ਜੰਗ ਬਹਾਦਰ ਸਿੰਘ ਸਿੱਧੂ,ਰੇਸ਼ਮ ਸਿੰਘ ਸਿੱਧੂ,ਪਰਭੂਸ਼ਨ ਸਿੰਘ ਸਿੱਧੂ, ਸਵਰਨ ਸਿੰਘ ਸਿੱਧੂ,ਹਰਕੰਵਲ ਸਿੰਘ ਬਰਾੜ ਨੇ ਟੀਮਾਂ ਸਪਾਂਸਰ ਕੀਤੀਆਂ
ਸੁਖਵੀਰ ਗਰੇਵਾਲ ਕੈਲਗਰੀ (ਮਾਰਚ 30)-ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਦੀ ਕਮਾਨ ਹੇਠ ਗਰਮ ਰੁੱਤ ਦੀ ਹਾਕਸ ਪ੍ਰੀਮੀਅਰ ਫੀਲਡ ਹਾਕੀ ਲੀਗ ਇੱਥੋਂ ਦੇ ਜੈਨਸਿਸ ਸੈਂਟਰ ਵਿੱਚ ਸ਼ੁਰੂ ਹੋ ਗਈ। ਇਸ ਲੀਗ ਦੇ ਜੂਨੀਅਰ ਅਤੇ ਸੀਨੀਅਰ ਵਰਗ ਵਿੱਚ ਕੁੱਲ੍ਹ ਅੱਠ ਟੀਮਾਂ ਭਾਗ ਲੈ ਰਹੀਆਂ ਹਨ। ਇਸ ਲੀਗ ਦੀ ਖਾਸੀਅਤ ਇਹ ਵੀ ਹੈ ਕਿ ਟੀਮਾਂ ਨੂੰ ਪੰਜਾਬੀ ਭਾਈਚਾਰੇ ਦੇ ਹੀ ਖੇਡ ਪ੍ਰੇਮੀਆਂ ਨੇ ਸਪਾਂਸਰ ਕੀਤਾ ਹੈ। ਜੰਗ ਬਹਾਦਰ ਸਿੰਘ ਸਿੱਧੂ,ਰੇਸ਼ਮ ਸਿੰਘ ਸਿੱਧੂ,ਪਰਭੂਸ਼ਨ ਸਿੰਘ ਸਿੱਧੂ,ਸਵਰਨ ਸਿੰਘ ਸਿੱਧੂ,ਹਰਕੰਵਲ ਸਿੰਘ ਬਰਾੜ ਨੇ ਟੀਮਾਂ ਸਪਾਂਸਰ ਕੀਤੀਆਂ ਹਨ । ਲੀਗ ਦਾ ਉਦਘਾਟਨ ਅਲਬਰਟਾ ਦੇ ਮੰਤਰੀ ਮਨਮੀਤ ਸਿੰਘ ਭੁੱਲਰ ਨੇ ਕੀਤਾ।ਉਹਨਾਂ ਕਲੱਬ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਨਵੀਂ ਪਨੀਰੀ ਨੂੰ ਖੇਡਾਂ ਵਾਲ਼ੇ ਪਾਸੇ ਲਾ ਕੇ ਨਰੋਏ ਸਮਾਜ ਦੀ ਸਿਰਜਣਾ ਕਰਨਾ ਬਹੁਤ ਹੀ ਚੰਗਾ ਉੱਦਮ ਹੈ।ਜੰਗ ਬਹਾਦਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਹਮੇਸ਼ਾ ਅਜਿਹੇ ਯਤਨਾਂ ਨੂੰ ਸਹਿਯੋਗ ਦਿੰਦੇ ਰਹਿਣਗੇ। ਜੂਨੀਅਰ ਵਰਗ ਦੇ ਪਹਿਲੇ ਮੈਚ ਵਿੱਚ ਪੰਜਾਬ ਟਾਈਗਰ ਨੇ ਪੰਜਾਬ ਪੈਂਥਰਜ਼ ਨੂੰ 7-6 ਦੇ ਫਰਕ ਨਾਲ ਹਰਾ ਦਿੱਤਾ। ਜੇਤੂ ਟੀਮ ਹਰਜੋਤ ਧਾਲੀਵਾਲ ਅਤੇ ਭਵਦੀਪ ਪੁਰਬਾ ਨੇ 3-3 ਅਤੇ ਜਗਸੀਰ ਲੰਮ੍ਹੇ ਨੇ ਇੱਕ ਗੋਲ ਕੀਤਾ। ਪੈਂਥਰਜ਼ ਵਲੋਂ ਗੁਰਮਿੰਦਰ ਸਿੰਘ ਨੇ ਪੰਜ ਅਤੇ ਪਾਰਸ ਮਲਹਾਂਸ ਨੇ ਇੱਕ ਗੋਲ ਦਾਗਿਆ।ਦੂਜੇ ਮੈਚ ਵਿੱਚ ਪੰਜਾਬ ਈਗਲਜ਼ ਨੇ ਪੰਜਾਬ ਲਾਇਨਜ਼ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ।ਇਸ ਤੋਂ ਇਲਾਵਾ ਪੰਜਾਬ ਈਗਲਜ਼ ਨੇ ਪੰਜਾਬ ਪੈਂਥਰਜ਼ ਨੂੰ ਅਤੇ ਪੰਜਾਬ ਲਾਇਨਜ਼ ਨੇ ਪੰਜਾਬ ਟਾਈਗਰਜ਼ ਨੂੰ ਹਰਾ ਦਿੱਤਾ।ਇਸ ਤਰਾਂ ਪੰਜਾਬ ਈਗਲਜ਼ ਦੀ ਟੀਮ ਸਾਰੇ ਮੈਚ ਜਿੱਤ ਕੇ ਜੂਨੀਅਰ ਵਰਗ ਵਿੱਚ ਸਿਖ਼ਰ ਤੇ ਚਲ ਰਹੀ ਹੈ। ਸੀਨੀਅਰ ਵਰਗ ਦੇ ਇੱਕ ਮੈਚ ਵਿੱਚ ਪੰਜਾਬ ਈਗਲਜ਼ ਨੇ ਪੰਜਾਬ ਟਾਈਰਜ਼ ਨੂੰ 5-4 ਦੇ ਫਰਕ ਨਾਲ਼ ਹਰਾਇਆ। ਜੇਤੂ ਟੀਮ ਵਲੋਂ ਦਿਲਪਾਲ ਟੀਟਾ ਅਤੇ ਕਿਰਪਾਲ ਸਿੱਧੂ ਨੇ 2-2 ਅਤੇ ਦਿਲਦੀਪ ਨੇ ਇੱਕ ਗੋਲ ਦਾਗਿਆ। ਟਾਈਗਰਜ਼ ਵਲੋਂ ਕੰਵਰ ਪਨੂੰ ਅਤੇ ਬਿਕਰਮਜੀਤ ਮਾਨ ਨੇ 2-2 ਗੋਲ ਕੀਤੇ।ਤਕਨੀਕੀ ਕਮੇਟੀ ਵਿੱਚ ਦਲਜੀਤ ਸਿੰਘ ਕਾਕਾ ਲੋਪੋਂ ਨੇ ਜ਼ਿਮੇਵਾਰੀ ਨਿਭਾਈ।