ਕਾਮਾਗਾਟਾ ਮਾਰੂ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ ਇਹ ਮੇਲਾ
14ਵਾਂ ਸ਼ਹੀਦ ਮੇਵਾ ਸਿੰਘ ਲੋਪੋਕੇ ਅਵਾਰਡ ਐਡਮਿੰਟਨ ਦੇ ਪੰਜਾਬੀ ਕੌਂਸਲਰ ਸ .ਅਮਰਜੀਤ ਸਿੰਘ ਸੋਹੀ ਨੂੰ ਦਿੱਤਾ ਗਿਆ
14ਵਾਂ ਸਵ: ਹੈਰੀ ਸੋਹਲ ਅਵਾਰਡ ਕੈਲਗਰੀ ਦੇ ਨੌਜਵਾਨ ਬਹੁ-ਵਿਧਾਈ ਲੇਖਕ ਬਲਜਿੰਦਰ ਸੰਘਾ ਨੂੰ ਦਿੱਤਾ ਗਿਆ
ਐਡਮਿੰਟਨ ਦੇ ਸੀਨੀਅਰ ਪੱਤਰਕਾਰ ਲਾਟ ਭਿੰਡਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ
ਦੇਸ ਪੰਜਾਬ ਟਾਈਮਜ਼ ਬਿਊਰੋ- ਮੇਲੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਜਿੱਥੇ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਨੇ ਪੰਜਾਬੀਆਂ ਨੂੰ ਬਹਾਦਰ ਬਣਾ ਦਿੱਤਾ ਅਤੇ ‘ਗੁਰਾਂ ਦੇ ਸਿਰ ‘ਤੇ’ ਵਸਣ ਵਾਲਾ ਪੰਜਾਬ ਨਿੱਤ ਜੰਗਾਂ ਲੜਦਾ ਰਿਹਾ, ਕੁਰਬਾਨੀਆਂ ਕਰਦਾ ਰਿਹਾ, ਧਾੜਵੀਆਂ ਦੇ ਮੂੰਹ ਮੋੜਦਾ ਰਿਹਾ ਉੱਥੇ ਹੀ ਹਰ ਮੁਸ਼ਕਲ ਦੇ ਬਾਵਜੂਦ ਪੰਜਾਬੀ ਸ਼ੁਰੂ ਤੋਂ ਮੇਲਿਆ ਨਾਲ ਵੀ ਜੁੜੇ ਰਹੇ। ਬਾਪੂ ਦੇ ਮੋਢਿਆਂ ਤੇ ਚੜ੍ਹਕੇ ਵੇਖੇ ਮੇਲੇ ਪੰਜਾਬੀਆਂ ਦੇ ਦਿਲਾਂ ਵਿਚ ਵਸ ਗਏ ਹਨ ‘ਤੇ ਇਸੇ ਕਰਕੇ ਸਮੇਂ ਦੇ ਨਾਲ-ਨਾਲ ਜਿਵੇਂ ਹੀ ਪੰਜਾਬੀ ਖੱਟਣ-ਕਮਾਉਣ ਲਈ ਦੇਸੋਂ ਬਾਹਰ ਨਿਕਲੇ ਆਪਣੇ ਖੁੱਲ੍ਹੇ ਸੁਭਾਅ ਤੇ ਮੇਲੇ ਵੀ ਨਾਲ ਹੀ ਲੈ ਗਏ। ਪੰਜਾਬੀਆਂ ਦੇ ਸੱਭਿਆਚਾਰਕ ਮੇਲੇ ਹਮੇਸ਼ਾਂ ਇਕ ਤੁਰਨਾ ਸਿੱਖਦੇ ਬੱਚੇ ਤੋਂ ਲੈਕੇ ਪਰੋੜ੍ਹ ਉਮਰ ਦੇ ਬਜ਼ੁਰਗਾਂ ਲਈ ਖਿੱਚ ਦਾ ਕੇਂਦਰ ਰਹੇ ਹਨ। ਕੈਨੇਡਾ ਦੀ ਧਰਤੀ ਤੇ ਵੀ ਪੰਜਾਬੀਆਂ ਵੱਲੋਂ ਬਹੁਤ ਸਾਰੇ ਮੇਲੇ ਪਿਛਲੇ ਕਈ ਦਹਾਕਿਆਂ ਤੋਂ ਗਾਇਕਾ ਦੇ ਸ਼ੋਆ ਤੋਂ ਸ਼ੁਰੂ ਹੋਏ ਤੇ ਫਿਰ ਜਿਵੇਂ-ਜਿਵੇਂ ਪੰਜਾਬੀ ਇਹਨਾਂ ਦੇਸ਼ਾਂ ਵਿਚ ਬੁਲੰਦੀਆਂ ਛੁੰਹਦੇ ਗਏ ਉਹਨਾਂ ਨੇ ਆਪਣੇ ਚਾਅ ਵੀ ਚਾਰਦਿਵਾਰੀਆਂ ਤੋਂ ਬਾਹਰ ਕੱਢ ਲਏ। ਕੈਲਗਰੀ ਸ਼ਹਿਰ ਵਿਚ ਦੇਸ ਪੰਜਾਬ ਟਾਈਮਜ਼ ਵੱਲੋਂ ਪਿਛਲੇ 14 ਸਾਲਾਂ ਤੋਂ ਲਗਾਤਾਰ ਅਜਿਹਾ ਹੀ ਸੱਭਿਆਚਾਰਕ ਮੇਲਾ ਕਰਵਾਇਆ ਜਾਂਦਾ ਹੈ। ਇਸ ਮੇਲੇ ਵਿਚ ਕੈਨੇਡਾ ਦੇ ਪਹਿਲੇ ਪੰਜਾਬੀ ਸ਼ਹੀਦ ਮੇਵਾ ਸਿੰਘ ਲੋਪੋਕੇ ਦੇ ਨਾਮ ਉੱਪਰ ਹਰੇਕ ਸਾਲ ਕਿਸੇ ਉੱਘੀ ਸ਼ਖਸ਼ੀਅਤ ਨੂੰ ‘ਸ਼ਹੀਦ ਮੇਵਾ ਸਿੰਘ ਲੋਪੋਕੇ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਅਲਬਰਟਾ ਦੇ ਪਹਿਲੇ ਅਸੈਬਲੀ ਵਿਚ ਪਹੁੰਚੇ ਹਿੰਮਤੀ ਪੰਜਾਬੀ ਸਵ: ਹੈਰੀ ਸੋਹਲ ਦੇ ਨਾਮ ਉੱਪਰ ਵੀ ਇਕ ਪੁਰਸਾਕਰ ਪਿਛਲੇ 14 ਸਾਲਾਂ ਤੋਂ ਲਗਾਤਾਰ ਦਿੱਤਾ ਜਾਂਦਾ ਹੈ। ਪਹਿਲਾ ਇਹ ਸੱਭਿਆਚਾਰਕ ਮੇਲਾ ਵੀ ਚਾਰਦਿਵਾਰੀ ਦੇ ਅੰਦਰ ਹੀ ਕਰਵਾਇਆ ਜਾਂਦਾ ਸੀ। ਪਰ ਪਿਛਲੇ ਸੱਤ ਸਾਲ ਤੋਂ ਪਰੇਰੀਵਿੰਡ ਪਾਰਕ ਨਾਰਥ ਈਸਟ ਕੈਲਗਰੀ ਦੀਆਂ ਗਰਾਊਡਾਂ ਵਿਚ ਕਰਵਾਇਆ ਜਾਂਦਾ ਹੈ। ਬਿਨਾ ਕਿਸੇ ਐਟਰੀ ਫੀਸ ਦੇ ਕੈਲਗਰੀ ਅਤੇ ਹੋਰ ਸ਼ਹਿਰਾਂ ਦੇ ਪਰਿਵਾਰ ਇਸ ਖੁੱਲ੍ਹੇ ਮੇਲੇ ਦਾ ਪੰਜਾਬ ਵਰਗੀ ਖੁੱਲ੍ਹੀ ਫਿਜ਼ਾ ਵਿਚ ਅਨੰਦ ਹੀ ਨਹੀਂ ਮਾਣਦੇ ਬਲਕਿ ਗਦਰੀ ਬਾਬਿਆਂ ਨੂੰ ਸਮਰਪਤ ਸੈਗਮੇਟ ਵਿਚ ਜਿੱਥੇ ਕੈਨੇਡਾ ਦੀ ਧਰਤੀ ਤੇ ਪੰਜਾਬੀਅਤ ਦੇ ਪੈਰ ਪੱਕੇ ਕਰਨ ਵਾਲੇ ਗਦਰੀ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ
ਉੱਥੇ ਹੀ ਸ਼ਹੀਦ ਮੇਵਾ ਸਿੰਘ ਲੋਪੋਕੇ ਦੇ ਨਾਮ ਉੱਪਰ ਦਿੱਤਾ ਜਾਣ ਵਾਲਾ ਪੁਰਸਕਾਰ ਇਹਨਾਂ ਸ਼ਹੀਦਾ ਬਾਰੇ ਹੋਰ ਜਾਨਣ ਲਈ ਲੋਕ ਦਿਲਾਂ ਨੂੰ ਟੁੰਬਦਾ ਹੈ, ਜਿਹਨਾਂ ਦੀਆਂ ਅਥਾਹ ਕੁਰਬਾਨੀਆਂ ਕਰਕੇ ਭਾਰਤ ਦੇਸ ਵੀ ਅਜ਼ਾਦ ਹੋਇਆ ਅਤੇ ਸਾਨੂੰ ਅੱਜ ਇਹਨਾਂ ਦੇਸ਼ਾਂ ਵਿਚ ਮਿਲਣ ਵਾਲੀਆਂ ਸੁੱਖ ਸਹੁਲਤਾਂ ਵੀ ਮਿਲੀਆਂ। ਬੇਸ਼ਕ ਇਹੋ ਜਿਹੇ ਖੁੱਲ੍ਹੇ ਮੇਲੇ ਕਰਵਾਉਣੇ ਪ੍ਰਬੰਧਕਾਂ ਲਈ ਇਕ ਚੈਲਿੰਜ ਹੁੰਦੇ ਹਨ ਤੇ ਹਮੇਸ਼ਾਂ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ ਪਰ ਮੁੱਖ ਪ੍ਰਬੰਧਕ ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ ਅਤੇ ਉਹਨਾਂ ਦੀ ਸਹਿਯੋਗੀ ਟੀਮ ਵੱਲੋਂ ਕੀਤੇ ਅਣਥੱਕ ਯਤਨਾਂ ਕਾਰਨ ਹਰ ਤਰ੍ਹਾਂ ਦੀਆਂ ਔਕੜਾਂ ਨੂੰ ਪਾਰ ਕਰਦਾ ਅਤੇ ਲਗਾਤਾਰ ਚੱਲਦਾ ਇਹ ਮੇਲਾ ਆਪਣੇ 14 ਸਾਲ ਪੂਰੇ ਕਰ ਗਿਆ ਹੈ। ਇਸ ਸਾਲ ਦਾ ਇਹ ਮੇਲਾ 30 ਅਤੇ 31 ਅਗਸਤ 2014 ਨੂੰ ਦੋ ਦਿਨ ਲਗਾਤਾਰ ਚੱਲਿਆ ਜਿਸ ਵਿਚ-
30 ਅਗਸਤ ਨੂੰ ਮੇਲਾ ਮਾਵਾਂ-ਧੀਆਂ ਦਾ ਬੜੀ ਸਫਲਤਾ ਨਾਲ ਹੋਇਆ
-ਪ੍ਰਸਿੱਧ ਗਾਇਕਾ ਅੰਮ੍ਰਿਤਾ ਵਿਰਕ, ਦਰਸ਼ਨ ਖੇਲਾ ਅਤੇ ਹੁਸਨਪ੍ਰੀਤ ਨੇ ਬੀਬੀਆਂ ਦਾ ਖੂਬ ਮਨੋਰੰਜਨ ਕੀਤਾ
-ਬੱਚੀਆਂ ਅਤੇ ਔਰਤਾਂ ਦੇ ਗਿੱਧੇ ਨੇ ਪੰਜਾਬ ਵਰਗਾ ਮਹੌਲ ਬਣਾਈ ਰੱਖਿਆ
-ਰੰਗ-ਬਰੰਗੇ ਪੰਜਾਬੀ ਸੂਟਾਂ ਵਿਚ ਸਜੀਆਂ ਪੰਜਾਬੀ ਮੁਟਿਆਰਾਂ ਨੇ ਆਪਣੇ ਵਿਰਸੇ ਦੇ ਅਸਲੀ ਰੰਗ ਬਿਖੇਰੇ
31 ਅਗਸਤ ਨੂੰ ਸਭ ਲਈ ਖੁੱਲ੍ਹਾ ਮੇਲਾ ਯਾਦਗਾਰੀ ਹੋ ਨਿਬੜਿਆਂ ਜਿਸ ਵਿਚ-
– ਅਰਦਾਸ ਨਾਲ ਸ਼ੁਰੂ ਹੋਏ ਮੇਲੇ ਵਿਚ ਸਭ ਨੇ ਸ਼ਹੀਦਾ ਦੀਆਂ ਕੁਬਾਨੀਆਂ ਨੂੰ ਸਿੱਜਦਾ ਕੀਤਾ
-ਮੇਲੇ ਦਾ ਉਘਾਟਨ ਇੱਕ ਨਿੱਕੀ ਬੱਚੀ ਨੇ ਪ੍ਰਬੰਧਕਾਂ ਦੀ ਹਜ਼ਾਰੀ ਵਿਚ ਰੀਬਨ ਕੱਟਕੇ ਕੀਤਾ
-ਮੇਲੇ ਦੇ ਮੁੱਖ ਪ੍ਰਬੰਧਕ ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ ਅਤੇ ਚੇਅਮੈਨ ਸੰਤ ਸਿੰਘ ਧਾਰੀਵਾਲ ਨੇ ਲੋਕਾਂ ਨੂੰ ਜੀ ਆਇਆ ਕਹਿੰਦਿਆ ਗਦਰੀ ਸ਼ਹੀਦਾਂ ਦੀਆਂ ਕੁਬਾਨੀਆਂ ਦੀ ਗੰਭੀਰ ਗੱਲ ਕੀਤੀ
– ਗਾਇਕ ਦਲਜੀਤ ਸੰਧੂ, ਬਲਜਿੰਦਰ ਢਿੱਲੋ, ਤਰਲੋਚਨ ਸੈਂਭੀ, ਗੋਲਡੀ ਮਾਣਕ, ਪ੍ਰਸਿੱਧ ਗਾਇਕ ਦਰਸ਼ਨ ਖੇਲਾ, ਸੁਰਿੰਦਰ ਛਿੰਦਾ, ਗਾਇਕਾ ਹੁਸਨਪ੍ਰੀਤ ਅਤੇ ਅੰਮ੍ਰਿਤਾ ਵਿਰਕ ਨੇ ਲਗਾਤਾਰ ਛੇ ਘੰਟੇ ਤੋਂ ਵੀ ਵੱਧ ਸਮਾਂ ਲੋਕਾਂ ਦਾ ਮੰਨੋਰੰਜਨ ਕੀਤਾ
-ਯੰਗ ਭੰਗੜਾ ਕਲੱਬ ਦੇ ਸੀਨੀਅਰ ਅਤੇ ਜੂਨੀਅਰ ਬੱਚਿਆਂ ਨੇ ਪੰਜਾਬੀ ਲੋਕ ਨਾਚ ਭੰਗੜੇ ਨਾਲ ਸਭ ਨੂੰ ਥਿਰਕਣ ਲਾ ਦਿੱਤਾ
-14ਵਾਂ ਸ਼ਹੀਦ ਮੇਵਾ ਸਿੰਘ ਲੋਪੋਕੇ ਅਵਾਰਡ ਐਡਮਿੰਟਨ ਦੇ ਪੰਜਾਬੀ ਕੌਂਸਲਰ ਅਮਰਜੀਤ ਸਿੰਘ ਸੋਹੀ ਨੂੰ ਦਿੱਤਾ ਗਿਆ
-14ਵਾਂ ਸਵ: ਹੈਰੀ ਸੋਹਲ ਅਵਾਰਡ ਕੈਲਗਰੀ ਦੇ ਨੌਜਵਾਨ ਬਹੁ-ਵਿਧਾਈ ਲੇਖਕ ਬਲਜਿੰਦਰ ਸੰਘਾ ਨੂੰ ਦਿੱਤਾ ਗਿਆ
-ਐਡਮਿੰਟਨ ਦੇ ਸੀਨੀਅਰ ਪੱਤਰਕਾਰ ਲਾਟ ਭਿੰਡਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ
-ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ ਬਾਨੀ ਮੈਂਬਰਾਂ ਵਿਚੋ ਅਤੇ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਨੇ ਸਨਮਾਨੀਆਂ ਸ਼ਖਸ਼ੀਅਤਾ ਨੂੰ ਉਹਨਾਂ ਦੇ ਚਿੱਤਰ ਭੇਂਟ ਕੀਤੇ
-ਮੇਲਾ ਕਮੇਟੀ ਵੱਲੋਂ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਦਾ ਇਸ ਉੱਦਮ ਲਈ ਸਮਨਾਮ ਕੀਤਾ ਗਿਆ
-ਕੈਨੇਡਾ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਨਾਲ ਸਬੰਧਤ ਨਾਮਵਰ ਸ਼ਖਸ਼ੀਅਤਾਂ ਨੇ ਮੇਲੇ ਵਿਚ ਭਰਪੂਰ ਹਾਜ਼ਰੀ ਲਵਾਈ
-ਮੇਲੇ ਦੀ ਕਮੇਟੀ ਵੱਲੋਂ ਸਪਾਸਰਾਂ ਅਤੇ ਸਹਿਯੋਗੀਆਂ ਨੂੰ ਸਟੇਜ ਤੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ
-ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਵਲੰਟੀਅਰ ਤੌਰ ਤੇ ਲਗਾਇਆ ਪੁਸਤਕ ਸਟਾਲ ਸਾਹਿਤ ਪ੍ਰੇਮੀਆਂ ਲਈ ਵਿਸ਼ੇਸ਼ ਆਕਰਸ਼ਨ ਰਿਹਾ
– ਗਦਰੀ ਯੋਧਿਆਂ ਦੀਆ ਤਸਵੀਰਾਂ ਦੀ ਪਰਦਰਸ਼ਨੀ ਵਿਸੇਸ਼ ਤੌਰ ਤੇ ਲਗਾਈ ਗਈ
-ਬਿਜ਼ਨਸਮੈਨ ਵੀਰਾਂ ਵੱਲੋਂ ਲਗਾਏ ਬੈਨਰ ਅਤੇ ਕੱਢੇ ਡਰਾਅ ਮੇਲੇ ਦੇ ਰੰਗਾਂ ਵਿਚ ਵਿਸ਼ੇਸ਼ ਰਹੇ
-ਸੁਖਪਾਲ ਪਰਮਾਰ ਨੇ ਮੇਲਾ ਕਮੇਟੀ ਵੱਲੋਂ ਕੁਝ ਯਾਦਗਾਰੀ ਪਲਾਂ ਨੂੰ ਕੈਮਰੇ ਵਿਚ ਕੈਦ ਕੀਤਾ
-ਜੱਗ ਪੰਜਾਬੀ ਟੀ.ਵੀ. ਨੇ ਸਾਰੇ ਪ੍ਰੋਗਰਾਮ ਦੀ ਵਿਸ਼ੇਸ਼ ਕਵਰੇਜ ਕੀਤੀ
ਪ੍ਰਸਿੱਧ ਸ਼ਖਸ਼ੀਅਤਾ ਵਿਚ ਮਨਮੀਤ ਭੁੱਲਰ, ਡੇਨੀਅਲ ਸਮਿੱਥ, ਪਰਮਿੰਦਰਜੀਤ ਰੰਧਾਵਾ, ਦਵਿੰਦਰ ਤੂਰ, ਅਵਿਨਾਸ਼ ਖੰਗੂੜਾ,ਬਲਵਿੰਦਰ ਸਿੰਘ ਸਿਹੋਤਾ, ਹੈਪੀ ਮਾਨ, ਡੈਨ ਸਿੱਧੂ, ਜੰਗ ਬਹਾਰਦ ਸਿੱਧੂ, ਜਗਦੀਪ ਕੌਰ ਸਿਹੋਤਾ ਆਦਿ ਨੇ ਹਾਜ਼ਰੀ ਲਵਾਈ। ਇਸਤੋਂ ਇਲਾਵਾਂ ਕੈਲਗਰੀ ਦੇ ਕਈ ਮੀਡੀਆ ਮੈਂਬਰਾਂ ਨੇ ਮੇਲੇ ਦੀ ਕਵਰੇਜ ਕੀਤੀ। ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ ਵੱਲੋਂ ਅਖੀਰ ਵਿਚ ਸਭ ਦਾ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਵੱਖ-ਵੱਖ ਸੰਸਥਾਵਾਂ ਦੇ ਪੂਰਨ ਸਹਿਯੋਗ ਦੀ ਪ੍ਰਸੰਸਾ ਕੀਤੀ। ਉਹਨਾਂ ਇਹ ਵੀ ਕਿਹਾ ਕਿ ਇਹੋ ਜਿਹੇ ਖੁੱਲ੍ਹੇ ਮੇਲੇ ਵਿਚ ਹਮੇਸ਼ਾਂ ਕੁਝ ਕਮੀਆਂ ਰਹਿ ਜਾਣਾ ਕੁਦਰਤੀ ਹੈ ਪਰ ਫਿਰ ਵੀ ਉਹ ਉਸਾਰੂ ਸੁਝਾਵਾਂ ਨੂੰ ਜੀ ਆਇਆ ਕਹਿੰਦੇ ਹਨ।