ਬਲਜਿੰਦਰ ਸੰਘਾ- ਕੈਨੇਡਾ ਦੇ ਅਲਬਰਟਾ ਸੂਬੇ ਵਿਚ ਠੰਡ ਦਾ ਮੌਸਮ ਤਕਰੀਬਨ ਸੱਤ ਮਹੀਨੇ ਤੱਕ ਲੰਬਾ ਚਲਾ ਜਾਂਦਾ ਹੈ ਇਸੇ ਕਰਕੇ ਬਹੁਤੇ ਜਨਤਕ ਸਮਾਗਮ ਮਈ ਤੋਂ ਅਗਸਤ ਦੇ ਮਹੀਨਿਆਂ ਵਿਚ ਉਲੀਕੇ ਜਾਂਦੇ ਹਨ। ਕਈ ਹਫ਼ਤਿਆਂ ਦੇ ਅਖ਼ੀਰ ਤੇ ਤਾਂ ਕਈ-ਕਈ ਪ੍ਰੋਗਰਾਮ ਇਕੱਠੇ ਹੋ ਜਾਂਦੇ ਹਨ। ਇਹੋ ਜਿਹੇ ਸਮਾਗਮਾਂ ਵਿਚ ਕਲਾਕਰਾਂ ਦੇ ਅਖਾੜੇ ਵੀ ਸ਼ਾਮਿਲ ਹੁੰਦੇ ਹਨ ਪਰ ਜੇਕਰ ਇਹ ਅਖਾੜੇ ਖੁੱਲ੍ਹੇ ਗਰਾਊਡਾਂ ਵਿਚ ਬਿਨਾਂ ਕਿਸੇ ਟਿਕਟ ਦੇ ਹੋਣ ਤਾਂ ਲੋਕਾਂ ਲਈ ਖ਼ਾਸ ਸਮਾਗਮ ਹੋ ਨਿੱਬੜਦੇ ਹਨ। ਅਜਿਹਾ ਹੀ ਇਕ ਮੇਲਾ ਰਣਜੀਤ ਸਿੱਧੂ, ਪਾਲੀ ਵਿਰਕ, ਹਰਪਿੰਦਰ ਸਿੱਧੂ ਵੱਲੋਂ ਹੋਰ ਸਹਿਯੋਗੀ ਸਪਾਸਰਾਂ ਦੀ ਮਦਦ ਨਾਲ ਪੰਜਾਬੀ ਨੈਸ਼ਨਲ ਮੇਲਾ ਦੇ ਟਾਈਟਲ ਹੇਠ ਜੈਨਸਸ ਸੈਂਟਰ ਨਾਰਥ ਈਸਟ ਦੇ ਖੁੱਲ੍ਹੇ ਗਰਾਊਂਡ ਵਿਚ ਕਰਵਾਇਆ ਗਿਆ। ਰਣਜੀਤ ਸਿੱਧੂ ਦੁਆਰਾ ਸਪਾਸਰਾਂ, ਸਹਿਯੋਗੀਆਂ, ਪੰਜਾਬੀ ਮੀਡੀਆ ਕਲੱਬ ਦੇ ਮੈਂਬਰਾਂ ਦੇ ਧੰਨਵਾਦ ਨਾਲ ਸ਼ੁਰੂ ਹੋਏ ਇਸ ਮੇਲੇ ਵਿਚ ਲੋਕਲ ਕਲਾਕਰਾਂ ਰਮਨ ਪੁਰਬਾ, ਹਰਪ੍ਰੀਤ ਰਾਏ, ਮੈਨੀ ਡੀ, ਪਾਲ ਚਾਹਲ, ਗੋਲਡੀ ਮਾਣਕ, ਤੋਂ ਬਾਅਦ ਚਹੇਤੇ ਗਾਇਕ ਹਰਪ੍ਰੀਤ ਢਿੱਲੋਂ ਨੇ ‘ਏਸ ਪਿੰਡ ਮਿੱਤਰਾਂ ਦਾ ਦਿਲ ਰਹਿੰਦਾ’ ਤੋਂ ਇਲਾਵਾ ਹੋਰ ਸੋਲੋ ਗੀਤਾਂ ਤੋਂ ਬਾਅਦ ਜੱਸੀ ਕੌਰ ਨਾਲ ਡਿਊਟ ਗੀਤਾਂ ਦੀ ਲਗਾਤਾਰ ਦਮਦਾਰ ਅਵਾਜ਼ ਨਾਲ ਭਰਪੂਰ ਹਾਜ਼ਰੀ ਲਵਾਈ। ਪ੍ਰਸਿੱਧ ਗਾਇਕ ਅਮਰਿੰਦਰ ਗਿੱਲ ਜਿਸਨੇ ਆਪਣੇ ਗਾਇਕੀ ਦੇ ਕੈਰੀਅਰ ਦੀ ਸ਼ੁਰੂਅਤ ਹੀ ਵਧੀਆ ਗੀਤ ‘ਮਧਾਣੀਆਂ’ ਨਾਲ ਕੀਤੀ ਸੀ। ਲੋਕ ਦਿਲਾਂ ਵਿਚ ਆਪਣੀ ਪ੍ਰਪੱਕ ਗਾਇਕੀ, ਫਿਲਮੀ ਅਦਾਕਾਰੀ ਅਤੇ ਸਮਾਜਿਕ ਸੂਝ-ਬੂਝ ਨਾਲ ਇਕ ਸੁਚੱਜੇ ਗਾਇਕ ਦੀ ਥਾਂ ਬਣਾਈ ਹੋਈ ਹੈ ਨੇ ਲੋਕਾਂ ਦੇ ਕਾਫ਼ੀ ਇੰਤਜਾਰ ਤੋਂ ਬਾਅਦ ਸਟੇਜ ਤੋਂ ਭਰਪੂਰ ਹਾਜ਼ਰੀ ਲਵਾਉਂਦਿਆਂ ਸਭ ਨੂੰ ਕੀਲ ਲਿਆ। ਅਵਾਜ, ਦਿੱਖ ਤੇ ਡੂੰਘੇ ਬੋਲਾਂ ਦੇ ਸਾਫ਼-ਸੁਥਰੇ ਪਰਿਵਾਰਕ ਗੀਤ, ਸਾਫ-ਸੁਥਰੇ ਰੁਮਾਚਿਕ ਗੀਤ ਗਾਉਣ ਕਰਕੇ ਗੀਤ ‘ਨਾਜਰਾਂ ਲਾ ਸੀਪ ਦੀ ਬਾਜ਼ੀ’ ‘ਦਿਲਦਾਰੀਆਂ’ ਇਕ ਤੋਂ ਬਾਅਦ ਇਕ ਲਗਾਤਾਰ ਦਰਜ਼ਨ ਤੋਂ ਵੱਧ ਗੀਤਾਂ ਨਾਲ ਹਾਜ਼ਰੀ ਲਵਾਕੇ ਮੇਲਾ ਲੁੱਟ ਲਿਆ। ਕਈ ਤਰ੍ਹਾਂ ਦੇ ਸਟਾਲਾਂ ਤੋਂ ਬਿਨਾਂ ਇਸ ਮੇਲੇ ਵਿਚ ਆਉਣ ਵਾਲੇ ਪ੍ਰੋਗਰਾਮਾਂ ਦੇ ਪੋਸਟਰ ਵੀ ਰੀਲੀਜ਼ ਕੀਤੇ ਗਏ, ਜਿਸ ਵਿਚ ਇੰਡੋ-ਕੈਨੇਡੀਅਨ ਆਰਟਿਸਟ ਕਲੱਬ ਦਾ ਮੇਲਾ, ਜੈਜੀ ਬੀ ਦਾ ਸ਼ੋਅ, ਪਾਲ ਚਾਹਲ ਦੀ ਸੀਡੀ, ਪ੍ਰਸਿੱਧ ਗੀਤਕਾਰ ਵਿਜੇ ਧੰਮੀ ਦਾ ਕੈਲਗਰੀ ਦੇ ਪੰਜਾਬੀ ਮੀਡੀਆ ਕਲੱਬ ਵੱਲੋਂ ਸਨਮਾਨ ਆਦਿ। ਭਰਵੀਂ ਹਾਜ਼ਰੀ ਵਿਚ ਪਹੁੰਚੇ ਕੈਲਗਰੀ ਦੇ ਪਰਿਵਾਰਾਂ ਤੋਂ ਇਲਾਵਾਂ ਐਮਿੰਟਨ ਤੋਂ ਇੰਦਰਜੀਤ ਸਿੰਘ ਮੁੱਲ੍ਹਾਪੁਰ, ਸਾਹਿਤਕਾਰ ਗੁਰਭਜਨ ਗਿੱਲ, ਐਮ.ਐਲ.ਏ.ਮਨਮੀਤ ਭੁੱਲਰ, ਸਾਬਕਾ ਐਮ.ਐਲ.ਏ. ਦਰਸ਼ਨ ਸਿੰਘ ਕੰਗ ਆਦਿ ਹਾਜ਼ਰ ਸਨ। ਡਰੱਗ ਅਵੇਅਰਨੈਸ ਫਾਊਡੇਸ਼ਨ ਵੱਲੋਂ ਬਲਵਿੰਦਰ ਸਿੰਘ ਕਾਹਲੋਂ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸੰਬੰਧੀ ਪੈਫਲਿਟ ਵੰਡੇ। ਬੇਸ਼ਕ ਇਹ ਪਹਿਲਾ ਖੁੱਲ੍ਹਾ ਮੇਲਾ ਸੀ ਤੇ ਕੁਝ ਕਮੀਆਂ ਦਾ ਰਹਿ ਜਾਣਾ ਕੁਦਰਤੀ ਹੈ ਜੋ ਪ੍ਰਬੰਧਕਾਂ ਨੇ ਨੋਟ ਕੀਤੀਆ ਤਾਂ ਕਿ ਭਵਿੱਖ ਵਿਚ ਸੁਧਾਰ ਕੀਤਾ ਜਾ ਸਕੇ।