ਹਰ ਵਿਆਕਤੀ ਦਾ ਕੋਈ ਨਾ ਕੋਈ ਸ਼ੌਂਕ ਹੁੰਦਾ ਹੈ ਤੇ ਕਈ ਸ਼ੌਂਕ ਤਾਂ ਬੜੇ ਅਜੀਬ ਹੁੰਦੇ ਹਨ। ਅਜਿਹੇ ਹੀ ਇੱਕ ਸ਼ੌਂਕ ਦਾ ਮਾਲਕ ਹੈ ਕੈਲਗਰੀ (ਕੈਨੇਡਾ) ਦਾ ਡਰਾਈਵਰ ਸੁੱਚਾ ਸਿੰਘ ਵਿਰਕ। ਜਿਸ ਦਾ ਸ਼ੌਂਕ ‘ਜੈਸਾ ਦੇਸ਼ ਵੈਸਾ ਭੇਸ’ ਦੀ ਕਹਾਵਤ ਨੂੰ ਵੀ ਤੋੜਦਾ ਹੈ। ਇਹ ਉਸਦਾ ਸ਼ੌਂਕ ਹੈ ਖਾੜ-ਖਾੜ ਕਰਦਾ ਧੂਵਾਂ ਚਾਦਰਾ-ਕੁੜਤਾ, ਪੈਰੀ ਨੋਕਦਾਰ ਖੁੱਸਾ, ਮੋਢੇ ਡੱਬੀਆਂ ਵਾਲਾ ਸਾਫਾ ਅਤੇ ਕੁੰਢੀਆਂ ਮੁੱਛਾਂ। ਜਦੋਂ ਸੁੱਚਾ ਸਿੰਘ ਇਸ ਪਹਿਰਾਵੇ ਵਿੱਚ ਟਰੱਕ ਚਲਾਉਂਦਾ ਹੈ ਤਾਂ ਪੂਰੀ ਤਰ੍ਹਾਂ ਭਾਰਤੀ ਪੰਜਾਬੀ ਟਰੱਕ ਡਰਾਈਵਰ ਦਾ ਭੁਲੇਖਾ ਪਾਉਂਦਾ ਹੈ। ਆਪਣੀ ਜ਼ਿੰਦਗੀ ਦੇ 52 ਸਾਲ ਪੂਰੇ ਕਰ ਚੁੱਕੇ ਸੁੱਚਾ ਸਿੰਘ ਦਾ ਕਹਿਣਾ ਹੈ ਕਿ ਉਸਨੂੰ ਕਬੱਡੀ, ਭਲਵਾਨੀ ਅਤੇ ਡਰਾਈਵਰੀ ਦਾ ਸ਼ੌਂਕ ਬਚਪਨ ਤੋਂ ਹੀ ਸੀ। ਉਸਨੇ ਦੋਹਾਂ ਖੇਡਾਂ ਦੇ ਨਾਲ-ਨਾਲ ਡਰਾਈਵਰੀ ਸਿੱਖੀ ਅਤੇ ਸਾਲ ਕੁ ਭਰ ਪੰਜਾਬ ਵਿਚ ਬੱਸ ਚਲਾਉਣ ਤੋਂ ਬਾਅਦ ਕੂਵੈਤ ਚਲਾ ਗਿਆ। ਫਿਰ ਉਸਨੇ ਕੁਵੈਤ ਤੋਂ ਇਲਾਵਾ ਮਸਕਰ, ਜੌਰਡਨ ਅਤੇ ਡੁਬਈ ਵਰਗੇ ਦੇਸ਼ਾਂ ਵਿਚ ਲੱਗਭੱਗ ਸੱਤ ਸਾਲ ਟਰੱਕ ਚਲਾਇਆ। ਇਸਤੋਂ ਬਾਅਦ 1996 ਵਿਚ ਸੁੱਚਾ ਸਿੰਘ ਕੈਨੇਡਾ ਆ ਗਿਆ ਤੇ ਇੱਥੇ ਉਸਨੇ ਟਰੱਕ ਚਲਾਉਣ ਦਾ ਕਿੱਤਾ ਅਪਣਾਇਆ। ਆਪਣੇ ਪਿੰਡ ਵਿਰਕਾਂ (ਫਗਵਾੜੇ) ਤੋਂ ਕੈਨੇਡਾ ਆਕੇ ਵੀ ਸੁੱਚਾ ਸਿੰਘ ਆਪਣਾ ਪੰਜਾਬੀ ਪਹਿਰਾਵਾ ਨਹੀਂ ਭੁੱਲਿਆ। ਅੱਜੋਕੀ ਪੀੜ੍ਹੀ ਵਾਂਗ ਸੁੱਚਾ ਸਿੰਘ ਨਵੇਂ ਗਾਇਕਾਂ ਦਾ ਸ਼ੌਕੀਨ ਨਾ ਹੋਕੇ ਅੱਜ ਵੀ ਯਮਲੇ, ਛਿੰਦੇ, ਮਾਣਕ, ਸਦੀਕ ਅਤੇ ਚਮਕੀਲੇ ਦੇ ਗੀਤ ਹੀ ਆਪਣੇ ਟਰੱਕ ਵਿਚ ਸ਼ਾਨ ਨਾਲ ਵਜਾਉਦਾ ਹੈ। ਉਸਨੂੰ ਨਵੀਂ ਤਕਨੀਕ ਗੂਗਲ, ਯੂ-ਟਿਊਬ ਅਤੇ ਫੇਸਬੁੱਕ ਆਦਿ ਦੀ ਬਹੁਤੀ ਜਾਣਕਾਰੀ ਨਹੀਂ ਪਰ ਉਹ ਪੁਰਾਣੇ ਗਾਇਕਾਂ/ਕਲਾਕਰਾਂ ਦੇ ਅਖਾੜੇ ਵੀਡੀਓ ਆਦਿ ਤੇ ਜਰੂਰ ਦੇਖਦਾ ਅਤੇ ਸੁਣਦਾ ਹੈ। ਸਵੇਰ ਵੇਲੇ ਉਹ ਗੁਰਬਖ਼ਸ਼ ਸਿੰਘ ਅਲਬੇਲਾ ਢਾਡੀ ਅਤੇ ਜੋਗਾ ਸਿੰਘ ਜੋਗੀ ਕਵੀਸ਼ਰ ਦੀਆਂ ਸੀਡੀਜ਼ ਲਗਾਉਂਦਾ ਹੈ। ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਸੁੱਚਾ ਸਿੰਘ ਦਾ ਮਨਪਸੰਦ ਗੀਤ ਹੈ। ਸੁੱਚਾ ਸਿੰਘ ਦਾ ਨਵੀਂ ਪੀੜ੍ਹੀ ਦੇ ਡਰਾਈਵਰਾਂ ਨੂੰ ਸੁਨੇਹਾ ਹੈ ਕਿ ਯਾਰਡ ਵਿਚ ਟਰੱਕ ਬੈਕ ਲਗਾਉਂਦੇ ਸਮੇਂ ਅਤੇ ਜਾਂ ਤੇਲ ਆਦਿ ਪਵਾਉਣ ਸਮੇਂ ਸੈੱਲ ਫੋਨ ਦਾ ਪ੍ਰਯੋਗ ਨਾ ਕਰਨ। ਸੁੱਚਾ ਸਿੰਘ ਦੇ ਸ਼ਬਦਾਂ ਵਿਚ ਕਿ ‘ ਮੈਂ ਕਈ ਵਾਰ ਦੇਖਿਆ, ਕਈ ਮੁੰਡਿਆਂ ਦੇ ਕੰਨਾਂ ਵਿਚ ਟੂਟੀਆਂ ਜਿਹੀਆਂ ਲਗਾਈਆਂ ਹੁੰਦੀਆਂ ਹਨ ਤੇ ਧਿਆਨ ਸਾਰਾ ਸੈੱਲ ਫੋਨ ਵਿਚ ਹੁੰਦਾ ਹੈ। ਜਦੋਂ ਟਰੱਕ ਕਿਸੇ ਟਰੇਲਰ ਜਾ ਪੀਲੇ ਪੋਲ ਨਾਲ ਲੱਗਕੇ ਛਿੱਲਿਆਂ ਜਾਂਦਾ ਹੈ ਤਾਂ ਫੇਰ ਭੂਤ ਵਾਂਗ ਦੇਖਦੇ ਆ ਕਿ ਆਹ ਕੀ ਹੋ ਗਿਆ’ ਸੁੱਚਾ ਸਿੰਘ ਦੀ ਡਰਾਈਵਿੰਗ ਸਕੂਲਾਂ ਵਾਲਿਆ ਨੂੰ ਵੀ ਬੇਨਤੀ ਹੈ ਕਿ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਟਰੇਨਿੰਗ ਦੇਣ। ਸੁੱਚੇ ਦੀ ਅੰਗਰੇਜ਼ੀ ਭਾਵੇ ਘੱਟ ਹੈ ਪਰ ਫਿਰ ਵੀ ਉਹ ਪੰਦਰਾਂ ਸਾਲਾਂ ਤੋਂ ਗੋਰਿਆਂ ਦੀ ਕੰਪਨੀ ਵਿਚ ਟਰੱਕ ਚਲਾ ਰਿਹਾ ਹੈ। ਕੰਪਨੀ ਵੱਲੋਂ ਉਸਨੂੰ ਸਾਲ 2008 ਅਤੇ 2013 ਵਿਚ ਸੇਫਟੀ ਅਵਾਰਡ ਮਿਲ ਚੁੱਕਾ ਹੈ। ਉਸਦੀ ਸਰਕਾਰ ਕੋਲੋ ਮੰਗ ਹੈ ਕਿ ਕੈਲਗਰੀ ਸ਼ਹਿਰ ਤੋਂ ਵਿੰਨੀਪੈਗ ਤੱਕ ਸਿੰਗਲ ਡਰਾਈਵਰ ਨੂੰ ਟਰੱਕ ਲਗਾਤਾਰ ਲਿਜਾਣ ਦੀ ਇਜ਼ਾਜਤ ਦਿੱਤੀ ਜਾਵੇ ਕਿਉਂਕਿ ਸਿਰਫ 45 ਮਿੰਟ ਦੀ ਡਰਾਈਵ ਵੱਧਣ ਕਾਰਨ ਡਰਾਈਵਰ ਨੂੰ 9-10 ਘੰਟੇ ਰਾਹ ਵਿਚ ਰੁਕਣਾ ਪੈਂਦਾ ਹੈ ਜਾਂ ਟੀਮ ਨਾਲ ਚੱਲਣਾ ਪੈਂਦਾ ਜਾਂ ਫਿਰ ਲੋਗਬੁੱਕ ਵਿਚ ਹੇਰਾਫੇਰੀ ਕਰਨੀ ਪੈਂਦੀ ਹੈ। ਸੁੱਚਾ ਸਿੰਘ ਭਾਰਤੀ ਪੰਜਾਬੀ ਡਰਾਈਵਰਾਂ ਵਾਂਗ ਤਾਸ਼ (ਸੀਪ) ਦਾ ਵੀ ਸ਼ੌਕੀਨ ਹੈ ਪਰ ਕੈਨੇਡੀਅਨ ਟਰੱਕ ਡਰਾਈਵਰਾਂ ਨੂੰ ਤਾਸ਼ ਖੇਡਣ ਦਾ ਮੌਕਾ ਨਹੀਂ ਮਿਲਦਾ ਇਸੇ ਲਈ ਉਹ ਆਪਣੇ ਇਸ ਸ਼ੌਂਕ ਨੂੰ ਵੀਕਐਂਡ ਤੇ ਬਾਬਿਆਂ ਦੀ ਸੁਸਾਇਟੀ ਵਿਚ ਜਾਕੇ ਪੂਰਾ ਕਰਦਾ ਹੈ। ਪਰ ਉਹਨਾਂ ਡਰਾਈਵਰਾਂ ਵਾਂਗ ਉਹ (ਗਿੱਧੇ) ਜਰਦੇ ਦਾ ਸ਼ੋਕੀਨ ਨਹੀਂ। ਸੁੱਚਾ ਸਿੰਘ ਦਾ ਕਹਿਣਾ ਹੈ ਕਿ ਭਾਵੇ ਕੈਲਗਰੀ ਸ਼ਹਿਰ ਦਾ ਮੌਸਮ ਕੁੜਤਾ-ਚਾਦਰਾ ਪਾਉਣ ਦੇ ਅਨੁਕੂਲ ਨਹੀਂ ਪਰ ਫਿਰ ਉਹ ਆਪਣੇ ਇਸ ਸ਼ੌਂਕ ਨੂੰ ਜੂਨ-ਜੁਲਾਈ ਦੇ ਮਹੀਨੇ ਪੂਰਾ ਕਰ ਲੈਂਦਾ ਹੈ। ਯਾਰਾਂ ਦਾ ਯਾਰ ਸੁੱਚਾ ਚਾਦਰਾ ਲਾਕੇ ਕੈਲਗਰੀ ਦੇ ਮੇਲਿਆ ਦੀ ਰੌਣਕ ਬਣਦਾ ਹੈ। ਟੂਲ ਤੇ ਬਾਂਦਰ ਬਿਠਾਉਣਾ ਉਸਦਾ ਸ਼ੋਂਕ ਕੈਨੇਡਾ ਦੇ ਮੌਸਮ ਅਤੇ ਕਾਨੂੰਨ ਕਰਕੇ ਅਜੇ ਅਧੂਰਾ ਹੈ।
ਮੰਗਲ ਚੱਠਾ ਕੈਲਗਰੀ
ਫੋਨ 403-708-1596