ਮੇਪਲ ਬਿਊਰੋ-ਉੱਘੇ ਖੇਡ ਲੇਖਕ ਡਾ: ਸੁਖਦਰਸ਼ਨ ਸਿੰਘ ਚਹਿਲ ਦੀ ਸੱਤਵੀਂ ਪੁਸਤਕ ‘ਕਬੱਡੀ ਦੀ ਧਮਾਲ’ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਅਰਪਣ ਕੀਤੀ। ਇਸ ਮੌਕੇ ‘ਤੇ ਰਾਜ ਦੇ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ, ਵਿਧਾਇਕ ਭਾਈ ਗੋਬਿੰਦ ਸਿੰਘ ਲੋਂਗੋਵਾਲ, ਵਿਸ਼ੇਸ ਪ੍ਰਮੱਖ ਸਕੱਤਰ ਮੁੱਖ ਮੰਤਰੀ ਪੰਜਾਬ ਸ. ਕੇ.ਜੀ.ਐਸ.ਚੀਮਾ, ਕਰਨ ਘੁਮਾਣ ਦਿੜਬਾ, ਪ੍ਰੋ: ਜਸਵੀਰ ਸਿੰਘ ਕਪਿਆਲ, ਪ੍ਰੋ: ਬਲਵਿੰਦਰ ਕੁਮਾਰ ‘ਤੇ ਅਰਸ਼ਦੀਪ ਸਿੰਘ ਮੰਦਰਾਂ ਮੌਜੂਦ ਸਨ। ਇਸ ਮੌਕੇ ਸ: ਬਾਦਲ ਨੇ ਚਹਿਲ ਦੇ ਯਤਨਾ ਦੀ ਸਲਾਘਾ ਕਰਦਿਆਂ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਸੰਸਾਰ ਪੱਧਰ ਦੇ ਖੇਡ ਸਮਾਗਮ ਨੂੰ ਸਾਹਿਤਕ ਰੂਪ ਵਿੱਚ ਸੰਭਾਲਣਾ ਬਹੁਤ ਜਰੂਰੀ ਹੈ। ਜਿਸ ਨਾਲ ਆਉਣ ਵਾਲੀਆਂ ਪੀੜੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਜਾਣ ਲਈ ਸੇਧ ਮਿਲਦੀ ਹੈ ਅਤੇ ਅੱਗੇ ਵਧਣ ਲਈ ਹੱਲਾਸ਼ੇਰੀ ਮਿਲਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਂਦੇ ਵਿਸ਼ਵ ਕਬੱਡੀ ਕੱਪਾਂ ਬਾਰੇ ਡਾ: ਚਹਿਲ ਵੱਲੋਂ ਲਿਖੀ ਗਈ ਛੇਵੀਂ ਪੁਸ਼ਤਕ ਬਹੁਤ ਹੀ ਮਿਹਨਤ ਵਾਲਾ ਕਾਰਜ ਹੈ। ਇਸ ਮੌਕੇ ਡਾ: ਸੁਖਦਰਸ਼ਨ ਚਹਿਲ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਪੰਜਵੇਂ ਸੰਸਾਰ ਕਬੱਡੀ ਕੱਪ ਦੀ ਹਰੇਕ ਛੋਟੀ ਵੱਡੀ ਘਟਨਾ ਅਤੇ ਕਬੱਡੀ ਦੀਆਂ ਹੋਰਨਾਂ ਸਮਕਾਲੀ ਪ੍ਰਸਥਿੱਤੀਆਂ ਨੂੰ ਰੌਚਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਸਦੇ ਨਾਲ ਹੀ ਪੁਸਤਕ ਵਿੱਚ 100 ਦੇ ਕਰੀਬ ਰੰਗਦਾਰ ਤਸਵੀਰਾਂ ਵੀ ਆਲਮੀ ਕੱਪ ਦੇ ਅਣਛੁਹੇ ਪਲਾਂ ਨੂੰ ਉਜਾਗਰ ਕਰਦੀਆਂ ਹਨ। ਤਕਰੀਬਨ 225 ਸਫੇ ਦੀ ਇਸ ਪੁਸਤਕ ਦਾ ਵੈਬ ਵਰਜ਼ਨ ਵੀ ਤਿਆਰ ਕੀਤਾ ਗਿਆ ਹੈ। ਡਾ: ਚਹਿਲ ਨੂੰ ਪੁਸਤਕ ਰਲੀਜ਼ ਹੋਣ ‘ਤੇ ਸ੍ਰੀ ਮਹਿੰਦਰ ਸਿੰਘ ਸਿੱਧੂ, ਸ੍ਰੀ ਲਖਵੀਰ ਸਿੰਘ ਕਾਲਾ ਟਰੇਸੀ, ਸ੍ਰੀ ਸਰਬ ਥਿਆੜਾ ਹਰਖੋਵਾਲ, ਸ੍ਰੀਮਤੀ ਬਖਸਿੰਦਰ ਥਿਆੜਾ (ਸਾਰੇ ਅਮਰੀਕਾ), ਗੁਰਜੀਤ ਸਿੰਘ ਪੁਰੇਵਾਲ ਕੈਨੇਡਾ, ਡਾ: ਰਾਜ ਕੁਮਾਰ ਸ਼ਰਮਾ ਖੇਡ ਨਿਰਦੇਸ਼ਕ ਪੰਜਾਬੀ ਯੂਨੀਵਰਸਿਟੀ, ਗੁਰਮੇਲ ਪ੍ਰਧਾਨ ਦਿੜਬਾ, ਬਲਜਿੰਦਰ ਜੌੜਕੀਆਂ, ਭਾਈ ਰਾਜਿੰਦਰ ਸਿੰਘ ਆਸਟਰੇਲੀਆ ਨੇ ਵਧਾਈ ਦਿੱਤੀ।