ਵੱਖ-ਵੱਖ ਆਮ ਆਦਮੀ ਪਾਰਟੀ ਹਾਮਾਇਤੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ
ਬਲਜਿੰਦਰ ਸੰਘਾ-ਦਿੱਲੀ ਵਿਧਾਨ ਸਭਾ ਦੀਆਂ ਪਿਛਲੇ ਦਿਨੀ ਹੋਈਆ ਚੋਣਾਂ ਨਾਲ ਦੇਸ਼-ਵਿਦੇਸ਼ ਵਿਚ ਬੈਠੇ ਭਾਰਤੀਆਂ ਦੀ ਮਾਨਸਿਕਤਾ ਜੁੜੀ ਹੋਈ ਸੀ ਚਾਹੇ ਉਹ ਆਪ ਪਾਰਟੀ ਦੇ ਹਾਮਇਤੀ ਸੀ ਜਾਂ ਦੂਸਰੀਆਂ ਪਾਰਟੀਆਂ ਦੇ। ਇਸਦਾ ਮੁੱਖ ਕਾਰਨ ਇਹ ਵੀ ਸੀ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਤੇ ਇੱਥੇ ਹੀ ਬਿਲਕੁੱਲ ਨਵੀਂ ਬਣੀ ਆਮ ਆਦਮੀ ਪਾਰਟੀ ਨੇ ਪਿਛਲੀ ਵਿਧਾਨ ਸਭਾ ਚੋਣ ਵਿਚ ਹੈਰਾਨੀਜਨਕ ਸੀਟਾਂ ਲਈਆਂ ਸਨ ਪਰ ਉਹ ਪੂਰਾ ਬਹੁਮੱਤ ਤੋਂ ਕੁੱਝ ਘੱਟ ਸਨ। ਦੂਸਰਾ ਬਾਕੀ ਦੇਸ ਦੀ ਸੱਤਾ ਤੇ ਭਾਰਤੀ ਜਨਤਾ ਪਾਰਟੀ ਦਾ ਬਹੁਮਤੀ ਰਾਜ ਸੀ ਤੇ ਉਹ ਚੋਣਾਂ ਤੋਂ ਪਹਿਲਾ ਵੋਟਰਾਂ ਨੂੰ ਹਰ ਤਰ੍ਹਾਂ ਦੇ ਸਬਜ਼ਬਾਗ ਦਿਖਾ ਰਹੇ ਸਨ। ਪਰ ਜਦੋਂ ਜੰਨਤਾ ਫੈਸਲਾ ਕਰਦੀ ਹੈ ਤਾਂ ਸਭ ਕੁਝ ਧਰਿਆ-ਧਰਾਇਆ ਰਹਿ ਜਾਂਦਾ। ਦਿੱਲੀ ਵਿਚ ਵੀ ਅਜਿਹਾ ਹੀ ਹੋਇਆ ਤੇ ਆਮ ਆਦਮੀ ਪਾਰਟੀ 70 ਵਿਚੋਂ 67 ਸੀਟਾਂ ਤੇ ਹੂੰਝਾ ਫੇਰ ਜਿੱਤ ਦਰਜ਼ ਕਰ ਗਈ। ਦਿੱਲੀ ਵਿਚ ਆਪ ਦੀ ਜਿੱਤ ਨੂੰ ਯੂਕੀਨੀ ਬਣਾਉਣ ਲਈ ਜਿੱਥੇ ਦਿੱਲੀ ਵਿਚਲੇ ਹਰ ਆਮ ਆਦਮੀ, ਪਾਰਟੀ ਹਮਾਇਤੀਆਂ ਦਾ ਯੋਗਦਾਨ ਹੈ ਉੱਥੇ ਵਿਦੇਸਾਂ ਵਿਚਲੇ ਇਸ ਪਾਰਟੀ ਜਾਂ ਦੇਸ਼ ਦੇ ਉੱਜਲੇ ਭਵਿੱਖ ਲਈ ਤੱਤਪਰ ਲੋਕਾਂ ਦਾ ਵੀ ਬਹੁਤ ਅਹਿਮ ਯੋਗਦਾਨ ਰਿਹਾ। ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਆਮ ਆਦਮੀ ਪਾਰਟੀ ਹਮਾਇਤੀਆਂ ਨੇ ਇਸ ਜਿੱਤ ਵਿਚ ਫੋਨ ਕਾਲਾਂ, ਆਰਥਿਕ ਅਤੇ ਹਰ ਸੰਭਵ ਮਦਦ ਕਰਨ ਵਾਲੇ ਵਲੰਟਰੀਆਂ ਦੇ ਧੰਨਵਾਦ ਵਿਚ ਇਕ ਮਿਲਣੀ ਦਾ ਆਯੋਜਨ ਲਵਲੀ ਸਵੀਰਟਸ ਰੈਸਟੋਰੈਟ ਤੇ ਕੀਤਾ । ਗੌਤਮ ਦੇ ਸੰਟੇਜ ਸੰਚਾਲਨ ਹੇਠ ਮੁੱਖ ਪ੍ਰਬੰਧਕ ਅਵਤਾਰ ਸ਼ੇਰਗਿੱਲ, ਗਗਨ ਬੁੱਟਰ, ਯਸ਼ਪਾਲ ਸ਼ਰਮਾ (ਐਡਮਿੰਟਨ) ਤੋਂ ਇਲਾਵਾ ਹਰਚਰਨ ਪਰਹਾਰ, ਚੰਦਰਬਾਨ, ਗੌਤਮ ਸਵੇਦਾ, ਦੇਵ ਮਾਨ (ਐਡਮਿੰਟਨ),ਆਦਿ ਨੇ ਸਟੇਜ ਤੋਂ ਆਪਣੇ ਵਿਚਾਰ ਸਾਂਝੇ ਕੀਤੇ। ਜਿਹਨਾਂ ਦਾ ਮੁੱਖ ਮਕਸਦ ਸਾਰੇ ਵਲੰਟੀਅਰਾਂ ਦਾ ਧੰਨਵਾਦ ਕਰਨਾ ਅਤੇ ਬਿਨਾਂ ਨਸਲ, ਜਾਤ, ਧਰਮ ਤੋਂ ਮਨੁੱਖਾਂ ਦੀਆਂ ਲੋੜਾਂ ਦੇ ਮੁੱਦਿਆਂ ਤੇ ਹੂੰਝਾਫੇਰ ਜਿੱਤ ਦਰਜ਼ ਕਰਵਾਉਣ ਵਾਲੀ ਆਮ ਆਦਮੀ ਪਾਰਟੀ ਦੇ ਭਵਿੱਖ, ਪੰਜਾਬ ਵਿਚ ਇਸਦੇ ਸਹੀ ਵਿਕਾਸ ਅਤੇ ਇੱਥੇ ਰਹਿੰਦਿਆਂ ਇਸ ਦੇ ਹਮਾਇਤੀਆਂ ਵੱਲੋਂ ਇਸ ਪਾਰਟੀ ਪ੍ਰਤੀ ਆਪਣੀਆਂ ਉਸਾਰੂ ਗਤੀਵਿਧੀਆਂ ਜਾਰੀ ਰੱਖਣ ਸਬੰਧੀ ਜਿੱਥੇ ਵਿਚਾਰ ਚਰਚਾ ਹੋਈ ਉੱਥੇ ਹਾਜ਼ਰੀਨਾਂ ਤੋਂ ਸੁਝਾਅ ਵੀ ਮੰਗੇ ਗਏ। ਆਮ ਆਦਮੀ ਪਾਰਟੀ ਦੀ ਟੋਪੀ ਪਹਿਨੀ ਐਡਮਿੰਟਨ ਤੋ ਮਾਪਿਆਂ ਸਮੇਤ ਪੁੱਜੀ ਬੱਚੀ ਅਨੂਪ ਕੌਰ ਨੇ ਭਗਤ ਸਿੰਘ ਦੀ ਘੋੜੀ ਸੁਣਾਕੇ ਸੁਹਿਰਦ ਦਿਲਾਂ ਨੂੰ ਝੰਜੋੜਿਆਂ। ਹਰਚਰਨ ਸਿੰਘ ਪਰਹਾਰ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਆਮ ਲੋਕਾਂ ਲਈ ਚੰਗੀ ਅਤੇ ਸਾਰੇ ਭਾਰਤ ਲਈ ਆਸ ਦੀ ਕਿਰਨ ਵਾਂਗ ਦੇਖਿਆ ਉੱਥੇ ਹੀ ਆਮ ਆਦਮੀ ਪਾਰਟੀ ਵਾਂਗ ਇੱਥੇ ਵੀ ਇੱਕ ਅਜਿਹੇ ਗਰੁੱਪ ਦੀ ਲੋੜ ਬਾਰੇ ਆਪਣੇ ਵਿਚਾਰ ਰੱਖੇ ਜੋ ਸਾਂਝ ਦੇ ਪਲੇਟਫਾਰਮ ਤੇ ਧਰਮਾਂ ਅਤੇ ਜਾਤਾਂ ਤੋਂ ਉੱਪਰ ਉੱਠਕੇ ਕੰਮ ਕਰੇ। ਆਪ ਵਲੰਟਰੀਆਂ ਵਿਚੋਂ ਅਵਿਨੀਸ਼ ਗੁਪਤਾ, ਗੋਪਾਲ, ਮਹਿੰਦਰ, ਕੁਲਬੀਰ ਸੰਧੂ, ਸਤਨਾਮ ਸ਼ੇਰਗਿੱਲ ਆਦਿ ਹਾਜ਼ਰ ਸਨ। ਬਹੁਪੱਖੀ ਸਖ਼ਸ਼ੀਅਤ ਅਤੇ ਪੱਤਰਕਾਰ ਰਘਬੀਰ ਬਿਲਾਸਪੁਰੀ ਆਪ ਵਲੰਟਰੀਅਰਾਂ ਸਮੇਤ ਐਡਮਿੰਟਨ ਤੋਂ ਵਿਸ਼ੇਸ਼ ਤੌਰ ਤੇ ਪੁੱਜੇ। ਪੰਜਾਬੀ ਮੀਡੀਆ ਕਲੱਬ ਕੈਲਗਰੀ ਦੇ ਮੈਂਬਰਾਂ ਤੋਂ ਇਲਾਵਾ ਕੈਲਗਰੀ ਦੀਆਂ ਹੋਰ ਹਸਤੀਆਂ ਨੇ ਵੀ ਇਸ ਪ੍ਰੋਗਰਾਮ ਵਿਚ ਹਾਜ਼ਰੀ ਭਰੀ।