Get Adobe Flash player

                              ਰੇਨਬੋਅ ਨੂੰ ਪੰਜਾਬੀ ਵਿਚ ‘ਸੱਤਰੰਗੀ ਪੀਂਘ’ ਕਿਹਾ ਜਾਂਦਾ ਹੈ ਜੋ ਮੀਂਹ ਪੈਣ ਤੋਂ ਬਾਅਦ ਸੂਰਜ ਦੇ ਉਲਟ ਪਾਸੇ ਅਸਮਾਨ ਵਿਚ ਧੁੱਪ, ਕਣੀਆਂ ਦੇ ਆਪਸੀ ਵਿਰੋਧੀ ਭਾਵ ਨਾਲ ਬਣਦੀ ਹੈ। ਇਸ ਵਿਚ ਕਈ ਤਰ੍ਹਾਂ ਦੇ ਰੰਗ ਦਿਖਾਈ ਦਿੰਦੇ ਹਨ। ਬੇਸ਼ਕ

EPSON MFP image

EPSON MFP image

ਮੁੱਖ ਰੂਪ ਵਿਚ  ਹਰਾ, ਪੀਲਾ, ਲਾਲ, ਵੈਂਗਣੀ, ਨੀਲਾ ਅਤੇ ਸੰਤਰੀ ਸਣੇ ਸੱਤ ਰੰਗ ਦਿਖਾਈ ਦਿੰਦੇ ਹਨ ‘ਤੇ ਇਸੇ ਕਰਕੇ ਇਸਨੂੰ ਸੱਤਰੰਗੀ ਕਿਹਾ ਜਾਂਦਾ ਹੈ ਪਰ ਅਸਲ ਵਿਚ ਧਿਆਨ ਨਾਲ ਦੇਖਿਆ ਇਸ ਵਿਚ ਇਸਤੋਂ ਵੱਧ ਰੰਗ ਹਨ ਜਾਂ ਹੋਰ ਗਹਿਰੇ ਰੰਗਾਂ ਦਾ ਵੀ ਮਿਸ਼ਰਣ ਦਿਖਾਈ ਦਿੰਦਾ ਹੈ।
              ਕੈਲਗਰੀ ਵੱਸਦੇ ਗਾਇਕ ਪਾਲ ਚਾਹਲ ਨੇ ਵੀ ਸ਼ਾਇਦ ਇਸੇ ਕਰਕੇ ਆਪਣੀ ਸੀਡੀ ਦਾ ਨਾਮ ‘ਸੱਤਰੰਗੀ ਪੀਂਘ’ ਰੱਖਿਆ ਹੈ ਜੋ ਸੰਕੇਤਕ ਤੌਰ ਤੇ ਸੱਤ ਰੰਗਾਂ ਦੀ ਗੱਲ ਹੈ ਪਰ ਅਸਲ ਵਿਚ ਉਪਰੋਤਕ ਸੱਤਰੰਗੀ ਪੀਂਘ ਵਾਂਗ ਇਸ ਸੀਡੀ ਵਿਚ ਵੀ ਸੱਤਾਂ ਤੋਂ ਵੱਧ ਗੀਤ ਜਾਂ ਰੰਗ ਹਨ। ਬਾਹੂ ਦਾ ਕਲਾਮ ਅਤੇ ‘ਹੀਰ’ ਤੋਂ ਬਿਨਾਂ ਬਾਕੀ ਸਾਰੇ ਗੀਤ ਉਸਦੇ ਆਪਣੇ ਲਿਖੇ ਹੀ ਹਨ। ਜਿਹਨਾਂ ਵਿਚ ਜਿੰਦਗੀਂ ਦੇ ਹਰ ਰੰਗ ਦੀ ਗੱਲ ਉਸਨੇ ਕੀਤੀ ਹੈ, ਭੰਗੜਾ ਬੀਟ, ਸੂਫੀਆਨਾਂ, ਸੂਖ਼ਮ ਸ਼ਾਇਰੀ, ਸੁਧਾਰਵਾਦੀ ਅਤੇ ਜੁਝਾਰਵਾਦੀ ਰੰਗ ਇਸ ਸੀਡੀ ਦੇ ਗੀਤਾਂ ਦਾ ਹਿੱਸਾ ਹਨ। ‘ਯਾਰ ਤੇ ਰੱਬ’ ਤੋਂ ਲੈ ਕੈ ਕੁੱਲ 17 ਟਰੈਕ ਇਸ ਸੀਡੀ ਦਾ ਹਿੱਸਾ ਹਨ।
                                 ‘ਦਿੱਲੀ’ ਗੀਤ ਤੋਂ ਇਸ ਸੀਡੀ ਦੇ ਸਮਾਜ ਦੇ ਸਰੋਕਾਰਾਂ ਨਾਲ ਸਿੱਧੇ ਵਾਹ-ਵਾਸਤੇ ਦੀ ਗੱਲ ਸ਼ੁਰੂ ਕੀਤੀ ਜਾ ਸਕਦਾ ਹੈ। ਗੀਤ ਦੇ ਬੋਲ ਹਨ-
                         ‘ਕੁਤਬ ਮੀਨਾਰ ਤੋਂ ਉੱਚੇ ਢੇਰ ਲਾਸ਼ਾਂ ਵਾਲੇ,
                         ਗਲਾਂ ਵਿਚ ਟਾਇਰ ਪਾ, ਨਿਹੱਥੇ ਨਿਰਦੋਸ਼ ਬਾਲੇ’
                           ਇਸ ਗੀਤ ਵਿਚ ਨਿਹੋਰੇ ਦੇ ਨਾਲ ਨਿਰੋਦਸ਼ ਮਨੁੱਖਾਂ ਦੇ ਕਤਲਾਂ ਦੀ ਗੱਲ ਹੈ ਜੋ ਧਰਮ ਹੱਥੋਂ ਸਿਆਸਤ ਦੁਆਰਾ ਕਰਾਏ ਕਤਲਾਂ ਦੀ ਗੱਲ ਹੈ। ਜਿੱਥੇ ਵੀ ਸਿਆਸਤ ਨੇ ਧਰਮ ਨੂੰ ਆਪਣਾ ਹਥਿਆਰ ਬਣਾਇਆ ਹੈ ਫਿਰ ਮਨੁੱਖ ਦਾ ਮਨੁੱਖਾਂ ਨੇ ਗਾਜਰਾਂ-ਮੂਲੀਆ ਦੀ ਤਰ੍ਹਾਂ ਕੁਤਰਾ ਕੀਤਾ ਹੈ। ਭਾਰਤੀ ਸੱਭਿਅਤਾ ਵਿਚ ਹੀ ਜੇਕਰ ਗਰੀਕਾਂ, ਸ਼ਕਾਂ, ਕੁਸ਼ਾਣਾਂ, ਅਭੀਰਾ, ਨੰਦਾ, ਆਰੀਅਨਾਂ, ਗੁੱਜਰਾਂ, ਬੌਧਾ ਤੱਕ ਤੋਂ ਲੈਕੇ ਅਜੋਕੇ ਭਾਰਤੀ ਸੱਭਿਅਤਾ ਤੱਕ ਲੰਬੀ ਝਾਤ ਮਾਰੀਏ ਤਾਂ ਭਾਰਤੀ ਇਤਿਹਾਸ ਕਤਲੋਂਗਾਰਤ ਨਾਲ ਭਰਿਆ ਪਿਆ ਹੈ। ਬੇਸ਼ਕ ਇਸ ਮਾਰਧਾੜ ਵਿਚ ਪਹਿਲਾ ਬਹੁਤੇ ਕਾਰਨ ਵੱਧ ਇਲਾਕਾ ਤੇ ਆਰਥਿਕ ਸਾਧਨ ਸਨ ਪਰ ਜਾਤਾਂ ਅਤੇ ਧਰਮ ਵੀ ਇਸ ਵਿਚ ਸਮੇਂ-ਸਮੇਂ ਆਪਣਾ ਰੂਪ ਦਿਖਾਉਂਦੇ ਰਹੇ ਹਨ, ਪਰਸ਼ੁਰਾਮ ਵੇਲੇ ਸੱਠ ਹਜ਼ਾਰ ਬ੍ਰਹਮਣਾਂ ਦੇ ਕਤਲ, ਤੈਮੂਰ ਦੁਆਰਾ ਦਿੱਲੀ ਦੇ ਦਰਵਾਜ਼ੇ ਤੇ ਇੱਕ ਲੱਖ ਭਾਰਤੀਆਂ ਦਾ ਕਤਲ, ਸ਼ਕਾਂ ਦੁਆਰਾ ਪਾਟਲੀਪੁੱਤਰ ਵਿਚ ਸਾਰੇ ਮਰਦਾਂ ਦਾ ਕਤਲ ਅਤੇ ਔਰਤਾਂ ਦਾ ਉਸ ਇਲਾਕੇ ਵਿਚ ਕਿਸੇ ਜਗ੍ਹਾ ਮਰਦ ਨੂੰ ਵੇਖਕੇ ਅਚੰਬਿਤ ਹੋਣਾ। ਨਵੇਂ ਯੁੱਗ ਵਿਚ ਸਿਰਫ਼ ਅੱਧੀ ਕੁ ਸਦੀ ਪਹਿਲਾ ਭਾਰਤ ਪਾਕਿਸਤਾਨ ਵੰਡ ਵੇਲੇ ਦੋ ਤੋਂ ਪੰਜ ਲੱਖ ਵਿਚਕਾਰ ਲੋਕਾਂ ਦਾ ਕਤਲ ਅਤੇ ਘਰ ਬਾਰ ਛੱਡਣਾ। ਜਿਸ ਲਈ ਲੋਕ ਦਿਲੋਂ ਰਾਜ਼ੀ ਨਹੀਂ ਸਨ, ਪਰ ਸੈæਤਾਨ ਸਿਆਸਤ ਨੇ ਧਰਮ ਦੇ ਨਾਮ ਉੱਪਰ ਅਜਿਹਾ ਖੇਲ ਖੇਲਿਆ ਕਿ ਆਮ ਲੋਕਾਂ ਨੂੰ ਯਕੀਨ ਹੀ ਨਹੀਂ ਆਇਆ ਕਿ ਉਹ ਸੱਚ-ਮੁੱਚ ਘਰ-ਬਾਰ ਸਦਾ ਲਈ ਛੱਡਕੇ ਜਾ ਰਹੇ ਹਨ। ਕਿਉਂਕਿ ਬਹੁਤ ਸਾਰੇ ਅੰਕੜੇ ਮਿਲਦੇ ਹਨ ਬਹੁਤੇ ਲੋਕ ਆਂਢ-ਗੁਆਂਢ ਚਾਬੀਆਂ ਫੜਾਕੇ ਇਹੀ ਕਹਿਕੇ ਭਰੇ ਘਰਾਂ ਤੋਂ ਨਿਕਲੇ ਕਿ ਕੁਝ ਦਿਨ ਨੂੰ ਟਿਕ-ਟਿਕਾ ਹੋਣ ਤੋਂ ਬਾਅਦ ਵਾਪਸ ਆ ਜਾਣਗੇ, ਪਰ ਉਹ ਦਿਨ ਕਦੇ ਨਾ ਆਇਆ ਤੇ ਬਜ਼ੁਰਗ ਔਰਤਾਂ ਮਰਨ ਤੱਕ ਗੁਆਂਢੀਆਂ ਦੀਆਂ ਫੜਾਈਆਂ ਚਾਬੀਆਂ ਸਿਰਹਾਣੇ ਹੇਠ ਰੱਖਕੇ ਸੌਦੀਆਂ ਰਹੀਆਂ ਕਿ ਬਿਗਾਨੀ ਅਮਾਨਤ ਆ ਤੇ ਉਹ ਆਕੇ ਮੰਗਣਗੇ। ਕਈ ਬਜ਼ੁਰਗਾਂ ਨੇ ਆਪਣੇ ਬੱਚਿਆਂ ਦੇ ਇਹ ਕਹਿਣ ਤੇ ਵੀ ਘਰ ਨਾ ਛੱਡੇ ਕਿ ਆਪਾ ਨੂੰ ਜਾਣਾ ਪੈਣਾ ਹੈ, ਕਿਉਂਕਿ ਉਹ ਪੀੜ੍ਹੀਆਂ ਦੀ ਸਾਂਝ ਦਾ ਹਵਾਲਾ ਦਿੰਦੇ ਰਹੇ ਕਿ ‘ਅੱਜ ਤੱਕ ਰਾਜੇ ਬਦਲਦੇ ਆਏ ਐ, ਕਦੇ ਪਰਜਾ ਵੀ ਬਦਲੀ ਹੈ’ ਪਰ ਰਾਜਨੀਤੀ ਅਤੇ ਧਰਮ ਦੇ ਮੇਲ ਨੇ ਇਹ ਵੀ ਕਰ ਦਿਖਾਇਆ। ਇਹ ਸਾਰੇ ਅੰਕੜੇ ਭਾਰਤ ਦੀ ਪਿਛਲੀ ਪੰਜ ਹਜ਼ਾਰ ਸਾਲ ਦੀ ਸੱਭਿਅਤਾ ਵਿਚ ਮੌਜੂਦ ਹਨ ਜਿਹਨਾਂ ਦਾ ਪੂਰਾ ਵਿਸ਼ਲੇਸ਼ ਇੱਥੇ ਕਰਨਾ ਮੇਰਾ ਮਕਸਦ ਨਹੀਂ ਬਲਕਿ ‘ਦਿੱਲੀ’ ਗੀਤ ਦੀ ਸਾਰਥਿਕਤਾ ਦਰਸਾਉਣਾ ਹੈ।
                 ਦਿੱਲੀ ਵਿਚ ਵੀ ਉਹੀ ਹੋਇਆ ਜੋ ਪਾਕਿਸਾਤਨ ਬਨਣ ਵੇਲੇ ਹੋਇਆ ਕਿ ਆਪਣੇ-ਆਪ ਅਤੇ ਨੌਜਵਾਨ ਬੱਚੀਆਂ ਦੀ ਰੁਲਦੀ ਇੱਜਤ ਦੇਖਕੇ ਲੋਕ ਖ਼ੁਦ ਆਪਣੇ-ਆਪ ਨੂੰ ਮਾਰਨ ਲਈ ਤਿਆਰ ਹੋ ਗਏ। ਵੰਡ ਵੇਲੇ ਦੀ ਇਕ ਸੱਚੀ ਘਟਨਾ ਹੈ ਕਿ ਜੋ ਉਸ ਵੇਲੇ ਦੀ ਇਕ ਨਿੱਕੀ ਬੱਚੀ ਨੇ ਅੱਖੀ ਦੇਖੀ ਤੇ ਉਹ ਇਸੇ ਕਰਕੇ ਜਿੰਦਾ ਰਹੀ ਕਿ ਉਹ ਛੋਟੀ ਸੀ, ਪਰ ਘਰੋਂ ਕਾਫ਼ਲੇ ਨਾਲ ਤੁਰਨ ਤੋਂ ਪਹਿਲਾਂ ਕਿੱਦਾ ਉਸਦੇ ਸਾਂਝੇ ਵੱਡੇ ਪਰਿਵਾਰ ਦੀਆਂ ਧੀਆਂ ਤਲਵਾਰ ਨਾਲ ਗਲ ਵੱਢ ਕੇ ਖ਼ਤਮ ਕੀਤੀਆਂ ਗਈਆਂ ਤੇ ਉਹ ਘਰ ਵਿਚ ਸਿਰਫ਼ ਇਕੋ ਤਲਵਾਰ ਹੋਣ ਕਰਕੇ ਅਤੇ ਬਾਹਰ ਦੇ ਖ਼ੂਨੀ ਹਲਾਤ ਦੇਖਕੇ ਇਕ ਦੂਸਰੀ ਤੋਂ ਪਹਿਲਾ ਧੋਣ ਨਿਵਾਕੇ ਮਰਨ ਲਈ ਤਿਆਰ ਸਨ ਕਿ ਕਿਤੇ ਤਲਵਾਰ ਉਸਦੀ ਮੌਤ ਤੋਂ ਪਹਿਲਾ ਟੁੱਟ ਨਾ ਜਾਵੇ। ਇਸ ਗੀਤ ਵਿਚ ਵੀ ਗੱਦੀ ਤੇ ਬੈਠੇ ਗਲਤ ਲੋਕਾਂ ਕਰਕੇ ਹੀ ਕਤਲਾਂ ਦੀ ਗੱਲ ਹੈ ਜਿਸ ਨੂੰ ਮਹਿਸੂਸ ਕਰਕੇ ਗਾਇਕ ਕਹਿੰਦਾ ਹੈ ਕਿ ਰੂਹਾਂ ਵੀ ਮਨੁੱਖੀ ਚੋਲਾਂ ਪਹਿਨਣ ਤੋਂ ਡਰਦੀਆਂ ਹਨ। ਇਹ ਇਸ ਸੀਡੀ ਦਾ ਸਿਖ਼ਰ ਗੀਤ ਹੈ।
                        ‘ਮੋਢੇ ਤੇ ਦੁਨਾਲੀ’ ਗੀਤ ਪੰਜਾਬੀ ਕਿਸਾਨਾਂ ਦੀ ਹੱਡਭੰਨਵੀਂ ਮਿਹਨਤ ਤੇ ਧਾੜਵੀਆਂ ਦੇ ਹੱਲੇ ਡੱਕਦਿਆਂ ਬਹਾਦਰ ਅਤੇ ਨਿੱਡਰ ਹੋਏ ਪੰਜਾਬੀਆਂ ਦੀ ਗੱਲ ਹੈ, ਮੋਢੇ ਤੇ ਦੁਨਾਲੀ ਇਸੇ ਵੱਲ ਸੰਕੇਤ ਹੈ। ਗੀਤ ਦੇ ਬੋਲ ਦਿਲ ਟੁੰਭਵੇਂ ਹਨ। ਜਿਵੇਂ ‘ ਅਸੀਂ ਬੰਜਰ ਵੀ ਕੁੱਟੇ, ਚਿੱਟੇ ਕੱਲਰ ਵੀ ਵਾਹੇ’, ‘ਬਦਨਾਮ ਦਾਰੂ’ ਆਮ ਸਮਝ ਨਾਲ ਸੁਣੀਏ ਤਾਂ ਦਾਰੂ ਦੀ ਪ੍ਰਸੰਸਾ ਦਾ ਗੀਤ ਲੱਗਦਾ ਪਰ ਅਸਲ ਵਿਚ ਗੱਲ ਇਸਤੋਂ ਅੱਗੇ ਦੀ ਹੈ। ਗੀਤ ਦੇ ਅਰਥ ਇਹ ਨਿਕਲਦੇ ਹਨ ਕਿ ਦਾਰੂ ਤਾਂ ਬਦਨਾਮ ਹੀ ਹੈ ਪਰ ਇਸਨੂੰ ਪੀਕੇ ਮਨੁੱਖ ਜੋ ਅਮਲ ਕਰਦਾ ਹੈ ਉਹ ਉਸਦੇ ਸੰਸਕਾਰਾਂ ਦਾ ਦਿਖਾਵਾ ਹੈ ਜੋ ਸਾਹਮਣੇ ਆ ਜਾਂਦਾ ਹੈ। ਗੀਤ ਦੇ ਬੋਲ ਹਨ ‘ਦਾਰੂ ਜਿਹੀ ਚੀਜ ਬਦਨਾਮ ਨਹੀਂ ਕਰੀਂ ਦੀ’ ਅਤੇ ‘ਦਿਲ ਜੇ ਨਾ ਮੰਨੇ ਤਾਂ ਸਲਾਮ ਨਹੀਂ ਕਰੀਦੀ’ ਗੀਤ ਵਿਚ ਬਹੁਤ ਸਾਰੀਆਂ ਡੂੰਘੀਆਂ ਅਤੇ ਸੂਖ਼ਮ ਤਸ਼ਬੀਹਾਂ ਅਤੇ ਬੋਲ ਦਿਲ ਖਿੱਚਦੀਆਂ ਹਨ ਜਿਵੇਂ ‘ਅਣਖ ਜ਼ਮੀਰ ਕਦੇ ਗਹਿਣੇ ਨਹੀਂਓ ਧਰੀ ਦੀ’ ‘ਭੀੜ ਦੀ ਅਵਾਜ਼ ਨਾਲੋਂ ਰੂਹ ਦੀ ਅਵਾਜ਼ ਸੁਣੋ’ ‘ਇਸ਼ਕ ਤੇ ਪਿਆਰ ਦੀ ਤੌਹੀਨ ਨਹੀਓ ਕਰੀ ਦੀ’ ‘ਜਾਦੂ ਟੂਣਿਆਂ ‘ਚੋ ਐਵੇਂ ਜਿੰਦ ਨੀ ਫਸਾਈ ਦੀ’ ‘ਕਰੀਏ ਨਾ ਪੂਜਾ ਸਾਧ, ਡੇਰੇ ਜਾਂ ਮੜ੍ਹੀ ਦੀ’ ਆਦਿ।
                            ‘ਥਾਨੇਦਾਰ ਜੀ’ ਗੀਤ ਵਿਚ ਗਾਇਕ ਪੰਜਾਬੀ ਸੱਭਿਆਚਾਰ ਵਿਚ ਆਈ ਗਿਰਾਵਟੀ ਤਬਦੀਲੀ ਦੀ ਗੱਲ ਕਰਦਾ ਹੈ। ਬੇਸ਼ਕ ਸਮੇਂ ਦੇ ਨਾਲ ਹਰ ਸੱਭਿਆਚਾਰ ਵਿਚ ਤਬਦੀਲੀ ਆਉਂਦੀ ਹੈ। ਕਿਉਂਕਿ ਸੱਭਿਆਚਾਰ ਗਤੀਸ਼ੀਲ ਹੈ। ਪਰ ਪਿਛਲੇ ਥੋੜੇ ਸਮੇਂ ਵਿਚ ਇੰਟਰਨੈਟ ਅਤੇ ਆਵਾਜਾਈ ਦੇ ਸਾਧਨਾਂ ਵਿਚ ਆਈ ਤਬਦੀਲੀ ਨੇ ਹੋਲੀ-ਹੋਲੀ ਹੁੰਦੀ ਸੱਭਿਆਚਾਰਕ ਤਬਦੀਲੀ ਦੀ ਥਾਂ ਬੜੀ ਜਲਦੀ ਨਾਲ ਤਬਦੀਲੀ ਕੀਤੀ ਹੈ। ਜਿਸਦੀ ਚਕਾਚਂੌਧ ਵਿਚ ਕਈਆਂ ਪਰੰਪਰਾਵਾਂ ਦੇ ਅਤੇ ਮਨੁੱਖਾਂ ਦੇ ਵਿਆਕਤੀਗਤ ਤੌਰ ਤੇ ਪੈਰ ਚੱਕੇ ਗਏ ਹਨ। ਜਿਸਨੂੰ ਗਾਇਕ ਸੰਕੇਤਕ ਰੂਪ ਵਿਚ ਔਰਤ ਦੇ ਕੰਮਾਂ ਅਤੇ ਉਸਦੇ ਬਦਲੇ ਰਹਿਣ-ਸਹਿਣ ਰਾਹੀਂ ਸੰਗੀਤਕ ਸੁਰਾਂ ਵਿਚ ਕਹਿੰਦਾ ਹੈ।
                     ‘ਸੱਜਣਾਂ ਦੇ ਲਈ’ ਗੀਤ ਪ੍ਰਦੇਸ ਵਿਚ ਵੱਸਦੇ ਪਿਆਰ ਨੂੰ ਹਵਾ ਰਾਹੀਂ ਸੁਨੇਹੇ ਅਤੇ ਦਰਦ ਦਾ ਸੰਜੀਦਾ ਗੀਤ ਹੈ। ‘ਬਾਹੂ ਦੇ ਕਲਾਮ’, ‘ਹੀਰ’ ਵਿਚ ਗਾਇਕ ਦੀ ਅਵਾਜ਼, ਸੁਰ ਅਤੇ ਸੂਫੀਆਨਾਂ ਪਾਕੀਜਗੀ ਸਲਾਹੁਣਯੋਗ ਅਤੇ ਸੁਨਣਯੋਗ ਹੈ। ‘ਇਸ਼ਕ ਨਹੀਂ ਅਸਾਨ’ ਵਿਚ ਇਸ਼ਕ ਦੀ ਗੱਲ ਹੈ ਜਿਸਨੇ ਵੀ ਸੱਚੇ ਇਸ਼ਕ ਦੀ ਇਬਾਦਤ ਕੀਤੀ ਉਹ ਮੌਤ ਤੋਂ ਉੱਚਾ ਹੋ ਗਿਆ, ਜਾਤਾਂ-ਪਾਤਾਂ, ਉਚ-ਨੀਚ, ਭੁੱਖ-ਪਿਆਸ ਭੁੱਲ ਗਿਆ। ਗੀਤ ਦੇ ਬੋਲ ਅਤੇ ਸੰਗੀਤ ਦਿਲ ਟੁੰਭਵਾਂ ਹੈ। ‘ਯਾਰ ਤੇ ਰੱਬ’ ਜੱਫੀ ਰੂਹ ਨਾਲ’ ‘ਨੈਣ ਨਸ਼ੇ ਦੇ’ ਪਿਆਰ ਮੁਹੱਬਤ ਦੇ ਆਮ ਗੀਤ ਹਨ। ‘ਜਾਗੋ ਲੋਕੋ’ ਇੱਕ ਸੰਜੀਦਾ ਡਾਇਲੋਗ ਹੈ, ਜਿਸ ਵਿਚ ਜਨਤਾ ਨੂੰ ਜਾਗਣ ਦੀ ਅਪੀਲ ਹੈ। ਸਿੰਗਲ ਟਰੈਕ ਦੀ ਨਵੀਂ ਰੀਤ ਵਿਚ ਪਾਲ ਚਾਹਲ ਨੇ ਇਸ ਸੀਡੀ ਰਾਹੀਂ ਆਪਣੀ ਗੀਤਕਾਰੀ ਨੂੰ ਆਪਣੇ ਬੋਲ ਦੇਕੇ ਸਾਂਭਣ ਦਾ ਯਤਨ ਕੀਤਾ ਹੈ। ਕੁੱਲ ਮਿਲਾਕੇ ਇਸ ਸੀਡੀ ਵਿਚ ਸੁਧਾਰਵਾਦੀ ਅਤੇ ਜੁਝਾਰਵਾਦੀ ਰੰਗ ਭਾਰੂ ਹੈ। ਜਿਸ ਤੋਂ ਪਾਲ ਚਾਹਲ ਦੀ ਅਸਲ ਗੰਭੀਰ ਅਤੇ ਸਮਾਜ ਲਈ ਫਿਕਰਮੰਦ ਸੋਚ ਦਿਖਾਦੀ ਦਿੰਦੀ ਹੈ। ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਗਤੀਸ਼ੀਲ ਰਹਿੰਦਾ ਹੋਇਆ ਆਪਣੀ ਕਲਮ ਅਤੇ ਅਵਾਜ਼ ਦੇ ਸੁਮੇਲ ਨਾਲ ਸਮਾਜ ਦੇ ਹੋਰ ਗੰਭੀਰ ਮਸਲਿਆਂ ਦੀ ਗੱਲ ਕਰੇਗਾ।
                                                                                                             ਬਲਜਿੰਦਰ ਸੰਘਾ, ਫੋਨ 403-680-3212