ਕਨੇਡੀਅਨ ਲੇਖਕ ਅਜ਼ਮੇਰ ਰੋਡੇ ਨੂੰ ਦਿੱਤਾ ਜਾਵੇਗਾ ‘ਇਕਬਾਲ ਅਰਪਨ ਯਾਦਗਾਰੀ’ ਅਵਾਰਡ
ਬਲਜਿੰਦਰ ਸੰਘਾ – ਪੰਜਾਬੀ ਲਿਖ਼ਾਰੀ ਸਭਾ ਕੈਲਗਰੀ (ਰਜ਼ਿ) ਜਿਸਦਾ ਮੁੱਖ ਟੀਚਾ ਨਿੱਗਰ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨਾ ਹੈ। ਸਮੇਂ-ਸਮੇਂ ਅਜਿਹੇ ਪ੍ਰੋਗਾਰਮ ਉਲਕੀਦੀ ਰਹਿੰਦੀ ਹੈ। ਸਲਾਨਾ ਬੱਚਿਆਂ ਦੇ ਪੰਜਾਬੀ ਬੋਲੀ ਬੋਲਣ ਦੀ ਮੁਹਾਰਤ ਦੇ ਮੁਕਾਬਲੇ ਅਤੇ ਪਿਛਲੇ 15 ਸਾਲ ਤੋਂ ਹਰ ਸਾਲ ਇਕ ਸਲਾਨਾ ਸਮਾਗਮ ਕੀਤਾ ਜਾਂਦਾ ਹੈ। ਜਿਸ ਵਿਚ ਕੈਨੇਡਾ ਦੀ ਧਰਤੀ ਤੇ ਰਹਿੰਦੇ ਪੰਜਾਬੀ ਮਾਂ ਬੋਲੀ ਨਾਲ ਜੁੜੇ ਕਿਸੇ ਪ੍ਰਸਿੱਧ ਲੇਖਕ ਜਾਂ ਲੇਖਿਕਾ ਦਾ ਸਨਮਾਨ ਕੀਤਾ ਜਾਂਦਾ ਹੈ, ਸ਼ਾਨਦਾਰ ਕਵੀ ਦਰਬਾਰ ਅਤੇ ਅਗਾਂਹਵਧੂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ। ਪੁਸਤਕ ਸਟਾਲ ਲਾਇਆ ਜਾਂਦਾ ਹੈ। ਇਸ ਸਾਲ 16ਵੇਂ ਸਲਾਨਾ ਸਮਾਗਮ ਵਿਚ ਕੈਨੇਡਾ ਵਿਚ ਰਹਿੰਦਿਆਂ ਪੰਜਾਬੀ ਬੋਲੀ ਅਤੇ ਸਾਹਿਤ ਲਈ ਕੰਮ ਕਰਨ ਵਾਲੇ ਪ੍ਰਸਿੱਧ ਲੇਖਕ ਅਜ਼ਮੇਰ ਰੋਡੇ (ਵੈਨਕੋਵਰ) ਨੂੰ ਸਭਾ ਦੇ ਬਾਨੀ ਮਰਹੂਮ ‘ਇਕਬਾਲ ਅਰਪਨ ਯਾਦਗਾਰੀ’ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਅਵਾਰਡ ਵਿਚ ਇਕ ਪਲੈਕ ਅਤੇ 1000 ਕਨੇਡੀਅਨ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ। ਇਹ ਪ੍ਰੋਗਰਾਮ 13 ਜੂਨ 2015 ਦਿਨ ਸ਼ਨਿੱਚਰਵਾਰ ਨੂੰ ਵਾਈਟਹੌਰਨ ਕਮਿਊਨਟੀ ਹਾਲ ਨਾਰਥ ਈਸਟ ਕੈਲਗਰੀ ਵਿਚ ਠੀਕ 1 ਵਜੇ ਤੋਂ 4 ਵਜੇ ਤੱਕ ਹੋਵੇਗਾ। ਪੰਜਾਬ ਦੇ ਪਿੰਡ ਰੋਡੇ ਜਿਲ੍ਹਾਂ ਮੋਗਾ ਦੇ ਜੰਮਪਲ ਅਜਮੇਰ ਰੋਡੇ 1966 ਤੋਂ ਕੈਨੇਡਾ ਦੇ ਵਸਨੀਕ ਹਨ। ਜੇਕਰ ਉਹਨਾਂ ਦੇ ਸਾਹਿਤਕ ਸਫ਼ਰ ਦੀ ਗੱਲ ਕਰੀਏ ਤਾਂ ਉਹਨਾਂ ਦੀ ਪਹਿਲੀ ਕਿਤਾਬ ਕੈਨੇਡਾ ਆਉਣ ਤੋਂ ਪਹਿਲਾ ਛਪੀ ਜਿਸਦਾ ਨਾਮ ਸੀ ‘ਵਿਸ਼ਵ ਦੀ ਨੁਹਾਰ’ ਜੋ ਆਈਨਸਟਾਈਨ ਦੇ ਸਾਪੇਖਤਾ ਸਿਧਾਂਤ ਦੇ ਅਧਾਰਿਤ ਹੈ ਅਤੇ ਇਸ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸੇ ਪੁਸਤਕ ਨਾਲ ਭੌਤਿਕ ਅਤੇ ਸਮਾਜਿਕ ਵਿਗਿਆਨ ਬਾਰੇ ਪੁਸਤਕਾ ਛਾਪਣ ਦੀ ਲੜੀ ਦਾ ਅਗਾਜ਼ ਹੋਇਆ। ਗੁਰੂ ਨਾਨਕ ਇੰਜਨੀਅਰਿੰਗ ਕਾਲਜ ਦੀ ਪ੍ਰੋਫੈਸਰੀ ਛੱਡਕੇ 1966 ਵਿਚ ਕੈਨੇਡਾ ਆਏ ਸ਼੍ਰੀ ਅਜ਼ਮੇਰ ਰੋਡੇ ਨੇ ਜਿੱਥੇ ਕੈਨੇਡਾ ਵਿਚ ਆਕੇ ਵਾਟਰਲੂ ਯੂਨੀਵਰਸਿਟੀ ਤੋਂ ਉਚੇਰੀ ਅਤੇ ਵਿਸ਼ੇਸ਼ ਡਿਗਰੀ ਲੈ ਕੇ ਇੰਜਨੀਅਰਿੰਗ ਦਾ ਕਿੱਤਾ ਅਪਣਾਇਆ ਉੱਥੇ ਆਪਣੇ ਪ੍ਰਯੋਗਵਾਦੀ ਅਤੇ ਉਸਾਰੂ ਸਾਹਿਤ ਦਾ ਸਫ਼ਰ ਜਾਰੀ ਰੱਖਦਿਆਂ ਹੁਣ ਤੱਕ ਸਾਹਿਤ ਦੀਆਂ ਲੱਗਭੱਗ ਸਭ ਪ੍ਰਮਾਣਿਤ ਵਿਧਾਵਾਂ ਜਿਵੇਂ ਕਵਿਤਾ, ਵਾਰਤਕ, ਨਾਟਕ, ਕਹਾਣੀ, ਅਨੁਵਾਦ ਆਦਿ ਦੀਆਂ ਦੋ ਦਰਜ਼ਨ ਤੋਂ ਵੱਧ ਅਨਮੋਲ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਹਨਾਂ ਦੀ 1052 ਸਫ਼ੇ ਦੀ ਮੌਲਿਕ ਕਾਵਿ ਪੁਸਤਕ ‘ਲੀਲਾ’ ਹੈ ਜੋ ਵੀਹਵੀਂ ਸਦੀ ਦੀ ਵਿਸ਼ੇਸ਼ ਪੁਸਤਕ ਹੈ। ਇਸਤੋਂ ਇਲਾਵਾਂ ਉਹਨਾਂ ਦੀ ਕਹਾਣੀ ‘ਨਿੱਕੀ’, ਕਾਮਾਗਾਟਾ ਮਾਰੂ ਬਾਰੇ ਪਹਿਲਾ ਨਾਟਕ ਅਤੇ ਅਣਗਿਣਤ ਕਿਰਤਾਂ ਹਨ ਜਿਹਨਾਂ ਕਰਕੇ ਉਹ ਅੰਗਰੇਜ਼ੀ ਲੇਖਕਾਂ ਦੇ ਵੀ ਵਿਸ਼ੇਸ਼ ਸਨਮਾਨਿਤ ਲੇਖਕ ਹਨ। ਜ਼ਿਕਰ ਯੋਗ ਹੈ ਕਿ ਉਹ ਪੰਜਾਬੀ ਲੋਕ ਮੰਚ ਵੈਨਕੋਵਰ ਦੇ 1974 ਤੋਂ ਸਰਗਰਮ ਮੈਂਬਰ ਹੋਣ ਦੇ ਨਾਲ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਮੈਂਬਰ ਅਤੇ ਮੁੱਖ ਸਲਾਹਕਾਰ ਹਨ। ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ ਮੌਜੂਦਾ ਪ੍ਰਧਾਨ ਹਰੀਪਾਲ ਅਤੇ ਜਨਰਲ ਸਕੱਤਰ ਸੁਖਪਾਲ ਨੇ ਦੱਸਿਆ ਕਿ ਜਿੱਥੇ ਪ੍ਰਸਿੱਧ ਸਾਹਿਤਕਾਰ ਅਜਮੇਰ ਰੋਡੇ ਦਾ ‘ਇਕਬਾਲ ਅਰਪਨ ਯਾਦਗਾਰੀ ਅਵਾਰਡ’ ਨਾਲ ਸਨਮਾਨ ਕੀਤਾ ਜਾਵੇਗਾ ਉੱਥੇ ਹੀ ਸਭਾ ਵੱਲੋਂ ਪਿਛਲੇ ਸਾਲਾਂ ਵਿਚ ਸ਼ੁਰੂ ਕੀਤਾ ਗਿਆ ਮਰਹੂਮ ਦਰਸ਼ਨ ਗਿੱਲ ਯਾਦਗਾਰੀ ਅਵਾਰਡ ਇਸ ਵਾਰ ਲੇਖਕ ਬਲਜਿੰਦਰ ਸੰਘਾ ਨੂੰ ਉਹਨਾਂ ਦੀ ਪੁਸਤਕ ‘ਪੰਜਾਬੀ ਸਾਹਿਤ : ਪਰਖ ਤੇ ਪੜਚੋਲ’ ਲਈ ਦਿੱਤਾ ਜਾਵੇਗਾ। ਸਭਾ ਦੇ ਮੈਂਬਰਾਂ ਦੀਆਂ ਕਵਿਤਾਵਾਂ ਦੀ ਸਾਂਝੀ ਕਿਤਾਬ ‘ਆਸ ਦੀਆਂ ਕਿਰਨਾਂ’ ਲੋਕ ਅਰਪਨ ਕੀਤੀ ਜਾਵੇਗੀ। æਉਹਨਾਂ ਸਭ ਕੈਲਗਰੀ ਨਿਵਾਸੀ ਪੰਜਾਬੀ ਪਰਿਵਾਰਾਂ ਅਤੇ ਮੀਡੀਆ ਨੁਮਾਇੰਦਿਆਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦੀ ਅਤੇ ਸਹਿਯੋਗ ਦੀ ਬੇਨਤੀ ਕੀਤੀ।