ਬਲਜਿੰਦਰ ਸੰਘਾ- ਕੈਲਗਰੀ ਸ਼ਹਿਰ ਵਿਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀਆਂ ਵਲੰਟੀਅਰ ਸੇਵਾਵਾਂ ਦੁਆਰਾ ਪਿਛਲੇ ਤਿੰਨਾਂ ਸਾਲਾਂ ਤੋਂ ਲਗਾਤਾਰ ਪੁਸਤਕ ਮੇਲਾ ਲਗਾਇਆ ਜਾ ਰਿਹਾ ਹੈ। ਜਿਸ ਵਿਚੋਂ ਕੈਲਗਰੀ ਦੇ ਪੰਜਾਬੀਆਂ ਵੱਲੋਂ ਭਾਰੀ ਗਿਣਤੀ ਵਿਚ ਹਰੇਕ ਸਾਲ ਪੁਸਤਕਾਂ ਖਰੀਦੀਆਂ ਜਾਂਦੀਆਂ ਹਨ। ਪਿਛਲੇ ਸਾਲ ਦੀ ਤਰ੍ਹਾਂ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਦੇ ਟਾਈਟਲ ਪਰਦਰਸ਼ਿਤ ਕਰਨ ਵਾਲਾ ਇਹ ਮੇਲਾ ਕੈਲਗਰੀ ਦੇ ਗਰੀਨ ਪਲਾਜਾ 4818 ਵੈਸਟਵਾਈਡ ਡਰਾਈਵ ਨਾਰਥ ਈਸਟ ਵਿਚ ਲਵਲੀ ਸਵੀਟਸ ਦੇ ਨੇੜੇ ਲਗਾਇਆ ਜਾਵੇਗਾ ਅਤੇ 26 ਅਗਸਤ ਤੋਂ 30 ਅਗਸਤ 2014 ਤੱਕ ਸਵੇਰ ਦੇ ਦਸ ਵਜੇ ਤੋਂ ਸ਼ਾਮ ਦੇ ਸੱਤ ਵਜੇ ਤੱਕ ਸਾਹਿਤ ਪ੍ਰੇਮੀ ਇਸ ਮੇਲੇ ਦਾ ਲਾਭ ਉਠਾ ਸਕਦੇ ਹਨ। ਇਸ ਪੁਸਤਕ ਮੇਲੇ ਵਿਚ ਬਹੁਤ ਸਾਰੇ ਮਸ਼ਹੂਰ ਲੇਖਕਾਂ ਦੀਆਂ ਸਵੈ-ਜੀਵਨੀਆਂ, ਨਾਵਲ ,ਸ਼ਬਦ ਚਿੱਤਰ, ਕਹਾਣੀਆਂ, ਕਵਿਤਾਵਾਂ ਆਦਿ ਤੋਂ ਇਲਾਵਾ ਦੋ ਹਜ਼ਾਰ ਤੋਂ ਵੱਧ ਸਾਹਿਤਕ ਕਿਤਾਬਾਂ ਦਾ ਪ੍ਰਰਦਰਸ਼ਨ ਕੀਤਾ ਜਵੇਗਾ। ਚੇਤਨਾ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ ਨੇ ਦੱਸਿਆ ਕਿ ਢਾਈ ਸੌ ਦੇ ਕਰੀਬ ਨਵੀਆਂ ਕਿਤਾਬਾਂ ਵੀ ਇਸ ਮੇਲੇ ਵਿਚ ਪ੍ਰਦਰਸ਼ਿਤ ਹੋਣਗੀਆਂ। ਉਹਨਾਂ ਕਿਹਾ ਕਿ ਬੇਸ਼ਕ ਕੈਲਗਰੀ ਸ਼ਹਿਰ ਵਿਚ ਹੋਰ ਕਈ ਵੱਡੇ ਸ਼ਹਿਰਾਂ ਦੇ ਮੁਕਾਬਲੇ ਪੰਜਾਬੀਆਂ ਦੀ ਵਸੋਂ ਘੱਟ ਹੈ ਪਰ ਇੱਥੇ ਦੀਆਂ ਸਾਹਿਤਕ ਸੰਸਥਾਵਾਂ ਦੇ ਪੂਰਾ ਸਰਗਰਮ ਹੋਣ ਕਾਰਨ ਅਤੇ ਪੰਜਾਬੀ ਮੀਡੀਏ ਦੀ ਸਾਰਥਿਕ ਸੋਚ ਕਾਰਨ ਲੋਕਾਂ ਵਿਚ ਸਾਹਿਤ ਪੜ੍ਹਨ ਦੀ ਕਾਫ਼ੀ ਰੁਚੀ ਹੈ। ਪੁਸਤਕਾਂ ਆਪਣੇ ਵਿਰਸੇ ਨੂੰ ਜਾਨਣ, ਸੱਭਿਆਚਾਰ ਦੇ ਅਮੀਰ ਰੰਗਾਂ ਨੂੰ ਮਾਨਣ ਅਤੇ ਜ਼ਿੰਦਗੀ ਦੇ ਸਾਰੇ ਰਹੱਸਾਂ ਨੂੰ ਹਰ ਗਹਿਰਾਈ ਨਾਲ ਆਪਣੇ ਵਿਚ ਸਮੋਈ ਬੈਠੀਆਂ ਹਨ। ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਆਪਣੀਆਂ ਵਲੰਟਰੀਅਰ ਸੇਵਾਵਾਂ ਬਿਨਾਂ ਕਿਸੇ ਆਰਥਿਕ ਲਾਭ ਦੇ ਦਿੰਦੇ ਹੋਏ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੇਲੇ ਦਾ ਪੰਜਾਬੀ ਵੱਧ ਤੋਂ ਵੱਧ ਫ਼ਾਇਦਾ ਲੈ ਸਕਦੇ ਹਨ। ਇਸ ਤੋਂ ਇਲਾਵਾ ਇਸ ਮੇਲੇ ਦਾ ਰਸਮੀ ਉਦਘਾਟਨ 26 ਅਗਸਤ ਦਿਨ ਮੰਗਲਵਾਰ ਨੂੰ ਦਿਨ ਦੇ ਕਰੀਬ 11 ਵਜੇ ਕੀਤਾ ਜਾਵੇਗਾ ਤੇ ਆਪ ਸਭ ਨੂੰ ਇਸ ਸਮੇਂ ਹਾਜ਼ਰ ਹੋਣ ਦਾ ਖੁੱਲ੍ਹਾ ਸੱਦਾ ਹੈ। ਹੋਰ ਜਾਣਕਾਰੀ ਲਈ ਸਤੀਸ਼ ਗੁਲਾਟੀ ਨਾਲ 1-604-315-2775 ਤੇ ਜਾਂ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ ਪ੍ਰਧਾਨ ਹਰੀਪਾਲ ਨਾਲ 403-714-4816 ਜਾ ਜਨਰਲ ਸਕੱਤਰ ਸੁਖਪਾਲ ਪਰਮਾਰ ਨਾਲ 403-830-2374 ਤੇ ਸਪੰਰਕ ਕਰ ਸਕਦੇ ਹੋ।