ਬਲਜਿੰਦਰ ਸੰਘਾ- ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਕਨੈਡਾ, ਅਮਰੀਕਾ ਵਿਚ ਸਲਾਨਾ ਪੁਸਤਕ ਮੇਲਾ ਲਗਾਉਂਦੇ ਆ ਰਹੇ ਹਨ। ਕੈਲਗਰੀ ਸ਼ਹਿਰ ਵਿਚ ਇਹ ਮੇਲਾ ਪੰਜਾਬੀ ਲਿਖ਼ਾਰੀ ਸਭਾ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ। ਇਸ ਸਾਲ ਦਾ ਇਹ ਪੁਸਤਕ ਮੇਲਾ 25 ਅਗਸਤ ਤੋਂ 29 ਅਗਸਤ ਤੱਕ ਗਰੀਨ ਪਲਾਜਾ ਨਾਰਥ ਈਸਟ (4818 ਵੈਸਵਿੰਡਸ ਡਰਾਈਵ) ਤੇ ਸ਼ੁਰੂ ਹੋ ਗਿਆ ਹੈ। 30 ਅਗਸਤ ਦਿਨ ਐਤਵਾਰ ਨੂੰ ਇਸ ਮੇਲੇ ਦਾ ਆਖ਼ਰੀ ਦਿਨ ਦੇਸ਼ ਪੰਜਾਬ ਟਾਈਮਜ਼ ਦੇ ਸੱਭਾਚਾਰਕ ਮੇਲੇ ਦੇ ਤੀਸਰੇ ਦਿਨ ਪਰੇਰੀ ਵਿੰਡ ਪਾਰਕ ਵਿਚ ਹੋਵੇਗਾ। ਚੇਤਨਾ ਪ੍ਰਕਾਸ਼ਨ ਦੇ ਸ਼ਤੀਸ਼ ਗੁਲਾਟੀ ਨੇ ਦੱਸਿਆ ਕਿ ਹਰੇਕ ਸਾਲ ਦੀ ਤਰਾਂ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਦੇ ਟਾਇਟਲ ਇਸ ਮੇਲੇ ਵਿਚ ਪ੍ਰਦਰਸ਼ਿਤ ਕੀਤੇ ਗਏ ਹਨ। ਇਸ ਪ੍ਰਤੀ ਕੈਲਗਰੀ ਸ਼ਹਿਰ ਦੇ ਕਿਤਾਬਾਂ ਅਤੇ ਸਾਹਿਤ ਤੋਂ ਜੀਵਨ ਜਾਚ ਵਿਸ਼ਾਲ ਕਰਨ ਵਾਲੇ ਅਨੇਕਾਂ ਸੱਜਣਾਂ ਦੇ ਫੋਨ ਉਹਨਾਂ ਨੂੰ ਵੈਨਕੂਵਰ ਦੇ ਮੇਲੇ ਸਮੇਂ ਹੀ ਕੈਲਗਰੀ ਤੋਂ ਜਾਣੇ ਸ਼ੁਰੂ ਹੋ ਗਏ ਸਨ। ਉਹਨਾਂ ਦੱਸਿਆ ਕਿ ਕਿਤਾਬਾਂ ਜਿੱਥੇ ਔਖੇ ਸਮੇਂ ਸਾਡਾ ਮਾਰਗ ਦਰਸ਼ਨ ਕਰਦੀਆਂ ਹਨ ਉੱਥੇ ਇਹਨਾਂ ਵਿਚ ਜ਼ਿੰਦਗੀ ਦੇ ਹਰ ਰੰਗ ਮੌਜੂਦ ਹੁੰਦੇ ਹਨ। ਸਾਹਿਤ ਪੜ੍ਹਨ ਵਾਲੇ ਲੋਕ ਇਕ ਜਿੰਦਗੀ ਵਿਚ ਹੀ ਕਈ ਜ਼ਿੰਦਗੀਆਂ ਦਾ ਅਨੰਦ ਮਾਣ ਲੈਂਦੇ ਹਨ। ਇਸੇ ਲਈ ਇਸ ਪੁਸਤਕ ਮੇਲੇ ਵਿਚ ਮਹਾਨ ਲੋਕਾਂ ਦੀਆਂ ਸਵੈ-ਜੀਵਨੀਆਂ, ਸ਼ਬਦ ਚਿੱਤਰ, ਜ਼ਿੰਦਗੀ ਦੇ ਹਰ ਪੱਖ ਨੂੰ ਪੇਸ਼ ਕਰਦੀਆਂ ਪੁਸਤਕਾਂ ਇਸ ਮੇਲੇ ਪਾਠਕਾ ਲਈ ਉਪਲੱਬਧ ਹਨ। ਬੇਸ਼ਕ ਕਿਤਾਬਾਂ ਇੱਥੋ ਤੱਕ ਕੋਰੀਅਰ ਰਾਹੀਂ ਲਿਆਉਣ ਦੇ, ਆਪਣੀ ਟਿਕਟ ਆਦਿ ਖਰਚੇ ਕਾਫ਼ੀ ਹਨ ਪਰ ਇਕ ਜਾਨੂੰਨ ਦੇ ਤੌਰ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਕਿਤਾਬਾਂ ਵਾਜਿਬ ਮੁੱਲ ਤੇ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾਣ। ਉਹਨਾਂ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਅਤੇ ਬੌਬੀ ਡੋਡ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਮੇਲੇ ਬਾਰੇ ਵਧੇਰੇ ਜਾਣਕਾਰੀ ਲਈ ਸ਼ਤੀਸ ਗੁਲਾਟੀ ਨਾਲ 1-778-680-2551 ਤੇ ਸਪੰਰਕ ਕੀਤਾ ਜਾ ਸਕਦਾ ਹੈ।