ਬਲਜਿੰਦਰ ਸੰਘਾ- ਜਰਨੈਲ ਸਿੰਘ ਕਾਹਣੀਕਾਰ ਪੰਜਾਬੀ ਸਾਹਿਤਕ ਖੇਤਰ ਵਿਚ ਜਾਣਿਆ-ਪਹਿਚਾਣਿਆ ਨਾਮ ਹੈ। ਉਹਨਾਂ ਦਾ ਸਾਹਿਤਕ ਸਫ਼ਰ ਭਾਰਤ ਤੋਂ ਸ਼ੁਰੂ ਹੋਇਆ ਜੋ ਕੈਨੇਡਾ ਦੇ ਸ਼ਹਿਰ ਟੰਰਾਟੋਂ ਵਿਚ ਆਕੇ ਪ੍ਰਵਾਨ ਚੜ੍ਹਿਆ। ਪਿਛਲੇ ਦਿਨੀ ਉਹ ਆਪਣੀ ਫੇਰੀ ਦੌਰਾਨ ਕੈਲਗਰੀ ਪਹੁੰਚੇ ਤਾਂ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਉਹਨਾਂ ਨਾਲ ਵਿਸ਼ੇਸ਼ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ। ਬੀਕਾਨੇਰ ਸਵੀਟਸ ਤੇ ਹੋਈ ਇਸ ਸਾਹਿਤਕ ਮਿਲਣੀ ਦਾ ਮੁੱਖ ਉਦੇਸ਼ ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਰਹਿੰਦੇ ਅਤੇ ਖ਼ਾਸ ਕਰਕੇ ਕਹਾਣੀ ਕਲਾ ਨਾਲ ਜੁੜੇ ਲੇਖਕਾਂ ਦੇ ਸਾਹਿਤਕ ਗਿਆਨ ਵਿਚ ਵਾਧਾ ਕਰਨਾ ਸੀ। ਜਰਨੈਲ ਸਿੰਘ ਕਾਹਣੀਕਾਰ ਨੇ ਆਪਣੇ ਨਿੱਜੀ ਜੀਵਨ ਤੋਂ ਸ਼ੁਰੂ ਹੋਕੇ ਸੀਮਤ ਸਮੇਂ ਵਿਚ ਆਪਣੇ ਸਾਹਿਤਕ ਖੇਤਰ ਤੱਕ ਅਣਮੁੱਲੀ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ। ਉਹ ਇਕ ਸਧਾਰਨ ਪਰਿਵਾਰ ਵਿਚ ਪੈਦਾ ਹੋਏ ਅਤੇ ਆਪਣੀ ਮਿਹਨਤ ਦੇ ਸਿਰਤੇ ਭਾਰਤ ਦੀ ਆਰਮੀ ਅਤੇ ਫਿਰ ਕਨੈਡਾ ਦੀ ਵਿਸ਼ੇਸ਼ ਸਕਿਊਰਟੀ ਵਿਚ ਲੰਬਾ ਸਮਾ ਸੁਪਰਵਾਈਜ਼ਰ ਰਹੇ। ਇਸੇ ਸਮੇਂ ਦੌਰਾਨ ਉਹਨਾਂ ਆਪਣਾ ਸਾਹਿਤਕ ਜੀਵਨ ਨਿਰਵਿਘਨ ਜਾਰੀ ਹੀ ਨਹੀਂ ਰੱਖਿਆ ਬਲਕਿ ਪੰਜਾਬੀ ਸਾਹਿਤ ਨੂੰ ‘ਦੋ ਟਾਪੂ’ ‘ਟਾਵਰਜ਼’ ਤੋ ਬਾਅਦ ਲਗਾਤਾਰ ਛੇ ਵਿਸ਼ੇਸ਼ ਕਹਾਣੀ ਸੰਗ੍ਰਹਿ ਦਿੱਤੇ। ਉਹਨਾਂ ਦੀ ਫੈਸ਼ਨ ਦੀ ਦੁਨੀਆ ਬਾਰੇ ਕਹਾਣੀ ‘ਪੱਤਿਆ ਨਾਲ ਢੱਕੇ ਜਿਸਮ’ ਨੇ ਪੰਜਾਬੀ ਕਾਹਣੀ ਦੇ ਖੇਤਰ ਵਿਚ ਨਵਾਂ ਅਧਿਆਏ ਜੋੜਿਆ ਕਿ ਇੱਕ ਕਹਾਣੀ ਤੇ ਨਾਵਲ ਲਿਖਣ ਜਿੰਨੀ ਮਿਹਨਤ ਪੰਜਾਬੀ ਕਹਾਣੀ ਪ੍ਰੇਮੀਆ ਨੂੰ ਮਹਿਸੂਸ ਹੋਈ। ਇਸ ਸਾਹਿਤਕ ਮਿਲਣੀ ਵਿਚ ਉਹਨਾਂ ਦੇ ਜੀਵਨ ਦੀ ਨਿੱਜੀ ਘਾਲਣਾ ਦੀ ਤਸਵੀਰ ਅਤੇ ਸਾਹਿਤਕ ਰੰਗ ਸ਼ਾਮਿਲ ਸਨ। ਹਰਨੇਕ ਬੱਧਨੀ, ਜੋਗਿੰਦਰ ਸੰਘਾ, ਬੀਜਾ ਰਾਮ, ਬਲਜਿੰਦਰ ਸੰਘਾ, ਗੁਰਬਚਨ ਬਰਾੜ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾ ਆਖਿਆ ਕਿ ਕਾਹਣੀ ਵਾਰਤਿਕ ਨੂੰ ਵਾਰਤਿਕ ਵਿਚ ਕਹਿਣ ਤੋਂ ਸ਼ੁਰੂ ਹੁੰਦੀ ਹੈ ਅਤੇ ਕਾਹਣੀਕਾਰ ਦਾ ਅਨੁਭਵ ਕਿ ਉਹ ਕੀ ਕਹਿਣਾ ਚਾਹੰਦਾ ਹੈ ਤੇ ਕਿਹਨਾਂ ਪਾਤਰਾਂ ਰਾਹੀਂ ਕਿਸ ਢੰਗ ਨਾਲ ਕਹਿਣਾ ਚਾਹੁੰਦਾ ਹੈ ਇਕ ਕਹਾਣੀ ਵਿਚ ਬਹੁਤ ਮਹੱਤਵ ਰੱਖਦੇ ਹਨ। ਉਹਨਾਂ ਅਸਹਿਮਤੀ ਪ੍ਰਗਟ ਕੀਤੀ ਕਿ ਪੰਜਾਬੀ ਪਾਠਕ ਲੰਬੀ ਪੰਜਾਬੀ ਕਹਾਣੀ ਨਹੀਂ ਪੜਦੇ, ਬਲਕਿ ਕਿਹਾ ਕਿ ਉਹਨਾਂ ਦੀਆਂ ਸਾਰੀਆਂ ਕਾਹਣੀਆਂ ਕਈ-ਕਈ ਸਫ਼ੇ ਦੀਆਂ ਹਨ ਅਤੇ ਇਹ ਕਿਤਾਬਾਂ ਯੂਨੀਵਸਿਟੀਆਂ ਦੇ ਅਧਿਐਨ ਅਤੇ ਵਿਦਿਆਰਥੀ ਵਿਸ਼ਿਆ ਦਾ ਹਿੱਸਾ ਹਨ। ਇਸ ਸਮੇਂ ਸਭਾ ਦੇ ਪ੍ਰਧਾਨ ਹਰੀਪਾਲ, ਜਨਰਲ ਸਕੱਤਰ ਸੁਖਪਾਲ ਪਰਮਾਰ,ਬਲਵੀਰ ਗੋਰਾ ਅਤੇ ਰਣਜੀਤ ਗੋਬਿੰਦਪੁਰੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਾਲ 2011 ਦਾ ਆਪਣਾ 12ਵਾਂ ਸਲਾਨਾ ‘ਇਕਬਾਲ ਅਰਪਨ ਯਾਦਗਾਰੀ ਅਵਾਰਡ’ ਜਰਨੈਲ ਸਿੰਘ ਕਹਾਣੀਕਾਰ ਨੂੰ ਦਿੱਤਾ ਗਿਆ ਸੀ।