ਵੱਖ-ਵੱਖ ਸਿੱਖ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ
ਬਲਜਿੰਦਰ ਸੰਘਾ- ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਲੰਬੇ ਸਮੇਂ ਤੋਂ ਛਪਦੇ ਮੈਗਜ਼ੀਨ ‘ਸਿੱਖ ਵਿਰਸਾ’ ਦੇ ਮੁੱਖ ਸੰਪਾਦਕ ਹਰਚਰਨ ਸਿੰਘ ਪਰਹਾਰ ਅਤੇ ਉਹਨਾਂ ਦੀ ਟੀਮ ਵੱਲੋਂ ਇੱਕ ਵਿਸ਼ੇਸ਼ ਸਿੱਖ ਜਾਗਰੁਕਤਾ ਸੰਮੇਲਨ ਕੈਲਗਰੀ ਵਿਚ ਕਰਵਾਇਆ ਗਿਆ। ਜਿਸ ਵਿਚ ਸਿੱਖ ਵਿਦਵਾਨ ਗਿਆਨੀ ਜਸਵੀਰ ਸਿੰਘ ਵੈਨਕੂਵਰ, ਪ੍ਰੋ. ਇੰਦਰ ਸਿੰਘ ਘੱਗਾ, ਡਾ.ਹਰਜਿੰਦਰ ਸਿੰਘ ਦਿਲਗੀਰ, ਡਾ.ਪੂਰਨ ਸਿੰਘ ਵੈਨਕੂਵਰ ਨੇ ਵਿਸ਼ੇਸ਼ ਤੌਰ ਤੇ ਆਪਣੇ ਵਿਚ ਪੇਸ਼ ਕੀਤੇ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਿੱਖ ਸਮਾਜ ਵਿਚ ਗੁਰਬਾਣੀ ਦੀ ਵਿਚਾਰਧਾਰਾ ਦੇ ਉਲਟ ਪਨਪ ਰਹੇ ਕਰਮ-ਕਾਂਡ, ਫੈਲ ਰਹੇ ਵਹਿਮ-ਭਰਮ ਤੋਂ ਇਲਾਵਾ ਗੁਰਬਣੀ ਅਤੇ ਸਿੱਖ ਇਤਿਹਾਸ ਬਾਰੇ ਸਿਧਾਂਤਕ ਜਾਣਕਾਰੀ ਦੇਣਾ ਸੀ। ਪ੍ਰੋ.ਮਨਜੀਤ ਸਿੰਘ ਪਿਆਸਾ ਵੱਲੋਂ ਪ੍ਰੋਗਰਾਮ ਸ਼ੁਰੂ ਕਰਦਿਆਂ ਇਸ ਪ੍ਰੋਗਰਾਮ ਦੀ ਮੁੱਖ ਭੂਮਿਕਾ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਸ਼ਹਰਚਰਨ ਸਿੰਘ ਪਰਹਾਰ ਦੁਆਰਾ ਸਭ ਵਿਦਵਾਨਾਂ ਦੇ ਵਿਚਾਰ ਸੁਨਣ ਪਹੁੰਚੇ ਹਰ ਵਰਗ ਦੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸਤੋਂ ਬਾਅਦ ਪਹੁੰਚੇ ਵਿਦਾਵਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਿੱਖ ਧਰਮ ਦੇ ਸਿਧਾਂਤਾ, ਗੁਰਬਾਣੀ ਦੇ ਅਸਲ ਅਰਥ ਅਤੇ ਡੇਰਾਵਾਦ ਦੇ ਫੈਲਾਅ ਨਾਲ ਫੈਲੇ ਹੋਏ ਕਰਮ-ਕਾਂਡ ਅਤੇ ਵਹਿਮ ਭਰਮ ਉੱਪਰ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਸੁਚੱਜੇ ਢੰਗ ਨਾਲ ਉਲੀਕੇ ਇਸ ਪ੍ਰੋਗਰਾਮ ਨੂੰ ਸਭ ਸੰਗਤਾਂ ਨੇ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਸਵਾਲ-ਜਵਾਬ ਵੀ ਹੋਏ। ਪ੍ਰਬੰਧਕਾਂ ਵੱਲੋਂ ਆਏ ਵਿਦਵਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਿੱਖ ਧਰਮ ਬਾਰੇ ਵੱਖ-ਵੱਖ ਵਿਦਵਾਨਾਂ ਦੀਆਂ ਸੀਡੀਆਂ ਅਤੇ ਕਿਤਾਬਾਂ ਦੇ ਵਿਸ਼ੇਸ਼ ਸਟਾਲ ਦੇ ਨਾਲ ਹੀ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਵੱਲੋਂ ਵੀ ਤਰਕਸ਼ੀਲ ਸਾਹਿਤ ਦਾ ਸਟਾਲ ਲਗਾਇਆ ਗਿਆ।