ਬਲਜਿੰਦਰ ਸੰਘਾ-ਆਮ ਆਦਮੀ ਪਾਰਟੀ ਦੇ ਫਰੀਦਕੋਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ ਦੀ ਕੈਨੇਡਾ ਫੇਰੀ ਦੌਰਾਨ ਉਹਨਾਂ ਦੇ ਜੱਦੀ ਪਿੰਡ ਮਾਣੂੰਕੇ ਗਿੱਲ (ਮੋਗਾ) ਦੇ ਲੋਕਾਂ ਵੱਲੋਂ ਗੁਰਲਾਲ ਸਿੰਘ ਮਾਣੂੰਕੇ ਦੀ ਅਗਵਾਈ ਹੇਠ ਸਵਾਗਤੀ ਇਕੱਠ ਬੀਕਾਨੇਰ ਸਵੀਟਸ ਰੈਸਟੋਰੈਟ ਵਿਚ ਕੀਤਾ ਗਿਆ। ਰਿਸ਼ੀ ਨਾਗਰ ਦੀ ਸਟੇਜ ਸੰਚਾਲਨਾਂ ਹੇਠ ਆਮ ਆਦਮੀ ਪਾਰਟੀ ਦੇ ਹਮਾਇਤੀ ਡੈਨ ਸਿੱਧੂ ਨੇ ਸਟੇਜ ਤੋਂ ਬੋਲਦਿਆ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਆਮ ਆਦਮੀ ਪਾਰਟੀ ਹੀ ਅਜਿਹੀ ਪਾਰਟੀ ਹੈ ਜਿਸਨੇ ਭ੍ਰਿਸ਼ਟਾਚਾਰ ਦੇ ਖਿਲਾਫ਼ ਅਤੇ ਆਮ ਆਦਮੀ ਦੀ ਲੁੱਟ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ ਹੈ। ਉਹਨਾਂ ਪ੍ਰੋਫੈਸਰ ਸਾਧੂ ਸਿੰਘ ਅੱਗੇ ਇਹ ਕਹਿੰਦਿਆ ਕਈ ਸਵਾਲ ਰੱਖੇ ਕਿ ਉਹ ਜਾਣਦੇ ਹਨ ਕਿ ਪਾਰਲੀਮੈਂਟ ਵਿਚ ਇਸ ਪਾਰਟੀ ਦੇ ਸਿਰਫ਼ ਚਾਰ ਮੈਂਬਰ ਹੋਣ ਕਰਕੇ ਰਾਜਨੀਤਕ ਪਹੁੰਚ ਬਹੁਤ ਥੋੜੀ ਹੈ ਪਰ ਜੇਕਰ ਰਾਜਨੀਤਕ ਮੁੱਦਿਆਂ ਨੂੰ ਪਾਸੇ ਰੱਖ ਲਿਆ ਜਾਵੇ ਤਾਂ ਸਾਡਾ ਆਪ ਦੁਆਰਾ ਆਮ ਆਦਮੀ ਪਾਰਟੀ ਲਈ ਸੁਨੇਹਾ ਇਹ ਵੀ ਹੈ ਕਿ ਪਰਵਾਸ ਵਿਚ ਬੈਠਕੇ ਦੇਸ ਦਾ ਭਲਾ ਸੋਚਣ ਲਈ ਆਪਣੀ ਹੱਕ ਪਸੀਨੇ ਦੀ ਕਮਾਈ ਵਿਚੋਂ ਪਾਰਟੀ ਦੀ ਆਰਥਿਕ ਸਹਾਇਤਾ ਕਰਨ ਵਾਲਿਆ ਨੂੰ ਸਿਰਫ਼ ਫੰਡ ਲੈਣ ਤੱਕ ਹੀ ਸੀਮਿਤ ਨਾ ਰੱਖਿਆ ਜਾਵੇ ਬਲਕਿ ਪਾਰਟੀ ਵਿਚ ਉਹਨਾਂ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਬਣਦਾ ਸਥਾਨ ਦਿੱਤਾ ਜਾਵੇ। ਵਾਈਲਡਰੋਜ਼ ਪਾਰਟੀ ਦੇ ਸੀਨੀਅਰ ਮੈਂਬਰ ਹੈਪੀ ਮਾਨ ਨੇ ਆਪਣੀ ਪਾਰਟੀ ਵੱਲੋਂ ਜਿੱਥੇ ਪ੍ਰੋæ ਸਾਧੂ ਸਿੰਘ ਹੋਰਾਂ ਨੂੰ ਜੀ ਆਇਆ ਆਖਿਆ ਉੱਥੇ ਹੀ ਇਸ ਗੱਲ ਦੀ ਬੇਨਤੀ ਕੀਤੀ ਕਿ ਪਾਰਟੀ ਮਨੁੱਖੀ ਹੱਕਾਂ ਦੀ ਅਵਾਜ਼ ਨੂੰ ਹੋਰ ਬੁਲੰਦ ਕਰੇ ਤੇ ਅਸੀਂ ਚਾਹੁੰਦੇ ਹਾਂ ਸਾਡੀ ਜਨਮ ਭੂਮੀ ਤੇ ਹਰ ਇਕ ਨੂੰ ਇਨਸਾਫ਼ ਮਿਲੇ। ਇਸਤੋਂ ਬਾਅਦ ਪ੍ਰੋਫੈਸਰ ਸਾਧੂ ਸਿੰਘ ਨੇ ਆਪਣੇ ਸਾਹਿਜ ਅਤੇ ਠਰੰਮੇ ਨਾਲ ਗੱਲ ਕਰਨ ਵਾਲੇ ਅੰਦਾਜ਼ ਵਿਚ ਸਟੇਜ ਸੰਭਾਲੀ। ਉਹਨਾਂ ਕਿਹਾ ਕਿ ਇਹ ਉਹਨਾਂ ਦੀ ਨਿੱਜੀ ਕੈਨੇਡਾ ਫੇਰੀ ਹੈ ਅਤੇ ਨਾਲ ਹੀ ਬੜੇ ਸਹਿਜ ਸੁਭਾਅ ਨਾਲ ਕਿਹਾ ਕਿ ਬੇਸ਼ਕ ਉਹ ਇਸ ਸਮੇਂ ਆਮ ਆਦਮੀ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਹਨ ਪਰ ਉਹਨਾਂ ਨੂੰ ਰਾਜਨੀਤੀ ਨਹੀਂ ਆਉਂਦੀ, ਪਰ ਉਹ ਖ਼ੁਦ ਰਾਜਨੀਤਕ ਤਬਦੀਲੀ ਦੇ ਇਛੁੱਕ ਹਨ। ਉਹਨਾਂ ਦਾ ਆਮ ਆਦਮੀ ਪਾਰਟੀ ਵਿਚ ਰੁਚਿਤ ਹੋਣ ਦਾ ਕਾਰਨ ਵੀ ਇਹੀ ਸੀ ਕਿ ਇਹ ਪਾਰਟੀ ਭ੍ਰਿਸ਼ਟਾਚਾਰ ਵਿਰੋਧੀ ਹੈ। ਦੂਸਰਾ ਜਿੱਥੇ ਹੁਣ ਭਾਰਤ ਦੇ ਬਹੁਤੇ ਸੂਬਿਆ ਵਿਚ ਪਰਿਵਾਰਵਾਦ ਦੀ ਰਾਜਨੀਤੀ ਚੱਲ ਰਹੀ ਹੈ ਉੱਥੇ ਆਮ ਆਦਮੀ ਪਾਰਟੀ ਦਾ ਉਦੇਸ਼ ਇਸ ਤੋਂ ਦੇਸ਼ ਨੂੰ ਨਿਜਾਤ ਦਿਵਾਉਣਾ ਹੈ। ਪਾਰਟੀ ਦੇ ਮੁੱਖ ਨੇਤਾ ਤੇ ਹੁਣ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਕੇਜਰੀਵਾਲ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ ਅਜਿਹੀ ਨੌਕਰੀ ਕਰਦੇ ਸਨ ਕਿ ਜੇਕਰ ਉਹ ਚਾਹੁੰਦੇ ਤਾਂ ਬੜੇ ਠਾਠ ਨਾਲ ਜ਼ਿੰਦਗੀ ਗੁਜ਼ਾਰ ਸਕਦੇ ਸਨ। ਪਰ ਉਹਨਾਂ ਨੇ ਤਾਨਾਸ਼ਾਹੀ ਅਤੇ ਭ੍ਰਿਸ਼ਟ ਹੋ ਚੁੱਕੀ ਭਾਰਤੀ ਸਿਆਸਤ ਨੂੰ ਬਦਲਣ ਲਈ ਝੰਡਾ ਚੁੱਕਿਆ। ਹੁਣ ਸਾਡੀ ਪਾਰਟੀ ਦੀ ਲੜਾਈ ਅਸਲ ਲੋਕਤੰਤਰ ਸਥਾਪਤ ਕਰਨ ਤੇ ਤਾਨਾਸ਼ਾਹੀ ਖ਼ਤਮ ਕਰਨ ਦੀ ਹੈ। ਪਰ ਇਹ ਲੜਾਈ ਬੜੇ ਲੰਮੇ ਸਮੇਂ ਤੋਂ ਦੇਸ਼ ਦੀ ਰਾਜਨੀਤੀ ਤੇ ਭਾਰੂ ਪਾਰਟੀਆਂ ਨਾਲ ਹੋਣ ਕਰਕੇ ਲੰਮੀ ਜਾ ਸਕਦੀ ਹੈ ਸੋ ਹੋਂਸਲੇ ਤੇ ਧੀਰਜ ਦੀ ਲੋੜ ਹੈ। ਉਹਨਾਂ ਆਮ ਆਦਮੀ ਪਾਰਟੀ ਦੀ ਚੜ੍ਹਤ ਵਿਚ ਪਰਵਾਸੀ ਲੋਕਾਂ ਦੇ ਯੋਗਦਾਨ ਦੀ ਸਲਹਾਨਾ ਕੀਤੀ ਤੇ ਕਿਹਾ ਕਿ ਪਰਿਵਾਰਵਾਦ ਦੀ ਰਾਜਨੀਤੀ ਖ਼ਤਮ ਕਰਨ ਵਿਚ ਸਾਡਾ ਸਾਥ ਦਿਓ। ਇੱਥੇ ਆਏ ਭਾਰਤੀ ਨੇਤਾਵਾਂ ਨੂੰ ਸਵਾਲ ਕਰੋ। ਪੰਜਾਬੀ ਸ਼ੁਰੂ ਤੋਂ ਹੀ ਇਨਕਲਾਬੀ ਰਹੇ ਹਨ ਤੇ ਅਸੀਂ ਹੁਣ ਵੀ ਉੱਧਰ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਧਰਨੇ ਲਗਾਉਂਦੇ ਹਾਂ। ਜਿੱਥੇ ਇਹਨਾਂ ਦੇਸ਼ਾਂ ਵਿਚ ਕਾਨੂੰਨ ਅਤੇ ਸਹੀ ਸਿਸਟਮ ਦਾ ਰਾਜ ਹੈ ਉਸ ਤਰ੍ਹਾਂ ਦਾ ਰਾਜ ਸਾਡੇ ਦੇਸ ਵਿਚ ਲਿਆਉਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਪ੍ਰੋਫੈਸਰ ਸਾਧੂ ਸਿੰਘ ਨੇ ਤਿੰਨ ਦਹਾਕੇ ਕਾਲਜ ਵਿਚ ਪੜਾਇਆ ਹੈ ਤੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਪੜ੍ਹੇ ਉਹਨਾਂ ਦੇ ਸੈਂਕੜੇ ਵਿਦਿਆਰਥੀ ਕਈ ਦੇਸ਼ਾਂ ਵਿਚ ਰਹਿੰਦੇ ਹਨ। ਜੋ ਉਹਨਾਂ ਦੇ ਸਾਹਿਜ, ਮਿਹਨਤੀ ਅਤੇ ਇਮਾਨਦਾਰੀ ਵਾਲੇ ਕਿਰਦਾਰ ਦੇ ਕਦਰਦਾਨ ਹਨ।