ਕੈਲਗਰੀ: ਕੈਲਗਰੀ ਵਿੱਚ ਲੰਬੇ ਸਮੇਂ ਤੋਂ ਛਪਦੇ ਮਾਸਿਕ ਮੈਗਜ਼ੀਨ ‘ਸਿੱਖ ਵਿਰਸਾ’ ਵਲੋਂ ਕਰਵਾਏ ਗਏ ‘ਵਿਸਾਖੀ ਸਭਿਆਚਾਰਕ ਸ਼ੋਅ’ ਦਾ ਭਾਰੀ ਗਿਣਤੀ ਵਿੱਚ ਪੁੱਜੇ ਦਰਸ਼ਕਾਂ ਨੇ 4 ਘੰਟੇ ਖੂਬ ਆਨੰਦ ਮਾਣਿਆ।ਪਿਛਲ਼ੇ ਕਈ ਸਾਲਾਂ ਤੋਂ ਸਿੱਖ ਵਿਰਸਾ ਵਲੋਂ ਹਰ ਸਾਲ ਅਜਿਹਾ ਸ਼ੋਅ ਕਰਵਾਇਆ ਜਾਂਦਾ ਸੀ, ਪਰ ਪਿਛਲੇ 4-5 ਸਾਲ ਤੋਂ ਇਹ ਸ਼ੋਅ ਬੰਦ ਸੀ, ਜਿਸ ਕਰਕੇ ਇਸ ਵਾਰ ਦੇ ਸ਼ੋਅ ਵਿੱਚ ਦਰਸ਼ਕਾਂ ਸਮੇਤ ਸਾਰੇ ਕਾਲਕਾਰਾਂ ਵਿੱਚ ਬਹੁਤ ਉਤਸ਼ਾਹ ਸੀ।ਇਹ ਇਕ ਅਜਿਹਾ ਪ੍ਰੋਗਰਾਮ ਹੋ ਨਿਬੜਿਆ, ਜਿਸ ਵਿੱਚ ਕੈਲਗਰੀ ਵਿੱਚ ਕਿਸੇ ਵੀ ਢੰਗ ਨਾਲ ਸਭਿਅਚਾਰਕ ਗਤੀਵਿਧੀਆਂ ਨਾਲ ਜੁੜੇ ਸਾਰੇ ਗਰੁੱਪ ਜਾਂ ਕਲਾਕਾਰ ਸ਼ਾਮਿਲ ਸਨ।ਇਸ ਸਭਿਅਚਾਰਕ ਸ਼ੋਅ ਦੀ ਖਾਸੀਅਤ ਇਹ ਸੀ ਕਿ ਇਸ ਵਿੱਚ ਗਿੱਧੇ ਭੰਗੜੇ ਦੀਆਂ 15 ਦੇ ਕਰੀਬ ਟੀਮਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ।ਇਸ ਵਿੱਚ 175 ਤੋਂ ਵੱਧ ਕਲਾਕਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ 5-6 ਸਾਲ ਦੇ ਬੱਚਿਆਂ ਤੋਂ ਲੈ ਕੇ 3-35 ਸਾਲ ਦੇ ਨੌਜਵਾਨ ਲੜਕੇ ਲੜਕੀਆਂ ਨੇ ਸਟੇਜ ਤੇ ਧਮਾਲਾਂ ਪਾਈਆਂ।ਇਨ੍ਹਾਂ ਵਿੱਚ ਪ੍ਰੋ: ਦਲਜਿੰਦਰ ਸਿੰਘ ਜੌਹਲ ਦੀਆਂ ‘ਐਪਿਕ ਭੰਗੜਾ ਟੀਮਾਂ’, ਅਮਨਦੀਪ ਸਿੰਘ ਸਿੱਧੂ ਦੀਆਂ ‘ਯੰਗ ਭੰਗੜਾ ਟੀਮਾਂ’, ਨਰਿੰਦਰ ਕੌਰ ਗਿੱਲ ਦੀ ‘ਕੈਲਗਰੀ ਗਿੱਧਾ ਅਤੇ ਡਾਂਸ ਅਕੈਡਮੀ’, ਸ਼ਾਲੂ ਗਰੇਵਾਲ ਦੀ ‘ਕੈਲਗਰੀ ਮਜਾਜਣਾਂ’, ਸਿਮਰਨ ਸਿੱਧੂ ਦੀ ‘ਕੈਲਗਰੀ ਨਾ ਭੁੱਲ ਵਾਲੀਆਂ ਮੁਟਿਆਰਾਂ’ ਕਮਲ ਪੰਧੇਰ ਦੀਆਂ ‘ਪ੍ਰੌਗਰੈਸਿਵ ਕਲਾ ਮੰਚ’, ਦੀਪਕ ਮਾਹਨਾ ਦੀਆਂ ‘ਬੌਲੀਵੁੱਡ ਬੀਟਸ ਕੈਲਗਰੀ’ ਆਦਿ ਟੀਮਾਂ ਨੇ ਕੈਲਗਰੀ ਦੇ ਡਾਊਨ ਟਾਊਨ ਵਿੱਚ ਸਭ ਨੂੰ ਝੂਮਣ ਲਾ ਦਿੱਤਾ।’ਪ੍ਰੌਗਰੈਸਿਵ ਕਲਾ ਮੰਚ’ ਦੀ ਟੀਮ ਵਲੋਂ ਪ੍ਰਵਾਸੀਆਂ ਤੇ ਕਨੇਡਾ ਦੀਆਂ ਲੋਕਲ ਸਮੱਸਿਆਵਾਂ ਅਧਾਰਿਤ ਨਾਟਕ ‘ਹੈਲੋ ਕੈਨੇਡਾ‘ ਰਾਹੀਂ ਜਿਥੇ ਦਰਸ਼ਕਾਂ ਦਾ ਕੌਮਡੀ ਰਾਹੀਂ ਖੂਬ ਮਨੋਰੰਜਨ ਕੀਤਾ, ਉਥੇ ਉਹ ਇੱਕ ਚੰਗਾ ਸੁਨੇਹਾ ਦੇਣ ਵਿਚ ਵੀ ਸਫਲ ਰਹੇ। ਰਵੀ ਪ੍ਰਕਾਸ਼ ਜਨਾਗਲ ਵਲੋਂ ਇੱਕ ਹਿੰਦੀ ਗੀਤ ਰਾਹੀਂ ਆਪਣੀ ਕਲਾ ਤੇ ਆਵਾਜ਼ ਦਾ ਜਾਦੂ ਬਖੇਰਿਆ। ਸਾਰਾ ਪ੍ਰੋਗਰਾਮ ਸਿੱਖ ਵਿਰਸਾ ਦੀ ਵਲੰਟੀਅਰ ਟੀਮ ਵਲੋਂ ਜਥੇਬੰਧਕ ਢੰਗ ਨਾਲ ਸਫਲਤਾ ਨਾਲ ਨੇਪਰੇ ਚਾੜ੍ਹਿਆ ਗਿਆ।ਇਸ ਮੌਕੇ ਤੇ ਸਿੱਖ ਵਿਰਸਾ ਵਲੋਂ ਜਿਥੇ ਸਾਰੇ ਕਲਾਕਾਰਾਂ ਨੂੰ ਟਰਾਫੀਆਂ ਨਾਲ ਸਨਮਨਿਤ ਕੀਤਾ ਗਿਆ, ਉਥੇ ਟੀਮ ਲੀਡਰਾਂ ਤੇ ਵਲੰਟੀਅਰਜ਼ ਨੂੰ ਵਿਸ਼ੇਸ਼ ਪਲੈਕਾਂ ਨਾਲ ਸਨਮਾਨਿਤ ਕੀਤਾ ਗਿਆ।ਕੈਲਗਰੀ ਵਿੱਚ ਲੰਬੇ ਸਮੇਂ ਤੋਂ ਹਜ਼ਾਰਾਂ ਬੱਚਿਆਂ ਨੂੰ ਭੰਗੜੇ-ਗਿੱਧੇ ਤੇ ਆਪਣੇ ਸਭਿਅਚਾਰ ਨਾਲ ਜੋੜ ਚੁੱਕੇ ਨਾਮਵਰ ਸਖਸ਼ੀਅਤ ਪ੍ਰੋ: ਦਲਜਿੰਦਰ ਸਿੰਘ ਜੌਹਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਦਰਸ਼ਕਾਂ ਵਿੱਚ ਕੈਲਗਰੀ ਦੀਆਂ ਅਨੇਕਾਂ ਉਘੀਆਂ ਸਖਸ਼ੀਅਤਾਂ ਤੇ ਬਿਜਨੈਸਮੈਨ ਹਾਜ਼ਿਰ ਸਨ।ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜਿਥੇ ਅਦਾਰਾ ਸਿੱਖ ਵਿਰਸਾ ਵਲੋਂ ਗੁਰਦੀਪ ਕੌਰ ਪਰਹਾਰ ਨੇ ਸਭ ਨੂੰ ਜੀ ਆਇਆਂ ਆਖਿਆ, ਉਥੇ ਅਖੀਰ ਵਿੱਚ ਸਿੱਖ ਵਿਰਸਾ ਦੇ ਮੁੱਖ ਸੰਪਾਦਕ ਹਰਚਰਨ ਸਿੰਘ ਪਰਹਾਰ ਵਲੋਂ ਸਾਰੇ ਦਰਸ਼ਕਾਂ, ਕਲਾਕਾਰਾਂ, ਵਲੰਟੀਅਰਜ਼ ਤੇ ਖਾਸਕਰ ਸਪੌਂਸਰਜ਼ ਦਾ ਧੰਨਵਾਦ ਕੀਤਾ, ਜਿਨ੍ਹਾਂ ਸਭ ਦੇ ਸਹਿਯੋਗ ਨਾਲ ਪ੍ਰਗਰਾਮ ਸਫਲਤਾ ਨਾਲ ਸਿਰੇ ਚੜ੍ਹਿਆ।ਸ਼ੋ ਵਿੱਚ ਐਮ ਸੀ ਦੇ ਤੌਰ ਤੇ ਦੀਪਸ਼ਿਖਾ ਬਰਾੜ ਤੇ ਸ਼ਮਾ ਕਪੂਰ ਨੇ ਸਭ ਦਾ ਦਿਲ ਜਿੱਤ ਲਿਆ।ਸਾਰੇ ਕਲਾਕਾਰਾਂ ਤੇ ਵਲੰਟੀਅਜ਼ ਨੇ ਸਾਰਾ ਦਿਨ ਭੋਜਨ ਦਾ ਵੀ ਖੂਬ ਆਨੰਦ ਮਾਣਿਆ।ਅਗਲੇ ਸਾਲ ਇਸ ਤੋਂ ਵੀ ਵਧੀਆ ਸ਼ੋਅ ਲੈ ਕੇ ਆਉਣ ਦੀ ਆਸ ਵਿੱਚ ਖੁਸ਼ੀ-ਖੁਸ਼ੀ ਪ੍ਰੋਗਰਾਮ ਸਮਾਪਤ ਹੋਇਆ।