ਬਲਜਿੰਦਰ ਸੰਘਾ- ਕਿਹਾ ਜਾਂਦਾ ਹੈ ਕਿ ਜਿਵੇਂ ਦਿਮਾਗ ਦੀ ਤੰਦਰੁਸਤੀ ਲਈ ਪੜ੍ਹਨਾ ਜਰੂਰੀ ਹੈ ਉਵੇ ਹੀ ਸਰੀਰ ਦੀ ਤੰਦਰੁਸਤੀ ਲਈ ਖੇਡਣਾ ਜਰੂਰੀ ਹੈ। ਬੱਚਿਆਂ ਵਿਚ ਖੇਡਾਂ ਪ੍ਰਤੀ ਭਾਵਨਾ ਅਤੇ ਉਤਸ਼ਾਹ ਪੈਦਾ ਕਰਨ ਲਈ ਲਗਾਤਾਰ ਤੱਤਪਰ ਇੰਡੋ-ਕਨੇਡੀਅਨ ਅਥਲੈਟਿਸ ਐਸੋਸ਼ੀਏਸ਼ਨ ਕੈਲਗਰੀ ਵੱਲੋਂ ਆਪਣਾ ਦੂਸਰਾ ਟਰੈਕ ਐਂਡ ਫੀਲਡ ਟੂਰਨਾਮੈਂਟ ਰੋਟਰੀ ਪਾਰਕ ਨਾਰਥ-ਈਸਟ ਵਿਚ ਕੀਤਾ ਗਿਆ। ਜਿਸ ਵਿਚ 6 ਸਾਲ ਤੋਂ ਲੈਕੇ 18 ਸਾਲ ਤੱਕ ਤੇ ਓਵਰ 18 ਓਪਨ ਰੇਸ ਮੁਕਾਬਲੇ 50 ਮੀਟਰ ਤੋਂ 800 ਮੀਟਰ ਤੱਕ ਹੋਏ, ਜੈਵਲਿਨ ਥਰੋ, ਡਿਸਕਸ ਥਰੋ, ਸ਼ਾਟ ਪੁੱਟ, ਲੌਗ ਜੰਪ ਦੇ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਅੰਤਰਰਾਸ਼ਟਰੀ ਅਥਲੀਟ ਸਰਦਾਰ ਹਰਭਜਨ ਸਿੰਘ ਸੰਧੂ ਅਤੇ ਹੋਰ ਪ੍ਰਸਿੱਧ ਹਸਤੀਆਂ ਨੇ ਹਾਜ਼ਰੀ ਲਵਾਈ। ਸਵੇਰ 9 ਵਜੇ ਦੇ ਕਰੀਬ ਮਾਰਚ ਪਾਸਟ ਨਾਲ ਸ਼ੁਰੂ ਹੋਏ ਇਸ ਪ੍ਰੋਗਰਾਮ ਵਿਚ ਡਰੱਗ ਅਵੇਅਨੈਸ ਫਾਊਡੇਸ਼ਨ ਕੈਲਗਰੀ ਦੇ ਵਲੰਟੀਅਰ ਵੀ ਹੱਥਾਂ ਵਿਚ ਨਸ਼ਿਆ ਖ਼ਿਲਾਫ਼ ਜਾਗਰੁਕਤਾ ਫੈਲਾਊਂਦੇ ਬੈਨਰ ਫੜੀ ਮਾਰਚ ਪਾਸਟ ਅਤੇ ਸਹੁ ਚੁੱਕ ਸਮਾਗਮ ਦਾ ਹਿੱਸਾ ਬਣੇ। ਮੁੱਖ ਪ੍ਰਬੰਧਕ ਜਗਰੂਪ ਸਿੰਘ ਕਾਹਲੋਂ ਅਤੇ ਬੀਜਾ ਰਾਮ ਅਨੁਸਾਰ ਅੱਜ ਦੀਆਂ ਇਹਨਾਂ ਖੇਡਾਂ ਜਿਹਨਾਂ ਦੀ ਟਰੇਨਿੰਗ ਪਿਛਲੇ ਕਾਫ਼ੀ ਦਿਨਾਂ ਤੋਂ ਚੱਲ ਰਹੀ ਸੀ ਲੱਗਭੱਗ ਡੇਢ ਸੋ ਤੋਂ ਇੱਕ ਸੋ ਸੱਤਰ ਤੱਕ ਬੱਚਿਆਂ ਅਤੇ ਨੌਜਵਾਨਾਂ ਨੇ ਭਾਗ ਲਿਆ। ਵਲੰਟਰੀਆਂ ਅਤੇ ਸਪਾਂਸਰਾਂ ਦੇ ਸਹਿਯੋਗ ਨਾਲ ਹੋਏ ਇਸ ਟਰੈਕ ਐਂਡ ਫੀਲਡ ਟੂਰਨਾਮੈਂਟ ਵਿਚ ਭਾਗ ਲੈਣ ਵਾਲੇ ਸਭ ਭਾਗੀਦਾਰਾਂ ਨੂੰ ਸਰਟੀਫਿਕੇਟ ਅਤੇ ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੇ ਬੱਚਿਆਂ ਨੂੰ ਸਪੈਸ਼ਲ ਇਨਾਮ ਦਿੱਤੇ ਗਏ। ਖੇਡਾਂ ਸਿਰਫ਼ ਜਿੱਤਣ ਲਈ ਹੀ ਨਹੀਂ ਖੇਡੀਆਂ ਜਾਂਦੀਆਂ ਬਲਕਿ ਬੱਚਿਆਂ ਵਿਚ ਹਾਰ ਸਵੀਕਾਰ ਕਰਨ, ਹੋਰ ਸਰੀਰਕ ਮਿਹਨਤ ਕਰਨ, ਅਨੁਸ਼ਾਸ਼ਨ ਵਿਚ ਰਹਿਣ, ਸਮਾਜਿਕ ਮੇਲ-ਜੋਲ, ਉਸਾਰੂ ਸਮਾਜ ਦਾ ਹਿੱਸਾ ਬਣਨ, ਸਦਾਚਾਰਕ ਅਤੇ ਭਾਈਚਾਰਕ ਗੁਣ ਪੈਦਾ ਕਰਨ ਦਾ ਸਾਧਨ ਵੀ ਹਨ ਅਤੇ ਇਹੋ ਅੱਗੇ ਨਵਾਂ ਅਤੇ ਉਸਾਰੂ ਸਮਾਜ ਸਿਰਜਣ ਦਾ ਅੰਗ ਬਣਦੀਆਂ ਹਨ। ਇਹੋ ਜਿਹੇ ਉਪਰਾਲੇ ਲਈ ਪ੍ਰਬੰਧਕ ਵਧਾਈ ਦੇ ਹੱਕਦਾਰ ਹਨ ਜੋ ਆਪਣੇ ਕੰਮਾਂ ਕਾਰਾਂ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਵਿਚੋ ਅਜਿਹੇ ਪ੍ਰੋਗਰਾਮ ਉਲਕੀਦੇ ਅਤੇ ਪ੍ਰੈਕਟੀਕਲ ਰੂਪ ਵਿਚ ਸਫ਼ਲ ਕਰਦੇ ਹਨ। ਹੋਰ ਗਤੀਵਿਧੀਆਂ ਤੋਂ ਇਲਾਵਾ ਪ੍ਰੋਗਰੈਸਿਵ ਕਲਚਰਲ ਫੋਰਮ ਕੈਲਗਰੀ ਵੱਲੋਂ ਮਾਸਟਰ ਭਜਨ ਸਿੰਘ ਦੀ ਅਗਵਾਈ ਵਿਚ ਤਰਕਸ਼ੀਲ ਕਿਤਾਬਾਂ ਦਾ ਸਟਾਲ ਵੀ ਲਾਇਆ ਗਿਆ।