ਕੈਲਗਰੀ 21 ਜੁਲਾਈ { ਜੋਗਿੰਦਰ ਸੰਘਾ }-ਪੰਜਾਬੀ ਲਿਖ਼ਾਰੀ ਸਭਾ ਦੀ ਜੁਲਾਈ ਮਹੀਨੇ ਦੀ ਇਕੱਤਰਤਾ ਹਰੀਪਾਲ, ਗੁਰਭਜਨ ਗਿੱਲ ਅਤੇ ਜਸਵੰਤ ਗਿੱਲ ਦੀ ਪਰਧਾਨਗੀ ਹੇਠ ਹੋਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜੋਗਿੰਦਰ ਸੰਘਾ ਨੇ ਬਾ-ਖ਼ੂਬੀ ਨਿਭਾਈ। ਵਿੱਛੜ ਗਏ ਸਾਥੀ ਸਾਹਿਤਕਾਰ ਜਗਜੀਤ ਸਿੰਘ ਆਨੰਦ ਅਤੇ ਸ਼ਾਇਰ ਜਸਵੰਤ ਜ਼ਫਰ ਦੇ ਬੇਟੇ ਵਿਵੇਕ ਪੰਧੇਰ ਦੀ ਮੌਤ ਤੇ ਸ਼ੋਕ ਮਤਾ ਪਾਇਆ ਗਿਆ। ਜਗਦੀਸ਼ ਸਿੰਘ ਚੋਹਕਾ ਨੇ ਕਾਮਰੇਡ ਜਗਜੀਤ ਸਿੰਘ ਆਨੰਦ ਬਾਰੇ ਸੰਖੇਪ ਪਰ ਵਡਮੁੱਲੀ ਜਾਣਕਾਰੀ ਦਿੱਤੀ । ਕਮਿਊਨਿਸਟ ਲਹਿਰ ਵਿੱਚ ਆਨੰਦ ਦੀ ਦੇਣ ਬਾਰੇ ਉਹਨਾਂ ਦੱਸਿਆ ਕੇ ਆਨੰਦ ਨੇ ਹਰ ਮੋਰਚੇ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਤੇ ਕਈ ਵਾਰ ਜੇਲ੍ਹ ਯਾਤਰਾ ਕੀਤੀ । ਆਨੰਦ ਨੇ ‘ ਨਵਾਂ ਜ਼ਮਾਨਾਂ ‘ ਅਖ਼ਬਾਰ ਨੂੰ ਪੱਕੇ ਪੈਰੀਂ ਪਾਇਆ ਅਤੇ ਕਿੰਨੇ ਹੀ ਨੌਜੁਆਨਾਂ ਨੂੰ ਅਗਾਂਹਵਧੂ ਸੇਧ ਦਿੱਤੀ । ਟਰਾਂਟੋ ਤੋਂ ਆਏ ਅਜੀਤ ਸਿੰਘ ਰੱਖੜਾ ਨੇ ਉਥੇ ਬਜ਼ੁਰਗਾਂ ਦੀ ਹਾਲਤ ਸੁਧਾਰਨ ਲਈ ਹੋ ਰਹੀਆਂ ਗਤੀ ਵਿਧੀਆਂ ਵਾਰੇ ਦੱਸਿਆ ।
ਇਸਤੋਂ ਬਾਅਦ ਪੰਜਾਬੀ ਲਿਖਾਰੀ ਸਭਾ ਦੀ ਪੁਸਤਕ “ਆਸ ਦੀਆਂ ਕਿਰਨਾਂ” ਰੀਲੀਜ ਕੀਤੀ ਗਈ। ਜਿਸ ਵਿਚ ਸਭਾ ਦੇ ਤਕਰੀਬਨ 18 ਮੈਂਬਰਾਂ ਦੀਆਂ ਕਵਿਤਾਵਾਂ ਦਰਜ ਹਨ। ਪੁਸਤਕ ਬਾਰੇ ਜਾਣਕਾਰੀ ਗੁਰਬਚਨ ਬਰਾੜ ਨੇ ਦਿੱਤੀ ਅਤੇ ਕੈਨੇਡਾ ਫੇਰੀ ਦੌਰਾਨ ਸਭਾ ਦੀ ਮੀਟਿੰਗ ਵਿਚ ਸ਼ਾਮਿਲ ਸਾਹਿਤਕਾਰ ਗੁਰਭਜਨ ਗਿੱਲ ਨੇ ਇਸ ਸਾਂਝੇ ਯਤਨ ਦੀ ਤਾਰੀਫ਼ ਕੀਤੀ। ਗੁਰਭਜਨ ਗਿੱਲ ਨੇ ਨਵੇਂ ਅਤੇ ਪੁਰਾਣੇ ਲੇਖਕਾਂ ਦੀਆਂ ਰਚਨਾਵਾਂ ਨੂੰ ਇੱਕ ਪੁਸਤਤਕ ਵਿੱਚ ਛਾਪਣ ਤੇ ਕਿਹਾ ਕਿ ਇਸ ਨਾਲ਼ ਨਵੇਂ ਲੇਖਕਾਂ ਨੂੰ ਆਪਦੀਆਂ ਰਚਨਾਵਾਂ ਦੇ ਨਾਪ ਤੋਲ ਦਾ ਪਤਾ ਲੱਗ ਜਾਂਦਾ ਹੈ । ਸਕਾਟਲੈਂਡ ਤੋਂ ਆਈ ਪੰਜਾਬੀ ਕਵਿੱਤਰੀ ਸਾਵੀ ਤੂਰ ਨੇ ਬਹੁਤ ਹੀ ਭਾਵ-ਪੂਰਤ ਕਵਿਤਾ ਸਾਂਝੀ ਕੀਤੀ। ਇਸ ਤੋਂ ਇਲਾਵਾ ਰਚਨਾਵਾਂ ਦੇ ਦੌਰ ਵਿਚ ਸੁਰਿੰਦਰ ਗੀਤ, ਬਲਜਿੰਦਰ ਸੰਘਾ, ਤਰਲੋਚਨ ਸੈਂਹਬੀ, ਸਰੂਪ ਮੰਡੇਰ, ਸੁਖਵਿੰਦਰ ਚੋਹਲਾ, ਸੰਗਰਾਮ ਸਿੰਘ, ਜਗਦੀਸ਼ ਕੌਰ ਗਰੇਵਾਲ, ਹਰਮਿੰਦਰ ਕੌਰ ਢਿੱਲੋਂ, ਗੁਰਚਰਨ ਸਿੰਘ ਹੇਅਰ, ਗੁਰਸ਼ਰਨ ਕੌਰ ਤੂਰ, ਹਰਨੇਕ ਬੱਧਣੀ, ਆਦਿ ਨੇ ਭਾਗ ਲਿਆ। ਸਮੇਂ ਦੀ ਘਾਟ ਕਾਰਨ ਕਾਫੀ ਲੇਖਕ ਰਚਨਾਵਾਂ ਸੁਨਾਉਣ ਤੋਂ ਰਹਿ ਗਏ । ਅੰਤ ਵਿੱਚ ਸਭਾ ਦੇ ਪਰਧਾਨ ਹਰੀਪਾਲ ਨੇ ਸਭ ਆਏ ਲੇਖਕਾਂ / ਸਰੋਤਿਆਂ ਦਾ ਧੰਨਵਾਦ ਕੀਤਾ । ਸਭਾ ਦੀ ਅਗਸਤ ਮਹੀਨੇ ਦੀ ਮੀਟਿੰਗ ਕੋਸੋ ਦੇ ਹਾਲ ਵਿੱਚ 16 ਅਗਸਤ ਨੂੰ ਹੋਵੇਗੀ । ਹੋਰ ਜਾਣਕਾਰੀ ਲਈ ਸਭਾ ਦੇ ਪਰਧਾਨ ਹਰੀਪਾਲ ਨੂੰ 403-714-4816 ਤੇ ਜਾਂ ਜਰਨਲ ਸਕੱਤਰ ਸੁਖਪਾਲ ਪਰਮਾਰ ਨੂੰ 403-830-2374 ਤੇ ਸੰਪਰਕ ਕੀਤਾ ਜਾ ਸਕਦਾ ਹੈ ।