ਬਲਜਿੰਦਰ ਸੰਘਾ- ਸਾਊਥ ਏਸ਼ੀਅਨ ਲੋਕ ਹੁਣ ਪਰਵਾਸ ਕਰਕੇ ਪੂਰੀ ਦੁਨੀਆਂ ਦੇ ਦੇਸ਼ਾਂ ਵਿਚ ਨਿਵਾਸ ਕਰ ਚੁੱਕੇ ਹਨ। ਪਰ ਜਿਵੇਂ-ਜਿਵੇਂ ਅਸੀਂ ਹੋਰ ਦੇਸਾਂ ਵਿਚ ਆਪਣੇ ਪੈਰ ਪੱਕੇ ਕਰਦੇ ਹਾਂ ਨਾਲ ਹੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਵੰਗਾਰਾਂ ਵੀ ਸਾਡੇ ਲਈ ਖੜ੍ਹੀਆਂ ਹੁੰਦੀਆਂ ਹਨ। ਕੈਲਗਰੀ ਵਿਚ ‘ਥਰਡ ਆਈ ਮੀਡੀਆ ਨੈਟਵਰਕ’ ਵੱਲੋਂ ਸਾਊਥ ਏਸ਼ੀਅਨ ਲੋਕਾਂ ਦੇ ਉਪਰੋਤਕ ਚੈਲਿੰਜਜ ਦੀ ਪਰਖ-ਪੜਚੋਲ ਕਰਨ ਲਈ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸਦਾ ਟਾਈਟਲ ਸੀ ‘ਦਿਲ ਦੀ ਗੱਲ’। ਪਰਮ ਸੂਰੀ ਦੀ ਅਗਵਾਈ ਵਿਚ ਐਕਸ-ਸਰਵਿਸ ਮੈਨ ਸੁਸਾਇਟੀ ਵਿਚ ਉਲੀਕੇ ਇਸ ਪ੍ਰੋਗਰਾਮ ਵਿਚ ਕਈ ਬੁਲਾਰਿਆ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਟੇਜ ਸੰਚਾਲਕ ਸਤਵਿੰਦਰ ਸਿੰਘ ਨੇ ਸਮੇਂ ਦੀ ਪਾਬੰਦੀ ਨੂੰ ਧਿਆਨ ਵਿਚ ਰੱਖਦੇ ਹਰ ਬੁਲਾਰੇ ਨੂੰ ਥੋੜੇ ਸ਼ਬਦਾਂ ਵਿਚ ਮੁੱਖ ਗੱਲ ਕਹਿਣ ਦੀ ਬੇਨਤੀ ਅਨੁਸਾਰ ਕਾਫੀ ਨਿੱਗਰ ਗੱਲ-ਬਾਤ ਹੋਈ। ਹਰਚਰਨ ਸਿੰਘ ਪਰਹਾਰ ਨੇ ਜਿੱਥੇ ਸਾਊਥ ਏਸ਼ੀਅਨ ਮੀਡੀਏ ਲਈ ਆਪਣੀ ਸਾਂਝੀ ਜਗ੍ਹਾਂ ਹੋਣ ਦੀ ਗੱਲ ਕੀਤੀ ਉੱਥੇ ਹੀ ਇਸ ਗੱਲ ਤੇ ਜੋਰ ਦਿੱਤਾ ਕਿ ਮਨੁੱਖੀ ਅਧਿਕਾਰਾਂ ਲਈ ਹੁੰਦੇ ਪ੍ਰੋਗਰਾਮਾਂ ਵਿਚ ਵੀ ਸਾਊਥ ਏਸ਼ੀਅਨ ਭਾਈਚਾਰੇ ਨੂੰ ਆਪਣੀ ਨਾ-ਮਾਤਰ ਸ਼ਮੂਲੀਅਤ ਵੱਲ ਧਿਆਨ ਦੇਣ ਦੀ ਲੋੜ ਹੈ। ਹਰਗੁਰਜੀਤ ਸਿੰਘ ਮਿਨਹਾਸ ਨੇ ਸਾਡੇ ਭਾਈਚਾਰੇ ਵਿਚ ਵਧ ਰਹੇ ਡਰੱਗ ਦੇ ਰੁਝਾਨ, ਪਰਿਵਾਰਕ ਹਿੰਸਾ ਅਤੇ ਨਵੇਂ ਆਏ ਇੰਮੀਗ੍ਰਟਾਂਸ ਲਈ ਇੱਥੇ ਕੋਈ ਸਾਂਝੇ ਪਲੇਟਫਾਰਮ ਦੀ ਗੱਲ ਕੀਤੀ ਤਾਂ ਕਿ ਉਹਨਾਂ ਨੂੰ ਲੋੜੀਦੀ ਜਾਣਕਾਰੀ ਮਿਲ ਸਕੇ ਅਤੇ ਉਹ ਆਪਣੀ ਪੜ੍ਹਾਈ ਦੇ ਹਿਸਾਬ ਨਾਲ ਨੌਕਰੀਆਂ ਲੱਭ ਸਕਣ। ਕੁਮਾਰ ਸ਼ਰਮਾਂ ਨੇ ਕਿਹਾ ਕਿ ਅਸੀਂ ਲੋਕ ਵਿਆਕਤੀਗਤ ਤੌਰ ਤੇ ਤਾਂ ਵਧੀਆਂ ਹਾਂ ਪਰ ਸਾਨੂੰ ਆਪਣੇ ਭਾਈਚਾਰੇ ਤੋਂ ਬਾਹਰ ਸਮਾਜਕ ਸਾਂਝ ਵਧਾਉਣ ਵੱਲ ਧਿਆਨ ਦੀ ਲੋੜ ਹੈ ਤਾਂ ਕਿ ਪੈਦਾ ਹੋ ਰਹੀਆਂ ਵੰਡੀਆਂ ਘਟ ਸਕਣ। ਰਣਬੀਰ ਸਿੰਘ ਪਰਮਾਰ ਸਾਬਕਾ ਸੇਵਾਦਾਰ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਨੇ ਕਮਿਊਨਟੀ ਦੇ ਸਾਂਝੇ ਪਲੇਟਫਾਰਮ ਦੀ ਗੱਲ ਨੂੰ ਹੋਰ ਨਿਖਾਰਕੇ ਇਸ ਨੂੰ ਉਸਾਰੂ ਦੱਸਿਆ। ਹੈਪੀ ਮਾਨ ਨੇ ਕਿਹਾ ਕਿ ਅਸੀਂ ਨਿੱਜੀ ਤਰੱਕੀ ਲਈ ਬਹੁਤ ਮਿਹਨਤ ਕਰਦੇ ਹਾਂ ਜੋ ਇਕ ਵਧੀਆ ਗੱਲ ਹੈ ਪਰ ਇਸ ਕਰਕੇ ਸਾਡੀ ਈਗੋ ਵਧਣ ਨਾਲ ਅਸੀਂ ਭਾਈਚਾਰਕ ਸਾਂਝ ਤੋਂ ਦੂਰ ਚਲੇ ਜਾਂਦੇ ਹਾਂ। ਉਹਨਾਂ ਦੇ ਇਸ ਅਧਿਆਤਿਮਕ ਅਤੇ ਤਰਕਪੂਰਨ ਵਿਚਾਰਾਂ ਨੂੰ ਹਾਜ਼ਰੀਨ ਨੇ ਧਿਆਨ ਨਾਲ ਸੁਣਿਆ। ਇਸ ਤੋਂ ਇਲਾਵਾ ਗੁਰਚਰਨ ਕੌਰ ਥਿੰਦ, ਮਨਜਿੰਦਰ ਹੰਸ ਅਤੇ ਸੁਨਿਧੀ ਨੇ ਵੀ ਸਟੇਜ ਤੋਂ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੂੰ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਪ੍ਰੋਗਰਾਮ ਦੀ ਲਾਈਵ ਰਿਕਾਰਡਿੰਗ ਜੱਗ ਪੰਜਾਬੀ ਟੀ.ਵੀ.ਵੱਲੋਂ ਕੀਤੀ ਗਈ ਅਤੇ ਕੈਲਗਰੀ ਪੰਜਾਬੀ ਮੀਡੀਆ ਕਲੱਬ ਦੇ ਕਈ ਮੈਂਬਰਾਂ ਨੇ ਹਾਜ਼ਰੀ ਲੁਆਈ।