ਮੇਪਲ ਪੰਜਾਬੀ ਮੀਡੀਆ ਬਿਉਰੋ- ਪ੍ਰਸਿੱਧ ਗਾਇਕ ਦਰਸ਼ਨ ਖੇਲਾ ਨੇ ਆਪਣੀ ਬੁਲੰਦ ਅਵਾਜ਼ ਨਾਲ ਪੰਜਾਬੀ ਗਾਇਕੀ ਵਿਚ ਵਿਸ਼ੇਸ਼ ਥਾਂ ਬਣਾਈ ਹੈ। ਜਿੱਥੇ ਹੁਣ ਤੱਕ ਉਹਨਾਂ ਹਰ ਵਰਗ ਲਈ ਗੀਤ ਗਾਏ ਹਨ ਉੱਥੇ ਹੀ ਉਹਨਾਂ ਦਾ ਸਿੰਗਲ ਟਰੈਕ ‘ਕੈਨੇਡਾ’ ਜਲਦੀ ਹੀ ਦੁਨੀਆਂ ਭਰ ਵਿਚ ਰੀਲੀਜ਼ ਕੀਤਾ ਜਾ ਰਿਹਾ ਹੈ। ਭਾਰਤ ਵਿਚ ਇਸ ਗੀਤ ਨੂੰ ‘ਵਿਰਸਾ ਪ੍ਰਮੋਸ਼ਨ’ ਵੱਲੋਂ ਰੀਲੀਜ਼ ਕੀਤਾ ਜਾਵੇਗਾ ਅਤੇ ਵਿਦੇਸ਼ਾਂ ਵਿਚ ਵੀ ਵਧੀਆ ਢੰਗ ਨਾਲ ਰੀਲੀਜ਼ ਕੀਤਾ ਜਾਵੇਗਾ। ਕੈਨੇਡਾ ਤੋਂ ਇੰਡੀਆ ਸ਼ੋਅ ਕਰਨ ਗਏ ਗਾਇਕ ਦਰਸ਼ਨ ਖੇਲਾ ਨੇ ਵਿਸ਼ੇਸ ਤੌਰ ਤੇ ਦੱਸਿਆ ਕਿ ਇਹ ਗੀਤ ਬਲਜਿੰਦਰ ਸੰਘਾ ਦਾ ਲਿਖਿਆ ਹੈ ਅਤੇ ਉਹਨਾਂ ਦੀ ਹੀ ਡਾਇਰੈਕਸ਼ਨ ਹੇਠ ‘ਬੀ ਐਂਡ ਬੀ ਪ੍ਰੋਡਕਸ਼ਨ ਕੈਲਗਰੀ’ ਵੱਲੋਂ ਕੈਨੇਡਾ ਦੇ ਸੂਬਾ ਅਲਬਰਟਾ ਦੇ ਆਸ-ਪਾਸ ਦੇ ਖੇਤਰਾਂ ਵਿਚ ਬੜੀ ਮਿਹਨਤ ਨਾਲ ਇਸ ਗੀਤ ਦੀ ਵੀਡੀਓ ਫਿਲਮਾਈ ਹੈ, ਜਿੱਥੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀ ਹੱਡ-ਭੰਨਵੀਂ ਮਿਹਨਤ ਇਸ ਵੀਡੀਓ ਦਾ ਹਿੱਸਾ ਹੈ ਉੱਥੇ ਹੀ ਕੈਨੇਡਾ ਦੇ ਸਨੋਅ ਅਤੇ ਗਰਮੀ ਦੇ ਮੌਸਮ ਦੇ ਦ੍ਰਿਸ਼ ਦੋਨੋ ਹੀ ਇਸ ਗੀਤ ਦੀ ਵੀਡੀਓ ਦਾ ਹਿੱਸਾ ਹੋਣਗੇ। ਉਹਨਾਂ ਕਿਹਾ ਕਿ ਇਸ ਗੀਤ ਦਾ ਵਿਸ਼ਾ ਸਾਡੀ ਵਿਦੇਸ਼ਾਂ ਦੀ ਧਰਤੀ ਤੇ ਕੰਮਾਂ-ਕਾਰਾਂ ਦਾ ਵਿਸ਼ਾ ਹੈ ਤਾਂ ਹੈ ਨਾਲ ਹੀ ਆਪਣੇ ਦਮ ਤੇ ਪੰਜਾਬੀਆ ਦੇ ਸਫ਼ਲ ਹੋਣ ਦੀ ਵਧੀਆ ਤਸਵੀਰ ਵੀ ਹੈ। ਗੀਤ ਦੇ ਬੋਲਾਂ ਦੇ ਨਾਲ-ਨਾਲ ਇਸ ਗੀਤ ਦੀ ਵੀਡੀਓ ਵੀ ਵੱਖਰੇ ਰੰਗ ਪੇਸ਼ ਕਰੇਗੀ। ਉਹਨਾਂ ਕਿਹਾ ਕਿ ਜਿੱਥੇ ਇਸ ਗੀਤ ਨੂੰ ਹਰ ਪਹਿਲੂ ਤੋਂ ਪ੍ਰਪੱਕਤਾ ਨਾਲ ਸ਼ਿੰਗਾਰਨ ਲਈ ਬੜੀ ਮਿਹਨਤ ਕੀਤੀ ਗਈ ਹੈ ਉੱਥੇ ਹੀ ਨੌਜਵਾਨ ਸੰਗੀਤਕਾਰ ਕੇ ਵੀ ਸਿੰਘ ਨੇ ਇਸ ਗੀਤ ‘ਕੈਨੇਡਾ’ ਦਾ ਸੰਗੀਤ ਵੀ ਬੜੀ ਮਿਹਨਤ ਨਾਲ ਤਿਆਰ ਕੀਤਾ ਹੈ ਅਤੇ ਉਹਨਾਂ ਨੂੰ ਆਪਣੇ ਪਹਿਲੇ ਗੀਤਾਂ ਵਾਂਗ ਇਸ ਗੀਤ ਤੋਂ ਵੀ ਢੇਰ ਸਾਰੀਆਂ ਆਸਾਂ ਹਨ।