ਵਿਸ਼ੇਸ਼ ਤੌਰ ਤੇ ਵੈਨਕੂਵਰ ਤੋਂ ਪਹੁੰਚੇ ਮੁੱਖ ਬੁਲਾਰੇ ਚਰਨਪਾਲ ਗਿੱਲ ਨੇ ਆਪਣੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ
ਹਾਜ਼ਰ ਕੈਲਗਰੀ ਨਿਵਾਸੀਆਂ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਦਿੰਦਿਆ ਸੀਨੀਅਰ ਕੇਅਰ ਹੋਮ ਨੂੰ ਕਮਿਊਨਟੀ ਦੀ ਮੁੱਖ ਲੋੜ ਦੱਸਿਆ
ਬਲਜਿੰਦਰ ਸੰਘਾ- ਕੈਲਗਰੀ ਸ਼ਾਹਿਰ ਵਿਚ ਪੰਜਾਬੀ ਭਾਈਚਾਰੇ ਦੇ ਆਪਣੇ ਨਾਨ-ਪ੍ਰਾਫਟਏਬਲ ਸੀਨੀਅਰ ਕੇਅਰ ਹੋਮ ਦੀ ਲੋੜ ਸਬੰਧੀ ਇਕ ਜਨਤਕ ਮੀਟਿੰਗ ਐਕਸ-ਸਰਵਿਸਮੈਨ ਸੋਸਾਇਟੀ ਵਿਚ ਹੋਈ। ਇਸ ਮੀਟਿੰਗ ਨੂੰ ਵੈਨਕੂਵਰ ਵਿਚ ਬਣਾਏ ਗਏ ਇਸੇ ਤਰ੍ਹਾਂ ਦੇ ਸੀਨੀਅਰ ਕੇਅਰ ਹੋਮ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਸਮਾਜਸੇਵੀ ਚਰਨਪਾਲ ਗਿੱਲ ਨੇ ਸੰਬੋਧਨ ਕੀਤਾ। ਜੋਗਿੰਦਰ ਸੰਘਾ ਦੁਆਰਾ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਦੇ ਹੋਏ ਗੱਲ ਇਸ ਵਿਸ਼ੇ ਤੋਂ ਸ਼ੁਰੂ ਕੀਤੀ ਕਿ ਹੋਰ ਵੀ ਬਹੁਤ ਸਾਰੇ ਸੀਨੀਅਰ ਕੇਅਰ ਹੋਮ ਕਈ ਲੋਕ ਘਰਾਂ ਵਿਚ ਵੀ ਚਲਾ ਰਹੇ ਹਨ ਪਰ ਇਸ ਸਬੰਧੀ ਜਨਤਕ ਮੀਟਿੰਗ ਕਰਨ ਦਾ ਉਦੇਸ਼ ਇਹੀ ਹੈ ਕਿ ਇਹ ਸੀਨੀਅਰ ਕੇਅਰ ਹੋਮ ਕਿਸੇ ਇਕ ਬੰਦੇ ਦੀ ਪ੍ਰਪਾਰਟੀ ਨਾ ਹੋਕੇ ਕਮਿਊਨਟੀ ਦਾ ਸਾਝਾਂ ਹੋਵੇਗਾ ਤੇ ਨਾਨ-ਪ੍ਰਾਫਟਏਬਲ ਹੋਵੇਗਾ ਜਿਸ ਵਿਚ ਲੋੜੜੰਦ ਬਜ਼ੁਰਗ ਆਪਣੀ ਪੈਨਸ਼ਨ ਦਾ ਬਹੁਤ ਥੋੜਾ ਹਿੱਸਾ ਪਾਕੇ ਆਪਣੇ ਸੱਭਿਆਚਾਰ, ਭੋਜਨ ਅਤੇ ਬੋਲੀ ਰਾਹੀਂ ਆਪਣਾ ਬੁਢਾਪਾ ਸੁਖਦਾਇਕ ਬਣਾ ਸਕਦੇ ਹਨ। ਉਹਨਾਂ ਕਾਨੂੰਨੀ ਨੁਕਤੇ ਤੇ ਵਿਸਥਾਰਤ ਜਾਣਕਾਰੀ ਵੀ ਦਿੱਤੀ ਕਿ ਸਰਕਾਰ ਅਜਿਹੇ ਕੇਅਰ ਹੋਮ ਨਹੀਂ ਬਣਾਉਂਦੀ ਪਰ ਜੇਕਰ ਬਣਾਏ ਜਾਣ ਦਾ ਸਹੀ ਤੇ ਸਾਰਥਿਕ ਉਪਰਾਲਾ ਕੀਤਾ ਜਾਵੇ ਤਾਂ ਗ੍ਰਾਂਟ ਜਰੂਰ ਮਿਲ ਜਾਂਦੀ ਹੈ।ਇਸ ਵਾਸਤੇ ਉਹਨਾਂ ਅਲਬਰਟਾ ਦੇ ਸਤਿਕਾਰਯੋਗ ਮੰਤਰੀ ਮਨਮੀਤ ਸਿੰਘ ਭੁੱਲਰ ਦਾ ਸੁਨੇਹਾ ਸਾਂਝਾ ਕੀਤਾ ਕਿ ਸਰਕਾਰ ਗ੍ਰਾਂਟ ਦੇਣ ਅਤੇ ਹਰ ਸੰਭਵ ਮੰਦਦ ਲਈ ਤਿਆਰ ਹੈ। ਹਰੀਪਾਲ ਨੇ ਮੁੱਖ ਬੁਲਾਰੇ ਚਰਨਪਾਲ ਗਿੱਲ ਬਾਰੇ ਜਾਣਕਾਰੀ ਦਿੰਦਿਆ ਆਖਿਆ ਕਿ ਜੇਕਰ ਇਹਨਾਂ ਦੇ ਲੋਕਪੱਖੀ ਕੰਮਾਂ ਬਾਰੇ ਗੱਲ ਕਰੀਏ ਤਾਂ ਇਸ ਬਾਰੇ ਇਕ ਪੂਰੀ ਕਿਤਾਬ ਲਿਖੀ ਜਾ ਚੁੱਕੀ ਹੈ ਪਰ ਫਿਰ ਵੀ ਉਹਨਾਂ ਚਰਨਪਾਲ ਗਿੱਲ ਦੇ ਸਾਮਜਸੇਵੀ ਕੰਮਾਂ ਤੇ ਮੁੱਖ ਝਾਤ ਪਾਈ। ਇਸਤੋਂ ਬਾਅਦ ਚਰਨਪਾਲ ਗਿੱਲ ਜੀ ਨੇ ਘੰਟੇ ਦੇ ਕਰੀਬ ਆਪਣੇ ਵਿਚਾਰ ਸੀਨੀਅਰ ਕੇਅਰ ਹੋਮ ਬਾਰੇ ਸਾਂਝੇ ਕੀਤੇ। ਜਿਹਨਾਂ ਨੂੰ ਖਚਾਖਚ ਭਰੇ ਹਾਲ ਵਿਚ ਸਭ ਨੇ ਬੜੇ ਧਿਆਨ ਨਾਲ ਸੁਣਿਆ। ਉਹਨਾਂ ਨੇ ਕਿਹਾ ਕਿ ਨਾਨ-ਪ੍ਰਫਾਟਏਬਲ ਸੀਨੀਅਰ ਕੇਅਰ ਹੋਮ ਬਣਾਉਣ ਦਾ ਕੰਮ ਉਹਨਾਂ ਅੱਠ ਬੰਦਿਆਂ ਦੀ ਕਮੇਟੀ ਬਣਾਕੇ ਸਿਰਫ 80 ਕਨੇਡੀਅਨ ਡਾਲਰ ਨਾਲ ਸ਼ੁਰੂ ਕੀਤਾ ਸੀ ਤੇ ਅੱਜ ਅਸੀਂ ਤੀਸਰਾ ਯੂਨਿਟ ਬਣਾਉਣ ਦੀ ਤਿਆਰੀ ਵਿਚ ਹਾਂ ਪਹਿਲੇ ਕੇਅਰਵਿਸਟ ਹੋਮ ਜਿਸ ਵਿਚ 126 ਕਮਰੇ ਹਨ ਲੋੜਵੰਦ ਬਜ਼ੁਰਗ ਆਪਣੀ ਸਰੀਰਕ ਸਮੱਰਥਾ ਅਨੁਸਾਰ ਆਪਣੀ ਪੈਨਸ਼ਨ ਦਾ ਸਿਰਫ 30 ਤੋਂ 70 ਪ੍ਰਤੀਸ਼ਤ ਹਿੱਸਾ ਦੇਕੇ ਬੜੇ ਖੁਸ਼ਗਵਾਰ ਮਹੋਲ ਵਿਚ ਰਹਿ ਰਹੇ ਹਨ ਜਦਕਿ ਦੂਸਰੇ ਪਾਸੇ ਲਾਭ ਕਮਾਉਣ ਦੇ ਨਜ਼ਰੀਏ ਤੋਂ ਚੱਲਾਏ ਜਾ ਰਹੇ ਸੀਨੀਅਰ ਕੇਅਰ ਹੋਮ ਪੈਨਸ਼ਨ ਤੋਂ ਦੁੱਗਣੇ ਖਰਚੇ ਲੈਕੇ ਵੀ ਉਹ ਸਹੂਲਤਾਂ ਨਹੀਂ ਦੇ ਰਹੇ ਜੋ ਬਜ਼ੁਰਗਾਂ ਨੂੰ ਆਪਣੇ ਸੱਭਿਆਚਾਰ ਅਤੇ ਬੋਲੀ ਦੇ ਹਿਸਾਬ ਨਾਲ ਚਾਹੀਦੀਆਂ ਹਨ ਤੇ ਸਾਡੇ ਬਹੁਤ ਸਾਰੇ ਬਜ਼ੁਰਗਾਂ ਦੀ ਹਾਲਤ ਨਾ ਚਾਹੁੰਦਿਆਂ ਹੋਇਆ ਵੀ ਉੱਥੇ ਬੋਲੀ,ਭੋਜਨ ਅਤੇ ਸੱਭਿਅਚਾਰਕ ਫਰਕ ਕਾਰਨ ਤਰਸਯੋਗ ਹੋ ਜਾਂਦੀ ਹੈ। ਉਹਨਾਂ ਵਿਸਥਾਰ ਵਿਚ ਇਸ ਲਈ ਲੜੇ ਲੰਬੇ ਘੋਲ ਅਤੇ ਮਿਹਨਤ ਦੀ ਗੱਲ ਕੀਤੀ ਜਿਸ ਵਿਚ ਉਹਨਾਂ ਨੂੰ ਬਹੁਤ ਸਾਰੀਆਂ ਮੁਸਬੀਤਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਉਹਨਾਂ ਕਿਹਾ ਕਿ ਉਹ ਆਪਣੇ ਤਜਰਬੇ ਨਾਲ ਹਮੇਸ਼ਾ ਕੈਲਗਰੀ ਨਿਵਾਸੀਆਂ ਦੇ ਨਾਲ ਹਨ ਤੇ ਉਹਨਾਂ ਵੱਲੋਂ ਇਸ ਸਬੰਧੀ ਬਾਣਾਈ ਕਮੇਟੀ ਨੂੰ ਹਰ ਤਰ੍ਹਾਂ ਦੀ ਕਾਨੂੰਨੀ ਨੁਕਤਿਆ ਦੀ ਅਤੇ ਹੋਰ ਸਹਾਇਤਾ ਦੇਣ ਲਈ ਤਿਆਰ ਹਨ। ਉੇਹਨਾਂ ਕਿਹਾ ਕਿ ਇਹ ਆਪਣੇ ਬਜ਼ੁਰਗਾਂ ਲਈ ਕੀਤੇ ਜਾਣ ਵਾਲੇ ਅੱਜ ਦੇ ਸਮੇਂ ਦੇ ਕੰਮਾਂ ਵਿਚੋਂ ਸਭ ਤੋਂ ਅਹਿਮ ਮੁੱਦਾ ਹੈ। ਇਸ ਜਨਤਕ ਮੀਟਿੰਗ ਨੂੰ ਐਕਸ-ਸਰਵਿਸਮੈਨ ਸੋਸਾਇਟੀ ਦੇ ਪ੍ਰਧਾਨ ਹਰਗੁਰਜੀਤ ਸਿੰਘ ਮਿਨਹਾਸ, ਦਸ਼ਮੇਸ਼ ਕਲਚਰਲ ਸੀਨੀਅਰ ਸੋਸਾਇਟੀ ਦੇ ਪ੍ਰਧਾਨ ਸੁਖਦੇਵ ਸਿੰਘ ਖਹਿਰਾ, ਹੈਪੀ ਮਾਨ, ਗੁਰਦੇਵ ਸਿੰਘ ਪੂਨੀ, ਜਗਤਾਰ ਸਿੰਘ ਸਿੱਧੂ, ਸੰਤ ਸਿੰਘ ਧਾਰੀਵਾਲ ਆਦਿ ਵੱਲੋਂ ਵੀ ਸੰਬੋਧਨ ਕੀਤਾ ਗਿਆ ਅਤੇ ਸਭ ਸਭਾਵਾਂ ਅਤੇ ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਇਸ ਕੰਮ ਲਈ ਪ੍ਰਬੰਧਕਾਂ ਵੱਲੋਂ ਕੀਤੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਪੂਰਨ ਹਮਾਇਤ ਦੀ ਹਾਮੀ ਭਰੀ। ਬਹੁਤ ਸਾਰੇ ਕੈਲਗਰੀ ਨਿਵਾਸੀਆਂ ਤੋਂ ਇਲਾਵਾ ਪੰਜਾਬੀ ਮੀਡੀਆ ਕਲੱਬ ਦੇ ਕਈ ਮੈਂਬਰ ਵੀ ਹਾਜ਼ਰ ਸਨ। ਅਖੀਰ ਵਿਚ ਪ੍ਰਬੰਧਕਾਂ ਵੱਲੋਂ ਪਹੁੰਚੇ ਸਭ ਮੀਡੀਆ ਕਰਮੀ ਅਤੇ ਕੈਲਗਰੀ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।