ਪੱਗ ਨੂੰ ਸਮਰਪਿਤ ਹੈ ‘ਪੰਜਾਬੀ ਬੁਲੇਵਾਰਡ’ ਦਾ ਪਲੇਠਾ ਅੰਕ
ਸੁਖਵੀਰ ਗਰੇਵਾਲ ਕੈਲਗਰੀ:-ਪੰਜਾਬੀ-ਅੰਗਰੇਜ਼ੀ ਭਾਸ਼ਾਵਾਂ ਵਿੱਚ ਛਪਣ ਵਾਲ਼ੇ ਮੈਗਜ਼ੀਨ ‘ਪੰਜਾਬੀ ਬੁਲੇਵਾਰਡ’ ਦਾ ਪਹਿਲਾ ਅੰਕ ਕੈਲਗਰੀ ਦੇ ਪਾਠਕਾਂ ਦੇ ਹੱਥਾਂ ਵਿੱਚ ਪਹੁੰਚ ਗਿਆ ਹੈ।ਮੈਗਜ਼ੀਨ ਦਾ ਪਹਿਲਾ ਅੰਕ ਪੱਗ ਨੂੰ ਸਮਰਪਿਤ ਹੈ ਅਤੇ ਅਲਬਰਟਾ ਵਿੱਚ ਹੋ ਰਹੀਆਂ ਚੋਣਾਂ ਬਾਰੇ ਵੀ ਕੁਝ ਲੇਖ ਛਾਪੇ ਗਏ ਹਨ।
ਪੰਜਾਬੀ ਬੁਲੇਵਾਰਡ ਦੀ ਸੰਪਾਦਕੀ ਟੀਮ ਦੇ ਮੈਂਬਰ ਦਲਜੀਤ ਸਿੰਘ ਧਾਲੀਵਾਲ(ਕਾਕਾ ਲੋਪੋਂ) ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਲਗਰੀ ਦਾ ਪੰਜਾਬੀ ਮੀਡੀਆ ਵੱਖ-ਵੱਖ ਖੇਤਰਾਂ ਵਿੱਚ ਪੁਲਾਂਘਾਂ ਪੁੱਟ ਰਿਹਾ ਹੈ ਜਿਸ ਪੰਜਾਬੀ ਬੁਲੇਵਾਰਡ ਨੇ ਵੀ ਪਹਿਲੀ ਦਸਤਕ ਦਿੱਤੀ ਹੈ। ਪਹਿਲੇ ਅੰਕ ਵਿੱਚ ‘ਪੱਗ ਤੋਂ ਦਸਤਾਰ ਤੱਕ ਦਾ ਸਫਰ’, ‘ਨਾ ਪੱਗ ਨਾ ਟੋਪ-ਭਗਤ ਸਿੰਘ ਇੱਕ ਸੋਚ’, ‘ਉੱਡੀ ਪੱਗ ਵੇ ਸ਼ੌਕੀਨਾ ਤੇਰੀ’, ‘ਭਾਰਤੀ ਫਿਲਮਾਂ ਵਿੱਚ ਪੱਗ’, ‘ਪਿਉ,ਧੀ ਅਤੇ ਪੱਗ’, ‘ਦੇਸ਼-ਭਗਤੀ ਜਜ਼ਬੇ ‘ਚ ਪੱਗ’ਵਰਗੇ ਵਿਸ਼ਿਆਂ ਉੱਪਰ ਲੇਖ ਛਾਪੇ ਗਏ ਹਨ। ਇਸ ਤੋਂ ਇਲਾਵਾ ਕੈਨੇਡਾ ਪਾਰਲੀਮੈਂਟ,ਅਲਬਰਟਾ ਅਸੈਂਬਲੀ,ਕੈਨੇਡਾ ਦੀ ਫੌਜ,ਆਰ.ਸੀ.ਐਮ.ਪੀ.,ਕੈਲਗਰੀ ਪੁਲੀਸ, ਕੈਲਗਰੀ ਟਰਾਂਸਿਟ ਅਤੇ ਟੈਕਸੀ ਸਨਅਤ ਵਿੱਚ ਪੱਗ ਦੀ ਪਹਿਲੀ ਦਸਤਕ ਉਪਰ ਝਾਤ ਪਾਈ ਗਈ ਹੈ।
ਮੈਗਜ਼ੀਨ ਦਾ ਸਭ ਤੋਂ ਰੌਚਿਕ ਕਾਲਮ ‘ਮੈਂ ਪੱਗ ਕਿਉਂ ਬੰਨਦਾ ਹਾਂ’ ਹੈ ।ਇਸ ਕਾਲਮ ਵਿੱਚ ਕੈਲਗਰੀ ਦੇ ਉਹਨਾਂ ਚੋਣਵੇਂ ਵਿਅਕਤੀਆਂ ਦੇ ਵਿਚਾਰ ਛਾਪੇ ਗਏ ਹਨ ਜੋ ਇੱਕ ਵਾਰ ਕਲੀਨ ਸ਼ੇਵ ਹੋਣ ਤੋਂ ਬਾਅਦ ਦੁਬਾਰਾ ਪੱਗ ਬੰਨਣ ਵੱਲ ਪ੍ਰੇਰਿਤ ਹੋਏ।ਇਸ ਕਾਲਮ ਵਿੱਚ ਉਹ ਵਿਅਕਤੀ ਵੀ ਸ਼ਾਮਲ ਹਨ ਜਿਹਨਾਂ ਨੇ ਚੰਗੇ ਭਵਿੱਖ ਲਈ ਪੰਜਾਬ ਤਾਂ ਛੱਡ ਦਿੱਤਾ ਪਰ ਉਹਨਾਂ ਨੇ ਦਿਲ ਵਿੱਚ ਪੰਜਾਬ ਨੂੰ ਵਸਦਾ ਰੱਖਣ ਲਈ ਪੱਗ ਬੰਨਣੀ ਨਹੀਂ ਛੱਡੀ।
ਮੈਗਜ਼ੀਨ ਦੇ ਅੰਗਰੇਜ਼ੀ ਭਾਗ ਵਿੱਚ ਪੰਜਾਬੀ ਨਾ ਪੜ੍ਹ ਸਕਣ ਵਾਲ਼ੇ ਪਾਠਕਾਂ ਲਈ ਪੱਗ ਬਾਰੇ ਬਹੁਮੁੱਲੀ ਜਾਣਕਾਰੀ ਦਿੱਤੀ ਗਈ ਹੈ।