾ ਸੀ ਜਾਂ ਭਵਿੱਖ ਵਿਚ ਨਿਰਪੱਖ ਯੋਜਨਾਵਾਂ ਬਣਾਉਣ ਲਈ ਜ਼ਮੀਨ ਤਿਆਰ ਕਰਨ ਸੀ ਤਾਂ ਕਿ ਕਿਸੇ ਦੀ ਨਜ਼ਾਇਜ਼ ਖੱਜ਼ਲ-ਖੁਆਰੀ ਨਾ ਹੋਵੇ। ਕਿਉਂਕਿ ਉਹ ਇਹ ਜਾਣਦਾ ਸੀ ਕਿ ਇਹਨਾਂ ਨੂੰ ਕਈ-ਕਈ ਲੱਖ ਰੁਪਏ ਦੇ ਕੇ ਇੱਥੇ ਆਉਣਾ ਪਿਆ ਹੈ ਜਦਕਿ ਸਰਕਾਰੀ ਤੌਰ ਤੇ ਇਸ ਤਰ੍ਹਾਂ ਦੀ ਕੋਈ ਫੀਸ ਨਹੀਂ ਸੀ। ਪਰ ਨਿੱਜੀ ਰੁਝੇਵਿਆਂ ਕਰਕੇ ਅਸੀਂ ਇਸ ਵਿਸ਼ੇ ਤੇ ਗੱਲ ਕਰਨ ਲਈ ਸਮਾਂ ਮੈਚ ਨਾ ਕਰ ਸਕੇ। ਜੇਕਰ ਉਹ ਚਾਹੁੰਦਾ ਤਾਂ ਹੁਣ ਵਿਰੋਧੀ ਧਿਰ ਦੀ ਸਰਕਾਰ ਹੋਣ ਕਰਕੇ ਅਪੋਜ਼ਿਸ਼ਨ ਵਿਚ ਬੈਠਕੇ ਸਿਰਫ਼ ਤਨਖ਼ਾਹ ਲੈਂਦਾ ਤੇ ਕਦੇ-ਕਦੇ ਸਿਆਸੀ ਸ਼ੁਰਲੀ ਛੱਡ ਦਿੰਦਾ। ਪਰ ਉਹ ਅਜਿਹਾ ਨਹੀਂ ਸੀ। ਉਹ ਕੈਨੇਡਾ ਨੂੰ ਸਭ ਦਾ ਸਾਂਝਾ ਦੇਸ਼ ਮੰਨਦਾ ਸੀ। ਜਿੱਥੇ ਪਹਿਲਾ ਸਿਰਫ਼ ਸਿੱਖ ਉਸਤੇ ਇਕ ਸਿੱਖੀ ਦਿੱਖ ਵਾਲਾ ਐਮ.ਐਲ.ਏ. ਹੋਣ ਕਰਕੇ ਮਾਣ ਮਹਿਸੂਸ ਕਰਦੇ ਸਨ। ਜਲਦੀ ਹੀ ਉਸਨੇ ਆਪਣੀ ਮਿਹਨਤ ਅਤੇ ਹਰ ਵਿਸ਼ੇ ਬਾਰੇ ਪੂਰੀ ਜਾਣਕਾਰੀ ਨਾਲ ਅਸੈਂਬਲੀ ਵਿਚ ਕੀਤੀਆਂ ਬਹਿਸਾਂ, ਪਬਲਿਕ ਵਿਚ ਦਿੱਤੇ ਭਾਸ਼ਨਾਂ, ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ, ਸਿਟੀਜਨਸ਼ਿੱਪ ਦਫਤਰਾਂ ਅਤੇ ਹੋਰ ਫ਼ਕਸ਼ਨਾਂ, ਗੱਲ ਕਿ ਹਰ ਜਗ੍ਹਾ ਢੁੱਕਵੀਂ ਤੇ ਬਿਨਾਂ ਲਿਖੀ ਤਰਕ-ਭਰਪੂਰ ਗੱਲ ਕਰਕੇ ਆਪਣਾ ਘੇਰਾ ਸਾਰੇ ਏਸ਼ੀਅਨ ਮੂਲ ਦੇ ਲੋਕਾਂ ਦੇ ਨੁੰਮਾਇਦੇ ਦੇ ਤੌਰ ਤੇ ਹੀ ਨਹੀਂ ਬਲਕਿ ਕਹਿੰਦੇ-ਕਹਾਉਂਦੇ ਅੰਗਰੇਜ਼ ਰਾਜਨੀਤਕ ਸੋਚਵਾਨਾਂ ਵਿਚ ਵੀ ਬਣਾ ਲਿਆ ਸੀ। ਪਿੱਛੇ ਜਿਹੇ ਵੋਟਾਂ ਤੋਂ ਪਹਿਲਾਂ ਅੰਗਰੇਜ਼ੀ ਅਖਬਾਰਾਂ ਨੇ ਉਸਦਾ ਨਾਮ ਅਲਬਰਟਾ ਸੂਬੇ ਦੇ ਸੰਭਾਵੀ ਮੁੱਖ ਮੰਤਰੀਆਂ ਦੀ ਸੂਚੀ ਵਿਚ ਤੀਜੇ ਨੰਬਰ ਤੇ ਲਿਖ਼ਿਆ, ਜੋ ਕੋਈ ਨਿੱਕੀ ਗੱਲ ਨਹੀਂ ਸੀ। ਉਹਨਾਂ ਦੇ ਅਚਨਚੇਤ ਇੱਕ ਲੋੜਵੰਦ ਦੀ ਮਦਦ ਕਰਦਿਆਂ ਇਸ ਸੰਸਾਰ ਤੋਂ ਹਮੇਸ਼ਾ ਲਈ ਚਲੇ ਜਾਣ ਤੇ ਹਰ ਮੂਲ ਦੇ ਨੇਤਾ ਉਸਦੀ ਕਮੀ ਮਹਿਸੂਸ ਕਰ ਰਹੇ ਹਨ ਜੋ ਵਿਰੋਧੀਆਂ ਨੂੰ ਆਪਣੇ ਤਰਕਾਂ ਨਾਲ ਬਰਾਬਰ ਦੀ ਟੱਕਰ ਦੇ ਕੇ ਕੈਨੇਡਾ ਦੇ ਭਲੇ ਲਈ ਹੋਰ ਚੰਗੇ ਕੰਮ ਕਰਨ ਲਈ ਪ੍ਰੇਰਦਾ ਸੀ। ਬੇਸ਼ਕ ਉਹ ਅਣਗਿਣਤ ਕੰਮ ਕਰ ਗਿਆ ਪਰ ਜੇਕਰ ਉਸਦੇ ਪੈਂਡਿੰਗ ਪਏ ਕੰਮਾਂ ਦੀ ਗੱਲ ਕਰੀਏ ਤਾਂ ਇੰਝ ਹੀ ਲੱਗਦਾ ਕਿ ਉਹ ਭਰਿਆ-ਭਰਾਇਆ ਹੀ ਤੁਰ ਗਿਆ  …ਤੇ ਜੋਬਨ ਰੁੱਤੇ ਮਰਕੇ ਹਮੇਸ਼ਾ ਲਈ ਜਿਉਂਦਾ ਹੋ ਗਿਆ। ਕਿਉਂਕਿ ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ…ਅਲਵਿਦਾ ਇਕ ਬਹੁਪੱਖੀ ਹਸਤੀ ਮਨਮੀਤ ਸਿੰਘ ਭੁੱਲਰ ਨੂੰ।
                                                                                                                 ਬਲਜਿੰਦਰ ਸੰਘਾ,ਫੋਨ 403-680-3212