ਬਲਜਿੰਦਰ ਸੰਘਾ- ਜਤਿੰਦਰ ਸਿੰਘ ਹਾਂਸ ਪੰਜਾਬੀ ਸਾਹਿਤਕ ਖੇਤਰ ਵਿਚ ਆਪਣੀ ਵਿਸ਼ੇਸ਼ ਥਾਂ ਬਣਾ ਚੁੱਕਾ ਨੌਜਵਾਨ ਕਹਾਣੀਕਾਰ ਹੈ। ਕਾਹਣੀ ਸੰਗ੍ਰਹਿ ‘ਪਾਵੇ ਨਾਲ ਬੰਨਿਆਂ ਕਾਲ਼’ ਅਤੇ ‘ਈਸ਼ਵਰ ਦਾ ਜਨਮ’ ਉਹਨਾਂ ਦੇ ਚਰਚਿਤ ਕਹਾਣੀ ਸੰਗ੍ਰਹਿ ਹਨ। ਨਾਵਲ ‘ਬੱਸ, ਅਜੇ ਏਨਾ ਹੀ’ ਨਾਲ ਉਹਨਾਂ ਨੇ ਸਾਹਿਤ ਦੀ ਇਸ ਵਿਧਾ ਵਿਚ ਵੀ ਭਰਪੂਰ ਹਾਜ਼ਰੀ ਲੁਆਈ ਹੈ। ਉਹਨਾਂ ਦਾ ਇਹ ਨਾਵਲ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ ਵੱਲੋਂ ਮਿਤੀ 18 ਅਕਤੂਬਰ 2015 ਦਿਨ ਐਤਵਾਰ ਨੂੰ ਦਿਨ ਦੇ ਠੀਕ ਦੋ ਵਜੇ ਕੋਸੋ ਹਾਲ ਵਿਚ ਲੋਕ ਅਰਪਣ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਨਾਵਲ ਪੰਜਾਬ ਦੇ ਪਿਛਲੇ ਤਕਰੀਬਨ ਢਾਈ ਕੁ ਦਹਾਕਿਆਂ ਵਿਚਲੇ ਪਰਵਾਸ, ਬੇਰੋਜ਼ਗਾਰੀ, ਬਾਹਰ ਜਾਣ ਲਈ ਅਪਣਾਏ ਹਰ ਹੀਲੇ ਅਤੇ ਉਹਨਾਂ ਹੀਲਿਆਂ ਦੇ ਪਿਛੇ ਰਹੀ ਜਵਾਨੀ ਦੀ ਮਾਨਸਿਕਤਾ ਦੇ ਉਤਰਾਅ- ਚੜਾਅ, ਫ਼ਰਜ਼ੀ ਵਿਆਹਾਂ ਨੂੰ ਕੈਨੇਡਾ ਜਾਣ ਦਾ ਵਸੀਲਾ ਬਣਾਉਣਾ ਅਤੇ ਉਸ ਵਿਚੋਂ ਪੈਦਾ ਹੋਈਆਂ ਹੋਰ ਮਾਨਸਿਕ ਅਤੇ ਯਥਾਰਥਕ ਉਲਝਣਾਂ ਆਦਿ ਦੀ ਗੱਲ ਕਰਦਾ ਹੈ, ਨਾਵਲ ਦੇ ਪਾਤਰ ਮਨੀ, ਜਿੰਦ, ਡਾਕਟਰ, ਵਰਿਆਮ, ਸੁੱਖਾ, ਨੇਤਰ, ਤੇਜੂ ਸ਼ਾਇਦ ਉਪਰੋਤਕ ਸਮੇਂ ਦੇ ਹਰ ਪੇਂਡੂ ਪਰਿਵਾਰ ਜਾਂ ਮੁੱਖ ਤੌਰ ਤੇ ਪਿੰਡਾਂ ਦੇ ਜਾਣੇ-ਪਛਾਣੇ ਪਾਤਰ ਹਨ। ਨਾਵਲਕਾਰ ਨੇ ਆਪਣੀ ਵਿਸ਼ੇਸ਼ ਲਿਖ਼ਣ ਸੈਲੀ ਨਾਲ ਸਭ ਪਾਤਰਾਂ ਨਾਲ ਨਿਆਂ ਕੀਤਾ ਹੈ ਤੇ ਉਹ ਉਘੜਕੇ ਸਾਹਮਣੇ ਆਉਂਦੇ ਹਨ। ਸਿਰਫ 110 ਸਫ਼ੇ ਦੇ ਇਸ ਨਾਵਲ ਵਿਚ ਬਹੁਤ ਕੁਝ ਕਹਿਣ ਦੀ ਸਮਰੱਥਾ ਭਰਨਾ ਹੀ ਇਸਦੇ ਨਾਵਲਕਾਰ ਦੀ ਪ੍ਰਾਪਤੀ ਹੈ। ਇੱਥੇ ਦੱਸਣਾ ਜਰੂਰੀ ਹੈ ਕਿ ਜਤਿੰਦਰ ਸਿੰਘ ਹਾਂਸ ਦੇ ਭਰਾ ਦਵਿੰਦਰ ਸਿੰਘ ਮਲਹਾਂਸ ਵੀ ਵਧੀਆ ਕਹਾਣੀਕਾਰ ਹਨ ਅਤੇ ਕੈਲਗਰੀ ਸ਼ਹਿਰ ਵਿਚ ਰਹਿੰਦਿਆਂ ਪ੍ਰਵਾਸੀ ਜੀਵਨ ਦੀ ਹਰ ਨਬਜ਼ ਤੇ ਹੱਥ ਰੱਖਦੇ ਦੋ ਕਹਾਣੀ ਸੰਗ੍ਰਹਿ ਸਾਹਿਤ ਦੀ ਝੋਲੀ ਪਾ ਚੁੱਕੇ ਹਨ ਅਤੇ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ ਕਾਰਜਕਾਰੀ ਮੈਂਬਰ ਵੀ ਹਨ। ਸਭਾ ਦੇ ਜਨਰਲ ਸਕੱਤਰ ਸੁਖਪਾਲ ਸਿੰਘ ਪਰਮਾਰ ਅਤੇ ਪ੍ਰਧਾਨ ਹਰੀਪਾਲ ਨੇ ਸਭ ਸਾਹਿਤ ਪ੍ਰੇਮੀਆਂ ਨੂੰ ਇਸ ਨਾਵਲ ਲੋਕ ਅਰਪਣ ਸਮਰੋਹ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ।