ਪ੍ਰੋਗਰੈਸਿਵ ਇੰਟਰ ਕਲਚਰ ਸੋਸਾਇਟੀ ਕੈਲਗਰੀ ਵੱਲੋਂ ਉਲੀਕਿਆ ਗਿਆ ਇਹ ਪ੍ਰੋਗਰਾਮ
ਸਰੀ ਦੇ ਸਿਰੜੀ ਸਮਾਜਸੇਵੀ ਚਰਨਪਾਲ ਗਿੱਲ ਨੇ ਵਿਸ਼ੇਸ਼ ਸ਼ਿਕਰਤ ਕੀਤੀ
ਚੰਦ ਸਿੰਘ ਸਦਿਊੜਾ ਕੈਲਗਰੀ- ਕੈਨੇਡਾ ਵਰਗੇ ਵਿਆਸਤ ਜੀਵਨ ਵਾਲੇ ਦੇਸ਼ ਵਿਚ ਸੀਨੀਅਰ ਸੇਵਾਂ ਇੱਕ ਭਖ਼ਦਾ ਮਸਲਾ ਹੈ। ਇਸ ਬਹੁ-ਕੌਮੀ ਦੇਸ਼ ਵਿਚ ਮੁੱਖ ਧਾਰਾ ਤੋਂ ਇਲਾਵਾਂ ਹੋਰ ਕਈ ਕੌਮਾਂ ਨੇ ਆਪਣੇ ਵਡੇਰਿਆਂ ਦੀ ਸੇਵਾ ਲਈ ਸੀਨੀਅਰ ਕੇਂਦਰ ਸਥਾਪਿਤ ਕੀਤੇ ਹੋਏ ਹਨ ਜੋ ਸਫਲਤਾ ਪੂਰਵਕ ਚੱਲ ਰਹੇ ਹਨ। ਸਰਕਾਰ ਵੱਲੋਂ ਸੀਨੀਅਰ ਸੇਵਾਵਾਂ ਦੀ ਅਣਹੋਂਦ ਕਾਰਨ ਪ੍ਰਈਵੇਟ ਸੇਵਾ ਸਧਾਰਨ ਪਰਿਵਾਰਾਂ ਲਈ ਕਾਫੀ ਮਹਿੰਗਾ ਸੌਦਾ ਹੈ। ਇਸ ਲਈ ਪੰਜਾਬੀ ਭਾਈਚਾਰੇ ਦੇ ਕੁਝ ਹਮਦਰਦ ਸੇਵਕਾਂ ਵੱਲੋਂ ਇਕ ਮੁਨਾਫਾ ਰਹਿਤ ਸੀਨੀਅਰ ਸੇਵਾ ਕੇਂਦਰ ਵਿਚਾਰ ਅਧੀਨ ਹੈ। ਕੈਲਗਰੀ ਵੱਸਦੇ ਸ੍ਰੀ ਜੋਗਿੰਦਰ ਸੰਘਾ ਅਤੇ ਹਰੀਪਾਲ ਜੋ ਇਸ ਅਹਿਮ ਲੋੜ ਪ੍ਰਤੀ ਪਿਛਲੇ ਸਾਲ ਡੇਢ ਸਾਲ ਤੋਂ ਸਰਗਰਮ ਹਨ ਨੇ ਪਿਛਲੇ ਸਾਲ ਦੇ ਅਕਤੂਬਰ ਮਹੀਨੇ ਵਿਚ ਪੰਜਾਬੀ ਭਾਈਚਾਰੇ ਦਾ ਇੱਕ ਭਰਵਾਂ ਇਕੱਠ ਕਰਕੇ ਬੀ.ਸੀ. ਪੈਟਰਨ ਤੇ ਪੰਜਾਬੀ ਸੀਨੀਅਰ ਕੇਅਰ ਕੇਂਦਰ ਉਸਾਰਨ ਦਾ ਹਾਂ ਪੱਖੀ ਹਲਫ ਲਿਆ ਸੀ। ਇਸੇ ਤਹਿਤ ਉਹਨਾਂ ਪ੍ਰੋਗਰੈਸਿਵ ਇੰਟਰ ਕਲਚਰ ਸੋਸਾਇਟੀ ਦਾ ਗਠਨ ਕਰ, ਤਕਰੀਬਨ 400 ਮੈਂਬਰਾਂ ਦਾ ਸਹਿਯੋਗ ਪ੍ਰਪਾਤ ਕਰ ਲਿਆ ਹੈ ਅਤੇ ਭਵਿੱਖੀ ਯਤਨ ਜਾਰੀ ਹਨ। ਇਸੇ ਸੰਦਰਭ ਵਿਚ 19 ਅਪ੍ਰੈਲ ਨੂੰ ਫਾਲਕਿਨਰਿੱਜ ਕਮੀਊਨਟੀ ਹਾਲ ਵਿਚ ਇਸ ਸੰਸਥਾਂ ਵੱਲੋਂ ਸੀਨੀਅਰ ਕੇਅਰ ਸੈਂਟਰ ਦੀ ਆਹਿਮ ਲੋੜ ਨੂੰ ਵਿਚਾਰਨ ਲਈ ਦੂਸਰਾ ਇਕੱਠ ਕੀਤਾ ਗਿਆ। ਜਿਸ ਵਿਚ ਸੀਨੀਅਰ ਸੇਵਾ ਕੇਂਦਰ ਸਰੀ ਦੇ ਸੇਵਾ ਮਾਹਰ ਸ਼੍ਰੀ ਚਰਨਪਾਲ ਗਿੱਲ ਨੇ ਪਹਿਲਾ ਦੀ ਤਰ੍ਹਾਂ ਵਿਸ਼ੇਸ਼ ਸ਼ਿਕਰਤ ਕੀਤੀ। ਮੀਟਿੰਗ ਦੀ ਰਸਮੀ ਸ਼ੁਰੂਆਤ ਕਰਦੇ ਹੋਏ ਸਟੇਜ ਸੰਚਾਲਕ ਸ਼੍ਰੀ ਜੋਗਿੰਦਰ ਸੰਘਾ ਨੇ ਲਾਭ-ਰਹਿਤ ਸੀਨੀਅਰ ਕੇਅਰ ਸੈਂਟਰ ਜਿਸ ਵਿਚ ਪੰਜਾਬੀ ਕਲਚਰ ਅਨੁਸਾਰ ਖਾਣਾ-ਬਾਣਾ ਹੋਵੇ ਨੂੰ ਉਸਾਰੂ ਹੁੰਗਾਰਾਂ ਦੇਣ ਲਈ ਸੰਗਤ ਨੂੰ ਬੇਨਤੀ ਕੀਤੀ। ਵਿਸੇਸ ਮਹਿਮਾਨ ਸ਼੍ਰੀ ਚਰਨਪਾਲ ਗਿੱਲ ਨੇ ਆਪਣੇ ਨਿੱਜੀ ਤਜ਼ਰਬਿਆਂ ਦੇ ਅਧਾਰਿਤ ਸੀਨੀਅਰ ਸੇਵਾ ਯੋਜਨਾ ਸਰੋਤਿਆਂ ਨਾਲ ਵਿਸਥਾਰ ਵਿਚ ਸਾਂਝੀ ਕੀਤੀ। ਉਹਨਾਂ ਕਿਹਾ ਕਿ ਲੋੜਵੰਦ ਸੀਨੀਅਰਜ਼ ਨੂੰ ‘ਇੰਡੀਪੈਡੈਂਟ ਲਿਵਿੰਗ’ ਲਈ ਆਪਣੀ ਪੈਨਸ਼ਨ ਵਿਚੋਂ ਸਿਰਫ ਤੀਹ ਪ੍ਰਤੀਸ਼ਤ ਅਤੇ ਅਸਿਸਟੈਟ ਲਿਵਿੰਗ ਲਈ ਸੱਤਰ ਪ੍ਰਤੀਸ਼ਤ ਅਦਾਇਗੀ ਕਰਕੇ ਆਪਣੇ ਭਾਈਚਾਰਕ ਵਾਤਾਵਰਣ ਵਿਚ ਰਹਿਣ ਦੀ ਸਹੂਲਤ ਮਿਲੇਗੀ। ਉਹਨਾਂ ਆਪਣੇ ਵਡੇਰਿਆਂ ਦੀਆਂ ਕੁਰਬਾਨੀਆਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਪਿਛਲੀ ਜ਼ਿੰਦਗੀਂ ਨੂੰ ਸੋਖਾ ਰੱਖਣ ਦਾ ਸਮੁੱਚੇ ਇਕੱਠ ਨੂੰ ਸੱਦਾ ਦਿੱਤਾ। ਬੁਲਾਰਿਆਂ ਵਿਚ ਸੁਖਦੇਵ ਸਿੰਘ ਖੈਹਿਰਾ, ਹਰੀਪਾਲ, ਗੁਰਬਚਨ ਬਰਾੜ, ਹੈਪੀ ਮਾਨ, ਮਨਮੀਤ ਸਿੰਘ ਭੁੱਲਰ, ਜਗਦੀਪ ਸਿਹੋਤਾ, ਬਲਵਿੰਦਰ ਕਾਹਲੋਂ ਨੇ ਇਸ ਅਹਿਮ ਲੋੜ ਨੂੰ ਸਿਰੇ ਚਾੜਨ ਲਈ ਨਿੱਜੀ ਵਿਚਾਰਾਂ ਨਾਲ ਸਾਂਝ ਪਾਈ। ਅਲਬਰਟਾ ਸੂਬੇ ਵਿਚ ਚੋਣਾਂ ਦਾ ਮਹੌਲ ਚੱਲ ਰਿਹਾ ਹੋਣ ਕਰਕੇ ਸਮੁੱਚੇ ਪੰਜਾਬੀ ਭਾਈਚਾਰੇ ਤੋਂ ਇਲਾਵਾਂ ਸਿਆਸੀ ਗਲਿਆਰਿਆਂ ਵਿਚੋਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵੀ ਸ਼ਿਕਰਤ ਕੀਤੀ ਗਈ। ਇਸ ਬਜ਼ੁਰਗ ਸੰਭਾਲ ਦਾ ਇਹ ਮੁੱਦਾ ਭਵਿੱਖ ਵਿਚ ਭਾਈਚਾਰੇ ਲਈ ਵਿਚਾਰ ਕੇਂਦਰਿਤ ਰਹੇਗਾ। ਉਸਾਰੂ ਸਪੰਰਕ ਲਈ ਸ਼੍ਰੀ ਜੋਗਿੰਦਰ ਸੰਘਾ ਨਾਲ 403-836-2500 ਜਾਂ ਸ਼੍ਰੀ ਹਰੀਪਾਲ ਨਾਲ 403-714-4816 ਤੇ ਸਪੰਰਕ ਕੀਤਾ ਜਾ ਸਕਦਾ ਹੈ।