ਬਲਜਿੰਦਰ ਸੰਘਾ- ਇਕ ਸਦੀ ਤੋਂ ਲੰਬਾ ਸਫ਼ਰ ਤਹਿ ਕਰ ਚੁੱਕਾ ਕੈਨੇਡਾ ਦਾ ਪੰਜਾਬੀ ਮੀਡੀਆ ਕੈਨੇਡਾ ਵਿਚ ਆਪਣਾ ਇੱਕ ਮੁੱਲਵਾਨ ਸਥਾਨ ਰੱਖਦਾ ਹੈ। ਕੈਨੇਡਾ ਦੇ ਉਨਟਾਰੀਓ ਸੂਬੇ ਦੇ ਸ਼ਹਿਰ ਬਰੈਪਟਨ ਤੋਂ ਨਿਕਲਣ ਵਾਲੇ ਅਖ਼ਬਾਰ ‘ਸਰੋਕਾਰਾਂ ਦੀ ਅਵਾਜ਼’ ਦਾ ਆਪਣੀ ਅਗਾਂਹਵਧੂ ਸੋਚ ਕਰਕੇ ਇਕ ਵਿਸ਼ੇਸ਼ ਸਥਾਨ ਹੈ। ਇਸ ਅਖ਼ਬਾਰ ਵੱਲੋਂ ਕੈਲਗਰੀ ਸ਼ਹਿਰ ਤੋਂ ਗੁਰਬਚਨ ਬਰਾੜ ਨੂੰ ਆਪਣੇ ਸੰਪਾਦਕੀ ਬੋਰਡ ਦਾ ਮੈਂਬਰ ਚੁਣਿਆ ਗਿਆ ਹੈ ਅਤੇ ਇਸਦੇ ਨਾਲ-ਨਾਲ ਅਖ਼ਬਾਰ ਦੇ ਸਾਹਿਤਕ ਪੰਨੇ ਵੀ ਉਹਨਾਂ ਦੀ ਦੇਖ-ਰੇਖ ਹੇਠ ਹੋਣਗੇ। ਗੁਰਬਚਨ ਬਰਾੜ ਜੀ ਕੈਲਗਰੀ ਦੀ ਅਗਾਂਹਵਧੂ ਸਾਹਿਤ ਅਤੇ ਕਲਾ ਨਾਲ ਸਬੰਧ ਰੱਖਣ ਵਾਲੀ ਸ਼ਖ਼ਸੀਅਤ ਹਨ ਅਤੇ ਪੰਜਾਬ ਤੋਂ ਪਿੰਡ ਲੰਡੇ ਜਿਲ੍ਹਾ ਮੋਗਾ ਨਾਲ ਸਬੰਧਤ ਹਨ। ਉਹ ਪੁਲਿੰਟੀਕਲ ਸਾਇੰਸ ਵਿਚ ਐਮ.ਏ. ਕਰਨ ਤੋਂ ਬਾਅਦ ਲੰਬਾ ਸਮਾਂ ਪੰਜਾਬ ਵਿਚ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ ਅਤੇ ਤਿੰਨ ਦਹਾਕੇ ਪਹਿਲਾ ਫਰੀਦਕੋਟ ਨੂੰ ਆਪਣੀ ਪੱਕੀ ਰਿਹਾਇਸ਼ ਬਣਾ ਲਿਆ। ਪੰਜਾਬ ਵਿਚ ਰਹਿੰਦਿਆਂ ਕਈ ਸਾਲ ਲਗਾਤਾਰ ਆਲ ਇੰਡੀਆ ਰੇਡੀਓ ਦੇ ਜਲੰਧਰ ਤੋਂ ਅਨਾਊਸਰ ਰਹੇ। ਤਕਰੀਬਨ ਅੱਠ ਕੁ ਸਾਲ ਤੋਂ ਪਰਿਵਾਰ ਸਮੇਤ ਕੈਨੇਡਾ ਦੇ ਸ਼ਹਿਰ ਕੈਲਗਰੀ ਸ਼ਿਫਟ ਹੋਣ ਤੇ ਉਹਨਾਂ ਆਪਣੀ ਸਾਹਿਤਕ,ਸਮਾਜਿਕ ਅਤੇ ਮੀਡੀਆ ਨਾਲ ਸਬੰਧਤ ਗਤੀਵਿਧੀਆਂ ਨੂੰ ਇੱਥੋਂ ਦੇ ਡਾਲਰ ਸੰਸਾਰ ਵਿਚ ਰੁਲਣ ਨਹੀਂ ਦਿੱਤਾ ਅਤੇ ਆਪਣੀਆਂ ਅਗਾਂਹਵਧੂ ਗਤੀਵਿਧੀਆਂ ਕਰਕੇ ਸਾਲ 2011 ਵਿਚ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ ਪ੍ਰਧਾਨ ਚੁਣੇ ਗਏ ਅਤੇ ਸਭਾ ਵੱਲੋਂ ਕੈਲਗਰੀ ਵਿਚ ਕਰਵਾਈ ਗਈ ਅਲਬਰਟਾ ਦੀ ਪਹਿਲੀ ਵਿਸ਼ਵ ਕਾਨਫਰੰਸ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਅੱਜਕੱਲ੍ਹ ਇਸ ਸਭਾ ਦੇ ਕਾਰਜਕਾਰੀ ਮੈਂਬਰ ਹੋਣ ਦੇ ਨਾਲ ਹੋਰ ਬਹੁਤ ਸਾਰੀਆਂ ਸਰਗਰਮ ਸੰਸਥਾਵਾਂ ਦੇ ਨਾਲ-ਨਲ ਪੰਜਾਬੀ ਮੀਡੀਆ ਕਲੱਬ ਕੈਲਗਰੀ ਦੇ ਵੀ ਸਰਗਰਮ ਮੈਂਬਰ ਹਨ ਅਤੇ ਰੈਡ.ਐਫ਼.ਐਮ. ਦੀ ਕੈਲਗਰੀ ਟੀਮ ਵਿਚ ਖ਼ਬਰ ਅਨਾਊਸਰ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ। ਉਹਨਾਂ ਦੇ ਸਰੋਕਾਰਾਂ ਦੀ ਅਵਾਜ਼ ਜਿਹੇ ਅਖ਼ਬਾਰ ਨਾਲ ਨਾਲ ਜੁੜਨ ਤੇ ਜਿੱਥੇ ਅਖ਼ਬਾਰ ਦੀ ਪ੍ਰਬੰਧਕੀ ਟੀਮ ਮਾਣ ਮਹਿਸੂਸ ਕਰ ਰਹੀ ਹੈ ਉੱਥੇ ਉਹ ਪੰਜਾਬੀ ਮੀਡੀਏ ਦੇ ਵਿਦੇਸ਼ ਵਿਚ ਗ੍ਰਾਫ ਨੂੰ ਹੋਰ ਉੱਚਾ ਕਰਨ ਵਿਚ ਵੀ ਸਹਾਈ ਹੋਣਗੇ ਅਤੇ ਇਸ ਅਖ਼ਬਾਰ ਦੇ ਸਾਹਿਤਕ ਪੰਨਿਆਂ ਦੇ ਪ੍ਰਤੀਨਿਧ ਹੋਣ ਕਰਕੇ ਪੰਜਾਬੀ ਸਾਹਿਤ ਦੀ ਬੁਲੰਦੀ ਲਈ ਵੀ ਉਸਾਰੂ ਯਤਨ ਕਰਨਗੇ। ਇਸ ਮੁਕਾਮ ਲਈ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ ਪ੍ਰਧਾਨ ਹਰੀਪਾਲ,ਜਨਰਲ ਸਕੱਤਰ ਸੁਖਪਾਲ ਪਰਮਾਰ ਅਤੇ ਹੋਰ ਸੰਸਥਾਵਾਂ ਵੱਲੋਂ ਉਹਨਾਂ ਨੂੰ ਵਿਸ਼ੇਸ਼ ਵਧਾਈ ਦਿੱਤੀ ਗਈ।