ਅੰਗਦਾਨ ਲਈ ਜਾਗਰੂਕਤਾ ਮੁਹਿੰਮ ਤਹਿਤ ਕੈਲਗਰੀ ‘ਚ ਵਾਕ 18 ਅਪਰੈਲ ਨੂੰ
ਸੁਖਵੀਰ ਗਰੇਵਾਲ ਕੈਲਗਰੀ- ਕਨੇਡਾ ਵਰਗੇ ਅਗਾਂਹਵਧੂ ਮੁਲਕ ਵਿੱਚ ਅੰਗਦਾਨ ਕਰਨ ਦੇ ਮੱਠੇ ਰੁਝਾਨ ਕਾਰਨ ਪੀੜਤ ਲੋਕਾਂ ਨੂੰ 8 ਤੋਂ 10 ਸਾਲ ਦੀ ਉਡੀਕਣੇ ਪੈਂਦੇ ਹਨ।ਅੰਗਦਾਨ ਕਰਨ ਸੰਬੰਧੀ ਲੋਕਾਂ ਵਿੱਚ ਜਾਗਰੂਕਤਾ ਨਾ ਹੋਣ ਕਾਰਨ ਲੋਕ ਅੰਗ ਦਾਨ ਨਹੀਂ ਕਰ ਸਕਦੇ। ਇਹ ਹੈਰਾਨੀਜਨਕ ਅੰਕੜੇ
ਕਨੇਡੀਅਨ ਟਰਾਂਸਪਲਾਂਟ ਐਸੋਸੀਏਸ਼ਨ ਦੇ ਸਰਗਰਮ ਮੈਂਬਰ ਹਿਰਦੇਪਾਲ ਸਿੰਘ ਜੱੱਸਲ ਨੇ ਵਿਸ਼ੇਸ਼ ਗੱਲਬਾਤ ਦੌਰਾਨ ਪੇਸ਼ ਕੀਤੇ। ਲੋਕਾਂ ਨੂੰ ਅੰਗਦਾਨ ਕਰਨ ਲਈ ਉੁਤਸ਼ਾਹਿਤ ਕਰਨ ਦੇ ਮਕਸਦ ਨਾਲ਼ ਜਾਗਰੂਕਤਾ ਸਪਤਾਹ 18 ਅਪਰੈਲ ਤੋਂ 25 ਅਪਰੈਲ ਤੱਕ ਕਨੇਡਾ ਭਰ ਵਿੱਚ ਮਨਾਇਆ ਜਾ ਰਿਹਾ ਹੈ।ਇਸ ਮੁਹਿੰਮ ਦੇ ਤਹਿਤ ਕੈਲਗਰੀ ਵਿੱਚ ਸਮਾਗਮ 18 ਅਪਰੈਲ ਨੂੰ ਕਰਵਾਇਆ ਜਾਵੇਗਾ। ਕਨੇਡੀਅਨ ਟਰਾਂਸਪਲਾਂਟ ਐਸੋਸੀਏਸ਼ਨ ਦੇ ਬੈਨਰ ਹੇਠ ਇਹ ਸਮਾਗਮ ਪ੍ਰੈਰੀ ਵਿੰਡ ਪਾਰਕ (ਨਾਰਥ-ਈਸਟ)ਵਿੱਚ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰਵਾਇਆ ਜਾ ਰਿਹਾ ਹੈ।ਕਨੇਡੀਅਨ ਟਰਾਂਸਪਲਾਂਟ ਐਸੋਸੀਏਸ਼ਨ ਨੇ ਪਹਿਲੀ ਵਾਰ ਅਜਿਹਾ ਸਮਾਗਮ ਦੱਖਣੀ ਏਸ਼ਿਆਈ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਖ਼ੇਤਰ ਵਿੱਚ ਕਰਵਾਉਣ ਦਾ ਫੈਸਲਾ ਲਿਆ ਹੈ।
ਐਸੋਸੀਏਸ਼ਨ ਨੇ ਇਹ ਫੈਸਲਾ ਹਿਰਦੇਪਾਲ ਸਿੰਘ ਦੀ ਪਹਿਲ ਕਦਮੀ ਤੇ ਲਿਆ ਹੈ।ਉਹ ਦੱਖਣੀ ਏਸ਼ਿਆਈ ਭਾਈਚਾਰੇ ਵਿੱਚ ਅੰਗਦਾਨ ਕਰਨ ਸੰਬੰਧੀ ਜਾਗਰੂਰਤਾ ਫੈਲਾ ਰਹੇ ਹਨ।ਸ੍ਰੀ ਜੱਸਲ ਨੇ ਦੱਸਿਆ ਕਿ ਪ੍ਰੈਰੀ ਵਿੰਡ ਪਾਰਕ ਵਿੱਚ ਹੋਣ ਵਾਲੇ ਸਮਾਗਮ ਦੌਰਾਨ ਵਾਕ(ਸੈਰ) ਤੋਂ ਇਲਾਵਾ ਮਾਹਿਰਾਂ ਵਲੋਂ ਵਿਚਾਰ ਵੀ ਰੱਖੇ ਜਾਣਗੇ।ਉਹਨਾਂ ਯੂਰਪ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਥੇ ਅੰਗਦਾਨ ਕਰਨਾ ਲਾਜ਼ਮੀ ਹੋਣ ਕਾਰਨ ਬਿਮਾਰ ਵਿਅਕਤੀਆਂ ਨੂੰ ਬਹੁਤ ਤੇਜ਼ੀ ਨਾਲ ਅੰਗ ਉਪਲਪਧ ਹੋ ਰਹੇ ਹਨ।ਕਨੇਡਾ ਵਿੱਚ ਅੰਗ ਦਾਨ ਕਰਨ ਦੀ ਇੱਛਾ ਵਿਅਕਤੀ ਉੱਪਰ ਨਿਰਭਰ ਕਰਦੀ ਹੈ ਜਿਸ ਕਰਕੇ ਉਡੀਕ ਸੂਚੀ ਵਿੱਚ ਲਗਾਤਤਰ ਵਾਧਾ ਹੋ ਰਿਹਾ ਹੈ।
ਅੱਠ ਸਾਲ ਪਹਿਲਾਂ ਫਗਵਾੜਾ(ਪੰਜਾਬ) ਤੋਂ ਕਨੇਡਾ ਆਏ ਹਿਰਦੇਪਾਲ ਸਿੰਘ ਨੇ ਦੋ ਸਾਲ ਪਹਿਲਾਂ ਅਲਬਰਟਾ ਸਿਹਤ ਵਿਭਾਗ ਨਾਲ਼ ਮਿਲ ਕੇ ਇਹ ਮੁਹਿੰਮ ਚਲਾਈ ਸੀ। ਉਹਨਾਂ ਦੇ ਵੱਡਮੁਲੇ ਯੋਗਦਾਨ ਬਦਲੇ ਸਿਹਤ ਵਿਭਾਗ ਨੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਹੁਣ ਹਿਰਦੇਪਾਲ ਨੇ ਕਨੇਡੀਅਨ ਟਰਾਂਸਪਲਾਂਟ ਐਸੋਸੀਏਸ਼ਨ ਨਾਲ ਮਿਲ ਕੇ ਇਸ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਦਾ ਫੈਸਲਾ ਲਿਆ ਹੈ।ਹਿਰਦੇਪਾਲ ਨਾਲ਼ ਮਲਕੀਤ ਸਿੰਘ ਨੇ ਵੀ ਹੱਥ ਮਿਲਾਏ ਜੋ ਖ਼ੁਦ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਹੋਣ ਡਾਇਲਸਿਸ ਉਪਰ ਨਿਰਭਰ ਹੈ।ਇਸੇ ਇੱਕ ਹੋਰ ਮਰੀਜ਼ ਇਮਤਿਆਜ਼ ਵੀ ਇਸ ਮੁਹਿੰਮ ਵਿੱਚ ਸ਼ਾਮਿਲ ਹੈ।
ਦੱਖਣੀ ਏਸ਼ਿਆਈ ਭਾਈਚਾਰੇ ਦੇ ਲੋਕਾਂ ਵਿੱਚ ਬਿਮਾਰੀਆਂ ਜ਼ਿਆਦਾ ਹੋਣ ਦੀ ਵਜ੍ਹਾ ਦੱਸਦੇ ਹਿਰਦੇਪਾਲ ਨੇ ਕਿਹਾ ਕਿ ਕਨੇਡਾ ਵਰਗੇ ਸਾਫ਼ ਸੁਥਰੇ ਮੁਲਕ ਵਿੱਚ ਆ ਕੇ ਵੀ ਅਸੀਂ ਖਾਣ-ਪੀਣ ਦੀਆਂ ਰਵਾਇਤੀ ਆਦਤਾਂ ਉਪਰ ਹੀ ਨਿਰਭਰ ਹਾਂ।ਉਹਨਾਂ ਅਪੀਲ ਕੀਤੀ ਕਿ ਲੋਕ 18 ਅਪਰੈਲ ਦੇ ਸ਼ਾਮਲ ਹੋਣ ਅਤੇ ਸਿਹਤ ਬਾਰੇ ਜਾਗਰੂਕਤਾ ਤੋਂ ਇਲਾਵਾ ਮਰਨ ਉਪਰੰਤ ਅੰਗਦਾਨ ਕਰਨ ਦੇ ਫਾਰਮਾਂ ਉਪਰ ਦਸਤਖ਼ਤ ਕਰਨ।