Get Adobe Flash player

ਪੁਸਤਕ ਦਾ ਨਾਮ- ਬੰਦ ਘਰਾਂ ਦੇ ਵਾਸੀ
ਲੇਖਕ- ਹਰੀਪਾਲ
ਪ੍ਰਕਾਸ਼ਕ- ਚੇਤਨਾ ਪ੍ਰਕਾਸ਼ਨ
ਚਰਚਾ ਕਰਤਾ- ਬਲਜਿੰਦਰ ਸੰਘਾ 
                                ਇਸ ਕਾਵਿ-ਸੰਗ੍ਰਹਿ ਦੇ ਲੇਖਕ ਹਰੀਪਾਲ ਨੂੰ ਕੈਨੇਡਾ ਆਇਆ ਚਾਰ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਸਾਹਿਤਕ ਰੁਚੀਆ ਉਹ ਭਾਰਤ ਤੋਂ book snap 'band ghara de vasi'ਹੀ ਨਾਲ ਲੈਂਕੇ ਆਇਆ ਤੇ ਸਾਹਿਤ ਦੇ ਖੇਤਰ ਵਿਚ ਇੱਥੇ ਆਕੇ ਲਗਾਤਾਰ ਗਤੀਸ਼ੀਲ ਹੈ ਪਰ ਰਫ਼ਤਾਰ ਵਿਚ ਤੇਜੀ ਨਹੀਂ ਇਸੇ ਕਰਕੇ ਉਸਦੀਆਂ ਰਚਨਾਵਾਂ ਵਿਚ ਵੀ ਸਾਹਿਜਤਾ, ਨਿੱਗਰਤਾ,  ਡੂੰਘਿਆਈ  ਅਤੇ ਵਿਸ਼ੇ ਦੀ ਵਿਭਿਨਤਾਂ ਆਪਣੇ-ਆਪ ਖਿੱਚਦੀ ਹੈ। ਚਾਹੇ ਉਹ ਉਸਦੇ ਕਿਸੇ ਵਿਸ਼ੇ ਤੇ ਲਿਖੇ ਲੇਖ ਹੋਣ, ਕਹਾਣੀਆਂ ਜਾਂ ਕਵਿਤਾਵਾਂ। ਮੈਂ ਭੂ-ਹੇਰਵੇਂ ਜਾ ਜਨਮ-ਭੂਮੀ ਤੋਂ ਦੂਰ ਹੁੰਦਿਆਂ ਉਸ ਜਨਮ ਭੂਮੀ ਦੇ ਪਿਆਰ ਵਿਚ ਲਿਖੀਆਂ ਜਾਣ ਵਾਲੀਆਂ ਕਵਿਤਾਵਾਂ ਦੇ ਵਿਰੁੱਧ ਨਹੀਂ, ਇਹ ਇਕ ਮਨੁੱਖੀ ਮਨ ਦੇ ਸੂਖ਼ਮ ਭਾਵਾਂ ਦਾ ਕੁਦਰਤੀ ਵਰਤਾਰਾ ਹੈ ਕਿ ਜਨਮ ਭੂਮੀ ਤੋਂ ਦੂਰ ਗਏ ਮਨੁੱਖ ਨੂੰ ਆਪਣੀ ਜਨਮ ਭੂਮੀ ਹਮੇਸ਼ਾ ਆਪਣੇ ਵੱਲ ਖਿੱਚਦੀ ਹੈ ਤੇ ਸੁਪਨਿਆਂ ਵਿਚ ਪਿਛਲੇ ਘਰ ਵੀ ਆਉਂਦੇ ਹਨ ਤੇ ਚੰਗੇ ਵੀ ਲੱਗਦੇ ਹਨ ਭਾਵੇ ਕੱਚੀਆਂ ਇੱਟਾਂ ਦੇ ਹੀ ਕਿਉਂ ਨਾ ਬਣੇ ਹੋਣ। ਉਸ ਜਨਮ ਭੂਮੀ ਦੇ ਸੁਪਨਿਆਂ ਵਿਚ ਆਉਣ ਨਾਲ ਉਸ ਨਾਲ ਸਾਂਝ ਤੇ ਉਸ ਪ੍ਰਤੀ ਖਿੱਚ ਵੱਧਦੀ ਹੈ ਤੇ ਜਨਮ ਭੂਮੀ ਦੇ ਪਿਆਰ ਦੀ ਕਵਿਤਾ ਜਨਮ ਲੈਂਦੀ ਹੈ, ਲੰਬੀ ਸੋਚ ਸੋਚੀਏ ਤਾਂ ਇਹ ਕਵਿਤਾ,ਇਹ ਖਿੱਚ ਹੀ ਪਰਵਾਸ ਵਿਚ ਰਹਿੰਦੇ ਮਨੁੱਖ ਨੂੰ ਆਪਣੇ ਦੇਸ ਨਾਲ ਜੋੜਦੀ ਹੈ ਤੇ ਇਹ ਕੜੀ ਹੀ ਅੱਗੇ ਪਰਵਾਸ ਵਿਚ ਆਰਥਿਕ ਤੌਰ ਤੇ ਮਜ਼ਬੂਤ ਹੋਏ ਪਰਵਾਸੀ ਨੂੰ ਸਭ ਸਹੂਲਤਾਂ ਹੋਣ ਦੇ ਬਾਵਜ਼ੂਦ ਵੀ ਆਪਣੇ ਦੇਸ ਨਾਲ ਜੋੜਕੇ ਤੇ ਉੱਥੇ ਜਾਕੇ ਸ਼ੋਸ਼ਲ ਕੰਮਾਂ ਵਿਚ ਪੈਸਾ ਲਾਉਣ ਅਤੇ ਬਿਜਨਸ ਖੋਲ੍ਹਣ ਲਈ ਵਾਪਸ ਲੈਕੇ ਜਾਂਦੀ ਹੈ। ਭਾਵ ਭੂ-ਹੇਰਵੇ ਦੀ ਕਵਿਤਾ ਦੇ ਕੁਝ ਅਰਥ ਹਨ ਤੇ ਕੁਝ ਕਵਿਤਾਵਾਂ ਇਸ ਸਬੰਧ ਵਿਚ ਲਿਖੀਆ ਜਾ ਸਕਦੀਆਂ ਹਨ, ਇਕ ਕਿਤਾਬ ਵਿਚ ਤਾਂ ਭੂ-ਹੇਰਵੇ ਦੀਆਂ ਕਵਿਤਾਵਾਂ ਹੋ ਸਕਦੀਆਂ ਹਨ ਪਰ ਸਾਰੀ ਕਿਤਾਬ ਭੂ-ਹੇਰਵੇ ਤੇ ਹੋਵੇ ਇਹ ਠੀਕ ਨਹੀਂ ਤੇ ਅਜਿਹਾ ਲੇਖਕ ਅਸਲ ਵਿਚ ਲੇਖਕ ਵੀ ਨਹੀਂ ਤੇ ਅਗਾਂਹਵਧੂ ਲੇਖਕ ਹੋਣਾ ਤਾਂ ਇਸਤੋਂ ਵੀ ਅਗਲੀ ਗੱਲ ਹੈ। ਪਰ ਕੁਝ ਦੇਸ ਦੇ ਅਲੋਚਕਾਂ ਨੇ ਵੀ ਪਰਵਾਸੀ ਪੰਜਾਬੀ ਕਵਿਤਾ ਦੀ ਉਪਰੋਤਕ ਲਿਖੇ ਅਨੁਸਾਰ ਅਸਲ ਘੋਖ ਕਰਨ ਦੀ ਬਜਾਇ ਭੂ-ਹੇਰਵੇ ਦਾ ਠੱਪਾ ਲਾਉਣ ਤੱਕ ਹੀ ਵਿਆਖਿਆ ਕੀਤੀ। 
            ਸਵਾਲ ਪੈਦਾ ਹੁੰਦਾ ਹੈ ਕੀ ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਵੀ ਭੂ-ਹੇਰਵੇ ਦਾ ਠੱਪਾ ਲਗਾਇਆ ਜਾ ਸਕਦਾ ਹੈ। ਉੱਤਰ ਹਾਂ ਵਿਚ ਹੈ ਪਰ ਜੇਕਰ ਆਪਾ ਸਾਰੀ ਕਿਤਾਬ ਵਿਚੋਂ ਕੁਝ ਕਵਿਤਾਵਾਂ ਜਾਂ ਕਵਿਤਾਵਾਂ ਦੀਆਂ ਕੁਝ ਪੰਗਤੀਆਂ ਚੱਕ ਲਈਏ ਤੇ ਉਹਨਾਂ ਦੇ ਹਵਾਲੇ ਨਾਲ ਚਰਚਾ ਕਰੀਏ। ਪਰ ਅਸਲ ਵਿਚ ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਭੂ-ਹੇਰਵੇ ਸਿਰਫ ਕੁਝ ਅੰਸ਼ ਪੇਸ਼ ਕਰਦੀਆਂ ਉਸ ਤੋਂ  ਅੱਗੇ ਦੇ ਸਫ਼ਰ ਤੋਂ ਸੁæਰੂ ਹੁੰਦੀਆਂ ਹਨ। ਪਰ ਇੱਥੇ ਇਸ ਗੱਲ ਤੇ ਗੌਰ ਕਰਨਾ ਜਰੂਰੀ ਹੈ ਕਿ ਜਦੋਂ ਕੋਈ ਮਨੁੱਖ ਆਪਣੇ ਦੇਸ ਦੇ ਜਾਂ ਹੱਦਾਂ ਦੇ ਘੇਰੇ ਤੋਂ ਬਾਹਰ ਦੂਸਰੇ ਦੇਸ ਵਿਚ ਜਾਂਦਾ ਹੈ ਜਿੱਥੇ ਕਾਨੂੰਨ, ਸੱਭਿਅਤਾ, ਸੱਭਿਆਚਾਰ ਉਸ ਦੇਸ ਨਾਲੋਂ ਅਲੱਗ ਹੈ ਜਿੱਥੇ ਉਹ ਪੈਦਾ ਹੋਇਆ, ਵੱਡਾ ਹੋਇਆ, ਸੋਝੀ ਆਈ ਭਾਵ ਉਹ ਸੱਭਿਆਚਾਰ ਵਿਚੋਂ ਪਾਰ-ਸੱਭਿਆਚਾਰ ਵਿਚ ਦਾਖਲ ਹੋਇਆ ਹੁੰਦਾ ਹੈ ਤਾਂ ਸ਼ੁਰੂ ਵਿਚ ਉਸਨੂੰ ਉਸ ਸੱਭਿਆਚਾਰ ਵਿਚ ਰਹਿੰਦਿਆਂ ਆਪਣੇ ਦੇਸ ਦੇ ਰੰਗ-ਬਿਰੰਗ ਇਕਦਮ ਨਹੀਂ ਭੁੱਲਦੇ ਤੇ ਹੇਰਵੇ ਦੀ ਕਵਿਤਾ ਜਨਮ ਲੈਂਦੀ ਹੈ।
                     ਇਸ ਕਾਵਿ-ਸੰਗ੍ਰਹਿ ਬਾਰੇ ਗੱਲ ਸ਼ੁਰੂ ਕਰਨ ਤੋਂ ਪਹਿਲਾ ਇਸਦੇ ਲੇਖਕ ਹਰੀਪਾਲ ਬਾਰੇ ਉਪਰੋਤਕ ਗੱਲਾਂ ਤੋਂ ਇਲਾਵਾ ਇਸ ਪੱਖ ਤੋਂ ਸਮਝਣ ਦੀ ਵੀ ਲੋੜ ਹੈ ਕਿ ਲੇਖਕ ਨੂੰ ਧਰਮਾਂ ਦਾ ਗੂੜ੍ਹਾ ਗਿਆਨ ਹੈ, ਉਹ ਨਾਸਤਿਕ-ਆਸਤਿਕ ਦੇ ਅਰਥਾਂ ਤੋਂ ਚੇਤਨ ਹੈ, ਉਹ ਮਾਰਕਸਵਾਦ ਦੀ ਸੋਝੀ ਰੱਖਦਾ ਹੈ। ਉਹ ਜਾਣਦਾ ਹੈ ਕਿB Sangha ਕਿਸੇ ਦੇਸ ਦੇ ਸਿਸਟਮ ਦਾ ਸਹੀ ਕੰਮ ਕਰਨਾ, ਪੁਲਿਸ ਦਾ ਰਾਜਨੀਤਕ ਲੋਕਾਂ ਦੇ ਦਬਾਅ ਤੋਂ ਬਾਹਰ ਹੋਣਾ ਅਲੱਗ ਗੱਲ ਹੈ ਪਰ ਲੋਕਤੰਤਰੀ ਸਰਕਾਰਾਂ ਆਮ ਕਰਕੇ ਕਾਰਪੋਰੇਟ ਸੈਕਟਰ ਦੀਆਂ ਗੁਲਾਮ ਹੀ ਹੁੰਦੀਆਂ ਹਨ। ਇਸੇ ਕਰਕੇ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਜਨਤਾ ਨੂੰ ਇੱਕ ਸੁਨੇਹਾ ਦਿੰਦੀਆਂ ਹਨ ਕਿ ਗਿਆਨਵਾਨ ਹੋਣਾ ਧੰਨਵਾਨ ਹੋਣ ਤੋਂ ਜ਼ਿਆਦਾ ਜ਼ਰੂਰੀ ਹੈ। ਤੁਸੀ ਜਿਸ ਦੇਸ਼ ਵਿਚ ਵੀ ਰਹਿਣ ਲਈ ਜਾਂਦੇ ਹੋ ਲੋਕ ਹੱਕਾਂ ਦੀ ਗੱਲ ਕਰਦੇ ਰਹੋ। ਨਹੀਂ ਤਾਂ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਤੁਹਾਡੇ ਅਵੇਸਲੇਪਣ ਕਾਰਨ ਜਾਂ ਸਮੇਂ ਦੀ ਚਾਲ ਤੋਂ ਗਿਆਨਹੀਣ ਰਹਿਕੇ ਧੰਨ ਇੱਕਠਾ ਕਰਨ ਵਿਚ ਰੁੱਝੇ ਰਹਿਣ ਕਰਕੇ ਜਾਂ ਕਾਨੂੰਨਾਂ ਵਿਚ ਆਮ ਮਨੁੱਖ ਨੂੰ ਨਪੀੜਨ ਦੀ ਗੱਲ ਦੇ ਵਿਰੋਧ ਵਿਚ ਸਮਾਂ ਨਾ ਦੇਣ ਕਰਕੇ ਤੁਹਾਨੂੰ ਮੁਆਫ਼ ਨਹੀਂ ਕਰਨਗੀਆਂ। ਇਸ ਕਾਵਿ-ਸੰਗ੍ਰਹਿ ਬਾਰੇ ਚਰਚਾ ਵੀ ਇਥੋਂ ਹੀ ਸ਼ੁਰੂ ਹੁੰਦੀ ਹੈ, ਦੇਖੋ ਟਾਈਟਲ ਕਵਿਤਾ ‘ਬੰਦ ਘਰਾਂ ਦੇ ਵਾਸੀ’ ਵਿਚ ਕਹੀ ਉਪਰੋਤਕ ਗੱਲ-
                                    ਉਹਨਾਂ ਕੋਲ ਸਮਾਂ ਹੀ ਨਹੀਂ
                                    ਇਹ ਸੋਚਣ ਦਾ,
                                    ਕਿ ਬਿੱਲ ਗਿਆਰਾਂ ਕੀ ਹੈ?
                                    ਅਤੇ ਰੈਲਫ਼ ਕਲਾਈਨ
                                    ਕਿਸ ਸਾਜ਼ਿਸ ਦਾ ਬੀਅ ਹੈ?
                                    
                                   ਉਹ ਆਪਣੇ ਹੀ ਸੋਫਿਆਂ ‘ਤੇ
                                    ਬਚ-ਬਚ ਬਹਿੰਦੇ ਹਨ
                                    ਮਿੰਨਾਂ ਜਿਹਾ ਬੋਲਦੇ ਹਨ
                                    ਘੁੱਟੇ-ਘੁੱਟੇ ਰਹਿੰਦੇ ਹਨ
                             
                                     ਬੰਦ ਘਰਾਂ ਦੇ ਵਾਸੀ
                                     ਇਸ ਤਰ੍ਹਾਂ ਜ਼ਿੰਦਗੀ ਕੱਢਦੇ ਹਨ
                                     ਕੰਮ ਕਰਦੇ ਹਨ
                                    ਕਿਸ਼ਤਾਂ ਭਰਦੇ ਹਨ
                                    ਤੇ ਕਿਸ਼ਤਾਂ ਵਿੱਚ ਤੁਰਦੇ ਬਣਦੇ ਹਨ (ਸਫਾ 25)
(ਬਿੱਲ ਗਿਆਰਾਂ ਉਹ ਬਿੱਲ ਸੀ ਜੋ ਕੈਨੇਡਾ ਦੇ ਸਿਹਤ ਸਿਸਟਮ ਲਈ ਨੁਕਸਾਨ ਦੇਹ ਸੀ ਤੇ ਅਲਬਰਟਾ ਦਾ ਮੁੱਖ ਮੰਤਰੀ ਰੈਲਫ਼ ਕਲਾਈਨ ਇਸ ਬਿੱਲ ਨੂੰ ਪਾਸ ਕਰਨ ਦੇ ਹੱਕ ਵਿਚ ਸੀ)
                          ਲੇਖਕ ਉਸ ਸਮੇਂ ਕੈਨੇਡਾ ਦਾ ਵਾਸੀ ਬਣਿਆ ਜਦੋਂ ਨਸਲਵਾਦ ਅੱਜ ਨਾਲੋਂ ਬਹੁਤ ਜ਼ਿਆਦਾ ਸੀ। ਨਸਲਵਾਦੀ ਗੋਰੇ ਕੱਲਾ-ਕਹਿਰਾ ਭਾਰਤੀ ਦੇਖਕੇ ਕੁਟਾਪਾ ਵੀ ਚਾੜ੍ਹ ਦਿੰਦੇ ਸਨ। ਨਸਲੀ ਸ਼ਬਦ ‘ਹਿੰਡੂਜ਼’ ਅਤੇ ‘ਪਾਕੀ’ ਬੋਲਣਾ ਆਮ ਗੱਲ ਸੀ ਅਤੇ ਸਟੋਰ ਤੋਂ ਰਾਸ਼ਨ ਲੈਕੇ ਮੁੜਦਿਆਂ ਦਾ ਰਾਸ਼ਨ ਖੋਹਕੇ ਭੱਜ ਜਾਣਾ ਜਾਂ ਖਿਲਾਰ ਦੇਣਾ ਵੀ ਆਮ ਸੀ। ਇਸੇ ਕਰਕੇ ਬਹੁਤੇ ਪਰਵਾਸੀ ਇਕੱਠੇ ਹੋਕੇ ਸਟੋਰਾਂ ਤੋਂ ਗਰੋਸਰੀ ਲੈਣ ਜਾਂਦੇ ਸਨ। ਲੇਖਕ ਵੀ ਇਸ ਨਸਲਵਾਦ ਤੋਂ ਦੁਖੀ ਹੁੰਦਾ ਹੈ ਪਰ ਉਸਦੀ ਸਮਝ ਵਿਚ ਤੇ ਸੋਚ ਵਿਚ ਬਾਉਣਾਪਣ ਨਹੀਂ ਹੈ, ਉਹ ਇਸਦਾ ਵਿਰੋਧ ਤਾਂ ਕਰਦਾ ਹੈ ਪਰ ਸਿਰਫ਼ ਆਪਣੇ ਨਾਲ ਹੋਏ ਧੱਕੇ ਤੇ ਚੀਕ-ਚਿਹਾੜਾ ਨਹੀਂ ਪਾਉਂਦਾ ਬਲਕਿ ਇਕ ਸਵਾਲ ਆਪਣੀ ਕਵਿਤਾ ‘ਭਈਏ’ ਰਾਹੀ ਆਪਣੇ-ਆਪ ਨੂੰ ਕਰਦਾ ਹੈ-
                                          ਪਰ ਤੋੜ ਗਿਆ 
                                          ਸਾਡੇ ਸ਼ੀਸ਼ੇ ਦੇ ਅਰਮਾਨ
                                         ਸ਼ਰਾਬੀ ਗੋਰਿਆਂ ਦਾ ਟਰੱਕ
                                         ਲਫ਼ਜ਼ ‘ਹਿੰਡੂਜ਼’ 
                                         ਇੱਕ ਵਾਰ ਫਿਰ ਕੰਨਾਂ ਨੂੰ ਗਿਆ ਚੀਰ
                                        ਤੇ ਤਣ ਗਿਆ ਹਵਾ ‘ਚ ਮੁੱਕਾ
                                         ………………
                                        ਪਰ ਅਗਲੇ ਹੀ ਪਲ
                                        ਬਹਿ ਗਿਆ ਝੱਗ ਵਾਂਗ
                                        ਤੇ ਆ ਗਿਆ ਹੈ ਯਾਦ
                                        ਕਿ ਅਸੀਂ ਵੀ ਪਾਲਾ ਰਾਮ ਨੂੰ
                                        ਉਸਦਾ ਨਾਂ ਲੈਣ ਦੀ ਬਜਾਏ
                                        ਕਿਉਂ ਕਹਿੰਦੇ ਹਾਂ “ਭਈਆਂ” (ਸਫਾ 19)
              ਹਰੀਪਾਲ ਵਰਕੇ ਕਾਲੇ ਨਹੀਂ ਕਰਦਾ ਤੇ ਨਾ ਹੀ ਕਿਤਾਬਾਂ ਦੀ ਗਿਣਤੀ ਵਧਾਉਣ ਵਾਲੇ ਲੇਖਕਾਂ ਵਿਚ ਸ਼ਾਮਿਲ ਹੈ। ਉਸਦੀ ਕਵਿਤਾ, ਕਹਾਣੀ, ਅਲਚੋਨਾ ਅਤੇ ਹੋਰ ਸਮਾਜਿਕ ਵਿਸ਼ਿਆਂ ਬਾਰੇ ਲੇਖ ਜਦੋਂ ਵੀ ਕਿਸੇ ਪਰਚੇ ਵਿਚ ਪੜ੍ਹੇ ਤਾਂ ਧੁਰ ਅੰਦਰ ਤੱਕ ਅਸਰ ਕਰ ਗਏ। ਉਸਦਾ ਇਹ ਕਾਵਿ ਸੰਗ੍ਰਹਿ ਪਰਵਾਸ, ਕਾਣੀ-ਵੰਡ, ਪੂੰਜੀਵਾਦ ਵਿਚ ਮਨੁੱਖ ਦਾ ਮਸ਼ੀਨ ਹੋਣਾ, ਟੁੱਟ ਰਹੇ ਰਿਸ਼ਤੇ, ਪਲੀਤ ਹੋ ਰਹੇ ਰਿਸ਼ਤੇ, ਹੱਕਾਂ ਤੇ ਡਾਕੇ, ਪਰਵਾਸ ਵਿਚ ਵਸੇਂ ਪੰਜਾਬੀਆਂ ਦੀ ਡਾਲਰਾਂ/ਪੌਡਾਂ ਲਈ ਦੌੜ, ਪੰਜਾਬੀ ਬੋਲੀ ਅਤੇ ਸੱਭਿਆਚਾਰ ਦੇ ਨਿੱਗਰ ਗੁਣਾ ਤੋਂ ਵੱਧਦੀ ਦੂਰੀ ਆਦਿ ਬਹੁਤ ਸਾਰੇ ਵਿਸ਼ਿਆਂ ਬਾਰੇ ਕਵਿਤਾ ਕਹਿੰਦਾ ਹੈ। 
                   ਉਹ ਆਪਣੀ ਕਵਿਤਾ ਵਿਚ ਭਾਰਤੀ ਸੱਭਿਅਤਾ ਵਿਚਲੇ ਵਿਆਹ ਦੇ ਅਟੁੱਟ ਬੰਧਨ ਨੂੰ ਆਉਣ ਵਾਲੇ ਸਮਾਜ ਵਿਚ ਨਿੱਗਰਤਾ ਦੇ ਗੁਣ ਭਰਨ ਲਈ ਸਹੀਂ ਮੰਨਦਾ ਹੈ ਪਰ ਉਹ ਰੂੜ੍ਹੀਵਾਦੀ ਨਹੀਂ ਹੈ ਉਸਦਾ ਤਰਕ ਹੈ ਕਿ ‘ਲਿੰਵ ਇੰਨ ਰਿਲੇਸ਼ਲ’ ਵਿਚੋਂ ਪੈਦਾ ਹੋਏ ਬੱਚਿਆਂ ਨੂੰ ਕਈ ਪਿਤਾ ਆਪਣਾ ਨਾਮ ਦੇਣ ਤੋਂ ਪਹਿਲਾ ਹੀ ਤੋੜ-ਵਿਛੋੜਾ ਕਰ ਲੈਂਦੇ ਹਨ। ਇਸ ਤਰ੍ਹਾਂ ਪਿਤਾ ਦੇ ਬੱਚਾ ਪੈਦਾ ਹੋਣ ਤੋਂ ਪਹਿਲਾ ਹੀ ਅਲੱਗ ਹੋਣ ਤੇ ਜਨਮੇਂ ਬੱਚੇ ਉਹ ਸੰਸਕਾਰ ਨਹੀਂ ਸਿੱਖ ਪਾਉਂਦੇ ਜੋ ਵਿਆਹ ਤੋਂ ਬਾਅਦ ਪੈਦਾ ਹੋਏ ਬੱਚੇ ਮਾਂ ਅਤੇ ਬਾਪ ਦੋਹਾਂ ਦੀ ਪੂਰੀ ਜ਼ਿੰਮੇਵਾਰੀ ਨਾਲ ਕੀਤੀ ਪਰਵਿਸ਼ ਵਿਚੋਂ ਸਿੱਖਦੇ ਹਨ ਅਤੇ ਅੱਗੇ ਸਮਾਜ ਦੇ ਇਕ ਜ਼ਿੰਮੇਵਾਰ ਨਾਗਰਿਕ ਬਣਦੇ ਹਨ। ਅਜਿਹੇ ਬੱਚੇ ਹਮੇਸ਼ਾਂ ਅਸੁਰਿੱਖਤਾ ਦੇ ਮਹੌਲ ਅਤੇ ਮਾਨਿਸਕ ਘੁੱਟਨ ਵਿਚ ਵੱਡੇ ਹੁੰਦੇ ਹਨ ਇਸੇ ਕਰਕੇ ਇਹ ਬੱਚੇ ਬਹੁਤੀ ਵਾਰ ਵੱਡੇ ਹੋਕੇ ਤਾਂ ਜ਼ੁਰਮ ਦੀ ਦੁਨੀਆਂ ਦਾ ਹਿੱਸਾ ਬਣਦੇ ਹੀ ਹਨ ਬਲਕਿ ਕਈ ਵਾਰ ਬਚਪਨ ਵਿਚ ਹੀ ਕਈ ਵੱਡੇ ਜੁਰਮ ਕਰ ਜਾਂਦੇ ਹਨ, ਜਿਵੇਂ ਅਮਰੀਕਾ ਵਿਚ ਬੱਚਿਆਂ ਵੱਲੋਂ ਸਕੂਲ ਵਿਚ ਹਥਿਆਰ ਲਿਜਾਕੇ ਆਪਣੇ ਸਹਿਪਾਠੀਆਂ ਅਤੇ ਅਧਿਆਪਕਾਂ ਦਾ ਅੰਨ੍ਹੇਵਾਹ ਗੋਲੀਆਂ ਚਲਾਕੇ ਕਤਲ ਕਰਨ ਦੀਆਂ ਅਨੇਕ ਘਟਨਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਗੱਲ 2004 ਦੀ ਹੈ ਜਦੋਂ ਮੈਂ ਕੈਲਗਰੀ ਦੀ ਇਕ ਫਰਨੀਚਰ ਕੰਪਨੀ ਵਿਚ ਸੁਪਰਵਾਈਜ਼ਰ ਸੀ ਤਾਂ ਇਕ ਵਿਲੀਅਮ ਨਾ ਦਾ ਮੂਲਵਾਸੀ ਮੇਰੇ ਵਿਭਾਗ ਵਿਚ ਕੰਮ ਕਰਦਾ ਸੀ, ਪੰਦਰੀ ਦਿਨੀ ਜਦੋਂ ਉਸਨੂੰ ਪੇਅ ਚੈਕ ਦੇਣਾ ਤਾਂ ਉਸਨੇ ਕਹਿਣਾ ਕਿ ਉਹ ਇਸ ਦਿਨ ਦੀ ਬਹੁਤ ਉਡੀਕ ਕਰਦਾ ਹੈ ਕਿਉਂਕਿ ਉਹ ਆਪਣੀ ਗਰਲ ਫਰਰੈਂਡ ਦੇ ਪਹਿਲੇ ਬੁਆਏ ਫਰੈਂਡ ਦੇ ਤਿੰਨ ਬੱਚੇ ਵੀ ਪਾਲ ਰਿਹਾ ਹੈ, ਮੈਂ ਸੋਚਦਾ ਕਿ ਉਹ ਘਰ ਵਿਚ ਵੀ ਬੱਚਿਆਂ ਨੂੰ ਜਰੂਰ ਇਹ ਅਹਿਸਾਸ ਕਰਵਾਉਂਦਾ ਹੋਵੇਗਾ ਕਿ ਉਹ ਉਸਤੇ ਬੋਝ ਹਨ ਤੇ ਬੱਚੇ ਕਿਹੋ ਜਿਹੀ ਮਾਨਸਿਕ ਸਥਿਤੀ ਵਿਚ ਵੱਡੇ ਹੋ ਰਹੇ ਹੋਣਗੇ। ਫੇਰ ਉਹ ਅਚਾਨਕ ਕੰਮ ਛੱਡ ਗਿਆ, ਛੇ ਕੁ ਮਹੀਨਿਆਂ ਬਾਅਦ ਉਸਦਾ ਅਚਾਨਕ ਮੈਨੂੰ ਫੋਨ ਆਇਆ ਤੇ ਮੈਂ ਉਸਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਉਹ ਹੁਣ ਉਹਨਾਂ ਨੂੰ ਛੱਡ ਚੁੱਕਾ ਹੈ ਮੈਂ ਸੋਚ ਰਿਹਾ ਸੀ ਕਿ ਹੁਣ ਉਹਨਾਂ ਬਾਪ ਦੇ ਨਾਮ ਤੋਂ ਬਿਨਾਂ ਬੱਚਿਆਂ ਨੂੰ ਸ਼ਾਇਦ ਤੀਸਰਾ ਬਾਪ ਮਿਲ ਗਿਆ ਹੋਵੇਗਾ, ਬੇਸ਼ਕ ਸਮੇਂ ਦੇ ਨਾਲ ਪੱਛਮੀ ਸੱਭਿਅਤਾ ਵਿਚ ਇਹੋ ਜਿਹੇ ਬੱਚਿਆਂ ਦੀ ਪਰਵਿਸ਼ ਲਈ ਕਾਫੀ ਸਹੂਲਤਾਂ ਹਨ ਉਹਨਾਂ ਨੂੰ ਕੇਅਰ ਟੇਕਰ ਅਤੇ ਮਾਨਿਸਕ ਸਾਵਾਂਪਣ ਦੇ ਮਾਹਿਰ ਸਿੱਖਿਆ ਦਿੰਦੇ ਹਨ ਪਰ ਅਜਿਹੇ ਰਿਸ਼ਤਿਆਂ ਤੋਂ ਪੈਦਾ ਹੋਏ ਬੱਚੇ ਅੱਗੇ ਅਜਿਹੇ ਹੀ ਰਿਸ਼ਤਿਆ ਨੂੰ ਜਨਮ ਦੇ ਰਹੇ ਹਨ। ਕਵੀ ਅਜਿਹੀ ਸੱਭਿਅਤਾ ਦੇ ਹੱਕ ਵਿਚ ਨਹੀਂ ਜਿਵੇਂ ਕਵਿਤਾਵਾਂ ‘ਗੋਰੀ ਕੁੜੀ’ ਅਤੇ ‘ਪਿਤਾ ਪੁਰਖੀ’ ਵਿਚ ਬੜੇ  ਸੁਚੇਤ ਭਾਵਾਂ ਵਿਚ ਕਹਿੰਦਾ ਹੈ-
                           ਹੁਣ ਜਦ ਕਦੇ ਵੀ
                          ਤੇਰੀ ਇਕੱਲਤਾ ਬਾਰੇ ਸੋਚਿਆ 
                          ਫੇਰ ਤੇਰੀ ਸੱਭਿਅਤਾ ਨੂੰ
                          ਲੱਖ ਵਾਰ ਕੋਸਿਆ (ਸਫਾ 18)
                             
                           ਘੁੱਗ ਵਸਦੇ ਸ਼ਹਿਰ ਦੀ
                           ਵੱਖੀ ਵਿੱਚ ਉੱਗੇ
                           ਇਕ ਹਸਪਤਾਲ ਦੀ
                           ਸੱਖਣੀ ਨੁੱਕਰੇ 
                           ਇਕ ਬੱਚਾ ਜਨਮਦਾ ਹੈ
                           ਉਸਦੀ ਮਾਂ ਕੋਲ 
                           ਉਸਨੂੰ ਦੇਣ ਵਾਸਤੇ 
                           ਪਿਤਾ ਦਾ ਨਾਮ ਨਹੀਂ ਹੁੰਦਾ
                            …………………
                            ਥੋੜਾ ਵੱਡਾ ਹੁੰਦਾ ਹੈ 
                            ਮਾਂ ਆਪਣੀ ਨੂੰ
                            ਇਕੱਲਤਾ ਦੇ ਕੇ
                            ਚਲਾ ਜਾਂਦਾ ਹੈ
                            …………
                            ਕਿਸੇ ਸ਼ਰਾਬਖ਼ਨੇ 
                            ਪੱਬ ਜਾਂ ਰੈਸਟੋਰੈਂਟ 
                            ……………
                            ਹੱਥ ਘੁੱਟਣੀ ਤੋਂ ਤੁਰਦੀ ਗੱਲ
                            ……………………
                           ਆਪਣੇ ਬੱਚੇ ਦੀ ਜਨਣੀ ਨੂੰ
                           ਉਹੋ ਜਿਹੇ ਹੀ ਹਸਪਤਾਲ ਦੀ
                           ਨੁੱਕਰ ਤੱਕ ਪਹੁੰਚਦਾ ਕਰਕੇ
                           ਉਹ ਚਲਾ ਜਾਂਦਾ ਹੈ
                           ਬੱਚੇ ਆਪਣੇ ਨੂੰ
                           ਆਪਣਾ ਨਾਂ ਦੇਣ ਤੋਂ ਪਹਿਲਾ(ਸਫਾ 23)
                      ਪਰਵਾਸ ਦੇ ਹੋਰ ਵੀ ਕਈ ਕਾਰਨ ਹਨ ਪਰ ਪੰਜਾਬੀ ਮਾਨਸਿਕਤਾ ਹੀ ਨਹੀਂ ਬਲਕਿ ਬਹੁਤੇ ਵਿਕਾਸਸ਼ੀਲ ਦੇਸਾਂ ਦੇ ਲੋਕ ਆਪਣਾ ਆਰਥਿਕ ਪੱਧਰ ਉੱਚਾ ਕਰਨ ਲਈ ਹੀ ਪਰਵਾਸ ਕਰਦੇ ਹਨ। ਜਦੋਂ ਕੋਈ ਵੀ ਮਨੁੱਖ ਆਪਣੀ ਜਨਮ ਭੂਮੀ ਨੂੰ ਛੱਡਕੇ ਹੋਰ ਜਗ੍ਹਾ ਪਰਵਾਸ ਕਰਦਾ ਹੈ ਤਾਂ ਬਿਨਾਂ ਸ਼ੱਕ ਜਨਮ ਭੂਮੀ ਦਾ ਮੋਹ ਉਦਰੇਵਾਂ ਤਾਂ ਪੈਦਾ ਕਰਦਾ ਹੀ ਹੈ। ਪਰ ਸ਼ਰੂ ਵਿਚ ਕੀਤੀ ਭੂ-ਉਦਰੇਵੇਂ ਦੀ ਗੱਲ ਕਿ ਪਰਵਾਸੀ ਪੰਜਾਬੀ ਕਵਿਤਾ ਉਦਰੇਵੇਂ ਵਿਚੋਂ ਪੈਦਾ ਹੁੰਦੀ ਹੈ ਤਰਕਹੀਣ ਹੈ। ਕਿਉਂਕਿ ਜੇਕਰ ਭੂ-ਉਦਰੇਵਾ ਕਵਿਤਾ ਪੈਦਾ ਕਰਦਾ ਹੋਵੇ ਤਾਂ ਹਰ ਪਰਵਾਸੀ ਕਵੀ ਹੁੰਦਾ ਸੋ ਕਵਿਤਾ ਤੋਂ ਕਵੀ ਦਾ ਹੋਣਾ ਪਹਿਲਾ ਹੈ ਭੂ-ਉਦਰੇਵਾਂ ਬਾਅਦ ਵਿਚ, ਮੇਰੇ ਹਿਸਾਬ ਨਾਲ ਕਵਿਤਾ ਭੂ-ਉਦਰੇਵੇ ਨੂੰ ਕਹਿੰਦੀ ਹੈ ਨਾ ਕਿ ਭੂ-ਉਦਰੇਵਾ ਕਵਿਤਾ ਪੈਦਾ ਕਰਦਾ ਹੈ। ਉਸ ਤੋਂ ਅੱਗੇ ਸੁਰੂ ਵਿਚ ਕੀਤੀ ਗੱਲ ਤੇ ਹੋਰ ਗੱਲ ਹਰੀਪਾਲ ਦੀ ਕਵਿਤਾ ਦੇ ਅਧਾਰਿਤ ਕਰਦੇ ਹਾਂ ਕਿ ਇੱਕ ਭੂ-ਉਦਰੇਵਾਂ ਹੀ ਇਕ ਪਰਵਾਸੀ ਨੂੰ ਵਾਪਸ ਅਪਣੀ ਜਨਮ ਭੂਮੀ ਤੇ ਨਹੀਂ ਲਿਆ ਸਕਦਾ, ਜਿਹਾ ਕਿ ਪਰਵਾਸੀਆਂ ਬਾਰੇ ਕਿਹਾ ਜਾਂਦਾ ਹੈ ਕਿ ਜੇਕਰ ਉਹ ਐਨੇ ਹੀ ਓਦਰੇ ਹਨ ਤਾਂ ਸਭ ਕੁਝ ਛੱਡ-ਛਡਾਕੇ ਵਾਪਸ ਕਿਉਂ ਨੀ ਆ ਜਾਂਦੇ। ਉਹ ਵਾਪਸ ਤਾਂ ਨਹੀਂ ਆਉਂਦੇ ਕਿਉਂਕਿ ਉਹਨਾਂ ਦੇ ਪਰਵਾਸ ਵਿਚ ਜਾਣ ਦਾ ਕਰਨ ਜਿੱਥੇ ਆਰਥਿਕ ਅਤੇ ਹੋਰ ਹਲਾਤ ਹਨ ਉੱਥੇ ਹੀ ਉਹਨਾਂ ਦੇ ਪਰਵਾਸੀ ਹੋਣ ਦੇ ਨਾਲ ਹੀ ਹੋਰ ਬਹੁਤ ਪਰਸਿਥਤੀਆਂ ਬਦਲ ਜਾਂਦੀਆਂ ਹਨ, ਰਿਸ਼ਤੇਦਾਰ ਸਿਰਫ ਇਸੇ ਕਰਕੇ ਹੀ ਬੋਲਦੇ ਹਨ ਕਿ ਉਹ ਉਹਨਾਂ ਨੂੰ ਬਾਹਰ ਲੈਂਕੇ ਜਾਵੇਗਾ, ਨਾਲ ਦੇ ਜੰਮੇ ਭਰਾ ਇਹ ਸੋਚਦੇ ਹਨ ਕਿ ਉਹ ਪੱਕਾ ਵਾਪਸ ਨਾ ਆਵੇ ਤਾਂ ਕਿ ਜ਼ਮੀਨ ਤੇ ਹੋਰ ਜਾਇਦਾਤ ਦਾ ਹਿੱਸਾ ਨਾ ਲਵੇ। ਸਰਕਾਰੀ ਸਿਸਟਮ ਇੰਨਾ ਕੁਰਪਟ ਹੋ ਗਿਆ ਹੈ ਕੋਈ ਪਰਵਾਸੀ ਜਦੋਂ ਆਪਣੇ ਕਿਸੇ ਕੰਮ ਸਰਕਾਰੀ ਦਫ਼ਤਰਾਂ ਵਿਚ ਜਾਂਦਾ ਹੈ ਤਾਂ ਜੇਕਰ ਇਹ ਪਤਾ ਲੱਗ ਜਾਵੇ ਕਿ ਇਹ ਬਾਹਰੋਂ ਆਇਆ ਹੈ ਤਾਂ ਉਸਦੇ ਕਿਸੇ ਮਾਮੂਲੀ ਕੰਮ ਦੀ ਫਾਈਲ ਦੀ ਅਜਿਹੀ ਪਾਣੀ ਵਿਚ ਮਧਾਣੀ ਪਾਉਂਦੇ ਹਨ ਕਿ ਨਿੱਕੇ-ਨਿੱਕੇ ਕੰਮਾਂ ਲਈ ਹਜ਼ਾਰਾਂ ਰੁਪਏ ਰਿਸ਼ਵਤ ਦਿੰਦਾ ਸ਼ੱਕੀ ਹੋ ਜਾਂਦਾ ਹੈ। ਪੈਸੇ ਖਾਣ ਲਈ ਹੀ ਬਾਹਰੋਂ ਗਏ ਪਰਵਾਸੀਆਂ ਦੇ ਨਾਮ ਵੇਲਾ ਵਿਹਾ ਚੁੱਕੀਆਂ ਬਗਾਵਤ ਦੀਆਂ ਲਹਿਰਾਂ ਨਾਲ ਜੋੜਕੇ ਪੁਲਿਸ ਵੱਲੋਂ ਚੁੱਕ ਲਿਆ ਜਾਂਦਾ ਹੈ ਤੇ ਹੋਰ ਬਹੁਤ ਕੁਝ ਅਜਿਹਾ ਹੁੰਦਾ ਹੈ ਜੋ ਸ਼ਾਇਦ ਪਰਵਾਸ ਦੀ ਜ਼ਿੰਦਗੀ ਵਿਚ ਨਹੀਂ ਹੁੰਦਾ ਤੇ ਇਸੇ ਕਰਕੇ ਪਰਵਾਸੀਆਂ ਨੂੰ ਦੇਸ ਦੀ ਆਬੋ ਹਵਾ, ਜਨਮ ਭੂਮੀ, ਸਕੂਲਾਂ ਕਾਲਜਾਂ ਵਿਚ ਨਾਲ ਪੜ੍ਹੇ ਦੋਸਤ ਤੇ ਮਾਪਿਆਂ ਦੀ ਅਣਹੋਂਦ ਦਾ ਖਲਾਅ ਆਦਿ ਕਈ ਕਾਰਨ ਜਨਮ ਭੂਮੀ ਵੱਲ ਖਿੱਚਦੇ,ਪਰ ਉਹ ਉਪਰੋਤਕ ਕਾਰਨਾਂ ਕਰਕੇ ਅਤੇ ਦੇਸ਼ ਦੇ ਭ੍ਰਿਸ਼ਟ ਨੇਤਾਵਾਂ ਕਰਕੇ ਦੇਸ਼ ਵਿਚ ਹੜ੍ਹਾਂ ਅਤੇ ਸੋਕਿਆਂ ਲਈ ਰੱਖੇ ਫੰਡ ਚਪਟ ਜਾਣ ਨਾਲ, ਦੇਸ਼ ਵਿਚ ਸਿਹਤ ਸਹੂਲਤਾਂ ਦੀ ਘਾਟ ਆਦਿ ਕਰਕੇ ਵੀ ਪਰਵਾਸੀ ਵਾਪਸੀ ਦਾ ਨਹੀਂ ਸੋਚ ਸਕਦਾ। ਹਰੀਪਾਲ ਨੇ ਇਸ ਸਥਿਤੀ ਨੂੰ ‘ਕਪੁੱਤਰ’ ਕਵਿਤਾ ਵਿਚ ਇਸ ਤਰ੍ਹਾਂ ਛੂੰਹਿਆ ਹੈ-
                          ਸਾਡੇ ਵਿਚ ਹਿੰਮਤ ਨਹੀਂ 
                          ਤੇਰੇ ਹੜ੍ਹਾਂ ਵਿਚ ਡੁੱਬਣ ਦੀ
                          ਸੋਕਿਆਂ ਵਿਚ ਸੜਨ ਦੀ
                          ਪੁਲਸ ਮੁਕਾਬਲਿਆਂ ਵਿਚ ਮਰਨ ਦੀ (ਸਫਾ 38)
                     ਮਨੁੱਖੀ ਮਨ ਤੇ ਕੋਈ ਇਕ ਖਿਆਲ ਪ੍ਰਭਾਵ ਨਹੀਂ ਪਾਉਂਦਾ, ਬਲਕਿ ਜਿਵੇਂ-ਜਿਵੇਂ ਮਨੁੱਖ ਦਾ ਗਿਆਨ ਵੱਧਦਾ ਹੈ, ਉਮਰ ਵੱਧਦੀ ਹੈ ਉਸਦੀਆਂ ਕਈ ਮਾਨਸਿਕ ਧਾਰਨਾਵਾਂ ਬਦਲ ਜਾਂਦੀਆਂ ਹਨ। ਅਸੀ ਅਕਸਰ ਦੇਖਦੇ ਹਾਂ ਕਿ ਵਿਆਕਤੀਗਤ ਤੌਰ ਤੇ ਸਾਰੀ ਉਮਰ ਇੱਟ-ਕੁੱਤੇ ਦਾ ਵੈਰ ਪਾਲਣ ਵਾਲੇ ਮਨੁੱਖ ਵੀ ਕਈ ਵਾਰ ਉਮਰ ਦੇ ਆਖਰੀ ਪੜਾਅ ਤੇ ਦੋਸਤ ਬਣ ਜਾਂਦੇ ਹਨ, ਕਾਰਨ ਇਹੀ ਹੈ ਕਿ ਇਹ ਵਿਚਾਰ ਆਪਣੀ ਨਿੱਜੀ ਈਗੋ ਤੇ ਪ੍ਰਭਾਵ ਪਾਉਣ ਲੱਗ ਜਾਂਦਾ ਹੈ ਕਿ ਇਹ ਜੀਵਨ ਤਾਂ ਨਾਸ਼ਵਾਨ ਹੈ ਫੇਰ ਕਿਸ ਮੇਰ-ਤੇਰ ਲਈ ਅਸੀਂ ਦੂਰੀਆਂ ਬਣਾ ਲਈਆਂ ਮਸਲੇ ਕਿਉਂ ਨਹੀ ਸੁਲਝਾਏ ‘ਤੇ ਕਈ ਵਾਰ ਇਹ ਆਪਣੇ-ਆਪ ਨੂੰ ਕੀਤੇ ਇਹ ਸਵਾਲ ਹੀ ਮਨੁੱਖ ਨੂੰ ਆਪਣਾ ਹੰਕਾਰ ਤੋੜਨ ਲਈ ਮਜ਼ਬੂਰ ਕਰ ਦਿੰਦੇ ਹਨ। ਹੁਣ ਜੇਕਰ ਮਨੁੱਖ ਅਜਿਹੇ ਫੈਸਲੇ ਲੈ ਸਕਦਾ ਹੈ ਤੇ ਉਪਰੋਤਕ ਅਨੁਸਾਰ ਮਨ ਦੀ ਅਵਸਥਾ ਤੇ ਕੋਈ ਇਕ ਖਿਆਲ ਪ੍ਰਭਾਵ ਨਹੀਂ ਪਾਉਂਦਾ ਤਾਂ ਹੋਸ਼ ਸੰਭਾਲ ਕੇ ਪਰਵਾਸੀ ਹੋਏ ਮਨੁੱਖ ਦੇ ਮਨ ਦੀਆਂ ਪ੍ਰਸਿਥਤੀਆਂ ਵੀ ਕਈ ਵਾਰ ਉਸਨੂੰ ਵਿਦੇਸ਼ ਦੀ ਹੰਢ-ਭੰਨਵੀਂ ਮਿਹਨਤ, ਨਸਲੀ ਟਿੱਪਣੀਆਂ, ਜਨਮ ਭੂਮੀ ਤੇ ਆਪਣੇ ਜਨਮ ਦੇ ਦੇਸ ਵਿਚ ਬਚਪਨ ਦਾ ਤਸੱਵਰ ਆਦਿ ਆਪਣੇ ਦੇਸ਼ ਬਾਰੇ ਕਵਿਤਾ ਕਹਿਣ ਨੂੰ ਮਜ਼ਬੂਰ ਕਰ ਦਿੰਦੇ ਹਨ ਤੇ ਮਨ ਦੀ ਅਜਿਹੀ ਅਵਸਥਾ ਵਿਚੋਂ ਨਿੱਕਲੀ ਕਵਿਤਾ ਨੂੰ ਅਸੀਂ ਭੂ-ਹੇਰਵਾ ਨਹੀਂ ਆਖ ਸਕਦੇ, ਪਰ ਅਜਿਹੀ ਕਵਿਤਾ ਨੂੰ ਹਰ ਕੋਣ ਤੋਂ ਦੇਖਣ ਦੀ ਬਜਾਇ ਅਕਸਰ ਭੂ-ਹੇਰਵਾ ਆਖ ਦਿੱਤਾ ਜਾਂਦਾ ਹੈ, ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ‘ਜ਼ਹਿਰ’ ‘ਪਰਵਾਸੀ’ ‘ਯਾਦ’ ‘ਬੇ-ਬਸੀ’ ‘ਅਸਲੀਅਤ’ ‘ਪਰਵਾਸ’ ਉੱਪਰ ਬਿਆਨ ਕੀਤੀ ਸਥਿਤੀ ਦੀ ਉਪਜ ਹਨ ਤੇ ਭੂ-ਹੇਰਵਾ ਦੂਸਰੇ ਸਥਾਨ ਤੇ ਹੈ।
                                   ਪੂੰਜੀਵਾਦ ਦੇ ਪਸਾਰ ਨੇ ਜਿੱਥੇ ਮਨੁੱਖ ਨੂੰ ਬਹੁਤ ਸਾਰੀਆਂ ਸੁੱਖ-ਸਹੂਲਤਾਂ ਦਿੱਤੀਆਂ ਹਨ,ਉੱਥੇ ਇਸਨੇ ਮਨੁੱਖ ਦੀ ਲੋੜ ਦੀ ਪਰਿਭਾਸ਼ਾਂ ਹੀ ਬਦਲਕੇ ਰੱਖ ਦਿੱਤੀ ਹੈ, ਉਸਦੀ ਲੋੜ ਇਕ ਦੌੜ ਬਣ ਗਈ ਹੈ ਜੋ ਕਦੇ ਪੂਰੀ ਨਹੀਂ ਹੁੰਦੀ ਤੇ ਜ਼ਿੰਦਗੀ ਦੇ ਵਾਜੇ ਵੱਜ ਜਾਂਦੇ ਹਨ। ਡਾਲਰਾਂ, ਪੌਡਾਂ, ਰੁਪਿਆਂ ਦੇ ਧੱਕੇ ਚੜ੍ਹਿਆਂ ਮਨੁੱਖ ਇਨਸਾਨੀ ਕਦਰਾਂ-ਕੀਮਤਾਂ ਬਿਲਕੁੱਲ ਭੁੱਲ ਗਿਆ ਹੈ। ਕੈਨੇਡਾ ਵਰਗੇ ਦੇਸ਼ ਵਿਚ ਪੂਰੀ ਤਰ੍ਹਾਂ ਆਰਥਿਕ ਤੌਰ ਤੇ ਮਜ਼ਬੂਤ ਚਾਰਾਂ-ਚਾਰਾਂ ਪੁੱਤਾਂ ਦੀਆਂ ਮਾਵਾਂ ਬਿਰਥ ਆਸ਼ਰਮ ਵਿਚ ਖਲਾਅ ਭਰਿਆ ਬੁਢਾਪਾ ਕੱਟ ਰਹੀਆਂ ਹਨ ਜਾਂ ਨਿੱਤ ਦੀ ਕਸ਼ਮਕਸ਼ ਤੋਂ ਦੁਖੀ ਹੋਕੇ ਖੁæਦ ਇਹਨਾਂ ਬਿਰਥ ਆਸ਼ਰਮਾਂ ਵਿਚ ਜਾਣ ਲਈ ਮਜ਼ਬੂਰ ਹਨ ਕਿਉਂਕਿ ਪੁੱਤਰਾਂ ਵਿਚ ਪੈਨਸ਼ਨ ਵੰਡਣ ਦਾ ਰੌਲਾ ਹੈ। ਮਾਪਿਆਂ ਦੀ ਲੋੜ ਉਨਾਂ ਚਿਰ ਹੈ ਜਿੰਨ੍ਹਾਂ ਚਿਰ ਬੱਚੇ ਵੱਡੇ ਨਹੀਂ ਹੋ ਜਾਂਦੇ ਤੇ ਫਿਰ ਮਾਪੇ ਬੋਝ ਬਣ ਜਾਂਦੇ ਹਨ। ਇਸ ਕਾਵਿ-ਸੰਗ੍ਰਹਿ ਦੀ ਕਵਿਤਾ ‘ਤਾਇਆ ਨਿਹਾਲਾ’ ਬੜੇ ਵਿਅੰਗਮਈ ਢੰਗ ਨਾਲ ਇਸ ਸਥਿਤੀ ਨੂੰ ਬਿਆਨ ਕਰਦੀ ਹੈ ਤੇ ਅਜਿਹੇ ਤਾਏ ਨਿਹਾਲੇ ਕੈਨੇਡਾ ਦੇ ਬਹੁਤੇ ਪੰਜਾਬੀਆਂ ਦੇ ਘਰਾਂ ਵਿਚ ਮਾਂ-ਬਾਪ, ਸੱਸ-ਸਹੁਰਾ, ਦਾਦਾ-ਦਾਦੀ, ਨਾਨਾ-ਨਾਨੀ ਦੇ ਰੂਪ ਵਿਚ ਬੈਠੇ ਹਨ। ਕਵਿਤਾ ਦਾ ਰੰਗ ਦੋਖੋ- 
                                    ਬੱਚੇ ਵੱਡੇ ਹੋਏ
                                    ਡਾਇਪਰ ਛੁੱਟ ਗਏ
                                    ਇਸਦੇ ਨਾਲ ਹੀ ਤਾਏ ਦੇ
                                    ਘਰ ਵਿਚੋਂ ਰਿਸ਼ਤੇ ਟੁੱਟ ਗਏ (ਸਫਾ 27)
                 ਪੂੰਜੀਵਾਦ ਦੇ ਇਸ ਵਰਤਾਰੇ ਨੇ ਮਾਇਆ ਜਾਲ ਦਾ ਅਜਿਹਾ ਢੋਲ ਹਰ ਗਲ ਵਿਚ ਪਾਇਆ ਹੈ ਕਿ ਮਨੁੱਖ ਨੂੰ ਖੁæਦ ਸੁਣਾਈ ਨਹੀਂ ਦਿੰਦਾ ਕਿ ਢੋਲ ਤਾਲ ਕੱਢ ਰਿਹਾ ਹੈ ਜਾਂ ਬੇਤਾਲ ਹੋਇਆ ਸ਼ੋਰ ਪੈਦਾ ਕਰ ਰਿਹਾ ਹੈ ਬੱਸ ਉਹ ਵਜਾ ਰਿਹਾ ਹੈ ਤੇ ਭੱਜ ਰਿਹਾ ਹੈ ਜਦੋਂ ਤੱਕ ਡਿੱਗ ਨਹੀਂ ਪੈਂਦਾ। ਜਦੋਂ ਡਿੱਗ ਪੈਂਦਾ ਹੈ ਤਾਂ ਇਹੀ ਢੋਲ ਉਸਦੇ ਬੱਚੇ ਚੁੱਕਕੇ ਆਪਣੇ ਗਲ ਪਾ ਲੈਂਦੇ ਹਨ ਤੇ ਇਹ ਵਰਤਾਰਾਂ ਦਿਨੋ-ਦਿਨ ਰਫਤਾਰ ਫੜ੍ਹਦਾ ਨਵੀਂ ਪੀੜੀ ਤੋਂ ਅੱਗੇ ਨਵੀਂ ਪੀੜੀ ਵਿਚ ਜਾ ਰਿਹਾ ਹੈ ਇਸਦਾ ਕਾਰਨ ਇਹੀ ਹੈ ਕਿ ਸਾਡੇ ਕੋਲ ਅਜਿਹਾ ਢੋਲ ਵਜਾਉਂਦਿਆ ਬੱਚਿਆਂ ਲਈ ਸਮਾਂ ਹੀ ਨਹੀਂ ਤੇ ਜੇ ਸਮਾਂ ਨਹੀਂ ਤਾਂ ਫੇਰ ਤਾਂ ਉਹ ਵੀ ਉਹ ਹੀ ਕਰਨਗੇ ਜੋ ਉਹ ਸਾਡੇ ਨਿੱਤ ਦੀ ਚੂਹੇ-ਦੌੜ ਤੋਂ ਅੱਖਾਂ ਰਾਹੀਂ ਸਿੱਖਣਗੇ ਨਾ ਕਿ ਕੰਨਾਂ ਰਾਹੀਂ । ਇਸ ਸਥਿਤੀ ਦੀ ਬਹੁਤ ਸੋਹਣੀ ਤਸਵੀਰ ਕਵੀ ਨੇ ਕਵਿਤਾ ‘ਚੂਹੇ-ਦੌੜ’ ਵਿਚ ਪੇਸ਼ ਕੀਤੀ ਹੈ-
                              ਇੱਕ ਸ਼ਿਫਟ ਦਾ ਕੰਮ ਮੁਕਾ
                              ਜਦ ਮੰਮੀ ਵਾਪਿਸ ਮੁੜਦੀ ਹੈ
                              ਮਾਸੂਮ ਅੱਖਾਂ ਚਮਕਦੀਆਂ 
                             ਇਕ ਉਮੰਗ ਜਿਹੀ ਉਠਦੀ ਹੈ
                              ਲੰਚ-ਕਿਟ ਨੂੰ ਬੰਨ੍ਹ ਦੁਬਾਰਾ
                             ਮਾਂ ਦੂਜੀ ਸ਼ਿਫਟ ਨੂੰ ਮੁੜਦੀ ਹੈ
                             ਮੰਮੀ ਨਾਲ ਖੇਡਣ ਦੀ
                            ਬੱਚਿਆਂ ਦੀ ਆਸ਼ਾ ਫਿਰ ਟੁੱਟਦੀ ਹੈ…(ਸਫਾ 53)
                      ਪੈਸੇ ਦੀ ਦੌੜ ਕਾਰਨ ਮਨੁੱਖਤਾ ਦਾ ਨੈਤਿਕ ਕਤਲ ਹਰ ਥਾਂ ਹੋ ਰਿਹਾ ਹੈ। ਕਾਰਪੋਰੇਟ ਸੈਕਟਰ ਤੋਂ ਲੈਕੇ ਵਿਆਕਤੀਗਤ ਤੌਰ ਤੇ ਹਰ ਕੋਈ ਆਰਥਿਕ ਸਾਧਨਾਂ ਤੇ ਵੱਧ ਤੋਂ ਵੱਧ ਕਬਜੇæਦਾਰੀ ਵਿਚ ਲੱਗਾ ਹੈ। ਇਹਨਾਂ ਆਰਥਿਕ ਕਬਜੇæਦਾਰੀਆਂ ਨੇ ਭਰਾਂ ਹੱਥੋਂ ਭਰਾ ਹੀ ਨਹੀਂ ਮਾਪਿਆ ਦੇ ਕਤਲ ਵੀ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਕਈ ਥਾਈਂ ਜਾਇਦਾਦ ਲਈ ਭੈਣਾਂ ਹੀ ਆਪਣੇ ਪਤੀਆਂ ਨਾਲ ਰਲਕੇ ਆਪਣੇ ਇਕਲੌਤੇ ਭਰਾ ਦਾ ਕਤਲ ਤੱਕ ਕਰਾ ਦਿੰਦੀਆਂ ਹਨ। ਪੈਸੇ ਦੀਆਂ ਸੰਰਿਜਾਂ ਰਾਹੀਂ ਖ਼ੂਨ ਵਿਚ ਦਾਖਲ ਹੋਈਆਂ ਸੈæਤਾਨੀ ਬਿਰਤੀਆਂ ਨਹੀਂ ਚਹੁੰਦੀਆਂ ਕਿ ਬਨਵਾਸ ਭਾਵ ਪਰਵਾਸ ਵਿਚ ਗਏ ਆਪਣੇ ਵਾਪਸ ਆਉਣ। ਇਸ ਵਰਤਾਰੇ ਨੂੰ ‘ਚੀਸ’ ਕਵਿਤਾ ਵਿਚ ਇਸ ਤਰ੍ਹਾਂ ਬਿਆਨ ਕੀਤਾ ਹੈ- 
                                ਬਨਵਾਸ ਵਿੱਚ ਬੈਠਾ ਰਾਮ ਸੋਚਦਾ ਹੈ
                                ਕੀ ਕਰਦਾ ਯਾਦ ਕੋਈ ਭੈਣ ਭਾਈ
                               ਜਾਂ ਸੁੰਨੀ ਹੋਈ ਅਯੁਧਿਆ ਤੇ 
                               ਸਾਰੇ ਫਿਰਦੇ ਹੱਕ ਟਿਕਾਈ (ਸਫਾ 63)
                      ਉਪਰੋਤਕ ਵਰਤਾਰੇ ਵਿਚੋਂ ਪੂੰਜੀਵਾਦ ਦੇ ਗਲਬੇ ਹੇਠ ਵਧੇ ਲਾਲਚ ਦੀ ਉਹ ਸਥਿਤੀ ਸਾਹਮਣੇ ਆਉਂਦੀ ਹੈ  ਜਦੋਂ ਖ਼ੂਨ ਦਾ ਰੰਗ ਸਫੈਦ ਹੋਣ ਲੱਗਦਾ ਹੈ ਤੇ ਪਰਵਾਸੀ ਆਪਣੇ ਹੀ ਦੇਸ਼ ਤੇ ਜਨਮ ਭੂਮੀ ਤੇ ਰਹਿਣ ਜਾਂ ਜਾਣ ਨੂੰ ਤਰਸਦਾ ਮਾਨਿਸਕਤਾ ਦੇ ਅਗਲੇ ਦੌਰ ਵਿਚ ਪਹੁੰਚਦਾ ਹੈ ਜਿੱਥੇ ਉਹ ਪਿੱਛੇ ਮੁੜਨਾ ਜਾਂ ਜੁੜੇ ਰਹਿਣਾ ਚਾਹੁੰਦਾ ਹੈ ਪਰ ਸ਼ੈਤਾਨੀ ਰੂਪ ਧਾਰਨ ਕਰ ਚੁੱਕੇ ਰਿਸ਼ਤੇ ਸਾਜ਼ਿਸ਼ਾਂ ਹੀ ਅਜਿਹੀਆ ਕਰਦੇ ਹਨ ਉਹ ਜਨਮ ਭੂਮੀ ਤੋਂ ਵਾਪਸ ਜਾਣ ਲਈ ਕਾਹਲਾ ਪੈਦਾ ਹੈ ਪਰ ਮਨ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ। ਇਸ ਸਥਿਤੀ ਨੂੰ ਕਵੀ ਦੀ ਕਵਿਤਾ ‘ਬਨਵਾਸ ਨੂੰ ਵਾਪਸੀ’ ਵਿਚ ਕਮਾਲ ਦੇ ਢੰਗ ਨਾਲ ਤੇ ਗੰਭੀਰ ਕਾਵਿਕ ਉਡਾਰੀ ਰਾਹੀਂ ਬਿਆਨ ਕੀਤਾ ਗਿਆ ਹੈ-
                                    ਜਦੋਂ ਮੈਂ ਵਾਪਿਸ ਪਰਤਿਆ
                                    ਤਾਂ ਰਾਵਣ ਦਾ ਗਿਆਰਵਾਂ ਸਿਰ
                                    ਅਯੁਧਿਆ ਤੇ ਕਾਬਿਜ਼ ਸੀ
                                    …………………
                                    ਹੁਣ ਮੈਂ ਖ਼ੁਦ
                                    ਬਨਵਾਸ ਨੂੰ ਵਾਪਿਸ ਆਇਆ ਹਾਂ
                                    ਅਯੁਧਿਆ ਦੇ ਖ਼ਿਆਲ ਨੂੰ
                                   ਬਹੁਤ ਦੂਰ ਟਾਲ ਆਇਆ ਹਾਂ।
                          ਉਪਰੋਤਕ ਅਨੁਸਾਰ ਇਸ ਕਾਵਿ-ਸੰਗ੍ਰਹਿ ਵਿਚ ਵਾਸ ਤੋਂ ਪਰਵਾਸ, ਪਰਵਾਸ ਨੂੰ ਵਾਸ ਬਣਾਉਣ, ਮਨੁੱਖ ਦੀ ਪੂੰਜੀਵਾਦ ਦੇ ਯੁੱਗ ਵਿਚ ਲੱਗੀ ਚੂਹੇ ਦੋੜ ਤੱਕ ਫੈਲੇ ਵਿਸ਼ੇ ਦੀ ਕਵਿਤਾ, ਹਰ ਸਟੇਜ ਤੇ ਮਾਨਿਸਕ ਉੱਥਲ-ਪੁੱਥਲ ਅਤੇ ਜਗਿਆਸੂ ਵਿਚਾਰਾਂ ਤੱਕ ਦੀ ਅਗਾਂਹਵਧੂ ਕਵਿਤਾ ਦਰਜ਼ ਹੈ। ਜਿਸ ਬਾਰੇ ਹੋਰ ਵੀ ਬਹੁਤ ਲਿਖਿਆ ਜਾ ਸਕਦਾ ਹੈ। ਪਰ ਇਸ ਚਰਚਾ ਨੂੰ ਲੇਖ ਦੀ ਲੰਬਾਈ ਨੂੰ ਧਿਆਨ ਵਿਚ ਰੱਖਦਿਆਂ ਏਥੇ ਹੀ ਬੰਦ ਕਰਦਾ ਹਾਂ। 
                                                                                                                            ਬਲਜਿੰਦਰ ਸੰਘਾ
                                                                                                                            ਫੋਨ : 1403-680-3212