ਕੈਲਗਰੀ ਵਿਚ ਹੋਈ ਜਨਤਕ ਮੀਟਿੰਗ ਵਿਚ ਕਈ ਮੁੱਦਿਆ ਤੇ ਬੋਲੇ ਭਗਵੰਤ ਮਾਨ
ਬਲਜਿੰਦਰ ਸੰਘਾ- ਕੈਲਗਰੀ (ਕੈਨੇਡਾ) ਵਿਚ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਸ਼੍ਰੀ ਭਗਵੰਤ ਮਾਨ ਜੀ ਫਾਲਕਿਨਰਿੱਜ ਕਮਿਊਨਟੀ ਹਾਲ ਵਿਚ ਪਬਲਿਕ ਮੀਟਿੰਗ ਰਾਹੀ ਲੋਕਾਂ ਦੇ ਸਨਮੁੱਖ ਹੋਏ। ਉਹਨਾਂ ਪੰਜਾਬ ਤੋਂ ਲੈਂਕੇ ਪੂਰੇ ਭਾਰਤ ਵਿਚ ਫੈਲੇ ਭ੍ਰਿਸ਼ਟਾਚਾਰ ਬਾਰੇ, ਇੱਕ ਐਮ.ਪੀ. ਹੋਣ ਦੇ ਨਾਤੇ ਮਿਲਣ ਵਾਲੀਆਂ ਸਹੂਲਤਾਂ ਅਤੇ ਫੰਡਾਂ ਬਾਰੇ ਜਿਹਨਾਂ ਦੀ ਬਹੁਤ ਸਾਰੇ ਐਮ.ਪੀਜ਼. ਵੱਲੋਂ ਦੁਰਵਰਤੋਂ ਕੀਤੀ ਜਾਂਦੀ ਹੈ, ਆ ਰਹੀਆਂ ਦਿੱਲੀ ਵਿਧਾਨ ਸਭਾ ਚੋਣਾਂ ਬਾਰੇ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਪਿੰਡ ਪੱਧਰ ਤੱਕ ਬਣਾਏ ਜਾ ਰਹੇ ਪਾਰਟੀ ਢਾਂਚੇ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਹਨਾਂ ਕਿਹਾ ਕਿ ਇਕ ਮੈਂਬਰ ਪਾਰਲੀਮੈਟ ਨੂੰ ਪੰਜ ਕਰੋੜ ਦਾ ਫੰਡ ਮਿਲਦਾ ਹੈ ਅਤੇ ਲੋਕ ਭਲਾਈ ਦੇ ਕੰਮ ਕਰਨ ਲਈ ਹੋਰ ਬਹੁਤ ਸਾਰੀਆਂ ਸਹੂਲਤਾਂ ਸਰਕਾਰ ਵੱਲੋਂ ਮਿਲਦੀਆਂ ਹਨ ਪਰ ਸਾਡੇ ਕੁਰੱਪਟ ਨੇਤਾ ਉਹਨਾਂ ਨੂੰ ਜਨਤਾ ਵਿਚ ਨਾ ਲਿਜਾਕੇ ਆਪ ਡਕਾਰ ਜਾਂਦੇ ਹਨ ਜਾਂ ਆਪਣੇ ਖ਼ਾਸ ਬੰਦਿਆਂ ਵਿਚ ਵੰਡ ਦਿੰਦੇ ਹਨ ਇੱਥੋਂ ਤੱਕ ਕਿ ਇਕ ਐਮæਪੀæ ਹਰੇਕ ਸਾਲ ਤਿੰਨ ਲੋੜਵੰਦ ਹੁਸ਼ਿਆਰ ਬੱਚਿਆਂ ਨੂੰ ਰਾਸ਼ਟਰੀ ਸਿੱਖਿਆ ਅਦਾਰਿਆਂ ਵਿਚ ਦਾਖਲ ਕਰਵਾ ਸਕਦਾ ਹੈ ਪਰ ਸਾਡੇ ਬਹੁਤੇ ਮੈਂਬਰ ਪਾਰਲੀਮੈਂਟ ਇੰਨੇ ਕੁਰੱਪਟ ਹਨ ਕਿ ਉਹ ਇਹ ਸੀਟਾਂ ਵੀ ਦਸ-ਦਸ ਲੱਖ ਰੁਪਏ ਵਿਚ ਵੇਚ ਦਿੰਦੇ ਹਨ। ਜਿੱਥੇ ਉਹਨਾਂ ਨੇ ਨਸ਼ਿਆਂ, ਬੇਰੋਜ਼ਗਾਰੀ ਵਰਗੇ ਮਸਲਿਆਂ ਬਾਰੇ ਸਵਾਲ ਉਠਾਕੇ ਸੰਜੀਦਾ ਮਹੌਲ ਸਿਰਿਜਆ ਉੱਥੇ ਹੀ ਆਪਣੇ ਕਮੇਡੀ ਅੰਦਾਜ਼ ਵਿਚ ਪੰਜਾਬ ਦੀ ਅਕਾਲੀ ਸਰਕਾਰ ਨੂੰ ਵੀ ਖੂਬ ਰਗੜੇ ਲਾਏ। ਉਹਨਾਂ ਕਿਹਾ ਕਿ ਆਓ ਆਮ ਆਦਮੀ ਪਾਰਟੀ ਦੇ ਝੰਡੇ ਥੱਲੇ ਇਕੱਠੇ ਹੋਕੇ ਪੂਰੇ ਭਾਰਤ ਦੇ ਸਿਸਟਮ ਵਿਚ ਪੈਦਾ ਹੋਏ ਭ੍ਰਿਸ਼ਟਾਚਾਰੀ ਗੰਦ ਨੂੰ ਝਾੜੂ ਨਾਲ ਸਾਫ਼ ਕਰੀਏ। ਡੈਨ ਸਿੱਧੂ ਅਤੇ ਅਵਤਾਰ ਸ਼ੇਰਗਿੱਲ ਵੱਲੋਂ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਇਹ ਜਨਤਕ ਮੀਟਿੰਗ ਬੜੇ ਸੀਮਿਤ ਸਮੇਂ ਵਿਚ ਉਲੀਕੀ ਗਈ ਪਰ ਭਗਵੰਤ ਮਾਨ ਨੂੰ ਸੁਨਣ ਲਈ, ਸਵਾਲ ਕਰਨ ਲਈ ਲੋਕ ਭਾਰੀ ਗਿਣਤੀ ਵਿਚ ਸ਼ਾਮਿਲ ਹੋਏ ਅਤੇ ਖੂਬ ਸਵਾਲ ਵੀ ਹੋਏ ਜਿਸਦੇ ਸ਼੍ਰੀ ਭਗਵੰਤ ਮਾਨ ਬੜੇ ਵਧੀਆ ਤਰੀਕੇ ਨਾਲ ਜਵਾਬ ਦਿੱਤੇ।