ਬਲਜਿੰਦਰ ਸੰਘਾ- ਕੈਲਗਰੀ ਸ਼ਹਿਰ ਵਿਚ ਰੇਡੀਓ ਸੁਰਸੰਗਮ ਅਤੇ ਪੰਜਾਬੀ ਨੈਸ਼ਨਲ ਅਖ਼ਬਾਰ ਦੀ ਟੀਮ ਵੱਲੋਂ ਇਕ ਵਿਸ਼ੇਸ਼ ਡਿਨਰ ਨਾਈਟ ਦੌਰਾਨ ਹਰ ਵਿਸ਼ੇ ਤੇ ਨਿਡਰਤਾ ਅਤੇ ਤਰਕ ਨਾਲ ਕਲਮ ਚਲਾਉਣ ਵਾਲੇ ਪ੍ਰਸਿੱਧ ਪੱਤਰਕਾਰ, ਲੇਖਕ ਅਤੇ ਕਾਲਮ ਨਵੀਸ ਸ਼੍ਰੀ ਜਤਿੰਦਰ ਪਨੂੰ ਅਤੇ ਪਦਮ ਸ਼੍ਰੀ ਪਹਿਲਵਾਨ ਸ਼ਕਰਤਾਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਪ੍ਰੋਗਰਾਮ ਦੀ ਸਟੇਜ ਸਕੱਤਰੀ ਕੁਲਵਿੰਦਰ ਕੌਰ ਕੁੱਕੀ ਅਤੇ ਸ਼ਾਨ ਅਲੀ ਦੁਆਰਾ ਸਾਂਝੇ ਰੂਪ ਵਿਚ ਕੀਤੀ ਗਈ। ਪ੍ਰੋਗਰਾਮ ਦੇ ਸ਼ੁਰੂ ਵਿਚ ਗਾਇਕ ਦੇਵ ਮਾਨ ਨੇ ਸੁਲਤਾਨ ਬਾਹੂ ਦਾ ਕਲਾਮ ਆਪਣੀ ਸੁਰੀਲੀ ਅਵਾਜ਼ ਵਿਚ ਪੇਸ਼ ਕੀਤਾ। ਇਸਤੋਂ ਬਾਅਦ ਬਲਵੀਰ ਗੋਰਾ, ਸੁਰਿੰਦਰ ਗੀਤ ਅਤੇ ਅਰਜਨ ਸਿੰਘ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਪੰਜਾਬੀ ਨੈਸਸ਼ਲ ਅਖ਼ਬਾਰ ਅਤੇ ਰੇਡੀਓ ਸੁਰਸੰਗਮ ਵੱਲੋਂ ਰਣਜੀਤ ਸਿੰਘ ਸਿੱਧੂ ਨੇ ਸਭ ਨੂੰ ਜੀ ਆਇਆ ਕਹਿੰਦਿਆਂ ਇਸ ਪ੍ਰੋਗਾਰਮ ਵਿਚ ਪ੍ਰਸਿੱਧ ਪੱਤਰਕਾਰ ਅਤੇ ਲੇਖਕ ਜਤਿੰਦਰ ਪਨੂੰ ਨੂੰ ਅੱਜ ਦੇ ਮੁੱਖ ਮਹਿਮਾਨ ਵਜੋਂ ਅਤੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਪਦਮ ਸ਼੍ਰੀ ਪਹਿਲਵਾਨ ਕਰਤਾਰ ਸਿੰਘ, ਪਾਲੀ ਵਿਰਕ, ਸੇਵਾਵਾਂ ਮੰਤਰੀ ਮਨਮੀਤ ਭੁੱਲਰ ਅਤੇ ਐਮ.ਐਲ਼. ਏ. ਦਰਸ਼ਨ ਕੰਗ ਸਮੇਤ ਪਹੁੰਚੇ ਹੋਏ ਸਭ ਮੀਡੀਆ ਕਰਮੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸਤੋਂ ਬਾਅਦ ਜਤਿੰਦਰ ਪਨੂੰ ਜੀ ਨੇ ਅੱਜ ਦੇ ਮੁੱਖ ਬੁਲਾਰੇ ਵੱਜੋਂ ਆਪਣੀ ਪੱਤਰਕਾਰੀ ਦੇ ਨਜ਼ਰੀਏ ਤੋਂ ਲੋਕਾਂ ਨਾਲ ਆਪਣੀ ਵਿਚਾਰਕ ਸਾਂਝ ਪਾਉਂਦਿਆ ਗੱਲਬਾਤ ਦਾ ਮੁੱਖ ਵਿਸ਼ਾ ਸਮਾਜਿਕ ਸਰੋਕਾਰਾਂ ਦੇ ਅਧਾਰਿਤ ਸ਼ੁਰੂ ਕੀਤਾ, ਜਿਸ ਵਿਚ ਉਹਨਾਂ ਪਰਵਾਸੀਆਂ ਦੇ ਮਸਲਿਆਂ ਤੋਂ ਲੈਕੇ, ਪੰਜਾਬ ਦੀ ਨੌਜਵਾਨੀ ਵਿਚ ਖ਼ਤਮ ਹੋ ਰਿਹਾ ਕੰਮ ਸੱਭਿਆਚਾਰ, ਲੱਚਰ ਗਾਇਕੀ, ਠੱਗ ਸਾਧਾਂ ਦੀਆ ਧਾੜਾਂ ਤੱਕ ਕਈ ਵਿਸ਼ਿਆਂ ਬਾਰੇ ਠੋਸ ਤੇ ਨਿੱਗਰ ਵਿਚਾਰ ਪੇਸ਼ ਕਰਦਿਆਂ ਪੰਜਾਬੀਆਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨ ਦੀ ਉਦਹਾਰਨਾਂ ਸਾਹਿਤ ਬੇਨਤੀ ਕੀਤੀ। ਉਹਨਾਂ ਪਰਵਾਸੀਆਂ ਨੂੰ ਆਪਣੇ ਵਿਰਸੇ ਨੂੰ ਕਾਇਮ ਰੱਖਦਿਆਂ ਪਰਵਾਸ ਵਿਚ ਜਨਮੀ ਨਵੀਂ ਪੀੜ੍ਹੀ ਨਾਲ ਇਸ ਤਰ੍ਹਾਂ ਸਾਂਝ ਪਾਉਣ ਦੀ ਗੱਲ ਕੀਤੀ ਕਿ ਉਹ ਉਸ ਮਨੁੱਖਵਾਦੀ ਨਿੱਗਰਤਾ ਨੂੰ ਅਪਣਾ ਸਕਣ ਜੋ ਸਾਡੇ ਵਿਰਸੇ ਵਿਚ ਮੋਹ-ਮਿਲਾਪ ਦੀਆਂ ਤੰਦਾਂ ਤੋਂ ਸ਼ੁਰੂ ਹੁੰਦੀ ਹੈ ਪਰ ਇਸਦਾ ਮਤਲਬ ਇਹ ਵੀ ਨਹੀਂ ਕਿ ਉਹ ਹਮੇਸ਼ਾਂ ਆਪਣੇ ਪਿਛੋਕੜ ਵੱਲ ਝਾਕੀ ਜਾਣ। ਇਸ ਤੋਂ ਬਾਅਦ ਸਵਾਲਾਂ-ਜਵਾਬਾਂ ਦੇ ਸਿਲਸਲੇ ਵਿਚ ਉਹਨਾਂ ਤੋਂ ਭਾਰਤ ਅਤੇ ਪੰਜਾਬ ਦੀ ਰਾਜਨੀਤੀ ਬਾਰੇ ਵੀ ਕਈ ਸੱਜਣਾਂ ਨੇ ਸਵਾਲ ਪੁੱਛੇ ਜਿਸ ਦੇ ਉਹਨਾਂ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਸੰਖੇਪ ਪਰ ਵਧੀਆ ਢੰਗ ਨਾਲ ਜਵਾਬ ਦਿੱਤੇ। ਪ੍ਰਬੰਧਕਾਂ ਵੱਲੋਂ ਜਤਿੰਦਰ ਪਨੂੰ ਅਤੇ ਪਦਮ ਸ਼੍ਰੀ ਪਹਿਲਵਾਨ ਕਰਤਾਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸ਼ਕਰਤਾਰ ਸਿੰਘ ਵੱਲੋਂ ਵੀ ਸਟੇਜ ਤੋਂ ਵਿਸ਼ੇਸ਼ ਹਾਜ਼ਰੀ ਲਗਾਈ ਗਈ। ਕੈਲਗਰੀ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਦੇ ਮੈਂਬਰਾਂ ਨੇ ਇਸ ਡਿਨਰ ਨਾਈਟ ਵਿਚ ਮੁੱਖ ਤੌਰ ਤੇ ਸਹਿਯੋਗ ਦਿੱਤਾ ਜਿਸ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਕੁੱਲ ਮਿਲਾਕੇ ਇਹ ਡਿਨਰ ਨਾਈਟ ਵਿਚਾਰਾਂ, ਗਿਆਨ ਅਤੇ ਸਾਂਝ ਦਾ ਪ੍ਰਤੀਕ ਹੋ ਨਿੱਬੜੀ।