ਬਲਜਿੰਦਰ ਸੰਘਾ- ਨਸ਼ੇ ਸਮਾਜ ਦਾ ਕੋਹੜ ਸਮਝੇ ਜਾਂਦੇ ਹਨ। ਜਿੱਥੇ ਪੰਜਾਬ ਵਿਚ ਚਿੱਟੇ ਵਰਗੇ ਬੜੇ ਖ਼ਤਰਨਾਕ ਨਸ਼ੇ ਨੌਜਵਾਨਾਂ ਦੀ ਮੌਤ ਬਣਕੇ ਉਹਨਾਂ ਨੂੰ ਚਿੱਟੇ ਕਫਨਾਂ ਵਿਚ ਲਪੇਟ ਰਹੇ ਹਨ, ਉੱਥੇ ਇਹ ਨਸ਼ਿਆਂ ਦੇ ਵਪਾਰ ਵਿਚ ਪੰਜਾਬੀ ਕਮਿਊਨਟੀ ਦੇ ਲੋਕਾਂ ਦੇ ਨਾਂ ਵੀ ਸਾਹਮਣੇ ਰਹੇ ਹਨ, ਜਿਹਨਾਂ ਦੇ ਤਾਰ ਕੈਨੇਡਾ ਤੋਂ ਭਾਰਤ ਅਤੇ ਪਤਾ ਨਹੀਂ ਹੋਰ ਕਿੱਥੇ-ਕਿੱਥੇ ਜੁੜੇ ਹੋ ਸਕਦੇ ਹਨ ਜੋ ਕਿ ਕਾਨੂੰਨ ਰਾਹੀਂ ਹੀ ਸਾਹਮਣੇ ਆਏਗਾ ਅਤੇ ਆ ਰਿਹਾ ਹੈ। ਇਸ ਅਵਾਜ਼ ਨੂੰ ਲੋਕ ਮਸੀਹਾ ਬਣਕੇ ਲੋਕਾਂ ਵਿਚ ਜਾਗਰਤੀ ਫੈਲਾਉਣ ਲਈ ਨਿਧੜਕ ਪੱਤਰਕਾਰ ਬਲਤੇਜ ਪੰਨੂੰ ਵੱਲੋਂ ਕਾਫ਼ੀ ਕੰਮ ਕੀਤਾ ਜਾ ਰਿਹਾ ਹੈ, ਜਿਸਦਾ ਵਿਰੋਧ ਵੀ ਉਸਨੂੰ ਭੁਗਤਣਾ ਪੈ ਰਿਹਾ ਹੈ ਤੇ ਉਸਦੀ ਸਮਾਜ ਦੀ ਇਸ ਭੈੜੀ ਅਲਾਮਤ ਲਈ ਉਠਾਈ ਅਵਾਜ਼ ਨੂੰ ਦਬਾਉਣ ਦੀ ਵੀ ਕੋਸ਼ਿਸ਼ ਹੋ ਰਹੀ ਹੈ ਪਰ ਉਹ ਫਿਰ ਵੀ ਨੱਕ ਦੀ ਸੇਧ ਨੂੰ ਆਪਣੇ ਮਿਸ਼ਨ ਵੱਲ ਤੁਰਿਆ ਹੋਇਆ ਹੈ, ਬੇਸ਼ਕ ਕੈਲਗਰੀ ਸ਼ਹਿਰ ਵਿਚ ਸਾਲ 2006 ਤੋਂ ਲੋਕਾਂ ਅਤੇ ਖਾਸ ਕਰਕੇ ਨੌਜਵਾਨ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੁਕ ਕਰਨ ਲਈ ‘ਡਰੱਗ ਅਵੇਅਰਨੈਸ ਫਾਂਊਡੇਸ਼ਨ’ ਡਰੱਗ ਅਵੇਅਰਨੈਸ ਦੇ ਹਰ ਸਾਲ ਕਈ ਤਰ੍ਹਾਂ ਦੇ ਸੈਮੀਨਾਰ ਉਲੀਕਦੀ ਆ ਰਹੀ ਹੈ ਅਤੇ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਨੇ ਵੀ ਇਸ ਸਮੱਸਿਆਂ ਪ੍ਰਤੀ ਜਾਗਰੁਕ ਕਰਨ ਲਈ ਸਾਲ 2001 ਤੋਂ 2005 ਕਾਫੀ ਪ੍ਰੋਗਰਾਮ ਕੀਤੇ ਤੇ ਇਸ ਤੋਂ ਬਾਅਦ ਹੁਣ ਤੱਕ ‘ਡਰੱਗ ਅਵੇਅਰਨੈਸ ਫਾਂਊਡੇਸ਼ਨ’ ਨਾਲ ਸਹਿਯੋਗ ਕਰਦੀ ਆ ਰਹੀ ਹੈ। ਪਰ ਜਿੱਥੇ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੁਕ ਕਰਨਾ ਅਤਿ ਜਰੂਰੀ ਹੈ ਉੱਥੇ ਇਹ ਇਸ ਤੋਂ ਵੀ ਜਰੂਰੀ ਬਣ ਜਾਂਦਾ ਹੈ ਕਿ ਇਹਨਾਂ ਨਸ਼ਿਆਂ ਦੀ ਸਪਲਾਈ ਚੇਨ ਨੂੰ ਕੱਟਿਆ ਜਾਵੇ ਜੋ ਕਿ ਕਾਨੂੰਨ ਦਾ ਕੰਮ ਹੈ। ਬਲਤੇਜ ਪੰਨੂੰ ਇਹ ਬਾਰੇ ਬੜੀ ਨਿਧੜਕਤਾ ਨਾਲ ਅਵਾਜ਼ ਉਠਾ ਰਹੇ ਹਨ ਅਤੇ ਉਹ ਵਿਸ਼ੇਸ਼ ਤੌਰ ਤੇ ਇੰਡੀਆ ਤੋਂ ਕੈਨੇਡਾ ਇਸ ਮਿਸ਼ਨ ਲਈ ਪਹੁੰਚ ਰਹੇ ਹਨ ਅਤੇ ਕੈਨੇਡਾ ਦੇ ਹੋਰ ਸ਼ਹਿਰਾਂ ਵਿਚ ਵੀ ਆਪਣੇ ਵਿਚਾਰ ਰੱਖਣਗੇ। ਕੈਲਗਰੀ ਸ਼ਹਿਰ ਵਿਚ ਪਰੈਸ਼ਰ ਗਰੁੱਪ ਵੱਲੋਂ 30 ਜੂਨ 2014 ਨੂੰ ਠੀਕ ਬਾਰਾਂ ਵਜੇ ਜੈਨਸਸ ਸੈਂਟਰ ਦੇ ਮਲਟੀਪਰਪਜ਼ ਰੂਮ ਨੰਬਰ ਏ ਵਿਚ ਇਕ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਬਲਤੇਜ ਪੰਨੂੰ ਜੀ ‘ ਅਵੇਕ ਕੈਨੇਡੀਅਨ ਅਗੇਸਟ ਡਰੱਗ’ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕਰਨਗੇ। ਸਮੂਹ ਕਮਿਊਨਟੀ ਨੂੰ ਇਸ ਸਮੇਂ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਪ੍ਰਤੀ ਹੋਰ ਜਾਣਕਾਰੀ ਲਈ ਡੈਨ ਸਿੱਧੂ ਨਾਲ 1403-560-6300 ਤੇ ਸਪੰਰਕ ਕੀਤਾ ਜਾ ਸਕਦਾ ਹੈ।