ਬਲਜਿੰਦਰ ਸੰਘਾ- ਪੰਜਾਬੀ ਸ਼ਾਇਰੀ ਦਾ ਮਾਣ ਡਾ.ਸੁਰਜੀਤ ਪਾਤਰ ਅਤੇ ਸੂਫੀਆਨਾ ਅਵਾਜ਼ ਦੇ ਮਾਲਕ ਦੇਵ ਦਿਲਦਾਰ ਦੇ ਕੈਲਗਰੀ (ਕੈਨੇਡਾ) ਦੇ ਜੋਹਨ ਡਟਨ ਥੀਏਟਰ ਵਿਚ ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਵੱਲੋਂ ਕਰਵਾਏ ਗਏ ਸੂਖ਼ਮ ਸ਼ਾਇਰੀ ਦੇ ਸ਼ੋਅ ਦਾ ਕੈਲਗਰੀ ਨਿਵਾਸੀਆਂ ਨੇ ਭਰਵੀਂ ਗਿਣਤੀ ਵਿਚ ਅਨੰਦ ਮਾਣਿਆ। ਪਰਦੇਸਾਂ ਵਿਚ ਵੱਸਦੇ ਪੰਜਾਬ ਤੋਂ ਗੱਲ ਸ਼ੁਰੂ ਕਰਦਿਆਂ ਜਿੱਥੇ ਪਾਤਰ ਜੀ ਨੇ ਖ਼ੁਦ ਆਪਣੀ ਜ਼ੁਬਾਨ ਵਿਚ ਸ਼ਾਇਰੀ ਸਾਂਝੀ ਕੀਤੀ, ਉੱਥੇ ਨਾਲ-ਨਾਲ ਦੇਵ ਦਿਲਦਾਰ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਆਏ ਹੋਏ ਸਰੋਤਿਆਂ ਦੀ ਇਹ ਸ਼ਾਮ ਸੁਰਮਈ ਕਰ ਦਿੱਤੀ। ਜ਼ਿਕਰਯੋਗ ਹੈ ਕਿ ਲਿਟਰੇਚਰ ਵਿਚ ਪੀ.ਐਚ.ਡੀ. ਅਤੇ ਅਣਗਿਣਤ ਮਾਨਾ-ਸਨਮਾਨਾਂ ਦੇ ਮਾਣ ਸ਼ਾਇਰ ਸੁਰਜੀਤ ਪਾਤਰ ਨੂੰ ਭਾਰਤ ਸਰਕਾਰ ਵੱਲੋਂ ਸਾਹਿਤ ਵਿਚ ਪਦਮ ਸ੍ਰੀ ਅਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ। ਉਹਨਾਂ ਦੀਆਂ ਕਵਿਤਾਵਾਂ ‘ਕੋਈ ਡਾਲੀਆਂ ‘ਚੋ ਲੰਘਿਆ ਹਵਾ ਬਣਕੇ’ ‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ’ ਆਦਿ ਹਰ ਪੰਜਾਬੀ ਦੀ ਜ਼ੁਬਾਨ ਅਤੇ ਚੇਤਿਆ ਵਿਚ ਸਦਾ ਲਈ ਵਸੀਆਂ ਹੋਈਆਂ ਹਨ। ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਕੈਲਗਰੀ ਵੱਲੋਂ ਉਲੀਕੇ ਗਏ ਇਸ ਪ੍ਰੋਗਰਾਮ ਵਿਚ ਰਾਜਨੀਤਕ ਨੇਤਾਵਾਂ ਦਵਿੰਦਰ ਸ਼ੋਰੀ, ਮਨਮੀਤ ਭੁੱਲਰ ਤੋਂ ਇਲਾਵਾ ਕੈਲਗਰੀ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਮੀਡੀਆ ਕਲੱਬ ਕੈਲਗਰੀ ਦੇ ਮੈਂਬਰ ਤੇ ਹੋਰ ਬਹੁਤ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ। ਸੱਤਪਾਲ ਕੌਸ਼ਲ ਅਤੇ ਸੁਰਿੰਦਰ ਗੀਤ ਵੱਲੋਂ ਸਹਿਯੋਗੀਆਂ ਅਤੇ ਸਪਾਂਸਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।