ਡਾ.ਦਰਸ਼ਨ ਗਿੱਲ ਯਾਦਗਾਰੀ ਪੁਰਸਕਾਰ ਬਲਜਿੰਦਰ ਸੰਘਾ ਨੂੰ ਦਿੱਤਾ ਗਿਆ
ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਅਤੇ ਪੰਜਾਬੀ ਲਿਖ਼ਾਰੀ ਸਭਾ ਵੱਲੋਂ ਕਿਤਾਬਾਂ ਦੇ ਸਟਾਲ ਲਗਾਏ ਗਏ
ਸੁੱਖਪਾਲ ਪਰਮਾਰ ਕੈਲਗਰੀ :- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦਾ 16ਵਾਂ ਸਲਾਨਾ ਪਰੋਗਰਾਮ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਹੋਇਆ। ਪਰੋਗਰਾਮ ਵਿੱਚ ਆਏ ਸਾਰੇ ਸਰੋਤਿਆਂ ਨੂੰ ਸਕੱਤਰ ਸੁੱਖਪਾਲ ਪਰਮਾਰ ਨੇ ਜੀ ਆਇਆਂ ਕਿਹਾ। ਸਭਾ ਦੇ ਬਾਨੀ ਮੈਂਬਰ ਜਸਵੰਤ ਸਿੰਘ ਗਿੱਲ ਨੇ ਸਭਾ ਬਾਰੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ। ਅਮਰਜੀਤ ਚਾਹਲ ਨੇ ਵੈਨਕੂਵਰ ਨਿਵਾਸੀ ਬਹੁ-ਵਿਧਾਈ ਲੇਖਕ ਅਜਮੇਰ ਰੋਡੇ ਦੀ ਲੇਖਣੀ ਅਤੇ ਜੀਵਨੀ ਬਾਰੇ ਵਿਸਥਾਰ ਨਾਲ ਦੱਸਿਆ ਕਿ ਅਜਮੇਰ ਰੋਡੇ ਜੀ 1966 ਵਿਚ ਕੈਨੇਡਾ ਆਏ ਤੇ ਇੱਥੇ ਆਉਣ ਤੋਂ ਪੰਜਾਬ ਦੇ ਕਾਲਜ ਵਿਚ ਇੰਜਨੀਅਰਿੰਗ ਦੇ ਪ੍ਰੋਫੈਸਰ ਸਨ ਅਤੇ ਇੱਕ ਕਿਤਾਬ ਲਿਖ ਚੁੱਕੇ ਸਨ। ਉਹਨਾਂ ਇੱਥੇ ਆਕੇ ਨੌਕਰੀ ਦੇ ਨਾਲ-ਨਾਲ ਲਿਖਣ ਪ੍ਰਕਿਰਿਆ ਨੂੰ ਹਮੇਸ਼ਾ ਚਾਲੂ ਰੱਖਿਆ ਅਤੇ ਪੰਜਾਬੀ ਸਾਹਿਤ ਦੀ ਝੋਲੀ 15 ਤੋਂ ਵੱਧ ਬਹੁਮੁੱਲੀਆਂ ਕਿਤਾਬਾਂ ਪਾਈਆਂ। ਅਜਮੇਰ ਰੋਡੇ ਨੂੰ 16ਵੇਂ ‘ਇਕਬਾਲ ਅਰਪਨ ਯਾਦਗਾਰੀ’ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਸਨਮਾਨ ਵਿੱਚ ਇੱਕ ਹਜ਼ਾਰ ਡਾਲਰ ਦੀ ਰਾਸ਼ੀ, ਇੱਕ ਪਲੈਕ, ਸਭਾ ਦੇ ਮੈਂਬਰਾਂ ਦੀਆਂ ਕਿਤਾਬਾਂ ਦਾ ਸੈਟ ਅਤੇ ਹਰਪ੍ਰਕਾਸ਼ ਜਨਾਗਲ ਵੱਲੋਂ ਬਣਾਇਆ ਹੱਥ-ਚਿੱਤਰ ਭੇਂਟ ਕੀਤਾ ਗਿਆ। ਅਜਮੇਰ ਰੋਡੇ ਨੇ ਕੈਲਗਰੀ ਦੇ ਸਰੋਤਿਆਂ ਨਾਲ ਆਪਣੀਆਂ ਕਵਿਤਾਵਾਂ ਰਾਹੀ ਸਾਂਝ ਪਾਈ ਅਤੇ ਮੰਗਾ ਬਾਸੀ ਦੇ ਸਹਿਯੋਗ ਨਾਲ ਕਵੀਸ਼ਰੀ ਰੰਗ ਵੀ ਸੁਣਾਇਆ। ਪੰਜਾਬੀ ਲਿਖ਼ਾਰੀ ਸਭਾ ਦੇ ਇਸ 16ਵੇਂ ਸਾਲਨਾ ਸਮਾਗਮ ਵਿਚ ਵੈਨਕੂਵਰ ਤੋ ਲੇਖਕਾਂ ਦੀ ਟੀਮ ਪਹੁੰਚੀ, ਜਿਸ ਵਿੱਚ ਜਰਨੈਲ ਸੇਖਾ, ਮੰਗਾ ਬਾਸੀ, ਅਮਰਜੀਤ ਰੈਣਾ, ਜਰਨੈਲ ਸਿੰਘ ਆਰਟਿਸਟ, ਜਗਜੀਤ ਸਿੰਘ ਸੰਧੂ ਅਤੇ ਅਮਰਜੀਤ ਚਾਹਲ ਸ਼ਾਮਿਲ ਸਨ। ਕੈਨੇਡਾ ਦੀ ਮਸ਼ਹੂਰ ਅਤੇ ਕੈਲਗਰੀ ਵਸਨੀਕ ਅੰਗਰੇਜ਼ੀ ਦੀ ਲੇਖਿਕਾ ਸ਼ੈਰਨ ਪੋਲਕ ਨੇ ਵਿਸ਼ੇਸ਼ ਹਾਜ਼ਰੀ ਲੁਆਈ। ਜ਼ਿਕਰਯੋਗ ਹੈ ਇਹ ਪਹਿਲੀ ਲੇਖਿਕਾ ਹੈ ਜਿਸਨੇ ਸਭ ਤੋ ਪਹਿਲਾ ਕਾਮਾ ਗਾਟਾਮਾਰੂ ਦੇ ਦੁਖਾਂਤ ਬਾਰੇ ਨਾਟਕ ਲਿਖਿਆ ਅਤੇ ਖੇਡਿਆ। ਉਹਨਾਂ ਨੇ ਆਪਣੀ ਲਿਖ਼ਤ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਸ਼ੈਰਨ ਪੋਲਕ ਦੀ ਸਾਰੀ ਗੱਲ ਬਾਤ ਦਾ ਪੰਜਾਬੀ ਵਿੱਚ ਤਰਜਮਾ ਰੈਡ.ਐਫ਼.ਐਮ. ਦੇ ਹੋਸਟ ਰਿਸ਼ੀ ਨਾਗਰ ਨੇ ਕੀਤਾ। ਇਸ ਦੌਰਾਨ ਰਿਸ਼ੀ ਨਾਗਰ ਏਨੇ ਭਾਵੁਕ ਹੋ ਗਏ ਕਿ ਰਮਨਜੀਤ ਸਿੱਧੂ ਨੂੰ ਅਖੀਰਲੇ ਪਹਿਰੇ ਜੋ ਕੈਨੇਡਾ ਦੇ ਪਹਿਲੇ ਪੰਜਾਬੀ ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਫਾਂਸੀ ਦੀ ਸਜਾ ਸੁਣਾਏ ਜਾਣ ਬਾਰੇ ਸੀ ਦਾ ਤਰਜਮਾ ਕਰਨਾ ਪਿਆ। ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਅਤੇ ਪੰਜਾਬੀ ਲਿਖ਼ਾਰੀ ਸਭਾ ਵੱਲੋਂ ਕਿਤਾਬਾਂ ਦੇ ਸਟਾਲ ਲਗਾਏ ਗਏ ਜੋ ਖਿੱਚ ਦਾ ਕੇਂਦਰ ਰਹੇ। ਪਰੋਗਰਾਮ ਦੇ ਆਰੰਭ ਕਮਲਪ੍ਰੀਤ ਪੰਧੇਰ ਦੀ ਟੀਮ ਨੇ ਭਗਤ ਸਿੰਘ ਦੀ ਜੀਵਨੀ ਬਾਰੇ ਕੋਰੀਉਗ੍ਰਾਫੀ ਕੀਤੀ ਨਾਲ ਕੀਤਾ। ਜਗਜੀਤ ਸਿੰਘ ਸੰਧੂ ਨੇ ਅਪਣੀਆ ਗਜ਼ਲਾਂ, ਤਰਲੋਚਨ ਸੈਭੀ ਨੇ ਗਦਰੀ ਬਾਬਿਆਂ ਬਾਰੇ ‘ਵਾਰ’, ਸੁਰਿੰਦਰ ਗੀਤ ਨੇ ਆਪਣੀਆਂ ਕਵਿਤਾਵਾਂ, ਯੁਵਰਾਜ ਸਿੰਘ ਨੇ ਸੰਂਤ ਰਾਮ ਉਦਾਸੀ ਦਾ ਗੀਤ, ਬਲਵੀਰ ਗੋਰੇ ਅਤੇ ਤਰਲੋਚਨ ਸੈਭੀ ਵਲੋਂ ਕਵੀਸ਼ਰੀ, ਅਤੇ ਸੁਖਮਿੰਦਰ ਤੂਰ ਨੇ ਆਪਣੀ ਬੁਲੰਦ ਅਵਾਜ ਵਿੱਚ ਗੀਤ ਸੁਣਾਇਆ। ਇਸ ਤੋ ਇਲਾਵਾ ਡਾਕਟਰ ਦਰਸ਼ਨ ਗਿੱਲ ਯਾਦਗਾਰੀ ਇਨਾਮ ਸਭਾ ਦੇ ਨੌਜਵਾਨ ਲੇਖਕ ਬਲਜਿੰਦਰ ਸੰਘਾ ਨੂੰ ਦਿੱਤਾ ਗਿਆ। ਯੰਗ ਭੰਗੜਾ ਕਲੱਬ ਵਲੋਂ ਨਿੱਕੇ ਬੱਚਿਆਂ ਨੇ ਭੰਗੜਾ ਪੇਸ਼ ਕੀਤਾ। ਬਾਲ ਕਲਾਕਾਰ ਸਫ਼ਲ ਮਾਲਵਾ ਨੇ ਵੀ ਆਪਣੀ ਕਲਾ ਦੀ ਪੇਸ਼ਕਾਰੀ ਦਿਖਾਈ। ਚਾਹ ਦੀ ਸੇਵਾ ਜੋਗਿੰਦਰ ਸੰਘਾ, ਸੁਰਿੰਦਰ ਚੀਮਾ ਅਤੇ ਸਿਮਰ ਚੀਮਾ ਵਲੋਂ ਕੀਤੀ ਗਈ। ਮਹਿੰਦਰਪਾਲ ਸਿੰਘ ਪਾਲ ਨੇ ਕਿਤਾਬਾਂ ਦੇ ਸਟਾਲ ਦੀ ਜਿੰਮੇਵਾਰੀ ਨਿਭਾਈ। ਕਮੇਟੀ ਦੇ ਸਾਰੇ ਮੈਂਬਰਾਂ ਅਤੇ ਸਰੋਤਿਆਂ ਦੇ ਸਹਿਯੋਗ ਨਾਲ ਪਰੋਗਰਾਮ ਕਾਮਯਾਬ ਹੋ ਨਿੱਬੜਿਆ। ਆਖ਼ੀਰ ਵਿੱਚ ਸਭਾ ਦੇ ਪ੍ਰਧਾਨ ਹਰੀਪਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ ਪਰੋਗਰਾਮ ਨੂੰ ਨੇਪਰੇ ਚਾੜਨ ਲਈ ਕਮੇਟੀ ਵਲੋਂ ਸਾਰੇ ਮੀਡੀਏ ਦਾ ਅਤੇ ਸਪਾਸਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਪਰੋਗਰਾਮ ਬਾਰੇ ਹੋਰ ਜਾਣਕਾਰੀ ਲਈ 403-714-4816 ਜਾਂ 403-830-2374 ਤੇ ਸੰਪਰਕ ਕੀਤਾ ਜਾ ਸਕਦਾ ਹੈ।