ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਦਾ ਸਨਮਾਨ ਕੀਤਾ ਗਿਆ
ਬਲਜਿੰਦਰ ਸੰਘਾ- ਇੰਡੋ-ਕਨੇਡੀਅਨ ਆਰਟਿਸਟ ਕਲੱਬ ਕੈਲਗਰੀ ਦਾ ਉਦੇਸ਼ ਸਥਾਨਕ ਕਲਾਵਾਂ ਤੋਂ ਸ਼ੁਰੂ ਹੋਕੇ ਵੱਖ-ਵੱਖ ਖੇਤਰਾਂ ਵਿਚ ਮਨੁੱਖੀ ਸੂਖ਼ਮ ਕਲਾਵਾਂ ਨੂੰ ਉਭਾਰਨਾ, ਉਤਸ਼ਾਹਿਤ ਕਰਨਾ ਅਤੇ ਉਹਨਾਂ ਨੂੰ ਸਮਾਜ ਵਿਚ ਪੇਸ਼ ਕਰਕੇ ਪਛਾਣ ਸਥਾਪਿਤ ਕਰਨ ਵਿਚ ਯੋਗਦਾਨ ਪਾਉਣਾ ਹੈ। ਇਸੇ ਉਦੇਸ਼ ਲਈ ਸੰਸਥਾ ਦਾ ਦੂਸਰਾ ਸਲਾਨਾ ਸਮਾਗਮ ਰੇਡੀਓ ਸੁਰ-ਸੰਗਮ ਦੇ ਸਹਿਯੋਗ ਨਾਲ ਫਾਲਕਿਨਰਿਜ ਕਮਿਊਨਟੀ ਹਾਲ ਵਿਚ 8 ਅਗਸਤ ਦੀ ਸ਼ਾਮ ਨੂੰ ਕਰਵਾਇਆ ਗਿਆ। ਜਿਸ ਵਿਚ ਕੈਲਗਰੀ ਅਤੇ ਐਡਮਿੰਟਨ ਸ਼ਹਿਰ ਦੇ ਸੀਨੀਅਰ ਅਤੇ ਜੂਨੀਅਰ ਕਲਾਕਾਰਾਂ ਨੇ ਸਟੇਜ ਤੋਂ ਭਰਪੂਰ ਹਾਜ਼ਰੀ ਲੁਆਈ। ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਦਾ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਅਤ ਸੰਸਥਾ ਦੇ ਨੁਮਾਇੰਦਿਆ ਵੱਲੋਂ ਰੀਬਨ ਕੱਟਣ ਨਾਲ ਹੋਈ ਅਤੇ ਫਿਰ ਸੰਸਥਾ ਦੇ ਜਨਰਲ ਸਕੱਤਰ ਪਰਮ ਸੂਰੀ ਨੇ ਖੁੱਲ੍ਹੇ ਮਿਊਜਿਕ ਫੈਸਟੀਵਲ ਵਿਚ ਆਏ ਕੈਲਗਰੀ ਨਿਵਾਸੀਆ ਨੂੰ ਜੀ ਆਇਆ ਕਿਹਾ। ਸੰਸਥਾ ਦੇ ਚੇਅਰਮੈਨ ਬਲਵੀਰ ਸਿੰਘ ਕੁਲਾਰ (ਗੋਰਾ) ਵੱਲੋਂ ਸਮਾਗਮ ਦੀ ਮੁੱਖ ਰੂਪ ਰੇਖਾ ਦੱਸਣ ਤੋਂ ਬਾਅਦ ਪ੍ਰਸਿੱਧ ਗਾਇਕ ਅਤੇ ਸੰਸਥਾ ਦੇ ਪ੍ਰਧਾਨ ਅਜੈ ਦਿਓਲ ਦੀ ਸੰਜੀਦਾ ਪਰ ਰੰਗਮਈ ਸਟੇਜ ਸਕੱਤਰੀ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਉਹਨਾਂ ਸਭ ਸਪਾਸਰਾਂ ਦਾ ਅਤੇ ਟੀਮ ਮੈਂਬਰਾਂ ਦਾ ਕਈ ਵਾਰ ਸਟੇਜ ਤੋਂ ਧੰਨਵਾਦ ਕੀਤਾ ਜਿਹਨਾਂ ਦੀ ਬਦੌਲਤ ਇਹ ਫੈਸਟੀਵਲ ਹੋ ਰਿਹਾ ਸੀ। ਲੱਗਭੱਗ 4 ਘੰਟੇ ਹਾਜ਼ਰੀਨ ਨੇ ਵੱਖ-ਵੱਖ ਕਲਾਕਾਰਾਂ ਦੀ ਕਲਾ ਦਾ ਅਨੰਦ ਮਾਣਿਆ। ਪ੍ਰੋਗਰਾਮ ਦੀ ਸ਼ੁਰੂਆਤ ਹੈਰੀ ਜੌਹਲ ਵੱਲੋਂ ਗਏ ਧਾਰਮਿਕ ਗੀਤ ‘ਐਵੇ ਨੀ ਦੁਨੀਆਂ ਪੂਜਦੀ ਬਾਬਾ ਜੀ ਤੇਰੀ ਤਸਵੀਰ ਨੂੰ’ ਨਾਲ ਹੋਈ। ਕੁਲਦੀਪ ਚੰਨ ਨੇ ਦੀਦਾਰ ਸੰਧੂ ਦਾ ਧੀਆਂ ਬਾਰੇ ਗੀਤ ਗਾਇਆ। ਇਸਤੋਂ ਬਾਅਦ ਕੈਲਗਰੀ ਦੇ ਕਲਾਕਾਰ ਬੱਚੇ ਸਫਲ ਮਾਲਵਾ ਨੇ ‘ਮਿੱਟੀ ਦੇਸ਼ ਪੰਜਾਬ ਦੀ’ ਅਤੇ ਹੋਰ ਗੀਤਾਂ ਤੇ ਆਪਣੀ ਕਲਾ ਨਾਲ ਖ਼ੂਬ ਰੰਗ ਬੰਨ੍ਹਿਆਂ ਤਾਂ ਹਾਲ ਤਾੜੀਆ ਨਾਲ ਗੂੰਜ਼ ਉੱਠਿਆ। ਐਡਮਿੰਟਨ ਤੋਂ ਆਏ ਬੱਚਿਆਂ ਜੋਬਨ ਅਤੇ ਮਲਿਕ ਢਿੱਲੋਂ ਨੇ ‘ਮਾਹੀਆ ਮੈਂਨੂੰ ਯਾਦ ਆਵਦਾ’ ਬੜੀ ਸੁਰਮਈ ਅਵਾਜ਼ ਵਿਚ ਪੇਸ਼ ਕੀਤਾ। ਕੈਲਗਰੀ ਦੇ ਉੱਭਰਦੇ ਬਾਲ ਕਲਾਕਾਰ ਯੁਵਰਾਜ ਸਿੰਘ ਨੇ ਪਰਦੇਸੀਆਂ ਦੇ ਦਰਦ ਦੀ ਗੱਲ ਕਰਦਿਆਂ ‘ਬਾਬਾ ਆਣ ਕੇ ਕੈਨੇਡਾ ਵਿਚ ਬੋਰ ਹੋ ਗਿਆ’ ਅਤੇ ਇਕ ਹੋਰ ਗੀਤ ਨਾਲ ਮੰਨੋਰੰਜਨ ਕੀਤਾ। ਇਸਤੋਂ ਬਾਅਦ ਬਲਵਿੰਦਰ ਸਿੰਘ ਕਾਹਲੋ ਨੂੰ ਸ਼ੋਸ਼ਲ ਸਰਵਿਸ ਅਵਾਰਡ, ਡਾ.ਅਨਮੋਲ ਕਪੂਰ ਨੂੰ ਕਮਿਊਨਟੀ ਸਰਵਿਸ ਅਵਾਰਡ, ਗਾਇਕ ਜਰਨੈਲ ਐਲੋ ਨੂੰ ਲਾਲ ਚੰਦ ਯਮਲਾ ਯਾਦਗਾਰੀ ਅਵਾਰਡ, ਗੀਤਕਾਰ ਲਾਡੀ ਸੂਸਾਂਵਾਲਾ ਨੂੰ ਨੰਦ ਲਾਲ ਨੂਰਪੁਰੀ ਅਵਾਰਡ, ਗਾਇਕ ਦੇਵ ਮਾਨ ਨੂੰ ਸ਼ਾਈਨਿੰਗ ਸਟਾਰ ਆਫ ਅਲਬਰਟਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵਾਨੀਆ ਜਿਬਰਾਨ ਨੇ ‘ਬੱਤੀ ਬਾਲਕੇ ਬਨੇਰੇ ਉੱਤੇ ਰੱਖਦੀ ਆ’ ਨਾਲ ਆਪਣੀ ਗਾਇਕੀ ਦਾ ਸਬੂਤ ਦਿੱਤਾ। ਮੇਵਾ ਸਿੰਘ ਬਰਾੜ ਨੇ ਮਾਣਕ ਦਾ ਗੀਤ, ਰਮਨਦੀਪ ਰੰਧਾਵਾ ਨੇ ਦਮਦਾਰ ਅਵਾਜ ਵਿਚ ਮਿਰਜ਼ਾ ਗਾਇਆ, ਦੇਵ ਮਾਨ ਨੇ ਸੋਲੋ ਅਤੇ ਵਾਨੀਆ ਜਿਬਾਰਾਨ ਨਾਲ ਡਿਊਟ ਗੀਤ ਗਾਕੇ ਹਾਜ਼ਰੀ ਲੁਆਈ। ਮੋਨਿਕਾ ਨੇ ਆਪਣੀ ਸੋਜਮਈ ਅਵਾਜ਼ ਵਿਚ ‘ਪਿਆ ਸੀ ਵਿਛੋੜਾ’ ਗਾਕੇ ਸੁਰਿਹਦ ਗਾਇਕੀ ਦਾ ਸਬੂਤ ਦਿੱਤਾ। ਬਲਵੀਰ ਗੋਰਾ ਨੇ ਆਪਣੇ ਵਤਨ ਮੁੜਨ ਦੇ ਚਾਅ ਨਾਲ ਸਬੰਧਤ ਗੀਤ ਨਾਲ ਵਤਨ ਦੀ ਯਾਦ ਦੁਆਈ। ਉਪਿੰਦਰ ਮਠਾੜੂ ਨੇ ਵਾਨੀਆ ਜਿਬਰਾਨ ਨਾਲ ਲੋਕ ਗੀਤ ‘ਮੇਰੇ ਸਾਹਮਣੇ ਖਲੋ’ ਗਾਕੇ ਪਰਪੱਕ ਗਾਇਕੀ ਰਾਹੀਂ ਸਰੋਤੇ ਕੀਲੇ ਤੇ ਸੋਲੋ ਗੀਤ ਨਾਲ ਹਾਜ਼ਰੀ ਲੁਆਈ। ਬੜੀ ਲੰਬੀ ਉਡੀਕ ਤੋਂ ਬਾਅਦ ਪ੍ਰਸਿੱਧ ਗਾਇਕ ਦਰਸ਼ਨ ਖੇਲਾ ਨੇ ਆਪਣੇ ਹਕੀਕੀ ਗੀਤ ‘ਕੈਨੇਡਾ’ ਦੇ ਬੋਲਾਂ ‘ਸੌਖੀ ਨਹੀਂ ਕਮਾਈ ਵਿਚ ਪ੍ਰਦੇਸਾਂ ਦੇ’ ਤੋਂ ਲੈ ਕੇ ਆਪਣੇ ਹੋਰ ਪ੍ਰਸਿੱਧ ਗੀਤਾਂ ਨਾਲ ਦਮਦਾਰ ਹਾਜ਼ਰੀ ਲੁਆਈ। ਪਿਛਲੇ ਦਿਨੀ ਕੈਲਗਰੀ ਵਿਚ ਇਕ ਹਾਦਸੇ ਵਿਚ ਸੁਰਗਵਾਸ ਹੋਏ ਨੌਜਵਾਨ ਗੈਰੀ ਧਾਰੀਵਾਲ ਬਾਰੇ ਉਹਨਾਂ ਸ਼ਰਧਾਜ਼ਲੀ ਰੂਪ ਵਿਚ ਗੀਤ ਗਾਇਆ ਜੋ ਸਭ ਨੂੰ ਭਾਵੁਕ ਕਰ ਗਿਆ। ਸਟੇਜ ਸਕੱਤਰ ਅਜੈ ਦਿਓਲ ਵੱਲੋਂ ਸਟੇਜ ਤੋਂ ਵੀ ਇਸ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਬੇਨਤੀ ਕੀਤੀ ਗਈ। ਅਖ਼ੀਰ ਵਿਚ ਕੈਲਗਰੀ ਦੇ ਸੁਰੀਲੇ ਗਾਇਕ ਜਰਨੈਲ ਐਲੋ ਨੇ ਆਪਣੇ ‘ਤੂੰ ਕੋਸ਼ਿਸ਼ ਕਰਦਾ ਜਾਹ’ ਗੀਤ ਤੋਂ ਸੁਰੂ ਹੋਕੇ ਸਮੇਂ ਦੀ ਘਾਟ ਦੇ ਬਾਵਜੂਦ ਆਪਣੀ ਨਿੱਗਰ ਗਾਇਕੀ ਦਾ ਸਬੂਤ ਦਿੱਤਾ। ਇਸ ਸਮੇਂ ਸੰਸਥਾ ਦੇ ਮੈਂਬਰ ਰਣਜੀਤ ਲਾਡੀ, ਤਰਨਜੀਤ ਮੰਡ, ਗੁਰਜੰਟ ਲੋਹਟ ਬੱਧੀ, ਬਲਜਿੰਦਰ ਸੰਘਾ, ਫਤਿਹ ਜੀਤ ਨੇ ਵਲੰਟੀਅਰ ਤੌਰ ਤੇ ਆਪਣੀਆਂ ਜਿੰਮੇਵਾਰੀਆਂ ਨਿਭਾਈਆ। ਚਾਹ ਅਤੇ ਸਨੈਕਸ ਦਾ ਪ੍ਰਬੰਧ ਪਰਮਜੀਤ ਸੰਦਲ ਨੇ ਆਪਣੇ ਰੈਸਟੋਰੈਟ ਬੰਬੇ ਚਪਾਤੀ ਵੱਲੋਂ ਕੀਤਾ। ਕੁਲ ਮਿਲਾਕੇ ਸੀਮਿਤ ਸਾਧਨਾਂ ਨਾਲ ਕਲਾਕਾਰਾਂ ਨੂੰ ਪਲੇਟਫਾਰ ਸਪੁਰਦ ਕਰਨ ਦਾ ਇਹ ਦੂਸਰਾ ਫੈਸਟੀਵਲ ਸਫਲਤਾ ਪੂਰਵਕ ਸਪੰਨ ਹੋਇਆ।