ਜੱਸ ਚਾਹਲ (ਕੈਲਗਰੀ) ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਦਸੰਬਰ 2014 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (ਕੋਸੋ) ਦੇ ਹਾਲ ਵਿਚ ਹੋਈ। ਜਨਰਲ ਸਕੱਤਰ ਜੱਸ ਚਾਹਲ ਨੇ ਸ. ਬਲਜਿੰਦਰ ਸੰਘਾ, ਜਨਾਬ ਸਬ੍ਹਾ ਸ਼ੇਖ਼ ਅਤੇ ਡਾ. ਮਜ਼ਹਰ ਸਦੀਕੀ ਹੋਰਾਂ ਨੂੰ ਪ੍ਰਧਾਨਗੀ ਮੰਡਲ ਦੀ ਸ਼ੋਭਾ ਬਨਣ ਦੀ ਬੇਨਤੀ ਕੀਤੀ। ਉਪਰੰਤ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਪਿਛਲੀ ਮੀਟਿੰਗ ਦੀ ਰਿਪੋਰਟ ਪਡ਼੍ਹਕੇ ਸੁਣਾਈ ਜੋ ਸਭਾ ਵਲੋਂ ਪਰਵਾਨ ਕੀਤੀ ਗਈ।
ਅੱਜ ਦੀ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਸਟੇਜ ਸਕੱਤਰ ਨੇ ਸਬਾ ਸ਼ੇਖ਼ ਹੋਰਾਂ ਨੂੰ ਸੱਦਾ ਦਿੱਤਾ ਜਿਹਨਾਂ ਦੀਆਂ ਦੋ ਉਰਦੂ ਨਜ਼ਮਾਂ ਨਾਲ ਸਾਹਿਤਕ ਦੌਰ ਦੀ ਸ਼ੁਰੂਆਤ ਹੋਈ –
‘ਮੈਂ ਜਿਸੇ ਤਰਾਸ਼ਤਾ ਰਹਾ ਵੋ ਪੱਥਰ ਹੀ ਰਹਾ ਹੀਰਾ ਨ ਬਨ ਸਕਾ
ਨਾ ਵੋ ਅਪਨਾ ਨਾ ਕਿਸੀ ਕਾ ਨਾ ਹੀ ਮੇਰਾ ਵੋ ਬਨ ਸਕਾ’
ਰਣਜੀਤ ਸਿੰਘ ਮਿਨਹਾਸ ਨੇ ਹਰਿਆਣਾ ਦੀਆਂ ਚੋਣਾਂ ਤੇ ਲਿਖੀ ਅਪਣੀ ਪੰਜਾਬੀ ਕਵਿਤਾ ਸਾਂਝੀ ਕੀਤੀ।
ਬਲਜਿੰਦਰ ਸੰਘਾ ਹੋਰਾਂ ਅਪਣੀਆਂ ਪੰਜਾਬੀ ਕਵਿਤਾਵਾਂ ਨਾਲ ਤਾਡ਼ੀਆਂ ਲੁੱਟ ਲਈਆਂ। ਕੁਝ ਸਤਰਾਂ ਹਾਸ-ਰਸ ਕਵਿਤਾ “ਦੋਸ਼ ਕੈਨੇਡਾ ਨੂੰ” ਵਿੱਚੋਂ –
‘ਅੱਠ ਡਾਲਰ ਦੀ ਜੌਬ ਤੇ ਉਹ ਵੀ ਪੱਕੀ ਨਾ
ਕਾਕਾ ਗੱਡੀ ਨਵੀਂ ਲਿਆਇਆ, ਦੋਸ਼ ਕੈਨੇਡਾ ਨੂੰ।
ਹਫ਼ਤੇ ਬਾਦ ਹੈ ਮਿਲਣੀ ਮੀਆਂ-ਬੀਵੀ ਦੀ
ਡਾਲਰਾਂ ਰੰਗ ਵਿਖਾਇਆ, ਦੋਸ਼ ਕੈਨੇਡਾ ਨੂੰ’
ਕਰਾਰ ਬੁਖ਼ਾਰੀ ਨੇ ਅਪਣੀ ਉਰਦੂ ਗ਼ਜ਼ਲ ਨਾਲ ਖ਼ੂਬ ਰੰਗ ਬਨ੍ਹਿਆਂ –
‘ਖ਼ੁਦਾ ਹੀ ਜਾਨੇ ਹਾਲ ਕਯਾ ਹੋਗਾ
ਇਬਤਦਾ ਨੇ ਤੋ ਇਨਤਿਹਾ ਕੀ ਹੈ।
ਕੋਈ ਨੇਕੀ ਨਹੀਂ ਹੈ ਦਾਮਨ ਮੇਂ
ਵੈਸੇ ਸੂਰਤ ਤੋ ਪਾਰਸਾ ਕੀ ਹੈ’
ਡਾ. ਮਨਮੋਹਨ ਸਿੰਘ ਬਾਠ ਨੇ ਸਭਾ ਲਈ ਫ਼ੋਟੋਗਰਾਫਰ ਦੀ ਜੁੱਮੇਦਾਰੀ ਨਿਭਾਉਣ ਦੇ ਨਾਲ-ਨਾਲ ਇਕ ਹਿੰਦੀ ਫਿਲਮੀ ਗਾਣਾ ਗਾਕੇ ਤਾਡ਼ੀਆਂ ਬਟੋਰ ਲਈਆਂ।
ਹਰਦਿਆਲ ਸਿੰਘ (ਹੈਪੀ) ਮਾਨ ਹੋਰਾਂ, ਰਾਈਟਰਜ਼ ਫੋਰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੈਲਗਰੀ ਵਿੱਚ ਰਾਈਟਰਜ਼ ਫੋਰਮ ਹੀ ਇਕ ਐਸੀ ਸੰਸਥਾ ਹੈ ਜਿਥੇ 1947 ਤੋਂ ਪਹਿਲਾਂ ਦਾ ਪੂਰਾ ਪੰਜਾਬ ਨਜ਼ਰ ਆਉਂਦਾ ਹੈ। ਏਥੇ ਅਜੋਕੇ ਦੋਨੋਂ ਪੰਜਾਬਾਂ ਦੀਆਂ ਬੋਲੀਆਂ, ਸ਼ਾਹਮੁਖੀ ਅਤੇ ਗੁਰਮੁਖੀ, ਵਿੱਚ ਲਿਖੀਆਂ ਸਾਹਿਤਕ ਰਚਨਾਵਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਕੋਸੋ ਦੇ ਮੌਜੂਦਾ ਮੀਤ ਪ੍ਰਧਾਨ ਹੋਣ ਵੱਜੋਂ, ਹੈਪੀ ਮਾਨ ਹੋਰਾਂ ਕਿਹਾ ਕਿ ਜੇ ਕੋਈ ਵੀ ਸ਼ਾਹਮੁਖੀ ਸਿਖਣ/ਸਿਖਲਾਉਣ ਲਈ ਕਲਾਸਾਂ ਲਾਉਣ ਦਾ ਉਪਰਾਲਾ ਕਰਨਾ ਚ੍ਹਾਂਦਾ ਹੈ ਤਾਂ ਕੋਸੋ ਦਾ ਇਹ ਹਾਲ ਅਤੇ ਕੁਝ ਕਮਪਯੂਟਰ ਹਾਜ਼ਰ ਹਨ। ਹਾਜ਼ਰੀਨ ਵਲੋਂ ਇਸ ਤਜਵੀਜ਼ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ।
ਪ੍ਰਭਦੇਵ ਗਿਲ ਹੋਰਾਂ ਅਪਣੀ ਪੰਜਾਬੀ ਕਵਿਤਾ ਨਾਲ ਤਾਡ਼ੀਆਂ ਲਈਆਂ –
‘ਫਿਰ ਤੇਰੀ ਅੱਜ ਯਾਦ ਆਈ ਸ਼ਾਮ ਨੂੰ
ਜ਼ਿੰਦਗੀ ਫਿਰ ਮੁਸਕਰਾਈ ਸ਼ਾਮ ਨੂੰ
ਤੂੰ ਸੈਂ ਮੇਰੇ ਨਾਲ ਕੰਡੇ ਫੁੱਲ ਸਨ
ਤੁਰ ਗਇਓਂ ਛਾਈ ਉਦਾਸੀ ਸ਼ਾਮ ਨੂੰ’
ਹਰਨੇਕ ਸਿੰਘ ਬੱਧਣੀ ਹੋਰਾਂ ਅਪਣੀ ਪੰਜਾਬੀ ਰਚਨਾ ਨਾਲ ਖ਼ੁਸ਼ ਕਰ ਦਿੱਤਾ –
‘ਸੱਚ ਖਾਤਰ ਲਡ਼ਦਿਆਂ ਸਾਥ ਦੇਣਾ ਐ ਤਾਂ
ਜ਼ਹਿਰ ਦਾ ਪਿਆਲਾ ਬੁੱਲਾਂ ਪਾਸ ਆਕੇ ਰੁੱਕ ਜਾਏ ਨਾ’
ਜੱਸ ਚਾਹਲ ਨੇ ਅਪਣੀ ਇਸ ਹਿੰਦੀ ਗ਼ਜ਼ਲ ਨਾਲ ਵਾਹ-ਵਾਹ ਲੁੱਟ ਲਈ –
‘ਆਈ ਜਵਾਨੀ, ਗਈ ਜਵਾਨੀ ਸਪਨਾ ਥਾ ਜੈਸੇ
ਆਜ ਭੀ ਦਿਲ ਮੇਂ ਤਡ਼ਪੇ ਹੈਂ ਅਰਮਾਂ ਕੈਸੇ-ਕੈਸੇ।
“ਤਨਹਾ” ਤਨਹਾਈ ਤੋ ਅਪਨੇ ਸਾਥ ਰਹੀ ਐਸੇ
ਛੁਪੀ ਆਗ ਮੇਂ ਤਪਿਸ਼, ਚਾਂਦਨੀ ਮੇਂ ਠੰਡਕ ਜੈਸੇ’
ਬੀਬੀ ਨਿਰਮਲ-ਮਨਜੀਤ ਕੰਡਾ ਨੇ ਅਪਣੇ ਪੰਜਾਬੀ ਗੀਤ ਅਤੇ ਕਵਿਤਾ “ਭੁੱਲ ਗਈ ਸਭ ਵਾਅਦੇ” ਨਾਲ ਤਾਡ਼ੀਆਂ ਲਈਆਂ –
‘ਭੁੱਲ ਗਈ ਸਭ ਵਾਅਦੇ ਨੀ, ਭੁੱਲ ਗਈ ਸਭ ਕਸਮਾਂ ਨੀ
ਪਿਆਰ ਜਤਾਂਉਦੀ ਰਹਿੰਦੀ ਸੀ, ਖਾ-ਖਾ ਕੇ ਅੱਲਾ ਦਿਆਂ ਕਸਮਾਂ ਨੀ’
ਡਾ. ਮਜ਼ਹਰ ਸਦੀਕੀ ਨੇ ਅਪਣੀ ਮਜ਼ਾਹੀਆ ਉਰਦੂ ਨਜ਼ਮ “ਕੈਲਗਰੀ ਮੇਂ ਬਰਫ਼ਬਾਰੀ” ਨਾਲ ਵਾਹ-ਵਾਹ ਲੈ ਲਈ –
‘ਇਬਤਦਾ-ਏ-ਬਰਫ਼ਬਾਰੀ ਹੈ ਅਭੀ ਰੋਤਾ ਹੈ ਕਯਾ
ਆਗੇ-ਆਗੇ ਦੇਖਤਾ ਜਾ ਜਾਨੇਮਨ ਹੋਤਾ ਹੈ ਕਯਾ’
ਅਮਰੀਕ ਚੀਮਾ ਹੋਰਾਂ ‘ਉਜਾਗਰ ਸਿੰਘ ਕੰਵਲ’ ਦਾ ਲਿਖਿਆ ਗੀਤ ‘ਮਨ ਦੇ ਇਸ ਚੰਚਲ ਪੰਛੀ ਨੂੰ…..’ ਪੂਰੇ ਤਰੱਨਮ ਵਿੱਚ ਗਾਕੇ ਸਮਾਂ ਬਨ੍ਹ ਦਿੱਤਾ।
ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕਰਦੇ ਹੋਏ ਨਵੇਂ ਸਾਲ ਦੀ ਪਹਿਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋਡ਼ਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਤੁਹਾਡਾ ਸਹਿਯੋਗ ਹੀ ਸਾਹਿਤ ਦੀ ਤਰੱਕੀ ਤੇ ਪਰਸਾਰ ਦਾ ਰਾਜ਼ ਹੈ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ ਪਹਿਲੇ ਸ਼ਨਿੱਚਰਵਾਰ 3 ਜਨਵਰੀ, 2015 ਨੂੰ 2.00 ਤੋਂ 5.00 ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਤੁਸੀਂ ਫੇਸ ਬੁਕ ਤੇ WritersForumCalgary Canada ਨਾਲ ਫਰੈਂਡ ਵੀ ਬਣ ਸਕਦੇ ਹੋ।