ਸੁਖਵੀਰ ਗਰੇਵਾਲ ਕੈਲਗਰੀ- ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਕਲੱਬ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਪਿਛਲੇ ਦਿਨੀਂ ਹੋਈ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਪੰਜਾਬੀ ਭਾਈਚਾਰੇ ਦੀ ਇਸ ਉਲਝਣ ਨੂੰ ਦੂਰ ਕੀਤਾ ਜਾਵੇ ਕਿ ਇਸ ਕਲੱਬ ਦਾ ਕਿਸੇ ਹੋਰ ਕਲੱਬ ਨਾਲ ਰਲੇਵਾਂ ਹੋਇਆ ਹੈ ਜਾਂ ਨਹੀਂ।
ਦਸਣਯੋਗ ਹੈ ਕਿ ਪੰਜਾਬੀ ਭਾਈਚਾਰੇ ਵਿੱਚ ਇਹ ਉਲਝਣ ਉਸ ਸਮੇਂ ਪੈਦਾ ਹੋਈ ਜਦੋਂ ਮੀਡੀਆ ‘ਚ ਇਹ ਖ਼ਬਰ ਛਪੀ ਕਿ ਕਲੱਬ ਦਾ ਕਿਸੇ ਹੋਰ ਕਲੱਬ ਨਾਲ ਰਲੇਵਾਂ ਹੋ ਗਿਆ ਹੈ। ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਕਲੱਬ ਦੀ ਕਾਰਜਕਾਰਨੀ ਕਮੇਟੀ ਵਿੱਚ ਪੰਜ ਮੈਂਬਰ ਹਨ। ਦਲਜੀਤ ਸਿੰਘ ਪੁਰਬਾ, ਦਿਲਪਾਲ ਸਿੰਘ ਟੀਟਾ, ਮਨਵੀਰ ਸਿੰਘ ਗਿੱਲ, ਗੁਰਦੀਪ ਸਿੰਘ ਹਾਂਸ ਅਤੇ ਕਰਮਜੀਤ ਸਿੰਘ ਢੁੱਡੀਕੇ ਨੂੰ ਪੰਜ ਮੈਂਬਰੀ ਕਮੇਟੀ ਵਿੱਚ ਲਿਆ ਗਿਆ ਹੈ।ਪੰਜ ਮੈਂਬਰੀ ਕਮੇਟੀ ਨੇ ਦੱਸਿਆ ਕਿ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਕਲੱਬ ਇੱਕ ਰਜਿਸਟਰਡ ਸੰਸਥਾ ਹੈ। ਇਸ ਕਲੱਬ ਦਾ ਨਾਮ ਬਦਲਣ ਅਤੇ ਰਲੇਵੇਂ ਬਾਰੇ ਕੋਈ ਵੀ ਬਿਆਨ ਨਹੀਂ ਜਾਰੀ ਕੀਤਾ ਗਿਆ।
ਪੰਜ ਮੈਂਬਰੀ ਕਮੇਟੀ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਹਾਕਸ ਅਕਾਦਮੀ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਕੈਲਗਰੀ ਵਿੱਚ ਫੀਲਡ ਹਾਕੀ ਨੂੰ ਪ੍ਰਫੁਲਿੱਤ ਕਰਨ ਵਿੱਚ ਯਤਨਸ਼ੀਲ ਹੈ। ਅਕਾਦਮੀ ਵੱਲੋਂ ਟੂਰਨਾਮੈਂਟ ਦੀ ਸਫਲਤਾ ਤੋਂ ਬਾਅਦ ਜੋ ਨਵੀਂ ਰਜਿਸਟਰੇਸ਼ਨ ਖੋਲ੍ਹੀ ਗਈ ਸੀ ਉਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਸਮੇਂ ਅਕਾਦਮੀ ਕੋਲ ੫੦ ਦੇ ਕਰੀਬ ਨਵੇਂ ਖਿਡਾਰੀ ਰਜਿਸਟਰਡ ਹੋ ਚੁੱਕੇ ਹਨ, ਜਿਸ ਵਿੱਚ ਖਾਸ ਗੱਲ ਇਹ ਹੈ ਕਿ ਲੜਕੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਫੀਲਡ ਹਾਕੀ ਕੈਲਗਰੀ ਵੱਲੋਂ ਕੈਲਗਰੀ ਯੂਨੀਵਰਸਟੀ ਵਿੱਚ ਆਊਟਡੋਰ ਫੀਲਡ ਹਾਕੀ ਲੀਗ ਕਰਵਾਈ ਜਾ ਰਹੀ ਹੈ। ਉਸ ਵਿੱਚ ਪੰਜਾਬੀ ਖਿਡਾਰੀਆਂ ਦੀ ਇਕੋ ਇੱਕ ਟੀਮ ਯੂਨਾਈਟਿਡ ਬ੍ਰਦਰਜ਼ ਭਾਗ ਲੈ ਰਹੀ ਹੈ।
ਆਊਟਡੋਰ ਲੀਗ ਵਿੱਚ ਇਹ ਟੀਮ ਨੇ ਆਪਣੇ ਪਹਿਲੇ ਪੰਜ ਮੈਚ ਜਿੱਤ ਕੇ ਸਿਖਰਲਾ ਸਥਾਨ ਬਣਾਇਆ ਹੋਇਆ ਹੈ। ਯੂਨਾਈਟਿਡ ਬ੍ਰਦਰਜ਼ ਦੇ ਖਿਡਾਰੀਆਂ ਵੱਲੋਂ ਹੀ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਚਲਾਈ ਜਾ ਰਹੀ ਹੈ। ਸੱਤ ਸਾਲ ਤੋਂ ਵੱਧ ਉਮਰ ਦੇ ਜਿਹੜੇ ਖਿਡਾਰੀ ਫੀਲਡ ਹਾਕੀ ਖੇਡਣਾ ਚਾਹੁੰਦੇ ਹਨ, ਉਹ ਦਿਲਪਾਲ ਸਿੰਘ (403-681-0749), ਦਿਲਜੀਤ ਪੁਰਬਾ (403-615-0366), ਕਾਕਾ ਲੋਪੋਂ (403-680-2700), ਗੁਰਲਾਲ ਮਾਣੂਕੇ (403-605-3939), ਗੁਰਦੀਪ ਹਾਂਸ (403-690-4267) ਨਾਲ ਸੰਪਰਕ ਕਰ ਸਕਦੇ ਹਨ।