‘ਜਿਦਾਂ ਨਾਲ ਮਸਲੇ ਵਿਗੜ ਜਾਂਦੇ ਨੇ, ਰਜ਼ਾਮੰਦੀ ਕਰ ਲਓ ਮਸਲੇ ਨਿੱਬੜ ਜਾਂਦੇ ਨੇ’
ਚੰਦ ਸਿੰਘ ਸਦਿਉੜਾ ਕੈਲਗਰੀ-ਰਾਇਲ ਵੋਮੈਨ ਕਲਚਰਲ ਐਸੋ:ਅੱਜ ਦੀ ਘੜੀ ਕੈਲਗਰੀ ਸ਼ਹਿਰ ਵਿੱਚ ਕਿਸੇ ਪਛਾਣ ਦੀ ਮੁਥਾਜ ਨਹੀਂ, ਜੋ ਸ਼੍ਰੀਮਤੀ ਗੁਰਮੀਤ ਸਰਪਾਲ ਫਾਊਂਡਰ ਪ੍ਰੈਜ਼ੀਡੈਂਟ ਦੀ ਅਗਵਾਈ ਹੇਠ ਪਿਛਲੇ ਕਈ ਸਾਲਾਂ ਤੋਂ ਔਰਤ ਜਾਗਰੂਕਤਾ ਲਈ ਵਿਸ਼ੇਸ਼ ਯੋਗਦਾਨ ਪਾ ਰਹੀ ਹੈ।ਹਰ ਮਹੀਨੇ ਆਪਣੀ ਇੱਕਤਰਤਾ ਵਿੱਚ ਆਪਣੇ ਸਹਿਯੋਗੀ ਮੈਂਬਰਾਂ ਤੇ ਲੋੜਵੰਦ ਔਰਤਾਂ ਨਾਲ ਵਿਚਾਰ ਚਰਚਾ ਰਾਹੀ ਘਰੇਲੂ ਮਸਲੇ ਹੱਲ ਕਰਨ ਲਈ ਯਤਨਸ਼ੀਲ ਹੈ।ਪਿਛਲੇ ਸਾਲ ਤੋਂ ਵੱਡੇ ਪੱਧਰ ਤੇ ‘ਪ੍ਰੀਵਾਰਕ ਖੁਸ਼ਹਾਲੀ ਸਮਾਗਮ’ ਆਯੋਜਤ ਕਰ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਸਾਲ 20 ਸਤੰਬਰ 2015 ਨੂੰ ਫਾਲਕਿਨਰਿੱਜ ਕਮਿਊਨਿਟੀ ਹਾਲ ਵਿੱਚ ਬੜੇ ਹੀ ਵਿੱਧਵਿੱਤ ਢੰਗ ਨਾਲ ਦਸ ਵਿਚਾਰ ਚਰਚਾ ਮੇਜ਼ਾਂ ਤੇ ਨੌਜੁਆਨ ਵਰਗ, ਮੀਡੀਆ, ਹੈਲਥ ਪ੍ਰੋਫੈਸ਼ਨਲਜ਼ ਅਤੇ ਸੀਨੀਅਰ ਔਰਤਾਂ ਤੇ ਮਰਦ ਮਹਿਮਾਨਾਂ ਨਾਲ ਸੁਯੋਗ ਫੈਸੀਲੀਟੇਟਰਾਂ ਨੇ ਘਰੇਲੂ ਹਿੰਸਾ ਦੇ ਵਿਸ਼ੇ ਸਬੰਧੀ ਇਨ੍ਹਾਂ ਗੰਭੀਰ ਪ੍ਰਸ਼ਨਾਂ ਤੇ ਫੀਡ ਬੈਕ ਪ੍ਰਾਪਤ ਕੀਤੀ ਗਈ ਕਿ ਤੁਹਾਨੂੰ ਘਰੇਲੂ ਝਗੜੇ ਬਾਰੇ ਕਿੰਵੇਂ ਪਤਾ ਲਗਦਾ ਹੈ? ਪਤਾ ਲਗਣ ਤੇ ਤੁਸੀਂ ਕੀ ਤੇ ਕਿਸ ਤਰ੍ਹਾਂ ਕਰਦੇ ਹੋ? ਤੁਹਾਨੂੰ ਆਪਣਾ ਕੰਮ ਕਰਨ ਲਈ ਹੋਰ ਕਿਸ ਪ੍ਰਕਾਰ ਦੀ ਸਪੋਰਟ ਦੀ ਲੋੜ ਹੈ? ਜੋ ਕਿ ਬੜਾ ਹੀ ਦਿਲਚਸਪ ਤੇ ਜਾਣਕਾਰੀ ਭਰਪੂਰ ਸੀ। ਪ੍ਰਧਾਨਗੀ ਮੰਡਲ ਵਿੱਚ ਸ਼ੁਸ਼ੋਭਤ ਮਾਨਯੋਗ ਮਨਮੀਤ ਭੁੱਲਰ ਐਮ.ਐਲ.ਏ., ਹਰਮੁਹਿੰਦਰ ਸਿੰਘ ਪਲਾਹਾ, ਡਾ: ਰੁਪਿੰਦਰ ਮਾਂਗਟ ਅਤੇ ਐਸੋ: ਦੇ ਪ੍ਰਧਾਨ ਗੁਰਮੀਤ ਸਰਪਾਲ ਸ਼ਾਮਲ ਸਨ।ਵਿਚਾਰ ਸਾਂਝ ਤੋਂ ਤੁਰੰਤ ਬਾਦ ਮੰਚ-ਸੰਚਾਲਕ ਪ੍ਰੋਮਿਲਾ ਸ਼ਰਮਾ ਨੇ ਬੜੇ ਰੌਚਕ ਅਤੇ ਸ਼ਾਇਰਾਨਾ ਅੰਦਾਜ਼ ਵਿੱਚ ਪਹਿਲਾਂ ਐਸੋ: ਤੇ ਫਿਰ ਪ੍ਰਧਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ‘ਚਲਤੇ ਚੱਲ ਕਿ ਚਲਨਾ ਹੀ ਦਲੀਲੇ ਕਾਮਰਾਨੇ, ਜੋ ਥੱਕ ਕਰ ਬੈਠ ਜਾਤੇ ਹੈਂ ਮੰਜ਼ਿਲ ਪਾ ਨਹੀਂ ਸਕਤੇ।’ ਮੁੱਖ ਮਹਿਮਾਨ ਮਨਮੀਤ ਭੁੱਲਰ ਨੇ ਆਪਣੀ ਵਿਚਾਰ ਸਾਂਝ ਵਿੱਚ ਐਸੋ: ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਹਰ ਮੁਮਕਿਨ ਸਹਾਇਤਾ ਕਰਨ ਦਾ ਵਾਅਦਾ ਕੀਤਾ। ਪ੍ਰਧਾਨ ਗੁਰਮੀਤ ਸਰਪਾਲ ਨੇ ਸਭਾ ਦੇ ਉਦੇਸ਼ਾਂ ਬਾਰੇ ਸਾਂਝ ਪਾਈ ਤੇ ਸਮੂਹ ਸੰਸਥਾਵਾਂ, ਮੀਡੀਆ ਕਰਮੀਆਂ ਅਤੇ ਮਹਿਮਾਨਾਂ ਦਾ ਸ਼ਮੂਲੀਅਤ ਲਈ ਧੰਨਵਾਦ ਕੀਤਾ। ਫੈਸੀਲੀਟੇਟਰ ਗੁਰਚਰਨ ਥਿੰਦ ਅਤੇ ਸਾਥਣਾਂ ਨੇ ਪ੍ਰਾਪਤ ਫੀਡ ਬੈਕ ਬਾਰੇ ਮੰਚ ਤੋਂ ਸਰੋਤਿਆਂ ਨਾਲ ਸਾਂਝ ਪਾਈ।
ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਵਲੋਂ ਸ਼੍ਰਮਤੀ ਉਰਮਿਲ ਸ਼ਰਮਾ, ਪ੍ਰੋਮਿਲਾ ਸ਼ਰਮਾ, ਗੁਰਚਰਨ ਥਿੰਦ ਅਤੇ ਗੁਰਮੀਤ ਸਰਪਾਲ ਨੂੰ ਸਹਿਯੋਗੀ ਟੀਮ, ਲਲਿਤਾ ਸਿੰਘ ਅਤੇ ਅਤੀਆ ਆਸ਼ਨਾ ਨੂੰ ਸਹਿਯੋਗੀ ਸੰਸਥਾ (ਯੂਨਾਈਟਿਡ ਵੇ) ਵਜੋਂ ਅਤੇ ਚੰਦ ਸਿੰਘ ਸਦਿਉੜਾ ਨੂੰ ਉਹਨਾਂ ਦੀਆਂ ਲੰਮੇ ਸਮੇਂ ਤੋਂ ਲਗਾਤਾਰ ਕੀਤੀਆਂ ਜਾ ਰਹੀਆਂ ਮੀਡੀਆ ਸੇਵਾਵਾਂ ਲਈ ਸਟੇਜ ਤੇ ਬੁਲਾ ਕੇ ਸਰਟੀਫੀਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਪ੍ਰੀਵਾਰਕ ਏਕਤਾ, ਇੱਕਮੁਠਤਾ ਤੇ ਸਹਿਯੋਗੀ ਲਿਖਤਾਂ ਵਾਲੇ ਬੈਨਰ ਲੈ ਕੇ ਸਟੇਜ ਤੇ ਇਕੱਠੇ ਹੋ ਕੇ ਪ੍ਰੀਵਾਰਕ ਖੁਸ਼ਹਾਲੀ ਲਈ ਸਾਂਝੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਗਿਆ। ਹਾਰਦਿਕ ਪ੍ਰਸ਼ੰਸ਼ਾ ਕਰਨੀ ਬਣਦੀ ਹੈ ਰਾਇਲ ਵੋਮੈਨ ਐਸੋ: ਜਿਹੀਆਂ ਸੰਸਥਾਵਾਂ ਦੀ ਜੋ ਸਮਾਜ ਵਿੱਚ ਵਿਚਰ ਰਹੇ ਘਰੇਲੂ ਹਿੰਸਾ ਵਰਗੇ ਕੋਹੜ ਤੋਂ ਨਿਜਾਤ ਪਾਉਣ ਲਈ, ਸਮੁੱਚੇ ਸਮਾਜ ਤੋਂ ਸਹਿਯੋਗ ਪ੍ਰਾਪਤ ਕਰ, ਹਰ ਸੰਭਵ ਯਤਨ ਕਰ ਰਹੀਆਂ ਹਨ। ਫੀਡ ਬੈਕ, ਸਹਿਯੋਗ ਅਤੇ ਸ਼ਾਬਾਸ਼ੀ ਲਈ ਫਾਂਊਡਰ ਪ੍ਰਧਾਨ ਸ਼੍ਰੀਮਤੀ ਗੁਰਮੀਤ ਸਰਪਾਲ ਨਾਲ 403-280-6090 ਤੇ ਸੰਪਰਕ ਕੀਤਾ ਜਾ ਸਕਦਾ ਹੈ।