ਬਲਜਿੰਦਰ ਸੰਘਾ- ਰਾਇਲ ਵੋਮੈਨ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਪਰਿਵਾਰਕ ਸਾਂਝਾਂ ਵਿਚ ਪਰਪੱਕਤਾ ਲਿਆਉਣ ਲਈ ਇਕ ਸੈਮੀਨਾਰ ਕੈਲਗਰੀ ਦੇ ਫਾਲਕਿਨਰਿਜ/ਕੈਸਲਰਿੱਜ ਕਮਿਊਨਟੀ ਹਾਲ ਵਿਚ 20 ਸਤੰਬਰ 2015 ਦਿਨ ਐਤਵਾਰ ਨੂੰ ਸ਼ਾਮ ਦੇ 6 ਤੋਂ 8 ਵਜੇ ਤੱਕ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਇਲ ਵੋਮੈਨ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਇਕ ਅਜਿਹੀ ਸੰਸਥਾਂ ਹੈ ਜੋ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਗਤੀਸ਼ੀਲ ਹੈ ਅਤੇ ਔਰਤਾਂ ਅਤੇ ਸਮਾਜ ਨੂੰ ਵੱਖ-ਵੱਖ ਪਹਿਲੂਆਂ ਤੋਂ ਜਾਗਰੂਕ ਕਰਨ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ। ਇਸ ਸੰਸਥਾ ਨੇ ਕੈਲਗਰੀ ਦੀਆਂ ਘਰੇਲੂ ਔਰਤਾਂ ਨੂੰ ਘਰਾਂ ਦੀ ਚਾਰਦੀਵਾਰੀ ਵਿਚੋਂ ਬਾਹਰ ਕੱਢਕੇ ਸਮਾਜ ਨਾਲ ਸਾਂਝ ਪਾਉਣ ਲਈ ਪਿਛਲੇ ਕਈ ਸਾਲਾਂ ਵਿਚ ਇਕ ਪੁਲ ਦਾ ਕੰਮ ਕੀਤਾ। ਜਿੱਥੇ ਇਸ ਸੰਸਥਾ ਵੱਲੋਂ ਹਰੇਕ ਮਹੀਨੇ ਆਪਣੀ ਇਕ ਮੀਟਿੰਗ ਕੀਤੀ ਜਾਂਦੀ ਹੈ ਜਿਸ ਵਿਚ ਕਈ ਤਰ੍ਹਾਂ ਦੀ ਸਾਂਝੀਵਾਲਤਾਂ ਦੀ ਜਾਣਕਾਰੀ ਅਤੇ ਹੋਰ ਵਿਸ਼ਿਆਂ ਬਾਰੇ ਗੱਲਬਾਤ ਲਗਾਤਾਰ ਕੀਤੀ ਜਾਂਦੀ ਰਹੀ ਹੈ। ਉੱਥੇ ਹੀ ਪਿਛਲੇ ਸਾਲ ਤੋਂ ਇਕ ਪਰਿਵਾਰਕ ਸਾਂਝਾਂ ਵਧਾਉਣ ਅਤੇ ਘਰਾਂ ਦੇ ਨਿੱਕੇ-ਨਿੱਕੇ ਮਸਲੇ ਗੱਲਾਂ, ਤਰਕ ਅਤੇ ਨਿਮਰਤਾ ਨਾਲ ਨਿਪਟਾਉਣ ਲਈ ਪਰਿਵਾਰਾਂ ਨੂੰ ਜਾਣਕਾਰੀ ਦੇਣ ਲਈ ਇਕ ਵਿਸ਼ੇਸ਼ ਸੈਮੀਨਾਰ ਕੀਤਾ ਜਾਂਦਾ ਹੈ ਜੋ ਇਸ ਗੱਲ ਤੇ ਅਧਾਰਿਤ ਹੈ ਕਿ ‘ਜਿਦਾਂ ਨਾਲ ਮਸਲੇ ਵਿਗੜ ਜਾਂਦੇ ਹਨ, ਰਜ਼ਾਮੰਦੀ ਨਾਲ ਝਗੜੇ ਸੁਲਝ ਜਾਂਦੇ ਹਨ’ ਇਸ ਸੈਮੀਨਾਰ ਵਿਚ ਰਾਉਡ ਟੇਬਲ ਤੇ ਆਪਸੀ ਵਾਰਤਾਲਾਪ ਹੁੰਦੀ ਹੈ ਅਤੇ ਹਾਜ਼ਰੀਨ ਦੇ ਸੁਝਾਅ ਅਤੇ ਤਜਰਬੇ ਸਭ ਨਾਲ ਸਾਂਝੇ ਕੀਤੇ ਜਾਂਦੇ ਕਿ ਕਿਸ ਤਰਾਂ ਪਰਿਵਾਰ ਆਪਣੀ ਨਿੱਕੀ-ਨਿੱਕੀ ਈਗੋ ਅਤੇ ਮਾਨ-ਸਨਮਾਨ ਨੂੰ ਵੀ ਬਹਾਲ ਰੱਖਿਦਆਂ ਸੁਖੀ ਅਤੇ ਮਿਲਵਰਤਣ ਨਾਲ ਰਹਿ ਸਕਦੇ ਹਨ, ਗੱਲ ਬੱਸ ਆਪਣੇ-ਆਪ ਅਤੇ ਦੂਸਰੇ ਪਰਿਵਾਰਕ ਮੈਬਰਾਂ ਨੂੰ ਸਮਝਣ ਦੀ ਹੁੰਦੀ ਹੈ। ਨਿੱਕੇ-ਨਿੱਕੇ ਝਗੜੇ ਨਿੱਬੜਨ ਨਾਲ ਕਈ ਪਰਿਵਾਰ ਟੁੱਟਣ ਤੋਂ ਬਚ ਜਾਂਦੇ ਹਨ ਅਤੇ ਅੱਗੇ ਨਰੋਏ ਸਮਾਜ ਦੇ ਸਿਰਜਣਹਾਰੇ ਬਣਦੇ ਹਨ। ਸੰਸਥਾ ਵੱਲੋਂ ਇਸ ਦਿਨ ਠੀਕ ਸਮੇਂ ਤੇ ਪਹੁੰਚਣ ਲਈ ਪਰਿਵਾਰਾਂ ਨੂੰ ਖੁੱਲ੍ਹਾ ਸੱਦਾ ਹੈ ਜਿਸ ਦੀ ਰਜਿਸਟਰੇਸ਼ਨ ਸ਼ਾਮ ਦੇ ਸਾਢੇ ਪੰਜ ਸ਼ੁਰੂ ਹੋਵੇਗੀ। ਇਸ ਪ੍ਰੋਗਰਾਮ ਸਬੰਧੀ ਹੋਣ ਜਾਣਕਾਰੀ ਲਈ ਸੰਸਥਾ ਦੀ ਪ੍ਰਧਾਨ ਗੁਰਮੀਤ ਕੌਰ ਸਰਪਾਲ ਨਾਲ 403-280-6090 ਤੇ ਸਪੰਰਕ ਕੀਤਾ ਜਾ ਸਕਦਾ ਹੈ।