ਭਾਰਤ ਤੋਂ ਪਹੁੰਚੇ ਬੂਟਾ ਸਿੰਘ ਨਵਾਂ ਸ਼ਹਿਰ ਨੇ ਮੁੱਖ ਬੁਲਾਰੇ ਵਜੋਂ ਵਿਚਾਰ ਪੇਸ਼ ਕੀਤੇ
ਮਾਸਟਰ ਭਜਨ ਸਿੰਘ- ਕੈਲਗਰੀ ਵਿਖੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਵੱਲੋਂ ਇੰਕਾ ਸੀਨੀਅਰ ਸੁਸਾਇਟੀ ਵਿਚ ‘ਭਾਰਤ ਅਤੇ ਜਮਹੂਰੀ ਹੱਕ’ ਵਿਸ਼ੇ ਤੇ ਵਿਸ਼ੇਸ਼ ਵਿਚਾਰ-ਚਰਚਾ ਦਾ ਅਯੋਜਤ ਕੀਤੀ ਗਈ। ਜਿਸ ਦੀ ਪ੍ਰਧਾਨਗੀ ਬੂਟਾ ਸਿੰਘ ਨਵਾਂ ਸ਼ਹਿਰ, ਸੋਹਨ ਮਾਨ, ਬਿੱਕਰ ਸਿੰਘ ਸੰਧੂ ਅਤੇ ਪ੍ਰਸ਼ੋਤਮ ਦੁਸਾਂਝ ਨੇ ਕੀਤੀ। ਇਸ ਵਿਚ ਭਾਰਤ ਤੋਂ ਕੈਨੇਡਾ ਫੇਰੀ ਤੇ ਆਏ ਜਮਹੂਰੀ ਅਧਿਕਾਰ ਸਭਾ (ਪੰਜਾਬ) ਦੇ ਪ੍ਰੈਸ ਸਕੱਤਰ, ਦੋ-ਮਾਸਿਕ ਪੰਜਾਬੀ ਮੈਗਜ਼ੀਨ ‘ਸੁਲਗਦੇ ਪਿੰਡ’ ਦੇ ਸੰਪਾਦਕ, ਲੇਖਕ ਤੇ ਚਿੰਤਕ ਬੂਟਾ ਸਿੰਘ ਨਵਾਂ ਸ਼ਹਿਰ ਨੇ ਉਪਰੋਤਕ ਵਿਸ਼ੇ ਬਾਰੇ ਮੁੱਖ ਬੁਲਾਰੇ ਵਜੋ ਸ਼ਮੂਲੀਅਤ ਕੀਤੀ। ਸਟੇਜ ਸਕੱਤਰ ਮਾਸਟਰ ਭਜਨ ਸਿੰਘ ਦੇ ਸੱਦੇ ਤੇ ਭਾਰਤ ਦੇ ਅਜੋਕੇ ਗੰਭੀਰ ਚਿੰਤਾਜਨਕ ਹਾਲਤਾਂ ਦਾ ਵਿਸ਼ਲੇਸ਼ਣ ਪੇਸ਼ ਕਰਦਿਆਂ ਸ੍ਰੀ ਬੂਟਾ ਸਿੰਘ ਨੇ ਕਿਹਾ ਕਿ ਇਸ ਸੰਕਟ ਦੀਆਂ ਜੜ੍ਹਾਂ 1947 ਦੀ ਸੱਤਾ-ਬਦਲੀ ਜ਼ਰੀਏ ਹੋਂਦ ਵਿਚ ਆਏ ਰਾਜ ਢਾਂਚੇ ਵਿਚ ਮੌਜੂਦ ਹਨ। ਜਿਸ ਨਾਲ ਜਮਹੂਰੀਅਤ, ਸਮਾਜਵਾਦ, ਧਰਮ-ਨਿਰਪੱਖ ਗਣਰਾਜ ਦੇ ਨਾਂ ਹੇਠ ਇੱਕ ਤਾਨਾਸ਼ਾਹ ਹਿੰਦੂ ਫਿਰਕਾਪ੍ਰਸਤ ਕੁਲੀਤੰਤਰ ਜਾਬਰ ਰਾਜਸੀ ਪ੍ਰਬੰਧ ਮੁਲਕ ਦੇ ਲੋਕਾਂ ਉੱਪਰ ਥੋਪਿਆ ਜਾ ਰਿਹਾ ਹੈ। ਰਸਮੀ ਅਜ਼ਾਦੀ ਦੇ ਪਰਦੇ ਹੇਠ ਨਾਂ ਸਿਰਫ਼ ਸਾਮਰਾਜਵਾਦ ਤੇ ਬਦੇਸ਼ੀ ਸਰਮਾਏ ਦਾ ਗ਼ਲਬਾ ਬਰਕਰਾਰ ਹੈ ਸਗੋਂ ਰਾਜਤੰਤਰ ਦੀ ਮੂਲ ਤਸੀਰ ਵੀ ਅੰਗਰੇਜ਼ੀ ਰਾਜ ਵਾਂਗ ਆਮ ਲੋਕਾਂ ਨੂੰ ਦਬਾਕੇ ਦੇਸੀ ਅਤੇ ਬਦੇਸ਼ੀ ਸਰਮਾਏਦਾਰਾਂ ਤੇ ਪਿਛਲਖੜੀ ਜਗੀਰਦਾਰਾਂ ਦੇ ਹਿੱਤ ਪੂਰੇ ਕਰਨ ਦੀ ਹੈ। ਉਹਨਾਂ ਕਿਹਾ ਕਿ 1947 ਤੋਂ ਹੀ ‘ਅਜ਼ਾਦ’ ਭਾਰਤ ਦੇ ਹੁਕਮਰਾਨਾਂ ਨੇ ਆਪਣੇ ਹੀ ਲੋਕਾਂ ਵਿਰੁੱਧ ਇੱਕ ਜੰਗ ਛੇੜ ਰੱਖੀ ਹੈ,ਜਿਸ ਦੀ ਸਾਖਿਆਤ ਮਿਸਾਲ ਮਜ਼ਦੂਰਾਂ, ਕਿਸਾਨਾਂ, ਸਵੈ-ਨਿਰਣੇ ਲਈ ਸੰਘਰਸ਼ਸ਼ੀਲ ਕੌਮੀਅਤਾਂ, ਧਾਰਮਿਕ ਘੱਟ ਗਿਣਤੀਆਂ, ਆਦਿਵਾਸੀਆਂ ਸਮੇਤ ਹਰ ਦੱਬੇ-ਕੁਚਲੇ ਵਰਗ ਖਿਲਾਫ਼ ਫ਼ੌਜ ਅਤੇ ਨੀਮ-ਫ਼ੌਜੀ ਤਾਕਤਾਂ ਦੀ ਵਾਰ-ਵਾਰ ਬੇਰੋਕ ਵਰਤੋਂ ਹੈ। ਮਾਉਵਾਦੀ ਲਹਿਰ ਖ਼ਿਲਾਫ਼ ਅਪਰੇਸ਼ਨ ਗ੍ਰੀਨ ਹੰਟ ਤੇ ਹੋਰ ਅਪਰੇਸ਼ਨਾਂ ਦੀ ਸ਼ਕਲ ਵਿਚ 10 ਸੂਬਿਆਂ ਵਿਚ ਅਤੇ ਕਸ਼ਮੀਰ ਤੇ ਉਤਰ-ਪੂਰਬ ਦੀਆਂ ਕੌਮੀਅਤਾਂ ਨੂੰ ਕੁਚਲਣ ਲਈ ਦਹਿ-ਲੱਖਾਂ ਦੀ ਤਦਾਦ ਵਿਚ ਸਰਕਾਰੀ ਹਥਿਆਬੰਦ ਤਾਕਤਾਂ ਦਹਾਕਿਆਂ ਤੋਂ ਲਗਾਈਆਂ ਹੋਈਆਂ ਹਨ। ਗੈæਰ-ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ, ਆਰਮਡ ਫੋਰਸਿਜ਼ ਸਪੈਸ਼ਲ ਪਾਵਰ ਐਕਟ (ਅਫਸਪਾ) ਵਰਗੇ ਅੰਗਰੇਜ਼ੀ ਰਾਜ ਤੋਂ ਵੀ ਵਧੇਰੇ ਜ਼ਾਲਮ ਕਾਨੂੰਨ ਬਣਾਕੇ ਲੱਖਾਂ ਲੋਕਾਂ ਨੂੰ ਜੇਲ੍ਹਾਂ ‘ਚ ਸਾੜਿਆ ਜਾ ਰਿਹਾ ਹੈ। ਜੁਡੀਸ਼ਰੀ ਵੱਲੋਂ ਧਾਰਮਿਕ ਘੱਟਗਿਣਤੀਆਂ, ਦਲਿਤਾਂ, ਆਦਵਾਸੀਆਂ ਦੇ ਘਿਣਾਉਣੇ ਕਤਲੇਆਮ ਕਰਨ ਵਾਲੇ ਬਾ-ਰਸੂਖ਼ ਮੁਜਰਿਮਾਂ ਨੂੰ ਬਰੀ ਕਰਨ ਦੇ ਸਿਲਸਿਲੇਵਾਰ ਅਨਿਆਂ ਨੇ ਦਿਖਾ ਦਿੱਤਾ ਹੈ ਕਿ ਨਿਰਪੱਖਤਾ ਦੇ ਦਾਅਵਿਆਂ ਦੇ ਉਲਟ ਨਿਆ ਪ੍ਰਣਾਲੀ ਸ਼ਰੇਆਮ ਇਕ ਖ਼ਾਸ ਬਾ-ਰਸੂਖ ਕੁਲੀਨ ਵਰਗ ਤੇ ਉੱਚ ਜਾਤੀ ਤਾਕਤਾਂ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਅਖ਼ੌਤੀ ਧਰਮ-ਨਿਰਪੱਖ ਰਾਜ ਦੇ ਮਾਡਲ ਦੇ ਨਾਂ ਤੇ ਨਾ ਸਿਰਫ਼ ਜਨਤਾ ਨੂੰ ਆਰਥਿਕ ਤੌਰ ਤੇ ਤਬਾਹ ਕੀਤਾ ਸਗੋਂ ਫਿਰਕਾਪ੍ਰਸਤੀ ਦੀ ਪੁਸ਼ਤਪਨਾਹੀ ਅਤੇ ਧਾਰਮਿਕ ਘੱਟਗਿਣਤੀਆਂ ਦੇ ਜ਼ਿਆਦਾਤਰ ਕਤਲੇਆਮ ਇਸ ਦੀ ਰਾਜਸੀ ਅਗਵਾਈ ਵਿਚ ਹੋਏ ਹਨ। ਮੋਦੀ ਦੇ ਸੱਤਾਧਾਰੀ ਹੋਣ ਉੱਪਰ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਕਾਰਪੋਰੇਟ ਸਰਮਾਏਦਾਰੀ ਅਤੇ ਹਿੰਦੂਤਵੀ ਤਾਕਤਾਂ ਦੇ ਨਾਪਾਕ ਗੱਠਜੋੜ ਰਾਹੀਂ ਭਗਵੇਂ ਬਰਗੇਡ ਦਾ ਸੱਤਾ ਉੱਪਰ ਕਾਬਜ਼ ਹੋਣਾ ਕਾਰਪੋਰੇਟ ਵਿਕਾਸ ਮਾਡਲ ਰਾਹੀਂ ਮੁਲਕ ਦੇ ਕੁਦਰਤੀ ਵਸੀਲਿਆਂ ਅਤੇ ਮਿਹਨਤ ਸ਼ਕਤੀ ਦੀ ਕਾਰਪੋਰੇਟ ਸਰਮਾਏਦਾਰੀ ਵੱਲੋਂ ਲੁੱਟਮਾਰ ਦਾ ਸਿਲਸਿਲਾ ਹੋਰ ਤੇਜ ਹੋ ਗਿਆ ਹੈ, ਉੱਥੇ ਹੀ ਹਿੰਦੂਤਵੀ ਫ੍ਰਿਕਾਪ੍ਰਸਤ ਏਜੰਡਾ ਮੁਲਕ ਉਪਰ ਥੋਪਣ ਦੀ ਧੌਂਸਬਾਜ ਮੁਹਿੰਮ ਨੇ ਭਾਰਤ ਨੂੰ ਵਸੀਹ ਪੈਮਾਨੇ ‘ਤੇ ਫਿਰਕੂ ਧਰੁਵੀਕਰਨ ਅਤੇ ਪਿਛਾਖੜੀ ਹਿੰਸਾ ਦੇ ਮੂੰਹ ਧੱਕ ਦਿੱਤਾ ਹੈ। ਉਹਨਾਂ ਜ਼ੋਰ ਦਿੱਤਾ ਕਿ ਕਮਿਊਨਿਸਟਾਂ, ਦਲਿਤਾਂ, ਧਾਰਮਿਕ ਘੱਟਗਿਣਤੀਆਂ, ਕੌਮੀਅਤਾਂ ਸਮੇਤ ਸਮੂਹ ਹਾਸ਼ੀਆਗ੍ਰਸਤ ਦੱਬੇ-ਕੁਚਲੇ ਵਰਗਾਂ ਦੀਆਂ ਕੁਲ ਜਮਹੂਰੀ ਹਿਤੈਸ਼ੀ ਤਾਕਤਾਂ ਨੂੰ ਖੁੱਲ੍ਹੀ ਮੰਡੀ ਦੇ ਵਿਕਾਸ ਮਾਡਲ ਅਤੇ ਹਿੰਦੂਤਵੀ ਤਾਕਤਾਂ ਸਮੇਤ ਮੁੱਖਧਾਰਾ ਸਿਆਸਤ ਦੇ ਨਾਪਾਕ ਗੱਠਜੋੜ ਦੇ ਹਮਲੇ ਵਿਰੁੱਧ ਇੱਕਜੁੱਟ ਹੋਕੇ ਸਾਂਝੀ ਜੱਦੋ-ਜਹਿਦ ਕਰਨ ਦੀ ਜਰੂਰਤ ਨੂੰ ਪਛਾਨਣਾ ਚਾਹੀਦਾ ਹੈ ਅਤੇ ਅਗਾਂਹਵਧੂ ਸਿਆਸੀ ਬਦਲ ਬੁਲੰਦ ਕਰਨਾ ਚਾਹੀਦਾ ਹੈ। ਸਿਰਫ ਅਗਾਂਹਵਧੂ ਜੱਦੋਜਹਿਦ ਹੀ ਇਸ ਨਾਪਾਕ ਗੱਠਜੋੜ ਦੇ ਘਿਨਾਉਣੇ ਮਨਸੂਬਿਆਂ ਨੂੰ ਨਾਕਾਮ ਬਣਾ ਸਕਦੀ ਹੈ। ਹਿੰਦੂਤਵੀ ਫ਼ਾਂਸੀਵਾਦ ਦੇ ਖ਼ੂਨੀ ਹੱਥਾਂ ਨੂੰ ਰੋਕ ਸਕਦੀ ਹੈ। ਇਸ ਇਕੱਤਰਤਾ ਵਿਚ ਤਿੰਨ ਮਤੇ ਬਿੱਲ ਸੀ-51 ਨੂੰ ਵਾਪਸ ਲੈਣ, ਪੰਜਾਬ ਵਿਚ ਔਰਬਿਟ ਬੱਸ ਦੇ ਚਾਲਕਾਂ ਵੱਲੋਂ ਚਲਦੀ ਬੱਸ ਵਿਚੋਂ ਧੱਕਾ ਦੇ ਕੇ ਕਤਲ ਕੀਤੀ ਲੜਕੀ ਦੇ ਮਾਮਲੇ ਬਾਰੇ ਅਤੇ ‘ਗ਼ਦਰ’ ਨਾਮ ਹੇਠ ਸ਼ਰਾਬ ਦਾ ਬਰਾਂਡ ਜਾਰੀ ਕਰਨ ਦੀ ਘਿਨਾਉਣੀ ਕਾਰਵਾਈ ਬਾਰੇ ਪਾਸ ਕੀਤੇ ਗਏ। ਜਿਸਨੂੰ ਹਾਜ਼ਰੀਨ ਨੇ ਹੱਥ ਖੜੇ ਕਰਕੇ ਸਹਿਯੋਗ ਦਿੱਤਾ। ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੀ ਨਾਟਕ ਮੰਡਲੀ ਟੀਮ ਦੀ ਆਗੂ ਕਮਲਪ੍ਰੀਤ ਕੌਰ ਪੰਧੇਰ ਅਤੇ ਨਾਟਕ ਟੀਮ ਮੈਂਬਰਾ ਵੱਲੋਂ ਬੂਟਾ ਸਿੰਘ ਨਵਾਂ ਸ਼ਹਿਰ ਦੀ 19ਵੀਂ ਮਸ਼ਹੂਰ ਅਨੁਵਾਦਤ ਕਿਤਾਬ ‘ਸੁਪਨ ਸੰਸਾਰ ਲਈ ਹੱਜ’ ਰੀਲੀਜ਼ ਕੀਤੀ ਗਈ। ਅਖ਼ੀਰ ਵਿਚ ਸਵਾਲ-ਜਵਾਬ ਹੋਏ ਅਤੇ ਭਾਰੀ ਗਿਣਤੀ ਵਿਚ ਆਏ ਸਵਾਲਾਂ ਦੇ ਬੂਟਾ ਸਿੰਘ ਵੱਲੋਂ ਬੜੀ ਗੰਭੀਰਤਾ ਨਾਲ ਜਵਾਬ ਦਿੱਤੇ ਗਏ। ਐਸੋæਸੀਏਸ਼ਨ ਵੱਲੋਂ 26 ਸਤੰਬਰ ਨੂੰ ਹੋਣ ਵਾਲੇ ਛੇਵੇਂ ਨਾਟਕ ਸਮਾਗਮ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਸਭ ਹਾਜ਼ਰੀਨ ਦਾ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢਕੇ ਆਉਣ ਲਈ ਧੰਨਵਾਦ ਕੀਤਾ ਗਿਆ। ਹੋਰ ਜਾਣਕਾਰੀ ਲਈ ਸਕੱਤਰ ਮਾ.ਭਜਨ ਸਿੰਘ ਨਾਲ 403-455-4220 ਜਾਂ ਪ੍ਰੋ.ਗੋਪਾਲ ਜੱਸਲ ਨਾਲ 403-970-3588 ਤੇ ਸਪੰਰਕ ਕੀਤਾ ਜਾ ਸਕਦਾ ਹੈ।
ਇਕੱਤਰਤਾ ਵਿਚ ਪਾਸ ਕੀਤੇ ਗਏ ਮਤੇ-
1. ਅੱਜ ਦਾ ਇਹ ਇਕੱਠ ਹਾਰਪਰ ਸਰਕਾਰ ਵੱਲੋਂ ਦੁਨੀਆਂ ਦੇ ਸਭ ਤੋਂ ਵੱਡੇ ਦਹਿਸ਼ਤਗਰਦ ਸਟੇਟ ਅਮਰੀਕੀ ਸਾਮਰਾਜਵਾਦ ਦੀ ਅਖਾਉਤੀ ਦਹਿਸ਼ਤਵਾਦ ਵਿਰੁੱਧ ਜੰਗ ਦੀ ਧਾੜਵੀ ਨੀਤੀ ਦੇ ਨਕਸ਼ੇ-ਕਦਮਾਂ ‘ਤੇ ਚਲਦਿਆਂ ਰਾਜ ਦਾ ਪੁਲਸੀਕਰਨ ਕਰਨ ਦੇ ਮਨੋਰਥ ਨਾਲ ਜਾਬਰ ਸੀ-51 ਬਿੱਲ ਲਿਆਉਣ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ ਅਤੇ ਸਮੂਹ ਜਮਹੂਰੀ ਤੇ ਅਗਾਂਹਵਧੂ ਤਾਕਤਾਂ ਨੂੰ ਇਸ ਜਾਬਰ ਬਿੱਲ ਦੇ ਸੰਭਾਵੀ ਖ਼ਤਰਿਆਂ ਤੋਂ ਸੁਚੇਤ ਹੋਕੇ ਇਸ ਨੂੰ ਰੱਦ ਕਰਾਉਣ ਲਈ ਵਿਆਪਕ ਅਵਾਜ਼ ਉਠਾਉਣ ਦੀ ਅਪੀਲ ਕਰਦਾ ਹੈ।
2. ਅੱਜ ਦਾ ਇਕੱਠ ਪੰਜਾਬ ਵਿਚ ਬਾਦਲਕਿਆ ਦੀ ਔਰਬਿਟ ਟਰਾਂਸਪੋਟਰ ਦੇ ਸਟਾਫ ਵੱਲੋਂ ਚਲਦੀ ਬੱਸ ਵਿਚੋਂ ਇਕ ਲੜਕੀ ਨੂੰ ਬੇਇੱਜ਼ਤ ਕਰਕੇ ਧੱਕਾ ਦੇ ਕੇ ਮਾਰ ਦੇਣ ਅਤੇ ਉਸਦੀ ਮਾਤਾ ਨੂੰ ਗੰਭੀਰ ਜ਼ਖ਼ਮੀ ਕਰ ਦੇਣ ਦੀ ਸਖ਼ਤ ਨਿਖੇਧੀ ਕਰਦਾ ਹੈ। ਇਹ ਘਟਨਾ ਇਕ ਵਾਰ ਫਿਰ ਦਿਖਾਉਂਦੀ ਹੈ ਕਿ ਬਾਦਲਾਂ ਦੇ ਰਾਜ ਵਿਚ ਸਿਆਸੀ ਸਰਪ੍ਰਸਤੀ ਨਾਲ ਸਿਆਸਤਦਾਨਾਂ, ਮੁਜਰਿਮਾਂ, ਪੁਲਿਸ ਦਾ ਕਿੰਨਾ ਡੂੰਘਾ ਨਾਪਾਕ ਗੱਠਜੋੜ ਬਣ ਚੁੱਕਾ ਹੈ ਅਤੇ ਇਸ ਰਾਜ ਵਿਚ ਆਮ ਨਾਗਰਿਕ ਖ਼ਾਸ ਕਰਕੇ ਔਰਤਾਂ ਤੇ ਹੋਰ ਮਜ਼ਲੂਮ ਹਿੱਸਿਆਂ ਦੀ ਜ਼ਿੰਦਗੀਂ ਕਿੰਨੀ ਅਸੁਰੱਖਿਅਤ ਹੋ ਚੁੱਕੀ ਹੈ। ਇਕੱਠ ਪੰਜਾਬ ਦੇ ਜੁਝਾਰੂ ਲੋਕਾਂ ਤੇ ਅਗਾਂਹਵਧੂ ਜਥੇਬੰਦੀਆਂ ਵੱਲੋਂ ਇਸ ਮਾਮਲੇ ‘ਚ ਲੜੀ ਜਾ ਰਹੀ ਇਨਸਾਫ਼ ਦੀ ਲੜਾਈ ਦੀ ਪੁਰਜ਼ੋਰ ਹਮਾਇਤ ਕਰਦਾ ਹੈ।
3.ਅੱਜ ਦਾ ਇਕੱਠ ਆਬਕਾਰੀ ਅਤੇ ਕਰ ਵਿਭਾਗ ਭਾਰਤ ਵੱਲੋਂ ‘ਗ਼ਦਰ’ ਨਾਮ ਹੇਠ ਸ਼ਰਾਬ ਦਾ ਬਰਾਂਡ ਜਾਰੀ ਕਰਨ ਦੀ ਘਿਨਾਉਣੀ ਕਾਰਵਾਈ ਦਾ ਗੰਭੀਰ ਨੋਟਿਸ ਲੈਂਦਾ ਹੈ। ਮਹਾਨ ਗ਼ਦਰੀਆਂ ਦੀ ਸ਼ਹਾਦਤ ਦੇ ਸ਼ਤਾਬਦੀ ਵਰ੍ਹੇ ਮੌਕੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਇਹ ਘਿਨਾਉਣੀ ਕਾਰਵਾਈ ਨਿਹਾਇਤ ਨਿਖੇਧੀ ਯੋਗ ਹੈ। ਇਕੱਠ ਇਹ ਬਰਾਂਡ ਰੱਦ ਕਰਨ ਦੀ ਮੰਗ ਕਰਦਾ ਹੈ।