ਬਲਜਿੰਦਰ ਸੰਘਾ ਕੈਲਗਰੀ- ਪੱਛਮੀ ਅਫਰੀਕਾ ਵਿਚ ਈਬੋਲਾ ਬੀਮਾਰੀ ਨਾਲ ਲੜਨ ਵਿਚ ਯੋਗਦਾਨ ਵਿਸ਼ੇ ਤੇ ਕਿਊਬਨ ਡਾਕਟਰ ਕੈਲਗਰੀ, ਕੈਨੇਡਾ ਵਿਚ ਲੈਕਚਰ ਦੇਣਗੇ। ਇਹ ਪ੍ਰੋਗਰਾਮ 22 ਮਈ ਦਿਨ ਸ਼ੁੱਕਰਵਾਰ ਨੂੰ ਸ਼ਾਮ ਦੇ ਸਾਢੇ ਸੱਤ ਵਜੇ ਯੁਨੀਟਰੇਨ ਚਰਚ 1701 ਫਸਟ ਸਟਰੀਟ ਨਾਰਥ ਵੈਸਟ ਵਿਖੇ ਹੋਵੇਗਾ। ਜਿਕਰਯੋਗ ਹੈ ਕਿ ਈਬੋਲਾ ਛੂਤ ਦੀ ਭਿਆਨਕ ਅਤੇ ਜਾਵਲੇਵਾ ਬੀਮਾਰੀ ਹੈ। ਇਸਦੇ ਲੱਛਣ ਬੁਖਾਰ, ਸਰੀਰਕ ਦਰਦ, ਕਮਜ਼ੋਰੀ ਆਦਿ ਨਾਲ ਸਾਹਮਣੇ ਆਉਂਦੇ ਹਨ ਅਤੇ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਜਾਨ ਵੀ ਚਲੀ ਜਾਂਦੀ ਹੈ। ਬਾਂਦਰਾਂ ਅਤੇ ਚੰਪੈਜੀ ਤੋਂ ਮਨੁੱਖ ਵਿਚ ਆਈ ਇਹ ਬੀਮਾਰੀ ਜੰਗਲਾਂ ਦੇ ਕੱਟਣ ਕਾਰਨ ਪਿਛਲੇ ਕੁਝ ਦਹਾਕਿਆ ਤੋਂ ਹੌਲੀ-ਹੌਲੀ ਮਨੁੱਖੀ ਰਿਹਾਇਸ਼ਾਂ ਵਿਚ ਪੈਰ ਪਸਾਰ ਰਹੀ ਹੈ। ਸਭ ਤੋਂ ਵੱਧ ਮਨੁੱਖੀ ਜਾਨਾਂ ਸਾਲ 2014 ਵਿਚ ਇਸ ਬੀਮਾਰੀ ਨੇ ਪੱਛਮੀ ਅਫਰੀਕਾ ਵਿਚ ਲਈਆਂ, ਜਿਸਦੇ ਵਰਲਡ ਸਿਹਤ ਵਿਭਾਗ ਅਨੁਸਾਰ ਅੰਕੜੇ ਪੰਜ ਹਜ਼ਾਰ ਦੇ ਕਰੀਬ ਅਤੇ ਪ੍ਰਭਾਵਿਤ ਦਸ ਹਜ਼ਾਰ ਲੋਕ ਉਸ ਖਿੱਤੇ ਵਿਚ ਸਨ, ਪਰ ਅਸਲ ਤਸਵੀਰ ਵਿਚ ਇਸ ਤੋਂ ਕਿਤੇ ਵੱਧ ਹਨ। ਇਸ ਬੀਮਾਰੀ ਨਾਲ ਲੜਨ ਲਈ ਬਹੁਤ ਸਾਰੇ ਦੇਸਾਂ ਨੇ ਆਪਣੇ ਡਾਕਟਰ, ਵਲੰਟੀਅਰ ਅਤੇ ਆਰਥਿਕ ਮਦਦ ਕੀਤੀ ਪਰ ਸਭ ਵਿਚੋਂ ਜੋ ਨਿੱਖਰਕੇ ਸਾਹਮਣੇ ਆਇਆ ਉਹ ਇਕ ਛੋਟੇ ਟਾਪੂ ਦੇਸ਼ ਕਿਉਬਾ ਦਾ ਯੋਗਦਾਨ ਹੈ ਜਿਸਦੇ ਡਾਕਟਰ ਅਤੇ ਵਲੰਟੀਅਰ ਹਰ ਢੰਗ ਨਾਲ ਇਸ ਬੀਮਾਰੀ ਵਿਚ ਘਿਰੇ ਲੋਕਾਂ ਦੇ ਕੋਲ ਪਹੁੰਚੇ। ਪਰ ਅਮਰੀਕਾ ਵਰਗੇ ਅਤੇ ਹੋਰ ਵਿਕਸਿਤ ਦੇਸ਼ ਆਰਥਿਕ ਪੈਕਜਾਂ ਤੱਕ ਹੀ ਵੱਧ ਸੀਮਿਤ ਰਹੇ। ਕਿਊਬਾ ਦਾ ਇਸ ਤੋਂ ਬਿਨਾਂ ਹੋਰ ਮਨੁੱਖੀ ਮਦਦ ਵਿਚ ਯੋਗਦਾਨ ਅੱਗੇ ਵੀ ਚਰਚਾ ਵਿਚ ਰਹਿੰਦਾ ਹੈ ਜਿਵੇਂ ਕਿ ਹੈਤੀ ਭੂਚਾਲ ਵਿਚ ਵੀ ਮੁੱਖ ਯੋਗਦਾਨ ਉਸ ਦੇਸ਼ ਦੇ ਲੋਕਾਂ ਦਾ ਰਿਹਾ। ਪ੍ਰੋਗਰੈਸਿਵ ਕਲਚਰਲ ਫੋਰਮ ਕੈਲਗਰੀ ਦੇ ਸਕੱਤਰ ਮਾਸਟਰ ਭਜਨ ਸਿੰਘ ਨੇ ਕਿਹਾ ਕਿ ਜਿੱਥੇ ਉਹਨਾਂ ਦੀ ਫੋਰਮ ਦੇ ਮੈਂਬਰ ਇਸ ਸਮੇਂ ਹਾਜ਼ਰ ਹੋਣਗੇ ਉੱਥੇ ਹੀ ਪੰਜਾਬੀ ਕਮਿਊਨਟੀ ਦੇ ਹੋਰ ਲੋਕਾਂ ਨੂੰ ਵੀ ਇਸ ਵਿਚ ਪਹੁੰਚੇ ਡਾਕਟਰਾਂ ਦੇ ਵਿਚਾਰ ਸੁਨਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਦਾ ਆਯੋਜਨ ਕੈਨੇਡੀਅਨ-ਕਿਊਬਨ ਫਰੈਡਸ਼ਿਪ ਐਸੋਸੀਏਸ਼ਨ ਵੱਲੋਂ ਕੀਤਾ ਜਾ ਰਿਹਾ ਹੈ।