ਬਲਜਿੰਦਰ ਸੰਘਾ-ਕੈਲਗਰੀ ਵਿਚ ਲੰਮੇ ਸਮੇਂ ਤੋਂ ਛਪਦੇ ਆ ਰਹੇ ਮੈਗਜ਼ੀਨ ‘ਸਿੱਖ ਵਿਰਸਾ’ ਵੱਲੋਂ ‘ਟੈਪਲ ਕਮਿਊਨਿਟੀ ਹਾਲ’ ਵਿਚ ‘ਸਿੱਖ ਅਵੇਅਰਨੈਸ ਸੈਮੀਨਾਰ’ ਕਰਵਾਇਆ ਗਿਆ। ਜਿਸ ਵਿੱਚ ਉੱਘੇ ਸਿੱਖ ਲੇਖਕ, ਵਿਦਵਾਨ ਤੇ ਸਾਇੰਟਿਸਟ ਡਾ.ਦਵਿੰਦਰ ਸਿੰਘ ਚਾਹਲ ਅਤੇ ਕੈਲੇਫੋਰਨੀਆ ਤੋਂ ‘ਸਿੱਖ ਬੁਲੇਟਿਨ’ ਰਸਾਲੇ ਦੇ ਸੰਪਾਦਕ ਤੇ ਸਿੰਘ ਸਭਾ ਇੰਟਰਨੈਸ਼ਨਲ ਦੇ ਬਾਨੀ ਆਗੂ ਸ਼ਹਰਦੇਵ ਸਿੰਘ ਸ਼ੇਰਗਿੱਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਡਾ.ਦਵਿੰਦਰ ਸਿੰਘ ਚਾਹਲ, ਜੋ ਕਿ ਮੌਟਰੀਅਲ ਯੂਨੀਵਰਸਿਟੀ ਵਿੱਚ ਲੰਬਾ ਸਮਾਂ ਸਾਇੰਸਦਾਨ ਰਹਿਣ ਤੋਂ ਬਾਅਦ ਅੱਜਕਲ੍ਹ ਗੁਰਬਾਣੀ ਦੀ ਪ੍ਰੰਪਰਾਗਤ ਵਿਆਖਿਆ ਤੋਂ ਹਟ ਕੇ ਵਿਗਿਆਨਕ ਢੰਗ ਨਾਲ ਵਿਆਖਿਆ ਕਰ ਰਹੇ ਹਨ ਤੇ ਕਈ ਕਿਤਾਬਾਂ ਦੇ ਰਚੇਤਾ ਵੀ ਹਨ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਾਇੰਸ ਸ਼ਬਦ ਅਠ੍ਹਾਰਵੀਂ ਸਦੀ ਤੋਂ ਵਰਤਿਆ ਜਾਣ ਲੱਗਾ ਪਰ ਗੁਰੂ ਨਾਨਕ ਦੇਵ ਜੀ ਨੇ ਇਸਤੋਂ ਪਹਿਲਾ ਆਪਣੀ ਬਾਣੀ ਵਿਚ ਕੁਦਰਤੀ ਸਾਇੰਸ ਸ਼ਬਦ ਦੀ ਵਰਤੋਂ ਕੀਤੀ ਹੈ। ਉਹਨਾਂ ਦੀ ਲਿਖੀ ਬਾਣੀ ਜਾਗਰੂਕਤਾ ਫੈਲਾਊਣ ਲਈ ਹੈ ਤਾਂ ਕਿ ਅਗਿਆਨਤਾ ਦਾ ਹਨੇਰਾ ਦੂਰ ਕੀਤਾ ਜਾ ਸਕੇ ਪਰ ਇਸ ਲਈ ਸਾਨੂੰ ਰਵਾਇਤੀ ਢੰਗ ਤੋਂ ਹਟਕੇ ਵਿਗਿਆਨਿਕ ਢੰਗ ਨਾਲ ਇਸਦੀ ਵਿਆਖਿਆ ਕਰਨੀ ਪਵੇਗੀ ਜਿਸ ਲਈ ਇਕ ਦੂਸਰੇ ਨਾਲ ਸੰਵਾਦ ਰਚਾਉਣੇ, ਸਵਾਲ-ਜਵਾਬ ਕਰਨੇ ਅਤੇ ਆਪਣੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਾ ਜਰੂਰੀ ਹੈ। ਪਰ ਪ੍ਰੰਪਰਾਗਤ ਵਿਆਖਿਆ ਵਿਚ ਸਾਨੂੰ ਇਹੋ ਪੜਾਇਆ ਜਾਂਦਾ ਹੈ ਕਿ ਬੱਸ ਵਿਸ਼ਵਾਸ਼ ਕਰੋ ਪਰ ਕੁਝ ਪੁੱਛੋ ਨਾ। ਉਹਨਾਂ ਕਿਹਾ ਕਿ ਗੁਰਬਾਣੀ ਲਿਖੀ ਹੀ ਅਵੇਅਨੈਸ ਲਈ ਗਈ ਹੈ ਪਰ ਜੋ ਗੱਲਾਂ ਵੈਸਟਰਨ ਫਿਲਾਸਫਰ ਮੰਨਣ ਲਈ ਤਿਆਰ ਹਨ ਅਸੀਂ ਮੰਨਣ ਲਈ ਤਿਆਰ ਨਹੀਂ ਹਾਂ। ਇਸ ਸਬੰਧੀ ਉਹਨਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚੋਂ ਕਈ ਉਦਹਾਰਨਾਂ ਪੇਸ਼ ਕੀਤੀਆਂ। ‘ਸਿੱਖ ਬੁਲੇਟਿਨ’ ਰਸਾਲੇ ਦੇ ਸੰਪਾਦਕ ਹਰਦੇਵ ਸਿੰਘ ਸ਼ੇਰਗਿੱਲ ਨੇ ‘ਗੁਰਬਾਣੀ ਦਾ ਸਰਬਤ ਦੇ ਭਲੇ ਦਾ ਮਨੁੱਖਤਾਵਾਦੀ ਸੁਨੇਹਾ’ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਈ ਸਵਾਲ ਪੈਦਾ ਕੀਤੇ। ਉਹਨਾਂ ਕਿਹਾ ਕਿ ਸਾਨੂੰ ਇਸ ਬਾਰੇ ਖ਼ੁਦ ਨੂੰ ਗਿਆਨਵਾਨ ਕਰਨ ਦੀ ਜ਼ਰੂਰਤ ਹੈ। ਤਕਰੀਬਨ ਢਾਈ ਘੰਟੇ ਦੋਹਾਂ ਵਿਦਵਾਨਾਂ ਦੇ ਵਿਚਾਰਾਂ ਨੂੰ ਹਾਜ਼ਰੀਨ ਨੇ ਬੜੇ ਧਿਆਨ ਨਾਲ ਸੁਣਿਆ। ਡਾ.ਪ੍ਰਤਾਪ ਸਿੰਘ ਨੂੰ ਸਿੱਖ ਵਿਰਸਾ ਮੈਗਜ਼ੀਨ ਵੱਲੋਂ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਕੈਲਗਰੀ ਦੇ ਬੱਚਿਆਂ ਦੇ ‘ਖਾਲਸਾ ਢਾਡੀ ਜੱਥੇ’ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਪੇਸ਼ ਕੀਤੀ। ਸਟੇਜ ਸੰਚਾਲਨ ਸਾਂਝੇ ਰੂਪ ਵਿਚ ਹਰਚਰਨ ਸਿੰਘ ਪਰਹਾਰ (ਮੁੱਖ ਸੰਪਾਦਕ ਸਿੱਖ ਵਿਰਸਾ) ਅਤੇ ਮਨਜੀਤ ਸਿੰਘ ਪਿਆਸਾ ਵੱਲੋਂ ਕੀਤਾ ਗਿਆ।