ਪੰਜਾਬੀਆਂ ਨਾਲ਼ ਸ਼ਿੰਗਾਰੀ ਟੀਮ ਪਹਿਲੀ ਵਾਰ ਮੈਡਲ ਲੈ ਕੇ ਪਰਤੀ
ਸੁਖਵੀਰ ਗਰੇਵਾਲ ਕੈਲਗਰੀ: ਅਲਬਰਟਾ ਸੂਬੇ ਦੇ ਮੁੰਡਿਆਂ ਦੀ ਜੂਨੀਅਰ ਫੀਲਡ ਹਾਕੀ ਟੀਮ (ਅੰਡਰ-16) ਬ੍ਰਹਮਟਨ(ਓਟਾਂਰੀਓ) ਵਿੱਚ ਹੋਈ ਕੌਮੀ ਚੈਂਪੀਅਨਸ਼ਿਪ ਵਿੱਚ ਭਾਂਵੇਂ ਸਿਖਰ ਤੇ ਨਹੀਂ ਪੁੱਜ ਸਕੀ ਪਰ ਕਾਰਗੁਜ਼ਾਰੀ ਦੇ ਪੱਖੋਂ ਟੀਮ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ।ਅਲਬਰਟਾ ਹਾਕੀ ਦੇ ਇਤਿਹਾਸ ਵਿੱਚ ਟੀਮ ਪਹਿਲੀ ਵਾਰ ਕੌਮੀ ਚੈਂਪੀਅਨਸ਼ਿਪ ਵਿੱਚੋਂ ਕਾਂਸੀ ਦਾ ਤਮਗਾ ਜਿੱਤ ਕੇ ਪਰਤੀ ਹੈ। ਇਸ 16 ਮੈਂਬਰੀ ਟੀਮ ਵਿੱਚ 12 ਖਿਡਾਰੀ ਪੰਜਾਬੀ ਮੂਲ ਦੇ ਸਨ।ਹਾਕੀ ਪੰਡਿਤਾਂ ਦਾ ਮੰਨਣਾ ਹੈ ਕਿ ਇਹ ਪ੍ਰਾਪਤੀ ਸੂਬੇ ਦੀ ਫੀਲਡ ਹਾਕੀ ਵਿੱਚ ਨਵੀਂ ਰੂਹ ਫੂਕੇਗੀ।ਦੂਜੇ ਪਾਸੇ ਅਲਬਰਟਾ ਦੀਆਂ ਕੁੜੀਆਂ ਦੀ ਟੀਮ ਫਾਡੀ ਰਹੀ ਹੈ।
ਮੁੰਡਿਆਂ ਦੇ ਵਰਗ ਵਿੱਚ ਅਲਬਰਟਾ ਆਪਣੇ ਪਹਿਲੇ ਮੈਚ ਵਿੱਚ ਚੈਂਪੀਅਨ ਟੀਮ ਓਟਾਂਰੀਓ(ਰੈੱਡ) ਤੋਂ ਇੱਕ ਮਾਤਰ ਗੋਲ਼ ਨਾਲ਼ ਹਾਰ ਗਈ।ਦੂਜੇ ਮੈਚ ਵਿੱਚ ਅਲਬਰਟਾ ਨੇ ਕਿਊਬਕ ਨੂੰ 2-1 ਦੇ ਫਰਕ ਨਾਲ਼ ਹਰਾ ਕੇ ਜੇਤੂ ਇਰਾਦੇ ਪ੍ਰਗਟ ਕਰ ਦਿੱਤੇ। ਤੀਜੇ ਮੈਚ ਵਿੱਚ ਅਲਬਰਟਾ ਦੀ ਟੀਮ ਬ੍ਰਿਟਿਸ਼ ਕੋਲੰਬੀਆ(ਬਲਿਊ) ਤੋਂ 1-3 ਦੇ ਫਰਕ ਨਾਲ਼ ਹਾਰੀ।ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ(ਵਾਈਟ) ਅਤੇ ਓਟਾਂਰੀਓ(ਜੀ.ਟੀ.ਏ.) ਨੂੰ ਹਰਾ ਕੇ ਅਲਬਰਟਾ ਨੇ ਚੰਗਾ ਪ੍ਰਦਰਸ਼ਨ ਕੀਤਾ। ਕਾਂਸੀ ਦੇ ਤਮਗੇ ਲਈ ਕਿਊਬਕ ਨਾਲ਼ ਹੋਏ ਮੈਚ ਨੂੰ ਜਿੱਤਣ ਲਈ ਅਲਬਰਟਾ ਨੇ ਕਾਫੀ ਸੰਘਰਸ਼ ਕਰਨਾ ਪਿਆ।ਦੋ ਗੋਲ਼ਾਂ ਨਾਲ਼ ਪਛੜਨ ਤੋਂ ਬਾਅਦ ਅਲਬਰਟਾ ਨੇ ਆਖਰੀ ਪਲਾਂ ਵਿੱਚ ਦੋ ਗੋਲ਼ ਕਰਕੇ ਮੈਚ ਬਰਾਬਰੀ ਤੇ ਲਿਆਂਦਾ ਅਤੇ ਫਿਰ ਪੈਨਲਟੀ ਸ਼ੂਟ-ਆਊਟ ਰਾਹੀਂ ਅਲਬਰਟਾ ਨੇ ਇਹ ਮੈਚ ਜਿੱਤ ਲਿਆ।
ਅਲਬਰਟਾ ਦੀ ਟੀਮ ਦੀ ਚੋਣ ਕੈਲਗਰੀ ਯੂਨੀਵਰਸਿਟੀ ਵਿੱਚ ਲਗਭਗ ਦੋ ਮਹੀਨੇ ਚੱਲੇ ਕੋਚਿੰਗ ਕੈਂਪ ਤੋਂ ਬਾਅਦ ਕੀਤੀ ਗਈ ਸੀ। ਅਲਬਰਟਾ ਸੂਬੇ ਦੇ ਦੋ ਵੱਡੇ ਸ਼ਹਿਰਾਂ ਕੈਲਗਰੀ ਅਤੇ ਐਡਮਿੰਟਨ ਵਿੱਚ ਪੰਜਾਬੀ ਭਾਈਚਾਰੇ ਵਲੋਂ ਹਾਕੀ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਸਿੱਟੇ ਵਜੋਂ ਪੰਜਾਬੀ ਖਿਡਾਰੀਆਂ ਨੂੰ ਕੌਮੀ ਪੱਧਰ ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਅਤੇ ਪਹਿਲੀ ਵਾਰ ਕੋਈ ਤਮਗਾ ਅਲਬਰਟਾ ਦੇ ਵਿਹੜੇ ਆਇਆ। ਅਲਬਰਟਾ ਦੀ ਟੀਮ ਵਿੱਚ ਕੈਲਗਰੀ ਦੇ ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਦੇ ਪੰਜ ਖਿਡਾਰੀ ਜੇਅ ਧਾਲੀਵਾਲ, ਤਨਵੀਰ ਕੁਲਾਰ, ਅਵੀ ਧਾਲੀਵਾਲ, ਪਰਮਵੀਰ ਸਿੱਧੂ ਅਤੇ ਕਾਇਲਜੀਤ ਸਿੰਘ ਪੁਰਬਾ ਟੀਮ ਵਿੱਚ ਸ਼ਾਮਲ ਕੀਤੇ ਗਏ ਸਨ।ਇਸ ਕਲੱਬ ਨੂੰ ਜਗਦੀਸ਼ ਧਾਲੀਵਾਲ(ਟੋਨੀ) ਕੋਚਿੰਗ ਦਿੰਦੇ ਹਨ। ਦਿਲਪਾਲ ਸਿੰਘ ਟੀਟਾ ਦੀ ਕੋਚਿੰਗ ਸਿਖਲਾਈ ਪ੍ਰਾਪਤ ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਦੇ ਚਾਰ ਖਿਡਾਰੀ ਦਿਲਦੀਪ ਸੀਰਾ(ਕਪਤਾਨ) ,ਹਰਜੋਤ ਧਾਲੀਵਾਲ(ਲੋਪੋਂ) ,ਜਗਸ਼ੀਰ ਲੰਮੇ ਅਤੇ ਦਿਲਰਾਜ ਸਿੱਧੂ ਨੇ ਟੀਮ ਵਿੱਚ ਜਗ੍ਹਾ ਬਣਾਈ ਸੀ। ਐਡਮਿੰਟਨ ਦੇ ਰਾਇਲ ਫੀਲਡ ਹਾਕੀ ਕਲੱਬ ਦੇ ਰੌਬਿਨਪ੍ਰੀਤ ਵਿਰਕ ਅਤੇ ਈਗਲਜ਼ ਕਲੱਬ ਦੇ ਹਰਸੁਹੇਲ ਪਰਮਾਰ ਅਤੇ ਗੁਰਕੀਰਤ ਸਰਾਂ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ । ਇਸ ਤੋਂ ਇਲਾਵਾ ਬਰੈਨ ਮਰਫੀ, ਸੈਮ ਸਮਿੱਥ, ਕੈਵਿਨ ਵਾਟਸਨ ਵੀ ਟੀਮ ਦਾ ਹਿੱਸਾ ਬਣੇ ਸਨ। ਪੰਜਾਬੀ ਖਿਡਾਰੀਆਂ ਦੀ ਸ਼ਿੰਗਾਰੀ ਅਲਬਰਟਾ ਦੀ ਟੀਮ ਇਸ ਪ੍ਰਾਪਤੀ ਬਾਅਦ ਪੰਜਾਬੀ ਭਾਈਚਾਰੇ ਵਿੱਚ ਕਾਫੀ ਉਤਸ਼ਾਹ ਹੈ।ਸਾਰੇ ਕਲੱਬਾਂ ਨੇ ਸਾਰੇ ਸਪਾਂਸਰਾਂ ਦਾ ਧੰਨਵਾਦ ਕੀਤਾ ਹੈ ਜਿਹਨਾਂ ਦੇ ਸਹਿਯੋਗ ਸਦਕਾ ਫੀਲਡ ਹਾਕੀ ਨੂੰ ਹੁਲਾਰਾ ਮਿਲਦਾ ਹੈ।