ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਦੇ ਸਿਲਵਰ ਜੁਬਲੀ ਸਮਾਗਮ ਦਾ ਹਿੱਸਾ ਸਨ ਇਹ ਨਾਟਕ
ਬਲਜਿੰਦਰ ਸੰਘਾ- ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਵੱਲੋਂ ਆਪਣਾ 25 ਸਾਲਾਂ ਸਿਲਵਰ ਜੁਬਲੀ ਸਮਾਗਮ ਸੇਂਟ ਕਾਲਜ ਦੇ ਔਰਫੀਅਸ ਥੀਏਟਰ ਵਿਚ ਸਫਲਤਾ ਪੂਰਵਕ ਮਨਾਇਆ ਗਿਆ। ਜਿਸ ਵਿਚ ਕੈਲਗਰੀ ਸ਼ਹਿਰ ਦੇ ਪਰਿਵਾਰਾਂ ਨੇ ਭਾਰੀ ਗਿਣਤੀ ਵਿਚ ਅਦਾਕਾਰ ਸੈਮੂਅਲ ਜੌਨ ਦੇ ਦੋ ਨਾਟਕਾਂ ‘ਜੂਠ’ ਅਤੇ ‘ਕਿਰਤੀ’ ਦਾ ਬੜੀ ਸੰਜੀਦਗੀ ਨਾਲ ਅਨੰਦ ਮਾਣਿਆ। ਪਹਿਲਾ ਇਕ ਪਾਤਰੀ ਨਾਟਕ ‘ਜੂਠ’ ਜੋ ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ-ਜੀਵਨੀ ਦੇ ਅਧਾਰਿਤ ਬਲਰਾਮ ਦਾ ਲਿਖਿਆ ਹੋਇਆ ਹੈ ਸੈਮੂਅਲ ਜੌਨ ਦੀ ਅਦਾਕਾਰੀ ਨੇ ਅਜਿਹੇ ਢੰਗ ਨਾਲ ਦਰਸ਼ਕਾਂ ਮੂਹਰੇ ਰੱਖਿਆ ਕਿ ਜਾਤ-ਪਾਤ ਦੇ ਵਖਰੇਵੇਂ ਦਰਸਾਉਦਾਂ ਇਹ ਨਾਟਕ ਦੇਖਦੇ, ਸੁਣਦੇ, ਸਮਝਦੇ ਲਗਭਗ ਬਹੁਤੇ ਦਰਸ਼ਕ ਗੰਭੀਰ ਅਤੇ ਭਾਵੁਕ ਹੋ ਗਏ। ਇਸ ਨਾਟਕ ਵਿਚ ਗਰੀਬ ਪਰਿਵਾਰ ਦੇ ਲੜਕੇ ਦੀ ਕਹਾਣੀ ਹੈ ਕਿ ਕਿਸ ਤਰਾਂ ਕਿਸੇ ਨੂੰ ਬੋਲੇ ਜਾਤੀ-ਸੂਚਕ ਸ਼ਬਦ ਉਸਦੀ ਜਿੰਦਗੀਂ ਅਤੇ ਮਾਨਸਿਕਤਾ ਤੇ ਅਸਰ ਕਰਦੇ ਹਨ। ਇਹ ਨਾਟਕ ਜਾਤ-ਪਾਤ ਦੇ ਵਖਰੇਵੇਂ ਦਾ ਵਿਕਰਾਲ ਰੂਪ ਪੇਸ਼ ਕਰਦਾ ਹੈ ਜੋ ਅਜੇ ਵੀ ਜਾਰੀ ਹੈ। ਦੂਸਰਾ ਨਾਟਕ ‘ਕਿਰਤੀ’ ਨਿਮਨ ਮੱਧਵਰਗੀ ਅਤੇ ਭੂਮੀਹੀਣ ਹੋ ਚੁੱਕੀ ਕਿਸਾਨੀ ਦੇ ਦੁਖਾਂਤ ਨੂੰ ਪੇਸ਼ ਕਰਦਾ ਸੀ ਕਿਸ ਤਰ੍ਹਾਂ ਇਹ ਨਿਮਨ ਮੱਧਰਵਗੀ ਲੋਕ ਆਪਣਾ ਅਤੇ ਪਰਿਵਾਰ ਦਾ ਜੀਵਨ ਪੱਧਰ ਉੱਪਰ ਚੁੱਕਣ ਲਈ ਹੱਥ-ਪੈਰ ਮਾਰਦੇ ਹਨ ਪਰ ਆਰਥਿਕ ਪੱਧਰ ਤੇ ਹੌਲੀ-ਹੌਲੀ ਹੇਠਾਂ ਖਿਸਕਦੇ ਜਾਂਦੇ ਤੇ ਗੱਲ ਫਾਹੇ ਲੈਣ ਤੱਕ ਪਹੁੰਚ ਜਾਂਦੀ ਹੈ। ਜੇਕਰ ਗੱਲ ਅਦਾਕਾਰੀ ਦੀ ਕਰੀਏ ਤਾਂ ਸੈਮੂਅਲ ਜੌਨ ਦਾ ਨਾਟਕ ਕਰਨ ਦਾ ਢੰਗ ਬੜਾ ਸਾਦਾ ਹੈ। ਉਹ ਬਿਨਾਂ ਲਾਈਟਿੰਗ, ਬਿਨਾ ਬੈਕਗਰਾਊਂਡ ਸੰਗੀਤ ਦੇ ਬੜੇ ਸਾਦੇ ਢੰਗ ਨਾਲ ਪਰਦੇ ਤੇ ਆਉਂਦਾ ਹੈ, ਆਪਣੀ ਸਾਦਗੀ ਭਰੀ ਤੇ ਲੋਕ ਦਿਲਾਂ ਦੀ ਗਹਿਰਾਈ ਵਿਚ ਲਹਿ ਜਾਣ ਵਾਲੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ। ਕਿਉਂਕਿ ਉਹ ਸਟੇਜ ਤੇ ਕੋਈ ਅਲੋਕਾਰ ਗੱਲਾਂ ਨਹੀਂ ਕਰਦਾ ਬਲਕਿ ਆਮ ਅਤੇ ਗਰੀਬ ਲੋਕਾਂ ਦੇ ਨਿੱਤ ਦਿਨ ਦੀ ਕਸ਼ਮਕਸ਼ ਅਤੇ ਮਾਨਸਿਕਤਾ ਹੀ ਉਸਦੇ ਨਾਟਕਾਂ ਦਾ ਵਿਸ਼ਾ ਹੈ। ਭਾਵ ਉਸਦਾ ਥੀਏਟਰ ਮੰਨੋਰੰਜਨ ਨਹੀਂ ਕਰਦਾ ਪਰ ਦਰਸ਼ਕ ਫਿਰ ਵੀ ਧੁਰ ਅੰਦਰ ਤੱਕ ਉਸਦੀ ਅਦਾਕਾਰੀ ਅਤੇ ਮਸਲੇ ਦੀ ਗੰਭੀਰਤਾਂ ਵਿਚ ਲਹਿ ਜਾਂਦੇ ਹਨ। ਇਸੇ ਤਰਾਂ ਕੈਲਗਰੀ ਦੇ ਦਰਸ਼ਕਾਂ ਨਾਲ ਭਰੇ ਔਰਫੀਅਸ ਥੀਏਟਰ ਵਿਚ ਹੋਇਆ। ਉਸ ਵੱਲੋਂ ਇਸ ਨਾਟਕ ਲਈ ਰਿਹਸਲਾਂ ਰਾਹੀਂ ਤਰਾਸ਼ੇ ਕੈਲਗਰੀ ਦੇ ਕਲਾਕਾਰ ਜੋ ਪਹਿਲਾਂ ਵੀ ਨਾਟਕਾਂ ਵਿਚ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਪੇਸ਼ ਕਰ ਚੁੱਕੇ ਹਨ ਜਿਸ ਵਿਚ ਜਸ਼ਨ ਗਿੱਲ, ਗੁਰਰਿੰਦਰਪਾਲ ਬਰਾੜ, ਨਵਕਿਰਨ ਢੁੱਡੀਕੇ ਨੇ ਆਪਣੇ ਕਿਰਦਾਰ ਬਾਖੂਬੀ ਨਿਭਾਏ। ਪ੍ਰੋਗਰੈਸਿਵ ਕਲਚਰਲ ਐਸੋਸ਼ੀeਸੇæਨ ਹਰ ਤਰਾਂ ਦੇ ਬਿਖੜੇ ਰਾਹਾਂ ਵਿਚੋਂ ਨਿਕਲਕੇ ਹੁਣ ਕੈਲਗਰੀ ਦੀ ਉਸਾਰੂ ਅਤੇ ਲੋਕਪੱਖੀ ਸੰਸਥਾਂ ਦੇ ਨਾਮ ਨਾਲ ਜਾਣੀ ਜਾਂਦੀ ਸਫਲ ਸੰਸਥਾਂ ਹੈ। ਇਸ ਲਈ ਇਸ 25 ਸਾਲਾਂ ਸਿਲਵਰ ਜੁਬਲੀ ਸਮਾਗਮ ਵਿਚ ਸੰਸਥਾਂ ਦੇ ਸਿਰੜੀ ਪ੍ਰਧਾਨ ਸੋਹਨ ਮਾਨ ਦਾ ਸਨਮਾਨ ਚਿੰਨ੍ਹ ਨਾਲ ਭਰੇ ਹਾਲ ਵਿਚ ਸਨਮਾਨ ਕੀਤਾ ਗਿਆ। ਸਿੱਖ ਵਿਰਸਾ ਮੈਗਜੀਨ ਅਤੇ ਸੰਸਥਾਂ ਵੱਲੋਂ ਸਨਮਾਨ ਚਿੰਨ ਦੇਖੇ ਸੈਮੂਅਲ ਜੌਨ ਦਾ ਸਨਮਾਨ ਕੀਤਾ ਗਿਆ। ਸੰਸਥਾਂ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਇਸ 25 ਸਾਲਾਂ ਸਿਲਵਰ ਜੁਬਲੀ ਸਮਾਗਮ ਲਈ ਕੋਈ ਸਪਾਂਸਰਸ਼ਿੱਪ ਨਹੀਂ ਲਈ ਜਾਵੇਗੀ। ਪਰ ਆਰਥਿਕ ਕਮਜ਼ੋਰੀ ਦੇ ਚੱਲਦਿਆਂ ਦ੍ਰਿੜ ਇਰਾਦੇ ਨਾਲ ਲੋਕਪੱਖੀ ਨਾਟਕ ਨਾਲ ਜੁੜੇ ਸੈਮੂਅਲ ਜੌਨ ਦੀ ਹਾਜ਼ਰੀਨ ਕੈਲਗਰੀ ਨਿਵਾਸੀਆਂ ਨੇ ਦਿਲ ਖੋਲ੍ਹਕੇ ਮਦਦ ਕੀਤੀ। ਜਿਸਦਾ ਸੰਸਥਾਂ ਦੇ ਸਕੱਤਰ ਮਾ.ਭਜਨ ਸਿੰਘ ਨੇ ਸਟੇਜ ਤੋ ਤਹਿ ਦਿਲੋਂ ਧੰਨਵਾਦ ਕੀਤਾ। ਅਗਾਂਹਵਧੂ ਸਾਹਿਤਕ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ। ਅਖੀਰ ਵਿਚ ਸਟੇਜ ਸੰਚਾਲਕ ਮਾ.ਭਜਨ ਸਿੰਘ ਨੇ ਸਹਿਯੋਗੀ ਮੀਡੀਏ, ਕੈਲਗਰੀ ਦੀਆਂ ਸਭਾ ਸੁਸਾਇਟੀਆਂ ਅਤੇ ਹਾਜ਼ਰ ਦਰਸ਼ਕਾਂ ਦਾ ਤਹਿ ਦਿਲੋ ਧੰਨਵਾਦ ਕੀਤਾ। ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਦੇ ਕਾਰਜਕਾਰੀ ਮੈਂਬਰਾਂ ਅਤੇ ਹੋਰ ਬਹੁਤ ਸਾਰੇ ਵਲੰਟੀਅਰਾਂ ਨੇ ਇਸ ਸਮਾਗਮ ਨੂੰ ਸਫ਼ਲ ਕਰਨ ਵਿਚ ਹਰ ਤਰ੍ਹਾਂ ਦਾ ਯੋਗਦਾਨ ਪਾਇਆ। ਸੰਸਥਾਂ ਦਾ ਸਲਾਨਾ ਸੱਭਿਆਚਾਰਕ ਨਾਟਕ ਸਮਾਗਮ ਇਸ ਸਾਲ 26 ਸਤੰਬਰ ਨੂੰ ਹੋਵੇਗਾ। ਹੋਰ ਜਾਣਕਾਰੀ ਲਈ ਸਕੱਤਰ ਮਾ.ਭਜਨ ਸਿੰਘ ਨਾਲ 403-455-4220 ਜਾਂ ਪ੍ਰੋ.ਗੋਪਾਲ ਜੱਸਲ ਨਾਲ 403-970-3588 ਤੇ ਸਪੰਰਕ ਕੀਤਾ ਜਾ ਸਕਦਾ ਹੈ।