ਸ੍ਰੀ ਵਿਸ਼ਨੂੰ ਪ੍ਰਕਾਸ਼ ਨੇ ਦਿੱਤੇ ਸਵਾਲਾਂ ਦੇ ਜਵਾਬ
ਬਲਜਿੰਦਰ ਸੰਘਾ- ਗਲੋਬਲ ਪ੍ਰਵਾਸੀ ਸੀਨੀਅਰ ਸੁਸਾਇਟੀ ਸਮੇਂ-ਸਮੇਂ ਸਮਾਜ ਨੂੰ ਜੋੜਨ ਵਾਲੇ ਅਤੇ ਜਾਣਕਾਰੀ ਭਰਪੂਰ ਸੈਮੀਨਾਰ ਉਲਕੀਦੀ ਰਹਿੰਦੀ ਹੈ। ਸੁਸਾਇਟੀ ਦੇ ਪ੍ਰਧਾਨ ਸਤਪਾਲ ਕੌਸ਼ਲ ਦੀ ਅਗਵਾਈ ਵਿਚ ਇਕ ਜਾਣਕਾਰੀ ਭਰਪੂਰ ਪ੍ਰੋਗਰਾਮ ਦਾ ਆਯੋਜਨ ਫਾਲਕਿਨਰਿੱਜ ਕਮਿਊਨਟੀ ਹਾਲ ਵਿਚ ਕੀਤਾ ਗਿਆ। ਜਿਸ ਦਾ ਉਦੇਸ਼ ਕੈਨੇਡਾ ਵੱਸਦੇ ਭਾਰਤੀਆਂ ਨੂੰ ਵਾਪਸ ਆਪਣੇ ਦੇਸ਼ ਜਾਣ ਵੇਲੇ ਵੀਜਾ ਲਗਵਾਉਣ ਤੋਂ ਲੈ ਕੇ ਦੂਹਰੀ ਨਾਗਰਿਕਤਾ ਤੱਕ ਆਉਣ ਵਾਲੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਕਾਰਨ ਅਤੇ ਹੱਲ ਹੋਣ ਤੱਕ ਬਾਰੇ ਗੱਲਬਾਤ ਅਤੇ ਸਵਾਲ-ਜਵਾਬ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਅਤੇ ਗੁਜਰਾਤੀ ਨਾਚਾਂ ਨਾਲ ਹੋਈ। ਰਿਸ਼ੀ ਨਾਗਰ ਦੀ ਸਟੇਜ ਸੰਚਾਲਨਾ ਹੇਠ ਕੈਲਗਰੀ ਨੌਰਥ ਈਸਟ ਤੋਂ ਐਮ.ਪੀ. ਸ੍ਰੀ ਦਵਿੰਦਰ ਸ਼ੋਰੀ ਨੇ ਕੈਲਗਰੀ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸ੍ਰੀ ਵਿਸ਼ਨੂੰ ਪ੍ਰਕਾਸ਼ ਦੇ ਆਹੁਦਿਆ ਅਤੇ ਵਿਸ਼ਾਲ ਅਨੁਭਵ ਬਾਰੇ ਜਾਣਕਾਰੀ ਦਿੱਤੀ। ਰਿਸ਼ੀ ਨਾਗਰ ਦੁਆਰਾ ਲੋਕਾਂ ਵਿਚੋਂ ਇਕੱਠੇ ਕੀਤੇ ਸਵਾਲ ਅਤੇ ਵੀਜੇ ਸਬੰਧੀ ਮੁਸ਼ਕਲਾਂ ਦੇ ਪ੍ਰਸ਼ਨ ਵਿਸ਼ਨੂੰ ਪ੍ਰਕਾਸ਼ ਮੂਹਰੇ ਸਟੇਜ ਤੋਂ ਰੱਖੇ। ਸ੍ਰੀ ਵਿਸ਼ਨੂੰ ਪ੍ਰਕਾਸ਼ ਨੇ ਬੜੀ ਅਪਣੱਤ ਅਤੇ ਸਾਹਿਜ ਨਾਲ ਪੰਜਾਬੀ ਵਿਚ ਆਪਣੀ ਗੱਲਬਾਤ ਸ਼ੁਰੂ ਕਰਦਿਆਂ ਭਾਰਤੀਆਂ ਦੀ ਕੈਨੇਡਾ ਵਿਚ ਮਿਹਨਤ ਅਤੇ ਖ਼ਾਸ ਕਰਕੇ ਸਿੱਖ ਕਮਿਊਨਟੀ ਦਾ ਜ਼ਿਕਰ ਕੀਤਾ ਜਿਹਨਾਂ ਨੇ ਇੱਥੇ ਆਕੇ ਆਪਣੀ ਮਿਹਨਤ ਨਾਲ ਕਾਰੋਬਾਰ ਸਥਾਪਤ ਕੀਤੇ ਹਨ। ਉਹਨਾਂ ਕਿਹਾ ਕਿ ਜਿੱਥੇ ਭਾਰਤੀ ਇੱਥੇ ਦੇ ਵਸਨੀਕ ਬਣਕੇ ਕੈਨੇਡਾ ਦੀਆਂ ਸੁਖ-ਸਹੂਲਤਾਂ ਮਾਣਦੇ ਹਨ ਉੱਥੇ ਹੀ ਇੱਥੋਂ ਦੇ ਅਰਥਚਾਰੇ ਵਿਚ ਉਹਨਾਂ ਦਾ ਬੜਾ ਯੋਗਦਾਨ ਹੈ। ਸਵਾਲਾਂ ਦੇ ਜਵਾਬ ਵਿਚ ਉਹਨਾਂ ਓ.ਸੀ.ਆਈ (ਦੂਹਰੀ ਨਾਗਰਿਕਤਾ), ਪੀ.ਆਈ.ਓ. (15 ਸਾਲਾਂ ਦਾ ਬਹੁ-ਇੰਟਰੀ ਵੀਜਾ), ਐਮਰਜੈਸੀ ਵਿਚ ਇੰਡੀਆ ਪਹੁੰਚਣ ਤੇ ਲੱਗਣ ਵਾਲਾ ਵੀਜਾ ਅਤੇ ਹੋਰ ਵੀਜੇ ਦੀਆਂ ਕਿਸਮਾਂ ਬਾਰੇ ਸਵਾਲਾਂ ਦੇ ਜਵਾਬ ਤੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਜਿਸ ਨਵੀਂ ਸਕੀਮ ਰਾਹੀਂ ਪੀ.ਆਈ.ਓ. ਨੂੰ ਓ.ਸੀ.ਆਈ. ਵਿਚ ਬਦਲਨ ਦੀ ਸਹੂਲਤ ਦਿੱਤੀ ਗਈ ਹੈ ਸਭ ਨੂੰ ਜਲਦੀ ਆਪਣੇ ਪੀ.ਆਈ.ਓ. ਬਦਲਾਅ ਲੈਣੇ ਚਾਹੀਦੇ ਹਨ। ਉਹਨਾਂ ਨਵੇਂ ਸੁਰੂ ਹੋਣ ਵਾਲੇ 10 ਸਾਲਾਂ ਬਹੁ-ਇੰਟਰੀ ਵੀਜੇ ਬਾਰੇ ਵੀ ਜਾਣਕਾਰੀ ਦਿੱੱਤੀ। ਮੁੱਖ ਸਮੱਸਿਆਂ ਉਹਨਾਂ ਲੋਕਾਂ ਦੀ ਸੀ ਜੋ ਕੈਨੇਡਾ ਵਿਚ ਇਸ ਰਫ਼ਿਊਜੀ ਸਟੇਸਟਸ ਨਾਲ ਪੱਕੇ ਹੋਏ ਹਨ ਕਿ ਭਾਰਤ ਵਿਚ ਉਹਨਾਂ ਦੀ ਜਾਨ ਨੂੰ ਖ਼ਤਰਾ ਹੈ ਅਤੇ ਜਾਂ ਉਹਨਾਂ ਦੀਆਂ ਇਹ ਸਟੇਟਮੈਂਟਾਂ ਭਾਰਤ ਵਿਰੋਧੀ ਹਨ। ਬਹੁਤੇ ਲੋਕ ਪਹਿਲਾਂ ਤਾਂ ਭਾਰਤ ਗੇੜੇ ਲਗਾਉਂਦੇ ਰਹੇ ਹਨ ਪਰ ਹੁਣ ਭਾਰਤ ਸਰਕਾਰ ਨੇ ਉਹਨਾਂ ਦੀਆਂ ਉਪਰੋਤਕ ਸਟੇਟਮੈਂਟਾਂ ਨੂੰ ਅਧਾਰ ਬਣਾਕੇ ਨਵਿਉਣ ਲਈ ਭੇਜੇ ਪਾਸਪੋਰਟ ਹੋਲਡ ਕੀਤੇ ਹੋਏ ਹਨ ਤੇ ਉਹ ਵਾਪਸ ਨਹੀਂ ਜਾ ਸਕਦੇ ਤੇ ਦੂਸਰਾ ਮੁੱਦਾ ਕਾਲੀਆ ਸੂਚੀਆਂ ਦਾ ਸੀ। ਜਿਸ ਬਾਰੇ ਉਹਨਾਂ ਆਪਣੇ ਵੱਲੋਂ ਸਹੀ ਜਵਾਬ ਦੇਣ ਤੇ ਇੰਡੀਆ ਦੇ ਕਾਨੂੰਨ ਅਨੁਸਾਰ ਮਸਲੇ ਹੱਲ ਕਰਨ ਦੀ ਹਾਮੀ ਭਰੀ। ਪਰ ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਇਹੋ ਜਿਹੇ ਬਿਆਨ ਦੇ ਕੇ ਕੈਨੇਡਾ ਵਿਚ ਪੱਕੇ ਹੋਏ ਲੋਕ ਕਿ ਭਾਰਤ ਵਿਚ ਸਾਡੀ ਜਾਨ ਨੂੰ ਖਤਰਾ ਹੈ ਸਾਰੇ ਗਲਤ ਨਹੀਂ ਹਨ ਅਤੇ ਨਾ ਹੀ ਭਾਰਤ ਵਿਰੋਧੀ ਕਿਸੇ ਗਤੀਵਿਧੀ ਵਿਚ ਸ਼ਾਮਿਲ ਹਨ। ਦਸ-ਦਸ ਸਾਲ ਹੋਰ ਦੇਸ਼ਾਂ ਵਿਚੋਂ ਹੱਦਾਂ ਟੱਪਦੇ ਕੈਨੇਡਾ ਸਿਰਫ਼ ਰੋਜ਼ਗਾਰ ਲਈ ਪਹੁੰਚੇ ਉਹ ਲੋਕ ਹਨ ਜਿਹਨਾਂ ਆਪਣੇ ਕਾਨੂੰਨੀ ਮਾਹਿਰਾਂ ਦੇ ਕਹਿਣ ਤੇ ਸਿਰਫ਼ ਪੱਕੇ ਹੋਣ ਲਈ ਬਿਆਨ ਦਿੱਤੇ ਹਨ। ਸਰਕਾਰ ਨੂੰ ਚਾਹੀਦਾ ਹੈ ਅਜਿਹੇ ਲੋਕਾਂ ਦੇ ਵੀਜਾ ਮਸਲੇ ਪਹਿਲ ਦੇ ਅਧਾਰ ਤੇ ਹੱਲ ਕਰੇ ਅਤੇ ਕਿਉਂਕਿ ਆਰਥਿਕ ਰਫਿਊਜੀ ਸਟੇਟਸ ਅਤੇ ਪੁਲਟੀਕਲ ਰਫਿਊਜੀ ਸਟੇਸਟ ਬਾਰੇ ਤਾਂ ਗੱਲ ਕੀਤੀ ਜਾਂਦੀ ਹੈ ਅਤੇ ਇਸ ਸੈਮੀਨਾਰ ਵਿਚ ਵੀ ਹੋਈ ਪਰ ਲੋੜ ਪੁਲਟੀਕਲ ਰਫਿਊਜ਼ੀ ਸਟੇਟਸ ਨੂੰ ਅੱਗੇ ਵਰਗੀਕਰਨ ਕਰਕੇ ਇਹਨਾਂ ਭਾਰਤੀਆਂ ਦੀਆਂ ਮੁਸ਼ਕਲਾਂ ਤੇ ਗੰਭੀਰ ਗੌਰ ਫਰਮਾਉਣ ਦੀ ਹੈ ਜਿਹਨਾਂ ਦੇ ਕਾਨੂੰਨੀ ਤੌਰ ਤੇ ਪੱਕੇ ਹੋਣ ਦਾ ਸਟੇਸਟਸ ਪੁਲੀਟੀਕਲ ਹੈ ਪਰ ਅਸਲ ਕਾਰਨ ਆਰਥਿਕ ਹਨ। ਪਰ ਅਚਾਨਕ ਪਾਸਪੋਰਟ ਹੋਲਡ ਕਰਕੇ ਆਪਣੇ ਪਰਿਵਾਰਾਂ ਤੋਂ ਦੂਰ ਕਰ ਦਿੱਤਾ ਤੇ ਅਜਿਹੇ ਦਸ ਤੋਂ ਵੀਹ ਸਾਲ ਤੱਕ ਪਰਿਵਾਰਾਂ ਤੋਂ ਦੂਰ ਰਹੇ ਲੋਕ ਪੱਕੇ ਹੋਣ ਤੇ ਵੀ ਵਾਪਸ ਪਰਿਵਾਰਾਂ ਨੂੰ ਮਿਲਣ ਲਈ ਤਰਸ ਰਹੇ ਹਨ। ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਦੇ ਮੈਬਰਾਂ ਵੱਲੋਂ ਸ਼੍ਰੀ ਵਿਸ਼ਨੂੰ ਪ੍ਰਕਾਸ਼ ਦਾ ਸਨਮਾਨ ਵੀ ਕੀਤਾ ਗਿਆ। ਕੁਲ ਮਿਲਾਕੇ ਇਹ ਆਪਣੀ ਕਿਸਮ ਦਾ ਜਾਣਕਾਰੀ ਭਰਪੂਰ ਤੇ ਮਸਲੇ ਸਾਂਝੇ ਕਰਨ ਦਾ ਉਸਾਰੂ ਪ੍ਰੋਗਰਾਮ ਹੋ ਨਿਬੜਿਆ।