ਸਮਾਜਿਕ ਸਬੰਧਾਂ ਦੀ ਪ੍ਰਪੱਕਤਾ ਦਾ ਮੁਦਈ ਹੋ ਨਿਬੜਿਆ ਇਹ ਉਪਰਾਲਾ
ਬਲਜਿੰਦਰ ਸੰਘਾ- ਕੌਂਸਲ ਆਫ ਸਿੱਖ ਆਰਗੇਨਾਈਜੇਸ਼ਨ ਕੈਲਗਰੀ (ਕੋਸੋ) ਜਿੱਥੇ ਸਿੱਖ ਧਰਮ ਦੇ ਸਿਧਾਤਾਂ ਨੂੰ ਕੈਨੇਡਾ ਵਿਚ ਪ੍ਰਮੋਟ ਕਰਨ ਦਾ ਕੰਮ ਕਰਦੀ ਹੈ ਉੱਥੇ ਹੀ ਇਥੋਂ ਦੇ ਸਮਾਜਿਕ ਕੰਮਾਂ ਵਿਚ ਵੀ ਇਸਦਾ ਅਹਿਮ ਯੋਗਦਾਨ ਹੈ। ਇਸ ਸੰਸਥਾ ਦੇ ਹਾਲ ਵਿਚ ਹਰ ਹਫ਼ਤੇ ਸਾਹਿਤਕ ਅਤੇ ਹੋਰ ਸੰਸਥਾਵਾਂ ਵੱਲੋਂ ਆਪਣੀਆਂ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ ਜੋ ਸਮਾਜਿਕ ਮਿਲਵਰਤਨ ਵਿਚ ਅਹਿਮ ਯੋਗਦਾਨ ਰੱਖਦੀਆਂ ਹਨ। ਇਸੇ ਸਮਾਜਿਕ ਸਾਂਝ ਨੂੰ ਵਧਾਉਣ ਲਈ ਇਸ ਸੰਸਥਾਂ ਵੱਲੋਂ ਕ੍ਰਿਸਮਿਸ ਸਬੰਧੀ ਇਕ ਵਿਸ਼ੇਸ਼ ਪ੍ਰੋਗਰਾਮ ਕੈਲਗਰੀ ਦੇ ਟੈਪਲ ਹਾਲ ਵਿਚ ਅਯੋਜਿਤ ਕੀਤਾ ਗਿਆ ਜਿਸ ਵਿਚ ਪੰਜਾਬੀ ਕਮਿਊਨਟੀ ਦੀਆਂ ਲੱਗਭੱਗ ਸਾਰੀਆਂ ਸਮਾਜਿਕ ਕੰਮ ਕਰਨ ਵਾਸੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾਂ ਹੋਰ ਕਮਿਊਨਟੀਆਂ ਦੀਆਂ ਅਜਿਹਾ ਕੰਮ ਕਰਨ ਵਾਲੀਆਂ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ ਤੇ ਸਭ ਬੜੇ ਉਤਸ਼ਾਹ ਨਾਲ ਸ਼ਾਮਿਲ ਹੋਏ। ਸ਼ੁਰੂ ਵਿਚ ਦਸੰਬਰ ਮਹੀਨੇ ਦੀਆਂ ਸਿੱਖ ਸ਼ਹਾਦਤਾਂ ਸਬੰਧੀ ਇੱਕ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਫਿਰ ਕੈਨੇਡਾ ਦੇ ਰਾਸ਼ਟਰੀ ਗੀਤ ‘ਓ ਕੈਨੇਡਾ’ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਕੌਂਸਲ ਆਫ ਸਿੱਖ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਹਰਦਿਆਲ ਸਿੰਘ ਮਾਨ (ਹੈਪੀ ਮਾਨ) ਨੇ ਇਸ ਸੰਸਥਾ ਦੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਵੱਖ-ਵੱਖ ਕਮਿਊਨਟੀਆਂ ਦੇ ਬੱਚਿਆਂ ਵੱਲੋਂ ਕਈ ਤਰ੍ਹਾਂ ਦੀਆਂ ਪ੍ਰਭਾਵਾਸ਼ਲੀ ਪੇਸ਼ਕਾਰੀਆਂ ਦੇ ਨਾਲ ਹੀ ਕੋਸੋ ਟੀਮ ਵੱਲੋਂ ਇਸ ਸੰਸਥਾ ਦੇ ਹੁਣ ਤੱਕ ਰਹਿ ਚੁੱਕੇ ਪ੍ਰਧਾਨਾਂ ਨੂੰ ਵੀ ਉਹਨਾਂ ਦੇ ਅਹਿਮ ਯੋਗਦਾਨ ਕਰਕੇ ਸਨਮਾਨ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ ਜਿਸ ਵਿਚ ਅਵਿਨਾਸ਼ ਖੰਗੂੜਾ, ਹਰਦਿਆਲ ਸਿੰਘ ਮਾਨ ਅਤੇ ਹਰਜੀਤ ਸਰੋਆ ਮੌਕੇ ਤੇ ਹਾਜ਼ਰ ਸਨ। ਇਸ ਪ੍ਰੋਗਾਰਮ ਵਿਚ ਬੱਚਿਆਂ ਦੇ ਖਾਲਸਾ ਢਾਡੀ ਜਥੇ ਨੇ ਵਾਰਾਂ ਪੇਸ਼ ਕੀਤੀਆ ਅਤੇ ਗਾਇਕ ਜਰਨੈਲ ਐਲੋ, ਹਰਜੀਤ ਗਿੱਲ, ਤਰਲੋਚਨ ਸੈਂਭੀ ਤੋਂ ਇਲਾਵਾ ਕਵਿੱਤਰੀ ਸੁਰਿੰਦਰ ਗੀਤ, ਜਸਵੰਤ ਸਿੰਘ ਸੇਖੋਂ ਆਦਿ ਨੇ ਵੀ ਸਟੇਜ ਤੋਂ ਹਾਜ਼ਰੀ ਲਵਾਈ, ਉੱਥੇ ਹੀ ਪ੍ਰਬੰਧਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਇਨਾਮ ਵੀ ਕੱਢੇ ਗਏ। ਸਮਾਜਿਕ ਸਾਂਝ ਨੂੰ ਵਧਾਉਂਦੇ ਇਸ ਪ੍ਰੋਗਰਾਮ ਵਿਚ ਪੰਜਾਬੀ ਕਮਿਊਨਟੀ ਵਿਚ ਸ਼ੋਸ਼ਲ ਕੰਮ ਕਰਨ ਵਾਲੀਆਂ ਸੰਸਥਾਵਾਂ ਵਿਚੋਂ ਪੰਜਾਬੀ ਸਾਹਿਤ ਸਭਾ, ਪੰਜਾਬੀ ਲਿਖ਼ਾਰੀ ਸਭਾ, ਰਾਈਟਰਜ਼ ਫੋਰਮ ਕੈਲਗਰੀ, ਅਰਪਨ ਲਿਖ਼ਾਰੀ ਸਭਾ, ਪ੍ਰੋਗਰੈਸਿਵ ਕਲਚਰਲ ਫੋਰਮ, ਇੰਡੀਅਨ ਐਕਸ ਸਰਵਿਸਜ਼ਮੈਨ, ਇੰਡੋ-ਕਨੈਡੀਅਨ ਸੀਨੀਅਰ ਸੁਸਾਇਟੀ, ਇੰਕਾ ਸੀਨੀਅਰ ਸੁਸਾਇਟੀ, ਦਸ਼ਮੇਸ਼ ਕਲਚਰ ਸੁਸਾਇਟੀ, ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ, ਡਰੱਗ ਅਵੇਅਨੈਸ ਫਾਊਡੇਸ਼ਨ ਕੈਲਗਰੀ ਆਦਿ ਸੰਸਥਾਵਾਂ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ। ਜਿੱਥੇ ਸਭ ਹਾਜ਼ਰੀਨ ਲਈ ਵਧੀਆ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ ਉੱਥੇ ਹੀ ਸਮਾਜਿਕ ਪ੍ਰਪੱਕਤਾ ਲਈ ਅਜਿਹਾ ਪ੍ਰੋਗਰਾਮ ਉਲਕੀਣ ਲਈ ਸਭ ਹਾਜ਼ਰੀਨ ਨੇ ਕੌਂਸਲ ਆਫ ਸਿੱਖ ਆਰਗੇਨਾਈਜੇਸ਼ਨ ਦੀ ਸਾਰੀ ਹੀ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ।