‘ਚਿੱਟੇ ਦਾ ਚਿੱਟਾ ਸੱਚ’ ਨੇ ਨਸ਼ਿਆਂ ਦੀ ਭੇਂਟ ਚੜ੍ਹੀ ਜਵਾਨੀ ਦਾ ਸੱਚ ਬਿਆਨ ਕੀਤਾ
ਬਲਜਿੰਦਰ ਸੰਘਾ- ਟਰੰਟੋਂ ਤੋਂ ਬਾਅਦ ਕੈਲਗਰੀ ਸ਼ਹਿਰ ਵਿਚ ਡੈਨ ਸਿੱਧੂ ਦੇ ਯਤਨਾਂ ਨਾਲ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪੱਤਰਕਾਰ ਬਲਤੇਜ ਪੰਨੂੰ ਦੀ ਬੜੇ ਸੀਮਿਤ ਸਮੇਂ ਵਿਚ ਰੱਖੀ ‘ਅਵੇਕ ਕੈਨੇਡੀਅਨ ਅਗੇਸਟ ਡਰੱਗ’ ਫੇਰੀ ਪੂਰੀ ਪ੍ਰਭਾਵਸ਼ਾਲੀ ਰਹੀ। ਬਹੁਤ ਥੋੜੇ ਸਮੇਂ ਦੇ ਨੋਟਸ ਤੇ ਭਾਰੀ ਗਿਣਤੀ ਵਿਚ ਕੈਲਗਰੀ ਦੇ ਲੋਕ ਉਹਨਾਂ ਦੇ ਵਿਚਾਰ ਸੁਨਣ ਲਈ ਜੈਨਸਸ ਸੈਂਟਰ ਵਿਚ ਪਹੁੰਚੇ। ਮੰਚ ਸੰਚਾਲਕ ਡੈਨ ਸਿੱਧੂ ਨੇ ਸੰਖੇਪ ਵਿਚ ਜਾਣੇ-ਪਛਾਣੇ ਪੱਤਰਕਾਰ ਬਲਤੇਜ ਪੰਨੂੰ ਬਾਰੇ ਜਾਣਕਾਰੀ ਦਿੱਤੀ ਤੇ ਪ੍ਰੋਗਰਾਮ ਦੇ ਏਜੰਡੇ ਬਾਰੇ ਦੱਸਿਆ। ਬਲਤੇਜ ਪੰਨੂੰ ਨੇ ਆਪਣੀ ਬਣਾਈ ਪੰਜਾਬ ਦੇ ਪਿੰਡਾਂ ਬਾਰੇ ਡਾਕੂਮੈਂਟਰੀ ‘ਚਿੱਟੇ ਦਾ ਚਿੱਟਾ ਸੱਚ’ ਨਾਲ ਇਹ ਸਾਬਿਤ ਕਰ ਦਿੱਤਾ ਕਿ ਪੰਜਾਬ ਦੀ ਇੱਕ ਪੀੜ੍ਹੀ ਨਸ਼ਿਆ ਨੇ ਲੱਗਭੱਗ ਖਾ ਲਈ ਹੈ ਤੇ ਹੁਣ ਕੁਝ ਕੁ ਪੰਜਾਬੀ ਡਰੱਗ ਤਸਕਰਾਂ ਨੇ ਜਿੱਥੇ ਕੈਨੇਡਾ ਦੇ ਨੌਜਵਾਨਾਂ ਅਤੇ ਬੱਚਿਆਂ ਵਿਚ ਡਰੱਗ ਪਹੁੰਚਾ ਦਿੱਤੀ ਹੈ ਇਸ ਨਾਲ ਇੱਥੋਂ ਦੀ ਪੰਜਾਬੀ ਜਵਾਨੀ ਵੀ ਖਤਰੇ ਦੇ ਨਿਸ਼ਾਨ ਤੇ ਖੜੀ ਹੈ। ਉਹਨਾਂ ਕਿਹਾ ਕਿ ਇੰਡੀਆਂ ਦੇ ਏਅਰਪੋਰਟਾਂ ਤੋਂ ਚੜਦੀ ਤੇ ਕੈਨੇਡਾ ਦੇ ਏਅਪੋਰਟਾਂ ਤੇ ਪੁੱਜਦੀ ਕਈ ਮਿਲੀਅਨ ਡਾਲਰਾਂ ਦੀ ਡਰੱਗ ਇਹ ਸਾਬਿਤ ਕਰਦੀ ਹੈ ਕਿ ਸਰਕਾਰਾਂ ਦੀ ਨੀਯਤ ਸਾਫ ਨਹੀਂ ਹੈ। ਦੂਸਰੇ ਪਾਸੇ ਜਿੱਥੇ ਚੰਦ ਕੁ ਬੰਦੇ ਇਸ ਬਹੁਤ ਹੀ ਖਤਰਨਾਕ ਸਿੰਥੈਟਿਕ ਡਰੱਗ ਨਾਲ ਆਪਣੇ ਨਿੱਜੀ ਲਾਭਾਂ ਲਈ ਇਧਰ ਵੀ ਸਾਡੇ ਬੱਚਿਆਂ ਦੀਆਂ ਜਵਾਨੀਆਂ ਨਾਲ ਖੇਡ ਰਹੇ ਹਨ। ਇਸ ਖਿਲਾਫ਼ ਅਵਾਜ ਉਠਾਉਣ ਦੀ ਲੋੜ ਤੇ ਸਰਕਾਰਾਂ ਨੂੰ ਜਗਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਕੁਝ ਬੰਦਿਆਂ ਦੇ ਗਲਤ ਕੰਮਾਂ ਕਰਕੇ ਸਾਰੀ ਕਮਿਊਨਟੀ ਬਦਨਾਮ ਹੋ ਰਹੀ ਹੈ ਅਤੇ ਟਰੱਕ ਡਰਾਇਵਰਾਂ ਦੇ ਹਵਾਲੇ ਨਾਲ ਉਹਨਾਂ ਕਿਹਾ ਕਿ ਹੁਣ ਕੈਨੇਡਾ ਅਮਰੀਕਾ ਦੇ ਬਾਰਡਰਾਂ ਤੇ ਮਿਡਲ ਨੇਮ ਸਿੰਘ ਵਾਲੇ ਡਰਾਈਵਰਾਂ ਨੂੰ ਸ਼ੱਕ ਦੀ ਨਿਗਾ ਨਾਲ ਦੇਖਿਆ ਜਾਂਦਾ ਹੈ ਤੇ ਤਲਾਸ਼ੀ ਲਈ ਜਾਂਦੀ ਹੈ। ਲੋਕਾਂ ਨੇ ਉਹਨਾਂ ਦੇ ਪ੍ਰਭਾਵਸ਼ਾਲੀ ਵਿਚਾਰਾਂ ਨੂੰ ਬੜੇ ਸੰਜੀਦਾ ਢੰਗ ਨਾਲ ਸੁਣਿਆ। ਅਖੀਰ ਵਿਚ ਉਹਨਾਂ ਸਰਕਾਰਾਂ ਦੇ ਕੰਨਾਂ ਵਿਚ ਅਵਾਜ਼ ਪਹੁੰਚਣ ਲਈ ਲੋਕਾਂ ਨੂੰ ਇਕਜੁੱਟ ਹੋਣ ਦੀ ਬੇਨਤੀ ਵੀ ਕੀਤੀ।