ਆਪਣੇ-ਆਪਣੇ ਖੇਤਰ ਵਿਚ ਯੋਗਦਾਨ ਲਈ ਸਨਮਾਨੀਆਂ ਜਾਣ ਵਾਲੀਆਂ ਹਸਤੀਆਂ ਦਾ ਐਲਾਨ
ਦੇਸ਼ ਪੰਜਾਬ ਟਾਈਮਜ਼ ਕੈਲਗਰੀ- ਕੈਲਗਰੀ ਸ਼ਹਿਰ ਵਿਚ ਪਿਛਲੇ 14 ਸਾਲਾਂ ਤੋਂ ਹੁੰਦੇ ਆ ਰਹੇ ਦੇਸ਼ ਪੰਜਾਬ ਟਾਈਮਜ਼ ਦੇ 14ਵੇਂ ਗਦਰੀ ਬਾਬਿਆਂ ਦੇ ਸੱਭਿਆਚਾਰਕ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਮੇਲਾ 30 ਅਤੇ 31 ਅਗਸਤ ਨੂੰ ਹਮੇਸ਼ਾਂ ਦੀ ਤਰ੍ਹਾਂ ਕੈਲਗਰੀ ਨਾਰਥ-ਈਸਟ ਦੇ ਪਰੇਰੀਵਿੰਡ ਪਾਰਕ ਦੀਆਂ ਖੁੱਲ੍ਹੀਆਂ ਗਰਾਊਡਾਂ ਵਿਚ ਹੋਵੇਗਾ। 30 ਅਗਸਤ ਨੂੰ ‘ਮੇਲਾ ਮਾਵਾਂ ਧੀਆਂ’ ਦਾ ਅਤੇ 31 ਅਗਸਤ ਨੂੰ ਹਰ ਵਰਗ ਅਤੇ ਪਰਿਵਾਰਾਂ ਦਾ ਖੁੱਲ੍ਹਾ ਮੇਲਾ ਹੋਵੇਗਾ। ਮੇਲੇ ਦੇ ਮੁੱਖ ਪ੍ਰਬੰਧਕ ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ ਨੇ ਦੱਸਿਆ ਕਿ ਇਸ ਮੇਲੇ ਵਿਚ 14ਵਾਂ ਅਮਰ ਸ਼ਹੀਦ ਮੇਵਾ ਸਿੰਘ ਲੋਪੋਕੇ ਅਵਾਰਡ ਇਸ ਵਾਰ ਐਡਮਿੰਟਨ ਦੇ ਸਿਟੀ ਕੌਂਸਲਰ ਸ.ਅਮਰਜੀਤ ਸਿੰਘ ਸੋਹੀ ਨੂੰ ਦਿੱਤਾ ਜਾਵੇਗਾ, ਜਿਕਰਯੋਗ ਹੈ ਕਿ ਅਮਰਜੀਤ ਸਿੰਘ ਸੋਹੀ ਜੀ ਤੀਸਰੀ ਵਾਰ ਇਸ ਹਲਕੇ ਤੋਂ ਕੌਂਸਲਰ ਚੁਣੇ ਗਏ ਹਨ ਅਤੇ ਉਹਨਾਂ ਦੀਆਂ ਹੋਰ ਬਹੁਤ ਸਾਰੀਆਂ ਉਸਾਰੂ ਗਤੀਵਿਧੀਆਂ ਦੇ ਨਾਲ-ਨਾਲ ਉਹਨਾਂ ਦੀ ਅਗਵਾਈ ਹੇਠ ਕਾਮਾਗਾਟਾ ਮਾਰੂ ਦੇ ਨਾਵਲ ਦੇ ਅਧਾਰਿਤ ਨਾਟਕ ਕੈਨੇਡਾ ਅਤੇ ਅਮਰੀਕਾ ਵਿਚ ਖੇਡਿਆ ਗਿਆ। ਜਿੱਥੇ ਇਸ ਨਾਟਕ ਨੇ ਲੋਕਾਂ ਦੀ ਚੇਤਨਾ ਨੂੰ ਟੁੰਬਿਆਂ ਉੱਥੇ ਇਸਦੇ ਸਾਰੇ ਸ਼ੋਅ ਹਾਊਸਫੁੱਲ ਰਹੇ। ਸੰਤ ਸਿੰਘ ਧਾਰੀਵਾਲ ਨੇ ਐਲਾਨ ਕੀਤਾ ਕਿ ਇਸ ਸਾਲ ਦਾ ਸਵ: ਹੈਰੀ ਸੋਹਲ ਅਵਾਰਡ ਕੈਲਗਰੀ ਦੇ ਨੌਜਵਾਨ ਅਤੇ ਅਗਾਂਹਵਧੂ ਲੇਖਕ ਬਲਜਿੰਦਰ ਸੰਘਾ ਨੂੰ ਦਿੱਤਾ ਜਾਵੇਗਾ। ਜੋ ਇਕ ਵਧੀਆ ਬਹੁ-ਵਿਧਾਈ ਲੇਖਕ ਅਤੇ ਪੱਤਰਕਾਰ ਹੋਣ ਦੇ ਨਾਲ-ਨਾਲ ਕੈਲਗਰੀ ਦੇ ਸ਼ੋਸ਼ਲ ਕੰਮਾਂ ਵਿਚ ਹਮੇਸ਼ਾਂ ਯੋਗਦਾਨ ਪਾਉਂਦੇ ਹਨ। ਪਿਛਲੇ ਸਾਲ ਸ਼ੁਰੂ ਕੀਤਾ ਗਿਆ ਭਗਤ ਪੂਰਨ ਸਿੰਘ ਪਿੰਗਲਵਾੜਾ ਅਵਾਰਡ ਕੈਲਗਰੀ ਦੀ ਹੀ ਸ਼ਖਸੀਅਤ ਡਾ.ਅਨਮੋਲ ਕਪੂਰ ਨੂੰ ਦਿੱਤਾ ਜਾਵੇਗਾ ਜੋ ਹਰੇਕ ਸਾਲ ਦਿਲ ਦੀਆਂ ਅਤੇ ਹੋਰ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗੁਰੂਕ ਕਰਨ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ ਅਤੇ ਇਕ ਦਿਲ ਵਾਕ ਨਾਮ ਦਾ ਕਮਿਊਨਟੀ ਪ੍ਰੋਗਰਾਮ ਹਰੇਕ ਸਾਲ ਉਲਕੀਦੇ ਹਨ ਜੋ ਲੋਕਾਂ ਵਿਚ ਸਿਹਤ ਪ੍ਰਤੀ ਕਾਫੀ ਚੇਤਨਾ ਲਿਆ ਰਿਹਾ ਹੈ। ਇਸ ਤੋਂ ਇਲਾਵਾ ਐਡਮਿੰਟਨ ਤੋਂ ਸੀਨੀਅਰ ਪੱਤਰਕਾਰ ਲਾਟ ਭਿੰਡਰ ਨੂੰ ਉਹਨਾਂ ਦੀਆਂ ਪੱਤਰਕਾਰੀ ਦੀਆਂ ਲੰਬੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਵੇਗਾ ਜੋ ਕਿ ਪਹਿਲੇ ਪੰਜਾਬੀ ਅਖ਼ਬਾਰ ਵਤਨੋਂ ਪਾਰ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ। ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ ਨੇ ਦੱਸਿਆ ਕਿ ਇਸ ਮੇਲੇ ਵਿਚ 31 ਅਗਸਤ ਨੂੰ ਹਮੇਸ਼ਾਂ ਦੀ ਤਰ੍ਹਾਂ ਪ੍ਰਸਿੱਧ ਗਾਇਕ ਅਤੇ ਗਾਇਕਾਵਾਂ ਪਰਿਵਾਰਾਂ ਦਾ ਮਨੋਰੰਜਨ ਕਰਨਗੇ ਅਤੇ ਇਹ ਮੇਲਾ ਹਮੇਸ਼ਾਂ ਦੀ ਤਰ੍ਹਾਂ ਬਿਨਾਂ ਕਿਸੇ ਟਿਕਟ ਤੋਂ ਪਰੇਰੀਵਿੰਡ ਪਾਰਕ ਦੀਆਂ ਖੁੱਲੀਆਂ ਗਰਾਊਂਡਾ ਵਿਚ ਹੋਵੇਗਾ। ਪਹੁੰਚ ਰਹੇ ਕਲਾਕਾਰਾਂ ਵਿਚ ਸੁਰਿੰਦਰ ਸ਼ਿੰਦਾ, ਦਰਸ਼ਨ ਖੇਲਾ, ਅੰਮ੍ਰਿੰਤਾ ਵਿਰਕ, ਹੁਸਨਪ੍ਰੀਤ ਤੋਂ ਇਲਾਵਾ ਲੋਕਲ ਕਲਾਕਾਰ ਤਰਲੋਚਨ ਸੈਂਭੀ, ਦਲਜੀਤ ਸੰਧੂ, ਗੋਲਡੀ ਮਾਣਕ, ਬਿੰਦੀ ਬਰਾੜ ਵਿਸ਼ੇਸ਼ ਤੌਰ ਤੇ ਭਾਗ ਲੈਣਗੇ। 31 ਅਗਸਤ ਦੇ ਖੁੱਲ੍ਹੇ ਮੇਲੇ ਤੋਂ ਇਕ ਦਿਨ ਪਹਿਲਾ 30 ਅਗਸਤ ਨੂੰ ਸਿਰਫ ਲੇਡੀਜ਼ ਦੇ ਮੇਲੇ ਵਿਚ ਇਸ ਵਾਰ ‘ਬੈਸਟ ਪੰਜਾਬੀ ਡਰੈਸ’ ਅਤੇ ‘ਬੈਸਟ ਪੰਜਾਬੀ ਡਰੈਸ ਬੱਚੀਆਂ’ ਤੋਂ ਇਲਾਵਾਂ ਬੈਸਟ ਬੋਲੀਆਂ ਦਾ ਖਿਤਾਬ ਵੀ ਦਿੱਤਾ ਜਾਵੇਗਾ। ਕਾਮਾਗਾਟਾ ਮਾਰੂ ਨਾਲ ਸਬੰਧਤ ਵਿਸ਼ੇਸ਼ ਪਰਦਰਸ਼ਨੀ ਅਤੇ ਸਾਹਿਤਕ ਕਿਤਾਬਾਂ ਦੇ ਸਟਾਲ ਵਿਸ਼ੇਸ਼ ਤੌਰ ਲਗਾਏ ਜਾਣਗੇ। ਦੇਸ ਪੰਜਾਬ ਟਾਇਮਜ਼ ਅਤੇ ਮੇਲੇ ਦੀ ਪ੍ਰਬੰਧਕੀ ਦੀ ਟੀਮ ਵੱਲੋਂ ਇਸ ਮੇਲੇ ਲਈ ਹਮੇਸ਼ਾਂ ਦੀ ਤਰ੍ਹਾਂ ਸਭ ਪਰਿਵਾਰਾਂ ਨੂੰ ਖੁੱਲ੍ਹਾ ਸੱਦਾ ਹੈ।