ਸਮਾਜਿਕ ਅਤੇ ਹੋਰ ਵਿਸ਼ਿਆਂ ਬਾਰੇ ਵੱਖ-ਵੱਖ ਹਸਤੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ
ਗੁਰਚਰਨ ਕੌਰ ਥਿੰਦ-ਇੰਡੋਕਨੇਡੀਅਨ ਐਕਸਟੀਚਰਜ਼ ਐਸੋਸੀਏਸ਼ਨ ਦੀ ਮੀਟਿੰਗ 22 ਜੂਨ 2014 ਨੂੰ ਕੋਸੋ ਹਾਲ ਵਿੱਚ ਹੋਈ।ਮੀਟਿੰਗ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਗੁਰਦੇਵ ਸਿੰਘ ਪੂਨੀ ਨੇ ਆਏ ਸੱਜਣਾਂ ਨੂੰ ਜੀ ਆਇਆਂ ਕਿਹਾ ਅਤੇ ਲੰਮਾ ਸਮਾਂ ਮੀਟਿੰਗ ਨਾ ਕਰ ਸਕਣ ਬਾਰੇ ਦੱਸਿਆ।ਜਸਵੰਤ ਸਿੰਘ ਸੇਖੋਂ ਨੇ ਕਵੀਸ਼ਰੀ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਉਪਰੰਤ ਜਾਗੀਰ ਸਿੰਘ ਚੌਹਕਾ ਨੇ ਭਾਰਤ ਵਿੱਚ ਬੀ.ਜੇ.ਪੀ. ਦੇ ਬਦਲਦੇ ਤੇਵਰ ਅਤੇ ਭਗਵਾਂਕਰਨ ਕਰਨ ਦੀ ਨੀਤੀ ਬਾਰੇ ਗੱਲ ਕਰਦਿਆਂ ਧਾਰਾ 370 ਨਾਲ ਛੇੜ-ਛਾੜ ਕਰਨ ਬਾਰੇ ਗੱਲ ਕੀਤੀ ਅਤੇ ਧਾਰਾ 370 ਦੇ ਪਿਛੋਕੜ ਬਾਰੇ ਆਪਣੇ ਲਿਖੇ ਹੋਏ ਪਰਚੇ ਦੁਆਰਾ ਵਿਸਥਾਰ ਸਹਿਤ ਚਾਨਣਾ ਪਾਇਆ।ਗੁਰਚਰਨ ਥਿੰਦ ਨੇ ਵਿਚਾਰ ਚਰਚਾ ਨੂੰ ਜਾਰੀ ਰਖਦਿਆਂ ਕਿ ਕਿਹਾ ਕਿ ਸਾਡੇ ਦੇਸ਼ ਨਾਲ ਸਾਡਾ ਅਟੁੱਟ ਰਿਸ਼ਤਾ ਹੈ, ਅਸੀਂ ਇਸ ਦੀ ਆਬੋਹਵਾ ਵਿੱਚ ਜੰਮੇ ਪਲ਼ੇ, ਜੁਆਨ ਹੋਏ ਤੇ ਜ਼ਿੰਦਗੀ ਦਾ ਅਹਿਮ ਹਿੱਸਾ ਹੰਢਾਇਆ ਹੈ ਸੋ ਉਥੋਂ ਦੇ ਹਾਲਾਤਾਂ ਨਾਲ ਸਾਡਾ ਲਗਾਅ ਕੁਦਰਤੀ ਹੈ।ਪਰ ਹੁਣ ਅਸੀਂ ਜਿਸ ਮੁਲਕ ਵਿੱਚ ਆ ਗਏ ਹਾਂ ਉਥੋਂ ਦੀਆਂ ਸਮਸਿੱਆਵਾਂ ਬਾਰੇ ਜਾਗਰੂਕ ਹੋਣਾ ਵੀ ਅਤੀ ਜ਼ਰੂਰੀ ਹੈ ਅਤੇ ਘਰੇਲੂ ਹਿੰਸਾ ਅਜੋਕੇ ਸਮੇਂ ਦੀ ਸਭ ਤੋਂ ਸੰਗੀਨ ਸਮੱਸਿਆ ਹੈ ਜਿਸ ਬਾਰੇ ਸੰਜੀਦਗੀ ਨਾਲ ਵਿਚਾਰਨ ਦੀ ਲੋੜ ਹੈ।ਪ੍ਰਗਟ ਸਿੰਘ ਹੁਰਾਂ ਕਿਹਾ ਕਿ ਮੀਟਿੰਗ ਦਾ ਏਜੰਡਾ ਅਗਾਊਂ ਮੁਕਰਰ ਹੋਵੇ ਤਾਂ ਬਿਹਤਰ ਹੈ। ਇਸ ਤਰ੍ਹਾਂ ਵਿਚਾਰ ਚਰਚਾ ਸੁਚਾਰੂ ਢੰਗ ਨਾਲ ਹੋਵੇਗੀ।ਜਰਨੈਲ ਸਿੰਘ ਤੱਗੜ ਹੁਰਾਂ ਵੀ ਘਰੇਲੂ ਹਿੰਸਾ ਦੀ ਗੱਲ ਕੀਤੀ ਅਤੇ ਇਸ ਤੇ ਚਰਚਾ ਕਰਨ ਦੀ ਪ੍ਰੋੜਤਾ ਕੀਤੀ।
ਗੁਰਦੇਵ ਸਿੰਘ ਪੂਨੀ ਨੇ ਪਿਛਲੇ ਸਮੇਂ ਵਿੱਚ ਸਭਾ ਦੁਆਰਾ ਕੀਤੇ ਗਏ ਕੰਸਟਰਕਟਿਵ ਕੰਮਾਂ ਦਾ ਜ਼ਿਕਰ ਕੀਤਾ ਅਤੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਇੱਕ ਆਪਸ਼ਨ ਵਿਸ਼ੇ ਵਜੋਂ ਲਾਗੂ ਕਰਵਾਉਣ ਦੇ ਸਭਾ ਦੇ ਯਤਨਾਂ ਬਾਰੇ ਦਸਦਿਆਂ ਆਖਿਆ ਕਿ ਕੈਲਗਰੀ ਦੇ ਦੋ ਸਕੂਲਾਂ ਵਿੱਚ ਨੌਵੀਂ ਜਮਾਤ ਤੋਂ ਪੰਜਾਬੀ ਲਾਗੂ ਕੀਤੀ ਗਈ ਹੈ ਪਰ ਇਤਨਾ ਕਾਫੀ ਨਹੀਂ।ਸਾਡਾ ਅਗਲੇਰਾ ਉਪਰਾਲਾ ਸਕੂਲਾਂ ਵਿੱਚ ਛੇਵੀਂ ਜਮਾਤ ਤੋਂ ਪੰਜਾਬੀ ਲਾਗੂ ਕਰਵਾਉਣ ਦਾ ਹੈ ਤਾਂ ਜੋ ਬੱਚੇ ਛੋਟੀ ਉਮਰ ਤੋਂ ਆਪਣੀ ਮਾਂ-ਬੋਲੀ ਪੜ੍ਹਨਾ ਸ਼ੁਰੂ ਕਰ ਦੇਣ।ਉਨ੍ਹਾਂ ਨੇ ਕਿਹਾ ਕਿ ਮਾਪਿਆਂ ਨੂੰ ਦਾਖਲੇ ਸਮੇਂ ਆਪਣੇ ਬੱਚਿਆਂ ਲਈ ਆਪਸ਼ਨਲ ਵਿਸ਼ੇ ਵਜੋਂ ਪੰਜਾਬੀ ਭਰਨੀ ਚਾਹੀਦੀ ਹੈ ਤਾਂ ਜੋ ਇਹ ਮੰਗ ਵਿਭਾਗ ਤੱਕ ਪਹੁੰਚੇ ਅਤੇ ਪੰਜਾਬੀ ਅਧਿਆਪਕ ਮੁਕਰਰ ਕੀਤੇ ਜਾਣੇ ਲਾਜ਼ਮੀ ਹੋ ਜਾਣ।
ਜਰਨੈਲ ਸਿੰਘ ਤੱਗੜ ਹੁਰਾਂ ਦਾਖਲਾ ਫਾਰਮਾਂ ਵਿੱਚ ਪੰਜਾਬੀ ਆਪਸ਼ਨਲ ਵਿਸ਼ੇ ਵਜੋਂ ਭਰਨ ਲਈ ਮਾਪਿਆਂ ਨੂੰ ਜਾਗਰੂਕ ਹੋਣ ਅਤੇ ਜਾਗਰੂਕ ਕਰਨ ਦੀ ਗੱਲ ਆਖੀ।ਮਨਮੋਹਨ ਸਿੰਘ ਬਾਠ ਨੇ ਬੱਚਿਆਂ ਨੂੰ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੇ ਕਰਟੂਨ ਵੇਖਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਬੱਚੇ ਆਪਣੀ ਮਾਂ-ਬੋਲੀ ਨਾਲ ਜੁੜੇ ਰਹਿਣਗੇ।ਉਹਨਾਂ ਨੇ ਇੱਕ ਗੀਤ ਵੀ ਸੁਣਾਇਆ।ਅੱਜ ਦੀ ਮੀਟਿੰਗ ਵਿੱਚ ਸੁਖਦੇਵ ਸਿੰਘ ਧਾਲੀਵਾਲ, ਨਗਿੰਦਰ ਸਿੰਘ, ਬਲਵੰਤ ਸਿੰਘ ਸਰਾਂ, ਬਖਤਾਵਰ ਸਿੰਘ ਘੋਲੀਆ, ਰਣਜੀਤ ਸਿੰਘ ਆਹਲੂਵਾਲੀਆ ਅਤੇ ਆਰ.ਆਰ.ਸ਼ਰਮਾ ਜੀ ਵੀ ਸ਼ਾਮਲ ਹੋਏ।