ਬਲਜਿੰਦਰ ਸੰਘਾ- ਸ਼ਾਇਰਾ ਸੁਰਿੰਦਰ ਗੀਤ ਦੀ ਨਵੀਂ ਪੁਸਤਕ ‘ਕਾਨੇ ਦੀਆਂ ਕਲਮਾਂ’ 17 ਮਈ ਦਿਨ ਐਤਵਾਰ ਨੂੰ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਠੀਕ ਦੋ ਵਜੇ ਕੋਸੋ ਹਾਲ ਵਿਚ ਹੋਣ ਵਾਲੇ ਸਮਾਗਮ ਵਿਚ ਲੋਕ ਅਰਪਨ ਕੀਤੀ ਜਾਵੇਗੀ। ਸੁਰਿੰਦਰ ਗੀਤ ਬੜੇ ਲੰਮੇ ਸਮੇਂ ਤੋ ਕਵਿਤਾ ਲਿਖ ਰਹੀ ਹੈ ਅਤੇ ਇਸ ਕਿਤਾਬ ਤੋਂ ਪਹਿਲਾ ਉਹਨਾਂ ਦੀਆਂ ਸ਼ਾਇਰੀ ਦੀਆਂ ਚਾਰ ਕਿਤਾਬਾਂ ਜਿਹਨਾਂ ਵਿਚ ਤੁਰੀ ਸਾਂ ਮੈਂ ਉਥੋ, ਸੁਣ ਨੀ ਜਿੰਦੇ, ਚੰਨ ਸਿਤਾਰੇ ਮੇਰੇ ਵੀ ਨੇ ਅਤੇ ਮੋਹ ਦੀਆਂ ਛੱਲਾਂ ਸਾਹਿਤਕ ਖੇਤਰ ਵਿਚ ਉਸਾਰੂ ਅਤੇ ਤਰਕ ਭਰਪੂਰ ਛੱਲਾਂ ਮਾਰ ਰਹੀਆਂ ਹਨ। ਜੇਕਰ ਉਸਦੀ ਹੁਣ ਤੱਕ ਦੀ ਸ਼ਾਇਰੀ ਨੂੰ ਇਕ ਥਾਂ ਰੱਖਕੇ ਪਰਖਿਆ ਜਾਵੇ ਤਾਂ ਉਸਦੀ ਕਵਿਤਾ ਵਿਚ ਨਿੱਜ ਦਾ ਰੰਗ ਕੁਝ ਪ੍ਰਤੀਸ਼ਤ ਹੀ ਹੈ ਪਰ ਉਸਦੀ ਬਹੁਤੀ ਕਵਿਤਾ ਪੂਰੇ ਸਮਾਜ ਨੂੰ ਸਮਰਪਿਤ ਹੈ, ਉਹ ਜੁਝਾਰਵਾਦੀ, ਸੁਧਾਰਵਾਦੀ ਯਥਾਰਥ ਦੇ ਨੇੜੇ ਅਤੇ ਤਰਕ ਭਰਪੂਰ ਕਵਿਤਾ ਨਾਲ ਜੁੜੀ ਹੋਈ ਹੈ। ਸਮਾਜ ਨੂੰ ਸੁਨੇਹਾ ਵੀ ਦਿੰਦੀ, ਨਿਹੋਰਾ ਵੀ ਦਿੰਦੀ ਹੈ ਅਤੇ ਬੁਰਾਈਆਂ ਉੱਪਰ ਚੋਟ ਕਰਦੀ ਹੋਈ ਬਰਾਬਰ ਦਾ ਸਮਾਜ ਸਿਰਜਣ ਲਈ ਵੀ ਲਗਾਤਰ ਆਪਣੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਰਾਹੀਂ ਸੁਨੇਹਾ ਦੇ ਰਹੀ ਹੈ। ਉਹਨਾਂ ਦੀ ਇਸ ਨਵੀਂ ਕਿਤਾਬ ‘ਕਾਨੇ ਦੀਆਂ ਕਲਮਾਂ’ ਵਿਚ ਖੁੱਲੀਆਂ ਕਵਿਤਾਵਾਂ ਅਤੇ ਪੰਦਰਾਂ ਗਜ਼ਲਾਂ ਦਰਜ ਹਨ। ਸੁਰਿੰਦਰ ਗੀਤ ਜਿੱਥੇ ਸਾਹਿਤਕ ਖੇਤਰ ਵਿਚ ਲਗਾਤਾਰ ਗਤੀਸ਼ੀਲ ਹੈ ਉੱਥੇ ਉਹ ‘ਸਾਹਿਤ ਸਭਾ ਕੈਲਗਰੀ’ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ ਅਤੇ ਪੰਜਾਬੀ ਜ਼ੁਬਾਨ ਅਤੇ ਸਾਹਿਤ ਦੀ ਬੁਲੰਦੀ ਲਈ ਕੈਨੇਡਾ ਦੀ ਧਰਤੀ ਤੇ ਲਗਾਤਾਰ ਯਤਨ ਕਰਦੀ ਆ ਰਹੀ ਹੈ। ਪੰਜਾਬੀ ਸਾਹਿਤ ਅਤੇ ਬੋਲੀ ਨਾਲ ਜੁੜੇ ਕੈਲਗਰੀ ਨਿਵਾਸੀਆਂ ਨੂੰ ਉਹਨਾਂ ਇਸ ਦਿਨ ਸਮਾਗਮ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ।