“ਬਾਝ ਭਰਾਵਾਂ ਆਪਣਿਆਂ ਸੁੰਨਾ ਦੀਸੈ ਜੱਗ”
‘ਸੱਜਣ ਮੇਰੇ ਰੰਗਲੇ ਜਾਇ ਸੁੱਤੇ ਜੀਰਾਣਿ’ ਗੁਰਬਾਣੀ ਸ਼ਬਦ
1938 ਵਿਚ ਮਲੇਸ਼ੀਆ ਦੇ ਪੀਨਾਂਗ ਸ਼ਹਿਰ ਵਿਚ ਮਾਤਾ ਬਚਨ ਕੌਰ ਅਤੇ ਪਿਤਾ ਬੂੜ ਸਿੰਘ ਪਿੰਡ ਲੰਡੇ ਜਿਲ੍ਹਾਂ ਮੋਗਾ ਦੇ ਘਰ ਜਨਮੇ ਮੇਰੇ ਅਤੇ ਦੋ ਛੋਟੀਆਂ ਭੈਣਾਂ ਦੇ ਵੀਰ ਹਰਨਾਮ ਸਿੰਘ ਕੁਝ ਸਮਾਂ ਜਨਮ ਭੂਮੀ ਰਹਿਣ ਉਪਰੰਤ ਮਾਤਾ ਨਾਲ ਪੰਜਾਬ (ਭਾਰਤ) ਚਲੇ ਗਏ। ਮੁੱਢਲੀ ਵਿਦਿਆ ਪਾ੍ਰਪਤ ਕਰ ਬਚਪਨ ਅਤੇ ਜਵਾਨੀ ਦੀਆਂ ਸਿਰਫ਼ ਸਤਾਰਾਂ-ਅਠਾਰਾਂ ਬਹਾਰਾਂ ਦਾ ਅਨੰਦ ਮਾਣ ਸ੍ਰੀਮਤੀ ਮਲਕੀਤ ਕੌਰ ਨਾਲ ਸ਼ਾਦੀ ਉਪਰੰਤ ਵਿਦੇਸ਼ ਵੱਸਦੇ ਬਾਪ ਦੇ ਸੱਦੇ ਤੇ 1957 ਵਿਚ ਸੰਸਾਰ ਦੇ ਬੇਹਤਰੀਨ ਮੁਲਕ ਸਿੰਗਾਪੁਰ ਪਧਾਰ ਗਏ।
ਮੁੱਢਲੇ ਦੌਰ ਵਿਚ ਸਿੰਗਾਪੁਰ ਪੁਲੀਸ ਅਤੇ ਬਾਅਦ ਵਿਚ ਅਰਧ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ਵਿਚ ਸੇਵਾ ਕਰਦੇ ਰਹੇ। ਇਸ ਸਮੇਂ ਦੌਰਾਨ ਇਸ ਸੁਭਾਗ ਜੋੜੇ ਦੇ ਚਾਰ ਬੇਟਿਆਂ ਤੇ ਦੋ ਬੇਟੀਆਂ ਨੇ ਜਨਮ ਲਿਆ। ਜਿਹਨਾਂ ਨੂੰ ਪਾਲ-ਪੋਸ, ਪੜਾ-ਲਿਖਾ ਬਰਸਰੇ ਰੋਜ਼ਗਾਰ ਕਰ, ਵਿਆਹ ਸ਼ਾਦੀ ਉਪਰੰਤ ਆਪਣੇ-ਆਪਣੇ ਪਰਿਵਾਰਾਂ ਵਿਚ ਸੈਟਲ ਕੀਤਾ। ਭਾਰਤ ਵੱਸਦੇ ਸਾਡੇ ਪਰਿਵਾਰਾਂ ਨਾਲ ਵੀ ਜੁੜੇ ਰਹੇ ਤੇ ਗਾਹੇ-ਵਗਾਹੇ ਆਉਣ-ਜਾਣ ਵੀ ਬਣਿਆ ਰਿਹਾ। ਇਸ ਤਰ੍ਹਾਂ ਖ਼ੂਨ ਦੇ ਰਿਸ਼ਤੇ ਦੀ ਤੰਦ ਪੂਰਨ ਰੂਪ ਵਿਚ ਜੁੜੀ ਰਹੀ। ਕਾਫ਼ੀ ਸਮੇਂ ਤੋਂ ਸੇਵਾ-ਮੁਕਤ ਜੀਵਨ ਦਾ ਅਨੰਦ ਮਾਣ ਰਿਹਾ ਸੀ ਇਹ ਖੁਸ਼-ਮਿਜ਼ਾਜ ਤੇ ਜ਼ਿੰਦਾਦਿਲ ਮੇਰਾ ਵੀਰ। ਸਮੁੱਚੇ ਪਰਿਵਾਰ ਦੀ ਪਿਤਾ-ਨੁਮਾ ਸ਼ਖਸ਼ੀਅਤ, ਅਚਾਨਕ 13 ਮਈ 2015 ਨੂੰ ਆਪਣੀ ਧਰਮ ਪਤਨੀ, ਭੈਣਾਂ-ਭਰਾਵਾਂ, ਪੁੱਤਰਾਂ-ਧੀਆਂ, ਪੋਤਰੇ-ਪੋਤਰੀਆਂ, ਦੋਹਤੇ-ਦੋਹਤੀਆਂ ਅਤੇ ਦੇਸ਼-ਵਿਦੇਸ਼ ਵੱਸਦੇ ਪਰਿਵਾਰਾਂ ਨੂੰ ਅਲਵਿਦਾ ਆਖ ਸਦਾ-ਸਦਾ ਲਈ ਗੁਰੂ ਚਰਨਾਂ ਵਿਚ ਲੀਨ ਹੋ ਗਿਆ। ਪਰਿਵਾਰ ਵੱਲੋਂ ਦੁੱਖਦਾਈ ਸੁਨੇਹਾ ਮਿਲਣ ਤੇ ਮੈਂ ਵੀ ਤੁਰੰਤ ਕੈਨੇਡਾ ਤੋਂ ਸਿੰਗਾਪੁਰ ਪਹੁੰਚ, ਪਰਿਵਾਰ ਨਾਲ ਅੰਤਿਮ ਰਸਮਾਂ ਨਿਭਾਉਣ ਵਿਚ ਭਰੇ ਮਨ ਨਾਲ ਯੋਗਦਾਨ ਪਾਇਆ ਅਤੇ ਅਖੰਡ ਪਾਠ ਦੇ ਭੋਗ ਉਪਰੰਤ ਅੰਤਮ ਅਰਦਾਸ ਵਿਚ ਸ਼ਾਮਿਲ ਹੋਇਆ। ਉਹਨਾਂ ਦੀ ਧਰਮ ਪਤਨੀ ਦੀ ਇੱਛਾ ਅਨੁਸਾਰ ਮੈਂ ਪਰਿਵਾਰ ਵੱਲੋਂ ਮਾਇਕ ਭੇਟਾ ਨਾਲ ਪੰਜਾਬ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਨਤਮਸਤਕ ਹੋਇਆ। ਸਿਆਣਿਆਂ ਦੇ ਕਥਨ ਅਨੁਸਾਰ ਦੁੱਖ ਸਾਂਝਾ ਕੀਤਿਆਂ ਘਟਦਾ ਹੈ। ਇਸ ਲਈ ਪ੍ਰਿੰਟ ਮੀਡੀਏ ਜਰੀਏ ਆਪਣੀ ਮਾਨਸਿਕ ਵੇਦਨਾ ਆਪਣੇ ਸਨੇਹੀਆਂ ਨਾਲ ਸਾਂਝੀ ਕਰਦਾ ਹਾਂ।
ਸੋ ਅਲਵਿਦਾ ਮੇਰੇ ਵੀਰ, ਅਕਾਲ ਪੁਰਖ ਤੇਰੀ ਪਾਕ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਅਤੇ ਸਮੁੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਦੁਖੀ ਹਿਰਦੇ ਨਾਲ —–ਤੁਹਾਡਾ ਛੋਟਾ ਵੀਰ
ਚੰਦ ਸਿੰਘ ਸਦਿਊੜਾ
(ਪੰਜਾਬੀ ਮੀਡੀਆ ਕਲੱਬ, ਕੈਲਗਰੀ (ਕੈਨੇਡਾ)