ਕੈਲਗਰੀ ਤੋਂ ਬਲਵਿੰਦਰ ਕਾਹਲੋ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ
ਕੇਨੇਡਾ ਡੇਅ ਤੇ ਅਮਰ ਆਰਟਸ ਆਫ ਲਾਈਫ (ਟੰਰਾਟੋਂ) ਵੱਲੋਂ ਇਕ ਖੁੱਲ੍ਹੇ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੰਨੋਰੰਜਨ ਲਈ ਗੀਤ-ਸੰਗੀਤ ਤੋਂ ਇਲਾਵਾ ਵਾਤਾਵਰਨ ਅਤੇ ਨਸ਼ਿਆਂ ਦੇ ਗਲਤ ਪ੍ਰਭਾਵਾਂ ਪ੍ਰਤੀ ਜਾਗਰੁਕ ਕਰਨ ਲਈ ਖੁੱਲ੍ਹੀ ਗੱਲਬਾਤ ਵੀ ਹੋਈ। ਜਿੱਥੇ ਵਾਤਾਵਰਨ ਸਬੰਧੀ ਸੰਤ ਸੀਚੇਵਾਲ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਉੱਥੇ ਹੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਆਪਣੇ-ਆਪ, ਪਰਿਵਾਰਾਂ ਅਤੇ ਸਮਾਜ ਨੂੰ ਜਾਗਰੁਕ ਕਰਨ ਲਈ ਕੈਲਗਰੀ ਤੋਂ ‘ਡਰੱਗ ਅਵੇਅਰਨੈਸ ਫਾਊਂਡੇਸ਼ਨ’ ਵੱਲੋਂ ਬਲਵਿੰਦਰ ਕਾਹਲੋ ਵਿਸ਼ੇਸ਼ ਸੱਦੇ ਤੇ ਮੇਲੇ ਦਾ ਹਿੱਸਾ ਬਣੇ ਅਤੇ ਉਹਨਾਂ ਵੱਲੋਂ ਪੇਸ਼ ਕੀਤੇ ਵਿਚਾਰ ਲੋਕਾਂ ਨੇ ਬੜੇ ਧਿਆਨ ਨਾਲ ਸੁਣੇ। ਇਸ ਮੇਲੇ ਦਾ ਹਿੱਸਾ ਬਣਕੇ ਵਾਪਸ ਪਰਤੇ ਬਲਵਿੰਦਰ ਕਾਹਲੋਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਸੀ ਕਿਸੇ ਫੈਮਲੀ ਪਿਕਨਿਕ ਮੇਲੇ ਵਿਚ ਅਜਿਹੇ ਸੰਜੀਦਾ ਮੁੱਦੇ ਤੇ ਵੀ ਗੱਲਬਾਤ ਕੀਤੀ ਗਈ ਹੋਵੇ ਤੇ ਲੋਕਾਂ ਵੱਲੋਂ ਵਿਸ਼ੇਸ਼ ਹੁੰਗਾਰਾ ਮਿਲਿਆ ਹੋਵੇ। ਉਹਨਾਂ ਹੋਰ ਕਿਹਾ ਕਿ ਸਟੇਜ ਤੇ ਸਨਮਾਨ ਪੱਤਰ ਦੇਣ ਲਈ ਪਬਲਿਕ ਵਿਚੋਂ ਉਹਨਾਂ ਮਨੁੱਖਾਂ ਨੂੰ ਸਟੇਜ ਤੇ ਬੁਲਾਇਆ ਗਿਆ ਜਿਹਨਾਂ ਆਪਣੀ ਜ਼ਿੰਦਗੀ ਵਿਚ ਕਦੇ ਨਸ਼ਾ ਨਾ ਕੀਤਾ ਹੋਵੇ। ਬਲਵਿੰਦਰ ਕਾਹਲੋਂ ਵੱਲੋਂ ਇਸ ਮੇਲੇ ਵਿਚ ਪੇਸ਼ ਕੀਤੇ ਵਿਚਾਰਾਂ ਦਾ ਮੁੱਖ ਵਿਸ਼ਾ ਸੀ ‘ਲੀਗਲ ਅਤੇ ਇਲ-ਲੀਗਲ ਡਰੱਗਸ’ ਭਾਵ ਕਿ ‘ਕਾਨੂੰਨੀ ਅਤੇ ਗੈਰ-ਕਾਨੂੰਨੀ ਨਸ਼ੇ’ ਕਾਨੂੰਨੀ ਨਸ਼ਿਆਂ ਵਿਚ ਸ਼ਰਾਬ, ਸਿਗਰਟ, ਤੰਬਾਕੂ ਵਰਗੇ ਨਸ਼ੇ ਆਉਂਦੇ ਹਨ। ਜਿੱਥੇ ਸ਼ਰਾਬ ਇੱਕ ਮੁੱਖ ਨਸ਼ਾਂ ਹੈ ਜੋ ਦੁਨੀਆਂ ਦੇ ਬਹੁਤ ਸਾਰੇ ਲੋਕਾਂ ਦੀ ਆਰਥਿਕ, ਘਰੇਲੂ ਅਤੇ ਨਿੱਜੀ ਜ਼ਿੰਦਗੀ ਦੀ ਮੌਤ ਦਾ ਕਾਰਨ ਬਣ ਰਿਹਾ ਹੈ ਉੱਥੇ ਹੀ ਸਿਗਰਟ ਰਾਹੀ ਮਨੁੱਖ ਨਿਕੋਟੀਨ ਵਰਗੀ ਜ਼ਹਿਰ ਖ਼ੁਦ ਆਪਣੇ ਫੇਫੜਿਆਂ ਵਿਚ ਸਿੱਟਦਾ ਹੈ ਜੋ ‘ਆ ਬੈਲ ਮੁਝੇ ਮਾਰ’ ਵਾਲੀ ਗੱਲ ਹੈ। ਉਹਨਾਂ ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਸ਼ਰਾਬ ਆਪਣਾ ਸਟੇਟਸ ਸਿੱਬਲ ਬਣ ਗਈ ਹੈ। ਅੱਗੇ ਵਿਆਹਾਂ ਅਤੇ ਹੋਰ ਖੁਸ਼ੀ ਦੇ ਮੌਕਿਆ ਤੇ ਸ਼ਰਾਬ ਪੀਣ ਵਾਲੇ ਆਪਣੇ-ਆਪ ਨੂੰ ਗਲਤ ਸਮਝਦੇ ਸਨ ਤੇ ਉਹ ਘਰ ਜਾਂ ਹਾਲ ਦੇ ਕਿਸੇ ਕੌਨੇ ਵਿਚ ਬੈਠਕੇ ਸ਼ਰਾਬ ਪੀਂਦੇ ਸਨ ਪਰ ਹੁਣ ਸ਼ਰਾਬ ਨਾ ਪੀਣ ਵਾਲੇ ਮਨੁੱਖ ਕੌਨੇ ਵਿਚ ਲੱਗੇ ਹੁੰਦੇ ਹਨ। ਨਸ਼ੇ ਅਜਿਹਾ ਸਟੇਟਸ ਸਿੱਬਲ ਬਣ ਗਏ ਹਨ ਕਿ ਹੁਣ ਤਾਂ ਕਈ ਲੋਕ ਵਿਆਹ ਦੇ ਕਾਰਡ ਨਾਲ ਸ਼ਰਾਬ ਦੀ ਬੋਤਲ ਵੀ ਦੇਣ ਲੱਗ ਗਏ ਹਨ। ਨਸੇæ ਸਾਡੀ ਮਾਨਸਿਕਤਾ ਤੇ ਅਜਿਹਾ ਅਸਰ ਕਰ ਗਏ ਹਨ ਕਿ ਕਈ ਵਾਰ ਕਿਸੇ ਅਮੀਰ ਪਰਿਵਾਰ ਦੇ ਰਿਸ਼ਤੇ ਦੀ ਗੱਲ ਕਰਨ ਲੱਗਿਆ ਵਿਚੋਲੇ ਗੱਲ ਹੀ ਨਸ਼ੇ ਤੋਂ ਸ਼ੁਰੂ ਕਰਦੇ ਹਨ ਕਿ ਇਹ ਪਰਿਵਾਰ ਤਾਂ ਐਨਾ ਸਰਦਾ-ਪੁਰਦਾ ਹੈ ਕਿ ਇਹਨਾਂ ਦਾ ਬਾਬਾ ਵੀ ਆਪਣੇ ਵੇਲੇ ਮਹੀਨੇ ਦੀ ਪੰਦਰਾਂ-ਪੰਦਰਾਂ ਹਜ਼ਾਰ ਦੀ ਅਫੀਮ ਖਾ ਜਾਂਦਾ ਸੀ। ਅਸਲ ਵਿਚ ਇਹ ਕਾਨੂੰਨੀ ਨਸ਼ੇ ਹੀ ਗੈਰਕਾਨੂੰਨੀ ਨਸ਼ਿਆ ਵੱਲ ਨੂੰ ਜਾਂਦਾ ਵੱਡਾ ਰਸਤਾ ਹਨ। ਕੋਈ ਸਿੱਧਾ ਅਫੀਮ, ਡੋਡੇ, ਚਿੱਟਾ ਜਾਂ ਹੈਰੋਇਨ ਤੇ ਨਹੀਂ ਲੱਗਦਾ, ਅੱਕੜੇ ਦੱਸਦੇ ਹਨ ਕਿ ਸਿਗਰਟ, ਸ਼ਰਾਬ ਤੋਂ ਹੁੰਦਾ ਰਸਤਾ ਹੀ ਇਹਨਾਂ ਗੈਰ-ਕਾਨੂੰਨੀ ਨਸ਼ਿਆਂ ਵੱਲ ਖੁੱਲ੍ਹਦਾ ਹੈ, ਸੋ ਸਭ ਤੋਂ ਵੱਧ ਜਰੂਰੀ ਹੈ ਕਿ ਅਸੀ ਆਪਣੇ ਪਰਿਵਾਰ ਅਤੇ ਸਮਾਜ ਨੂੰ ਇਹਨਾਂ ਕਾਨੂੰਨੀ ਨਸ਼ਿਆ ਤੋਂ ਦੂਰ ਰੱਖੀਏ। ਇਸ ਲਈ ਸਾਨੂੰ ਆਪ ਵਧੀਆਂ ਰੋਲ ਮਾਡਲ ਬਨਣਾ ਪਏਗਾ ਅਤੇ ਆਪਣੇ ਬੱਚਿਆਂ ਅਤੇ ਸਮਾਜ ਸਾਹਮਣੇ ਇਕ ਵਧੀਆਂ ਵਿਆਕਤੀਤਵ ਦੀ ਉਦਹਾਰਨ ਪੇਸ਼ ਕਰਨੀ ਪਏਗੀ। ਉਹਨਾਂ ਕਿਹਾ ਕਿ ਬੱਚਿਆਂ ਲਈ ਸਮਾਂ ਕੱਢਣਾ ਕੈਨੇਡਾ ਵਰਗੇ ਦੇਸਾਂ ਦੇ ਪੰਜਾਬੀ ਮਾਪਿਆਂ ਦੀ ਮੁੱਖ ਸਮੱਸਿਆਂ ਹੈ ਸਾਨੂੰ ਡਾਲਰਾਂ ਦੇ ਢੇਰ ਵੱਡੇ ਕਰਨ ਦੀ ਬਜਾਇ ਆਪਣੇ ਕੀਮਤੀ ਸਮੇਂ ਵਿਚੋਂ ਬੱਚਿਆਂ ਨੂੰ ਸਮਾਂ ਦੇਣਾ ਚਾਹੀਦਾ ਹੈ ਨਾ ਕਿ ਵਿਹਲੇ ਸਮੇਂ ਵਿਚੋਂ। ਬੱਚਿਆਂ ਨਾਲ ਉਹਨਾਂ ਦੇ ਲੈਵਲ ਦੀਆਂ ਗੱਲਾਂ ਕਰਨੀਆਂ, ਉਹਨਾਂ ਨੂੰ ਕਾਨੂੰਨੀ ਨਸ਼ਿਆਂ ਦੇ ਨੁਕਦਾਨ ਬਾਰੇ ਦੱਸਣਾ, ਆਪ ਇਹਨਾਂ ਤੋਂ ਦੂਰ ਰਹਿਕੇ ਇਕ ਵਧੀਆਂ ਵਿਆਕਤੀਤਵ ਦੀ ਝਲਕ ਉਹਨਾਂ ਤੇ ਪਾਉਣਾ ਬਹੁਤ ਜਰੂਰੀ ਹੈ। ਅਮਰੀਕਨ ਮਾਪੇ ਹੁਣ ਦੇ ਅੰਕੜਿਆਂ ਅਨੁਸਾਰ ਪਿਤਾ 7 ਮਿੰਟ ਅਤੇ ਮਾਂ ਸਿਰਫ 9 ਮਿੰਟ ਸਮਾਂ ਚੌਵੀ ਘੰਟਿਆਂ ਵਿਚ ਬੱਚਿਆਂ ਨੂੰ ਦੇ ਰਹੇ ਹਨ ਜੋ ਬਹੁਤ ਘੱਟ ਹੈ ਪਰ ਸਾਡਾ ਪੰਜਾਬੀ ਭਾਈਚਾਰਾ ਜੋ ਸੱਤੇ ਦਿਨ ਕੰਮ ਕਰਦਾ ਹੈ ਸ਼ਾਇਦ ਹੀ ਇੰਨਾਂ ਕੁ ਕੀਮਤੀ ਸਮਾਂ ਆਪਣੇ ਬੱਚਿਆਂ ਨੂੰ ਦਿੰਦਾ ਹੋਵੇ। ਜਦੋਂ ਅਸੀ ਆਪਣਾ ਵਿਹਲਾ ਸਮਾਂ ਬੱਚਿਆਂ ਨੂੰ ਦਿੰਦੇ ਹਾਂ ਤੇ ਆਖਦੇ ਹਾਂ ਕਿ ਅੱਜ ਮੇਰਾ ਕੰਮ ਨਹੀਂ ਚੱਲਿਆਂ ਤੇ ਸੋਚਿਆਂ ਚਲੋ ਅੱਜ ਬੱਚਿਆਂ ਨਾਲ ਘੁੰਮ ਲਈਏ ਆਪਣਾ ਕੀਮਤੀ ਸਮਾਂ ਨਹੀਂ ਹੈ ਅਤੇ ਇਹ ਬੱਚਿਆਂ ਤੇ ਉਸਾਰੂ ਪ੍ਰਭਾਵ ਨਹੀਂ ਪਾਉਂਦਾ। ਉਹ ਸਭ ਜਾਣਦੇ ਹਨ, ਸਭ ਸਮਝਦੇ ਹਨ। ਆਪਣਾ ਉਹਨਾਂ ਲਈ ਕੱਢਿਆ ਸਮਾਂ ਤੇ ਰੋਲ ਮਾਡਲ ਬਣਨਾ ਇਕ ਵਧੀਆ ਸਮਾਜ ਸਿਰਜ ਸਕਦਾ ਹੈ। ਇੱਥੇ ਇਹ ਕਹਿਣਾ ਵੀ ਜਰੂਰੀ ਹੈ ਕਿ ਆਪਾ ਆਪਣਾ ਸਟੇਟਸ ਸਿੱਬਲ ਵੀ ਆਰਥਿਤਾ ਦਾ ਗੁਲਾਮ ਬਣਾ ਲਿਆ ਹੈ ਕਿਸੇ ਵਿਆਕਤੀ ਦੀ ਸ਼ਖਸ਼ੀਅਤ ਉਸਦੇ ਪੈਸੇ ਦੇ ਹਿਸਾਬ ਨਾਲ ਮਾਪਣੀ ਸ਼ੁਰੂ ਕਰ ਦਿੱਤੀ ਹੈ। ਉਪਰੋਤਕ ਦਾ ਸਾਰ ਅੰਸ਼ ਇਹ ਹੀ ਹੈ ਅਸਲੀਅਤ ਵਿਚ ਰਹਿਣਾ ਸਿੱਖੀਏ, ਬੱਚਿਆਂ ਵਿਚ ਉਸਾਰੂ ਅਤੇ ਨਿੱਗਰ ਗੁਣ ਭਰਨ ਲਈ ਉਹਨਾਂ ਨੂੰ ਬਣਦਾ ਕੀਮਤੀ ਸਮਾਂ ਦੇਈਏ। ਜੇਕਰ ਅਜਿਹਾ ਕਰਾਂਗੇ ਤਾਂ ਉਹ ਨਸ਼ਿਆ ਦੇ ਚਿੱਕੜ ਵਾਲੇ ਸਮਾਜ ਵਿਚ ਵੀ ਕਮਲ ਦੇ ਫੁੱਲ ਦੀ ਨਿਆਈ ਖਿੜੇ ਰਹਿਣਗੇ ਅਤੇ ਇਸੇ ਤਰ੍ਹਾਂ ਜੋਤ ਤੋਂ ਅੱਗੇ ਜੋਤ ਜਗੇਗੀ। ਆਪਣੇ-ਆਪ ਦੀ ਸਖ਼ਸ਼ੀਅਤ ਨੂੰ ਅਮੀਰ ਬਣਾਉਣ ਨਾਲ ਅਸੀ ਚਮਚਾਗਿਰੀਆਂ ਤੋਂ ਦੂਰ ਹੋ ਜਾਂਦੇ ਹਾਂ ਤੇ ਫਿਰ ਅਸੀ ਸੰਗੀਤ ਨੂੰ ਸੰਗੀਤ ਕਹਿੰਦੇ ਨਾਂ ਕਿ ਸੋਨੇ ਦੀ ਬੰਸਰੀ ਵਿਚੋਂ ਨਿਕਲੇ ਸੰਗੀਤ ਨੂੰ ਹੀ ਸੰਗੀਤ ਕਹਿੰਦੇ ਹਾਂ। ਨਸ਼ਿਆਂ ਖਿਲਾਫ ਗੱਲ-ਬਾਤ ਲਗਾਤਾਰ ਚੱਲਦੀ ਰਹਿਣੀ ਚਾਹੀਦੀ ਤਾਂ ਹੀ ਇਸ ਦੇ ਉਸਾਰੂ ਨਤੀਜੇ ਨਿਕਲ ਸਕਦੇ ਹਨ ਤੇ ‘ਡਰੱਗ ਅਵੇਅਰਨੈਸ ਫਾਊਂਡੇਸ਼ਨ ਕੈਲਗਰੀ’ ਬੜੇ ਲੰਬੇ ਸਮੇਂ ਤੋਂ ਇਹਨਾਂ ਰਾਹਾਂ ਤੇ ਚੱਲਦੀ ਆਪਣਾ ਬਣਦਾ ਯੋਗਦਾਨ ਉਸ ਚਿੜੀ ਦੀ ਨਿਆਈ ਪਾ ਰਹੀ ਹੈ ਜੋ ਜੰਗਲ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਆਪਣੀ ਚੁੰਝ ਵਿਚ ਪਾਣੀ ਭਰਕੇ ਯਤਨ ਕਰਦੀ ਹੈ ਨਾ ਕਿ ਤਮਾਸ਼ਬੀਨਾ ਦਾ ਹਿੱਸਾ ਬਣਦੀ ਹੈ। ਇੱਥੇ ਇਹ ਕਹਿਣਾ ਵੀ ਜਰੂਰੀ ਹੈ ਕਿ ਕਈ ਲੋਕ ਇਸੇ ਕਰਕੇ ਆਪਣੇ ਬੱਚਿਆਂ ਨੂੰ ਸ਼ਰਾਬ ਪੀਣ ਤੋਂ ਜਾਂ ਹੋਰ ਨਸ਼ਿਆਂ ਤੋਂ ਨਹੀਂ ਰੋਕਦੇ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਨਸ਼ੇ ਕੀਤੇ ਹਨ। ਪਰ ਅਜਿਹਾ ਨਹੀਂ ਹੋਣਾ ਚਾਹੀਦਾ। ਤੁਸੀ ਆਪਣੀ ਜ਼ਿੰਦਗੀ ਦੇ ਉਹ ਪਲ ਉਹਨਾਂ ਨਾਲ ਸਾਂਝੇ ਕਰ ਸਕਦੇ ਹੋ ਜਦੋਂ ਤੁਸੀ ਨਸ਼ਿਆਂ ਵੱਲ ਆਕਰਸ਼ਿਤ ਹੋਏ ਤੇ ਉਹ ਸਾਰੇ ਆਰਥਿਕ ਜਾਂ ਹੋਰ ਘਾਟਿਆਂ ਬਾਰੇ ਦੱਸੋਂ ਜੋ ਸਿੱਧੇ ਤੁਹਾਡੇ ਨਸ਼ੇ ਦੀ ਲਤ ਕਾਰਨ ਪਏ। ਪਿਛਲੇ ਦਿਨੀ ਬਾਲੀਵੁੱਡ ਦੇ ਮਸ਼ਹੂਰ ਪੰਜਾਬੀ ਐਕਟਰ ਧਰਮਿੰਦਰ ਦੀ ਇਕ ਇੰਟਰਵਿਊ ਦਾ ਕਲਿੱਪ ਯੂ-ਟਿਊਬ ਅਤੇ ਫੇਸਬੁੱਕ ਤੇ ਬਹੁਤ ਚਰਚਿੱਤ ਰਿਹਾ, ਜਿਸ ਵਿਚ ਉਹ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਸ਼ਰਾਬ ਨਾ ਪੀਣ ਲਈ ਆਖ ਰਿਹਾ ਹੈ ਤੇ ਨਾਲ ਹੀ ਇਹ ਵੀ ਕਹਿੰਦਾ ਹੈ ਕਿ ਮੈਂ ਬਹੁਤ ਸ਼ਰਾਬ ਪੀਤੀ ਤੇ ਮੇਰੇ ਇਸਦੇ ਖਿਲਾਫ਼ ਬੋਲਣ ਜਾਂ ਸ਼ਰਾਬ ਨਾ ਪੀਣ ਦੀ ਸਲਾਹ ਦੇਣ ਦਾ ਅਸਰ ਨਹੀਂ ਹੋਣਾ ਪਰ ਮੈਂ ਫਿਰ ਵੀ ਕਹਿੰਦਾ ਹਾਂ ਕਿ ਹੁਣ ਜਦੋਂ ਮੈਂ ਆਪਣੇ ਫਿਲਮੀ ਕੈਰੀਅਰ ਦਾ ਵਿਸ਼ਲੇਸ਼ਨ ਕਰਦਾ ਤਾਂ ਸਪੱਸ਼ਟ ਹੁੰਦਾ ਹੈ ਕਿ ਸ਼ਰਾਬ ਪੀਣ ਨਾਲ ਮੈਂ ਬਹੁਤ ਸਾਰੇ ਘਾਟੇ ਖਾਂਧੇ ਹਨ ਅਤੇ ਜੇਕਰ ਨਾ ਪੀਂਦਾ ਹੁੰਦਾ ਤਾਂ ਹੋਰ ਬਹੁਤ ਸਾਰੇ ਉਦੇਸ਼ ਫਤਿਹ ਕਰ ਸਕਦਾ ਸੀ ਜੋ ਸਿਰਫ ਸ਼ਰਾਬ ਦੇ ਕਾਰਨ ਹੀ ਨਹੀਂ ਕਰ ਸਕਿਆ। ਸੋ ਇਸ ਤਰ੍ਹਾਂ ਨਸ਼ਿਆਂ ਬਾਰੇ ਮੁਹਿੰਮ ਤੁਸੀ ਜ਼ਿੰਦਗੀ ਦੇ ਹਰ ਮੋੜ ਤੋਂ ਕਿਸੇ ਵੀ ਸਮੇਂ ਸ਼ੁਰੂ ਕਰ ਸਕਦੇ ਹੋ, ਆਓ ਇਕੱਠੇ ਹੋਕੇ ਇਸ ਕਾਫਲੇ ਦਾ ਹਿੱਸਾ ਬਣੀਏ।
ਬਲਜਿੰਦਰ ਸੰਘਾ
ਫੋਨ 403-680-3212